ਲੋਹੜੀ
ਭੂਮਿਕਾ : ਪੰਜਾਬ ਦੀ ਧਰਤੀ ਨੂੰ ਮੇਲਿਆਂ ਅਤੇ ਤਿਉਹਾਰਾਂ ਦੀ ਧਰਤੀ ਮੰਨਿਆ ਜਾਂਦਾ ਹੈ। ਇੱਥੇ ਸਾਰਾ ਸਾਲ ਤਿਉਹਾਰਾਂ ਦਾ ਕਾਫ਼ਲਾ ਤੁਰਿਆ ਰਹਿੰਦਾ ਹੈ। ਇਸ ਤੋਂ ਪੰਜਾਬੀਆਂ ਦੇ ਖ਼ੁਸ਼ਮਿਜ਼ਾਜ ਸੁਭਾਅ ਦਾ ਪਤਾ ਲੱਗਦਾ ਹੈ, ਜੋ ਜ਼ਿੰਦਗੀ ਜਿਊਣਾ ਬਾਖ਼ੂਬੀ ਜਾਣਦੇ ਹਨ। ਇਨ੍ਹਾਂ ਤਿਉਹਾਰਾਂ ਵਿੱਚ ਪੰਜਾਬੀ ਸੱਭਿਆਚਾਰ ਦੀ ਝਲਕ ਵੇਖਣ ਨੂੰ ਮਿਲਦੀ ਹੈ। ਇਨ੍ਹਾਂ ਤਿਉਹਾਰਾਂ ਵਿੱਚੋਂ ਇੱਕ ਪ੍ਰਸਿੱਧ ਤਿਉਹਾਰ ਹੈ ਲੋਹੜੀ। ਇਹ ਤਿਉਹਾਰ ਪੋਹ ਮਹੀਨੇ ਦੇ ਆਖ਼ਰੀ ਦਿਨ, ਅਰਥਾਤ ਮਾਘ ਦੀ ਸੰਗਰਾਂਦ ਤੋਂ ਪਹਿਲੀ ਰਾਤ ਨੂੰ ਮਨਾਇਆ ਜਾਂਦਾ ਹੈ।
ਮਹੱਤਵ : ਲੋਹੜੀ ਨੂੰ ਲੋਹੀ, ਲਈ, ਮੋਹ-ਮਾਈ ਆਦਿ ਨਾਂਵਾਂ ਨਾਲ ਵੀ ਜਾਣਿਆ ਜਾਂਦਾ ਹੈ। ਕਣਕ ਦੀ ਬਿਜਾਈ ਤੋਂ ਵਿਹਲੇ ਹੋ ਕੇ ਲੋਕ ਲੋਹੜੀ ਦੀ ਉਡੀਕ ਕਰਦੇ ਹਨ। ਮੌਸਮ ਅਨੁਸਾਰ ਖ਼ਾਣ ਅਤੇ ਅੱਗ ਸੇਕਣ ਦਾ ਵਿਸ਼ੇਸ਼ ਮਹੱਤਵ ਹੈ। ਇਨ੍ਹਾਂ ਦਿਨਾਂ ਵਿੱਚ ਅਤਿ ਦੀ ਠੰਢ ਤੋਂ ਬਚਣ ਲਈ ਲੋਕ ਲੱਕੜੀਆਂ ਇਕੱਠੀਆਂ ਕਰਦੇ ਹਨ ਅਤੇ ਅੱਗ ਸੇਕਣ ਦੇ ਨਾਲ-ਨਾਲ ਮੂੰਗਫਲੀ, ਗੁੜ, ਤਿਲ, ਰਿਓੜੀਆਂ ਵਰਗੇ ਪਦਾਰਥ ਖਾਂਦੇ ਹਨ, ਜੋ ਸਰੀਰ ਨੂੰ ਗਰਮੀ ਦਿੰਦੇ ਹੋਏ ਠੰਢ ਤੋਂ ਬਚਾਉਂਦੇ ਹਨ। ਇਸ ਦਿਨ ਦਾਨ-ਪੁੰਨ ਵੀ ਕੀਤਾ ਜਾਂਦਾ ਹੈ।
ਇਤਿਹਾਸਕ ਪਿਛੋਕੜ : ਲੋਹੜੀ ਦੇ ਤਿਉਹਾਰ ਦਾ ਇਤਿਹਾਸ ਦੁੱਲੇ ਭੱਟੀ ਦੀ ਕਥਾ ਨਾਲ ਜੁੜਿਆ ਹੋਇਆ ਹੈ। ਦੁੱਲਾ ਭੱਟੀ ਅਕਬਰ ਬਾਦਸ਼ਾਹ ਦੇ ਸਮੇਂ ਦਾ ਮਸ਼ਹੂਰ ਡਾਕੂ ਸੀ। ਸੁੰਦਰੀ ਤੇ ਮੁੰਦਰੀ ਗ਼ਰੀਬ ਬ੍ਰਾਹਮਣ ਦੀਆਂ ਧੀਆਂ ਸਨ, ਜਿਨ੍ਹਾਂ ਦੀ ਮੰਗਣੀ ਹੋ ਚੁੱਕੀ ਸੀ, ਪਰ ਇਲਾਕੇ ਦਾ ਹਾਕਮ ਉਨ੍ਹਾਂ ਦੀ ਸੁੰਦਰਤਾ ‘ਤੋਂ ਮੋਹਿਤ ਹੋ ਚੁੱਕਾ ਸੀ ਤੇ ਉਨ੍ਹਾਂ ਨੂੰ ਹਾਸਲ ਕਰਨਾ ਚਾਹੁੰਦਾ ਸੀ। ਕੁੜੀਆਂ ਦੇ ਹੋਣ ਵਾਲੇ ਸਹੁਰੇ ਵੀ ਹਾਕਮ ਤੋਂ ਡਰਦੇ ਹੋਏ ਵਿਆਹ ਲਈ ਮੰਨਦੇ ਨਹੀਂ ਸਨ ਕਿ ਕਿਤੇ ਹਾਕਮ ਉਨ੍ਹਾਂ ਦਾ ਨੁਕਸਾਨ ਹੀ ਨਾ ਕਰ ਦਵੇ। ਦੁਖੀ ਬ੍ਰਾਹਮਣ ਨੇ ਆਪਣੀ ਦੁੱਖ ਭਰੀ ਕਹਾਣੀ ਦੁੱਲੇ ਭੱਟੀ ਨੂੰ ਸੁਣਾਈ ਅਤੇ ਸਹਾਇਤਾ ਕਰਨ ਲਈ ਹੱਥ ਜੋੜੇ। ਦੁੱਲਾ ਭੱਟੀ ਹਮੇਸ਼ਾ ਗ਼ਰੀਬਾਂ ਦੀ ਸਹਾਇਤਾ ਕਰਦਾ ਸੀ। ਉਸ ਨੇ ਕੁੜੀਆਂ ਦੇ ਸਹੁਰੇ ਘਰ ਜਾ ਕੇ ਵਿਆਹ ਲਈ ਜ਼ੋਰ ਪਾਇਆ ਅਤੇ ਜੰਗਲ ਵਿੱਚ ਹੀ ਅੱਗ ਬਾਲ ਕੇ ਦੋਵਾਂ ਦਾ ਵਿਆਹ ਕਰਵਾ ਦਿੱਤਾ। ਉਸ ਸਮੇਂ ਦੁੱਲੇ ਡਾਕੂ ਕੋਲ ਸਿਰਫ਼ ਸ਼ੱਕਰ ਹੀ ਸੀ, ਜੋ ਉਸ ਨੇ ਕੁੜੀਆਂ ਦੀ ਝੋਲੀ ਵਿੱਚ ਪਾ ਦਿੱਤੀ। ਇਸੇ ਕਰ ਕੇ ਲੋਹੜੀ ਮੰਗਦੇ ਸਮੇਂ ਬੱਚੇ ਦੁੱਲੇ ਭੱਟੀ ਦਾ ਗੀਤ ਗਾਉਂਦੇ ਹਨ :
ਸੁੰਦਰ ਮੁੰਦਰੀਏ— ਹੋ
ਤੇਰਾ ਕੌਣ ਵਿਚਾਰਾ— ਹੋ
ਦੁੱਲਾ ਭੱਟੀ ਵਾਲਾ— ਹੋ
ਦੁੱਲੇ ਨੇ ਧੀ ਵਿਆਹੀ ਹੋ
ਸੇਰ ਸ਼ੱਕਰ ਪਾਈ– ਹੋ
ਲੋਹੜੀ ਦੀਆਂ ਤਿਆਰੀਆਂ : ਲੋਹੜੀ ਦਾ ਤਿਉਹਾਰ ਪਿੰਡਾਂ ਅਤੇ ਸ਼ਹਿਰਾਂ ਦੋਵਾਂ ਥਾਂਵਾਂ ‘ਤੇ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਬੱਚੇ ਲੋਹੜੀ ਤੋਂ ਕੁਝ ਦਿਨ ਪਹਿਲਾਂ ਹੀ ਸ਼ਾਮ ਵੇਲੇ ਟੋਲੀਆਂ ਬਣਾ ਕੇ ਘਰ-ਘਰ ਜਾ ਕੇ ਲੋਹੜੀ ਮੰਗਣੀ ਸ਼ੁਰੂ ਕਰ ਦਿੰਦੇ ਹਨ। ਬੱਚੇ ਘਰ ਦੇ ਦਰਵਾਜ਼ੇ ‘ਤੇ ਖੜ੍ਹੇ ਹੋ ਕੇ ਪਰਿਵਾਰ ਵਾਲਿਆਂ ਨੂੰ ਦੁਆਵਾਂ ਦਿੰਦੇ ਹੋਏ ਇੰਜ ਲੋਹੜੀ ਮੰਗਦੇ ਹਨ :
“ਦੇ ਮਾਈ ਲੋਹੜੀ, ਪਾ ਦੇ ਗੁੜ ਦੀ ਰੋੜੀ।
ਦੇ ਮਾਈ ਲੋਹੜੀ, ਜੀਵੇ ਤੇਰੀ ਜੋੜੀ।”
ਪਰਿਵਾਰ ਵਾਲੇ ਬੱਚਿਆਂ ਨੂੰ ਮੂੰਗਫਲੀ, ਰਿਓੜੀਆਂ ਅਤੇ ਪੈਸੇ ਦਿੰਦੇ ਹਨ। ਇਸ ਤੋਂ ਇਲਾਵਾ ਮਾਪੇ ਆਪਣੀਆਂ ਵਿਆਹੀਆਂ ਹੋਈਆਂ ਧੀਆਂ ਘਰ ਕੱਪੜ੍ਹੇ, ਖਾਣ-ਪੀਣ ਦਾ ਸਮਾਨ ਤੇ ਅਨੇਕ ਹੋਰ ਤੋਹਫ਼ੇ ਦੇ ਕੇ ਆਉਂਦੇ ਹਨ। ਮੁੰਡੇ ਪਤੰਗਾਂ ਅਤੇ ਡੋਰ ਇਕੱਠੀ ਕਰਦੇ ਹਨ, ਤਾਂ ਜੁ ਲੋਹੜੀ ਵਾਲੇ ਦਿਨ ਪਤੰਗਬਾਜ਼ੀ ਦਾ ਆਨੰਦ ਉਠਾ ਸਕਣ। ਬਜ਼ਾਰਾਂ ਵਿੱਚ ਹਲਵਾਈਆਂ ਦੀਆਂ ਦੁਕਾਨਾਂ ‘ਤੇ ਭੁੱਗਾ ਅਤੇ ਖਜੂਰਾਂ ਦੀ ਮਹਿਕ ਦੂਰ-ਦੂਰ ਤੱਕ ਫੈਲ ਜਾਂਦੀ ਹੈ। ਚਾਰੇ ਪਾਸੇ ਲੋਹੜੀ ਦੇ ਤਿਉਹਾਰ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਹਨ। ਜਿਨ੍ਹਾਂ ਦੇ ਘਰ ਪੁੱਤ ਜੰਮਿਆ ਹੋਵੇ ਜਾਂ ਫਿਰ ਪੁੱਤਰ ਦਾ ਵਿਆਹ ਹੋਇਆ ਹੋਵੇ ਉਹ ਲੋਹੜੀ ਤੋਂ ਇੱਕ-ਦੋ ਦਿਨ ਪਹਿਲਾਂ ਹੀ ਆਪਣੇ ਘਰ ਰਿਸ਼ਤੇਦਾਰਾਂ ਨੂੰ ਸੱਦਾ ਦਿੰਦੇ ਹਨ ਅਤੇ ਲੋਹੜੀ ਮਨਾਉਂਦੇ ਹਨ। ਅੱਜ ਕੱਲ੍ਹ ਪੜ੍ਹੇ-ਲਿਖੇ ਲੋਕ ਕੁੜੀ ਦੇ ਜਨਮ ‘ਤੇ ਵੀ ਲੋਹੜੀ ਮਨਾਉਣ ਲੱਗ ਪਏ ਹਨ, ਜੋ ਕਿ ਇੱਕ ਬਹੁਤ ਹੀ ਚੰਗੀ ਗੱਲ ਹੈ।
ਲੋਹੜੀ ਵਾਲਾ ਦਿਨ : ਲੋਹੜੀ ਵਾਲੇ ਦਿਨ ਮੁੰਡੇ ਠੰਢ ਦੀ ਪਰਵਾਹ ਨਾ ਕਰਦੇ ਹੋਏ ਸਵੇਰੇ 6 ਵਜੇ ਹੀ ਛੱਤ ’ਤੇ ਗਾਣੇ ਲਾ ਕੇ ਪਤੰਗਾਂ ਉਡਾਉਣੀਆਂ ਸ਼ੁਰੂ ਕਰ ਦਿੰਦੇ ਹਨ। ਇਸ ਦਿਨ ਕਈ ਕਿਸਮ ਦੇ ਪਕਵਾਨ ਬਣਾਏ ਜਾਂਦੇ ਹਨ। ਔਰਤਾਂ ਵੀ ਕੰਮ ਨਿਪਟਾ ਕੇ ਛੱਤ ’ਤੇ ਬੱਚਿਆਂ ਨੂੰ ਪਤੰਗਾਂ ਉਡਾਉਂਦੇ, ਪੇਚੇ ਲਗਾਉਂਦੇ ਵੇਖ ਕੇ ਆਨੰਦ ਮਾਣਦੀਆਂ ਹਨ। ਚਾਰੇ ਪਾਸਿਓਂ ਉੱਚੀ – ਉੱਚੀ ਗਾਣਿਆਂ ਦੀਆਂ ਅਵਾਜ਼ਾਂ ਆਉਂਦੀਆਂ ਹਨ, ਜਿਸ ਨਾਲ ਮਨ ਖਿੜ ਜਾਂਦਾ ਹੈ।
ਰਾਤ ਵੇਲੇ ਸਾਰੇ ਆਪਣੇ ਘਰਾਂ ਜਾਂ ਗਲੀ ਵਿੱਚ ਮਿਲ ਕੇ ਅੱਗ ਬਾਲਦੇ ਹਨ। ਇਸ ਵਿੱਚ ਮੂੰਗਫਲੀ, ਰਿਓੜੀਆਂ, ਦਾਣੇ, ਚਿੜਵੜੇ ਅਤੇ ਤਿਲੁ ਪਾਏ ਜਾਂਦੇ ਹਨ। ਕਈ ਲੋਕ ਹਵਨ ਸਮੱਗਰੀ ਵੀ ਪਾਉਂਦੇ ਹਨ। ਮਘਦੀ ਹੋਈ ਅੱਗ ਵਾਂਗ ਲੋਕਾਂ ਦੇ ਚਿਹਰੇ ਵੀ ਖ਼ੁਸ਼ੀ ਨਾਲ ਲਾਲ ਹੋ ਜਾਂਦੇ ਹਨ। ਸਾਰੇ ਲੋਹੜੀ ਦੁਆਲੇ ਬੈਠ ਕੇ ਜਾਤ-ਪਾਤ ਦਾ ਭੇਦ-ਭਾਵ ਭੁੱਲ ਕੇ ਇੱਕ-ਦੂਜੇ ਨਾਲ ਮਠਿਆਈਆਂ ਸਾਂਝੀਆਂ ਕਰਦੇ ਹਨ ਅਤੇ ਠੰਢ ਵਿੱਚ ਅੱਗ ਸੇਕਦੇ ਹੋਏ ਆਨੰਦ ਮਾਣਦੇ ਹਨ। ਢੋਲੀ ਨੂੰ ਬੁਲਾ ਕੇ ਜਾਂ ਫਿਰ ਗਾਣੇ ਲਗਾ ਕੇ ਅੱਧੀ-ਅੱਧੀ ਰਾਤ ਤੱਕ ਭੰਗੜੇ ਪਾਏ ਜਾਂਦੇ ਹਨ। ਨੱਚਣ ਦੇ ਨਾਲ-ਨਾਲ ਲੋਹੜੀ ਦੇ ਗੀਤ ਵੀ ਗਾਏ ਜਾਂਦੇ ਹਨ। ਇਸ ਪ੍ਰਕਾਰ ਖਾ-ਪੀ ਕੇ ਨੱਚ-ਗਾ ਕੇ, ਇਹ ਤਿਉਹਾਰ ਰਲ-ਮਿਲ ਕੇ ਖ਼ੁਸ਼ੀ-ਖੁਸ਼ੀ ਮਨਾਇਆ ਜਾਂਦਾ ਹੈ।
ਸਿੱਟਾ : ਭਾਵੇਂ ਸਮੇਂ ਦੇ ਨਾਲ-ਨਾਲ ਸਾਡੇ ਤਿਉਹਾਰ ਮਨਾਉਣ ਦੇ ਰੰਗ-ਢੰਗ ਬਦਲ ਰਹੇ ਹਨ, ਪਰ ਫਿਰ ਵੀ ਰੁਝੇਵਿਆਂ ਭਰੇ ਜੀਵਨ ਕਾਰਨ ਇਨ੍ਹਾਂ ਤਿਉਹਾਰਾਂ ਨਾਲ ਸਾਡਾ ਜੀਵਨ ਮਹਿਕਦਾ ਹੈ, ਜ਼ਿੰਦਗੀ ਜਿਊਣ ਦਾ ਸੁਆਦ ਆਉਂਦਾ ਹੈ ਅਤੇ ਨਵੀਂ ਊਰਜਾ ਦਾ ਸੰਚਾਰ ਹੁੰਦਾ ਹੈ। ਲੋਹੜੀ ਦਾ ਤਿਉਹਾਰ ਸਾਰਿਆਂ ਲਈ ਖ਼ੁਸ਼ੀਆਂ-ਖੇੜੇ ਲੈ ਕੇ ਆਉਂਦਾ ਹੈ। ਇਹ ਸਾਡੀ ਸਾਕ – ਸੰਬੰਧੀਆਂ ਦੇ ਨਾਲ-ਨਾਲ ਆਂਢ-ਗੁਆਂਢ ਨਾਲ ਵੀ ਪਿਆਰ ਅਤੇ ਆਪਣੇਪਣ ਦੀ ਤਾਰ ਜੋੜੀ ਰੱਖਦਾ ਹੈ।