ਲੱਖ ਨਗਾਰੇ……….. ਦੁਰਗਾ ਸਾਹਮਣੇ।
ਬੀਰ-ਕਾਵਿ : ਗੁਰੂ ਗੋਬਿੰਦ ਸਿੰਘ ਜੀ
ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-
ਲੱਖ ਨਗਾਰੇ ਵੱਜਣ ਆਹਮੋ ਸਾਹਮਣੇ ॥
ਰਾਕਸ਼ ਰਣੋ ਨਾ ਭੱਜਣ ਰੋਹੇ ਰੋਹਲੇ ॥
ਸ਼ੀਹਾਂ ਵਾਂਗੂ ਗੱਜਣ ਸਭੇ ਸੂਰਮੇ ॥
ਤਣਿ ਤਣਿ ਕੈਬਰ ਛੱਡਣ ਦੁਰਗਾ ਸਾਹਮਣੇ ॥
ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ‘ਚੰਡੀ ਦੀ ਵਾਰ’ ਵਿੱਚੋਂ ਲਿਆ ਗਿਆ ਹੈ। ਇਸ ਵਾਰ ਵਿੱਚ ਗੁਰੂ ਜੀ ਨੇ ਦੁਰਗਾ ਦੇਵੀ ਦੀ ਅਗਵਾਈ ਵਿੱਚ ਲੜਦੇ ਦੇਵਤਿਆਂ ਦੇ ਰਾਕਸ਼ਾਂ ਨਾਲ ਹੋਏ ਮਿਥਿਹਾਸਿਕ ਯੁੱਧ ਦਾ ਵਰਣਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਗੁਰੂ ਜੀ ਨੇ ਰਾਕਸ਼ਾਂ ਦੀ ਬਹਾਦਰੀ ਨੂੰ ਚਿਤਰਿਆ ਹੈ।
ਵਿਆਖਿਆ : ਜੰਗ ਦੇ ਮੈਦਾਨ ਵਿੱਚ ਲੱਖਾਂ ਨਗਾਰੇ ਆਹਮੋ-ਸਾਹਮਣੇ ਵੱਜ ਰਹੇ ਸਨ। ਗੁੱਸੇ ਨਾਲ ਭਰੇ ਹੋਏ ਰਾਕਸ਼ ਜੰਗ ਦੇ ਮੈਦਾਨ ਵਿੱਚ ਡਟੇ ਹੋਏ ਸਨ ਤੇ ਦੁਰਗਾ ਦੇਵੀ ਦਾ ਬਹਾਦਰੀ ਨਾਲ ਟਾਕਰਾ ਕਰ ਰਹੇ ਸਨ। ਉਹ ਮੈਦਾਨ ਵਿੱਚੋਂ ਪਿੱਛੇ ਨਹੀਂ ਸਨ ਹਟ ਰਹੇ। ਸਾਰੇ ਰਾਕਸ਼ ਸੂਰਮੇ ਸ਼ੇਰਾਂ ਵਾਂਗ ਗੱਜ ਰਹੇ ਸਨ ਤੇ ਵਧ-ਵਧ ਕੇ ਦੁਰਗਾ ਦੇਵੀ ਉੱਤੇ ਹਮਲੇ ਕਰ ਰਹੇ ਸਨ। ਉਹ ਸਾਰਾ ਜ਼ੋਰ ਲਾ-ਲਾ ਕੇ ਦੁਰਗਾ ਦੇਵੀ ਵਲ ਤੀਰ ਛੱਡ ਰਹੇ ਸਨ ਅਤੇ ਉਸ ਨੂੰ ਪਛਾੜਨ ਦਾ ਯਤਨ ਕਰ ਰਹੇ ਸਨ।