CBSEclass 11 PunjabiClass 9th NCERT PunjabiEducationNCERT class 10thParagraphPunjab School Education Board(PSEB)

ਲੇਖ – ਸ੍ਰੇਸ਼ਟ ਧਰਮ:ਇਨਸਾਨੀਅਤ

ਧਰਮ ਅਤੇ ਇਨਸਾਨੀਅਤ ਜਾਂ ਸ੍ਰੇਸ਼ਟ ਧਰਮ : ਇਨਸਾਨੀਅਤ

ਧਰਮ ਦਾ ਅਰਥ : ਵੱਖ-ਵੱਖ ਧਰਮ-ਸ਼ਾਸਤਰਾਂ ਅਤੇ ਵਿਦਵਾਨਾਂ ਅਨੁਸਾਰ ‘ਧਰਮ’ ਦੇ ਅਰਥ ਹਨ—ਕਾਨੂੰਨ, ਕਰਤੱਵ, ਸਚਾਈ, ਹੱਕ, ਗੁਣ, ਕਿਸੇ ਵੱਲ ਸਾਡੇ ਫ਼ਰਜ਼ ਆਦਿ। ਭਾਵ ਪਰਮਾਤਮਾ ਦੀ ਭਗਤੀ, ਅਰਾਧਨਾ ਅਤੇ ਮਨੁੱਖ-ਜਾਤੀ ਦੀ ਸੇਵਾ ਵਰਗੇ ਫ਼ਰਜ਼ ਮਿਲ ਕੇ ‘ਧਰਮ’ ਅਖਵਾਉਂਦੇ ਹਨ। ਧਰਮ ਕਿਸੇ ਅਸੂਲ ਨੂੰ ਥੰਮ੍ਹਦਾ, ਬਣਾਈ ਰੱਖਦਾ ਤੇ ਕਾਇਮ ਰੱਖਦਾ ਹੈ, ਧਰਮ ਜ਼ਿੰਦਗੀ ਨੂੰ ਜਿਊਣ-ਯੋਗ ਬਣਾਉਂਦਾ ਹੈ।

ਧਰਮੀ ਪੁਰਸ਼ : ਆਪਣੇ ਧਰਮ ਨਾਲ ਜੁੜਨ ਵਾਲਾ, ਫ਼ਰਜ਼ਾਂ ਨੂੰ ਪਛਾਨਣ ਵਾਲਾ ਅਤੇ ਆਪਣੇ ਇਖ਼ਲਾਕ ‘ਤੇ ਪਹਿਰਾ ਦੇਣ ਵਾਲਾ ਵਿਅਕਤੀ ਹੀ ‘ਧਰਮੀ ਪੁਰਸ਼’ ਹੁੰਦਾ ਹੈ ਤੇ ਅਸਲੀ ਇਨਸਾਨ ਵੀ ਉਹੋ ਹੀ ਹੁੰਦਾ ਹੈ। ਧਰਮੀ ਪੁਰਸ਼ ਆਪਣੇ ਨਿੱਜੀ ਸਵਾਰਥ ਤੋਂ ਉੱਪਰ ਉੱਠ ਕੇ ਦੂਜਿਆਂ ਲਈ ਜਿਊਂਦਾ ਹੈ। ਉਹ ਆਪ ਸਦਾਚਾਰੀ ਹੁੰਦਾ ਹੈ ਤੇ ਸਦਾਚਾਰਕ ਕੀਮਤਾਂ ਨੂੰ ਸਮਾਜ ਵਿੱਚ ਲਾਗੂ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ।

ਮਹਾਂਪੁਰਖਾਂ ਦਾ ਯੋਗਦਾਨ : ਸਭ ਧਰਮਾਂ ਦੇ ਮਹਾਂਪੁਰਖਾਂ ਨੇ ਆਪਣੇ ਸਮੇਂ ਵਿੱਚ ਸਮਾਜ ਵਿੱਚ ਨਰੋਈਆਂ ਕਦਰਾਂ – ਕੀਮਤਾਂ ਸਥਾਪਤ ਕਰਨ ਹਿਤ ਨਿੱਗਰ ਯੋਗਦਾਨ ਪਾਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਭਾਰਤ ਦੀ ਰਾਜਨੀਤਕ, ਸਮਾਜਕ, ਧਾਰਮਕ ਤੇ ਆਰਥਕ ਵਿਵਸਥਾ ਬੜੀ ਦਰਦਨਾਕ ਸੀ। ਸਮੇਂ ਦੇ ਸ਼ਾਸਕ ਬਘਿਆੜ ਬਣ ਚੁੱਕੇ ਸਨ, ਧਾਰਮਕ ਤੌਰ ‘ਤੇ ਪਖੰਡੀ ਆਗੂਆਂ, ਅੰਧ – ਵਿਸ਼ਵਾਸਾਂ ਤੇ ਫੋਕਟ ਕਰਮ – ਕਾਂਡਾਂ ਦਾ ਬੋਲਬਾਲਾ ਸੀ। ਸਮਾਜਕ ਤੌਰ ‘ਤੇ ਛੂਤ-ਛਾਤ, ਜਾਤ-ਪਾਤ ਦਾ ਜ਼ਹਿਰ ਭਾਰਤ ਦੀ ਨਾੜ-ਨਾੜ ਵਿੱਚ ਫੈਲਿਆ ਹੋਇਆ ਸੀ। ਹਾਕਮਾਂ ਦੀ ਲੁੱਟ-ਖਸੁੱਟ ਨਾਲ ਭਾਰਤੀ ਜਨਤਾ ਕਰਾਹ ਰਹੀ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਇਨਸਾਨੀਅਤ ਦਾ ਉਪਦੇਸ਼ ਦਿੱਤਾ। ਭਾਈ ਘਨੱਈਆ ਜੀ ਰਣ-ਭੂਮੀ ਵਿੱਚ ਆਪਣੀ ਪਾਣੀ ਵਾਲੀ ਮਸ਼ਕ ਵਿੱਚੋਂ ਆਪਣਿਆਂ-ਪਰਾਇਆਂ ਜ਼ਖ਼ਮੀਆਂ ਨੂੰ ਪਾਣੀ ਪਿਲਾ ਰਹੇ ਸਨ। ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਵੀ ਇਨਸਾਨੀਅਤ ਦੇ ਗੁਣਾਂ ਕਰਕੇ ਹੀ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦੇ ਰਹੇ ਹਨ। ਅਜਿਹੇ ਮਨੁੱਖ ਇਨਸਾਨੀ ਜੀਵਨ ਨੂੰ ਨਵੀਂ ਸੇਧ ਵੀ ਪ੍ਰਦਾਨ ਕਰਦੇ ਹਨ। ਇਸ ਤਰ੍ਹਾਂ ਨਵਾਂ ਸਮਾਜ ਹੋਂਦ ਵਿੱਚ ਆਉਂਦਾ ਹੈ, ਜਿੱਥੇ ਸਾਰੇ ਹੀ ਮਿੱਤਰ, ਸੱਜਣ ਹੁੰਦੇ ਹਨ ਤੇ “ਨਾ ਕੋ ਬੈਰੀ ਨਹੀ ਬੇਗਾਨਾ” ਦਾ ਸਿਧਾਂਤ ਦ੍ਰਿੜ੍ਹ ਹੁੰਦਾ ਹੈ।

ਵਰਤਮਾਨ ਯੁੱਗ ਅਤੇ ਧਰਮ : ਵਰਤਮਾਨ ਦੌਰ ਵਿੱਚ ਧਰਮ ਨੂੰ ਸੌੜੇ ਅਰਥਾਂ ਵਿੱਚ ਵਰਤਿਆ ਜਾ ਰਿਹਾ ਹੈ। ਧਰਮ ਦੇ ਨਾਂ ’ਤੇ ਲੜਾਈਆਂ-ਝਗੜੇ ਤੇ ਦੰਗੇ-ਫ਼ਸਾਦ ਹੋ ਰਹੇ ਹਨ। ਅਸਲੀ ਧਰਮ ਤਾਂ ਹੈ ਇਨਸਾਨੀਅਤ। ਅੱਜ ਵੀ ਸਾਡੇ ਸਮਾਜ ਦੀ ਹਾਲਤ ਉਸੇ ਤਰ੍ਹਾਂ ਦੀ ਹੈ ਜਿਹੜੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਦੀ ਸੀ। ਧਰਮ, ਜੀਵਨ-ਜਾਚ ਨਾ ਰਹਿ ਕੇ ਇੱਕ ਹਥਿਆਰ ਬਣਦਾ ਜਾ ਰਿਹਾ ਹੈ। ਸੱਚ ਦਾ ਧਰਮ ਅਲੋਪ ਹੋ ਰਿਹਾ ਹੈ ਤੇ ਝੂਠ, ਭ੍ਰਿਸ਼ਟਾਚਾਰ, ਹੇਰਾਫੇਰੀਆਂ, ਕਤਲੇਆਮ ਤੇ ਹੈਵਾਨੀਅਤ ਦਾ ਬੋਲਬਾਲਾ ਹੋ ਰਿਹਾ ਹੈ। ਮਨੁੱਖ ਵਿੱਚੋਂ ਇਨਸਾਨੀਅਤ ਮਰ ਗਈ ਹੈ। ਅੱਜ ਸਾਡਾ ਸ਼ਾਸਨ ਵਰਗ ਵੀ ਅਧਰਮੀ ਹੋ ਗਿਆ ਹੈ। ਧਰਮਹੀਣ ਸਮਾਜ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਪ੍ਰਧਾਨਤਾ ਹੋ ਗਈ ਹੈ ਤੇ ਧੀਰਜ ਤੇ ਸਬਰ-ਸੰਤੋਖ ਵਾਲੇ ਗੁਣ ਸਿਰਫ਼ ਉਪਦੇਸ਼ਾਂ ਵਿੱਚ ਜਾਂ ਕਿਤਾਬਾਂ ਦੇ ਸਫ਼ਿਆਂ ਵਿੱਚ ਹੀ ਦਫ਼ਨ ਹੋ ਗਏ ਹਨ। ਇਹ ਸਭ ਕੁਝ ‘ਪੈਸੇ’ ਨੇ ਕਰਵਾਇਆ ਹੈ। ਪੈਸਾ, ਸ਼ੁਹਰਤ, ਰੁਤਬਾ ਤੇ ਕੁਰਸੀਆਂ ਦੀ ਭੁੱਖ ਨੇ ਮਨੁੱਖ ਨੂੰ ਹੈਵਾਨ ਬਣਾ ਦਿੱਤਾ ਹੈ। ਅੱਜ ‘ਧਰਮ ਪੰਖ ਕਰ ਉਡਰਿਆ’ ਸੱਚ ਸਾਬਤ ਹੋ ਗਿਆ ਹੈ।

ਪੈਸੇ ਨੂੰ ਪ੍ਰਮੁੱਖਤਾ : ਲੋਕਾਂ ਦਾ ਧਰਮ ਕੇਵਲ ਪੈਸਾ, ਜਾਇਦਾਦ, ਉੱਚੇ ਅਹੁਦੇ ਆਦਿ ਹੀ ਰਹਿ ਗਿਆ ਹੈ। ਪੈਸੇ ’ਤੇ ਕਬਜ਼ਾ ਕਰਨ ਲਈ ਹਰ ਜਾਇਜ਼-ਨਜਾਇਜ਼ ਢੰਗ-ਤਰੀਕੇ ਵਰਤੇ ਜਾ ਰਹੇ ਹਨ। ਹਰ ਕੰਮ ਵਪਾਰ ਦੇ ਦ੍ਰਿਸ਼ਟੀਕੋਣ ਤੋਂ ਕੀਤਾ ਜਾ ਰਿਹਾ ਹੈ। ਇੱਥੋਂ ਤਕ ਕਿ ਡਾਕਟਰੀ ਵਰਗਾ ਪਵਿੱਤਰ ਕਿੱਤਾ ਅੱਜ ਵਪਾਰ ਬਣ ਗਿਆ ਹੈ। ਇਲਾਜ ਮਹਿੰਗਾ ਤੇ ਮੌਤ ਸਸਤੀ ਹੋ ਗਈ ਹੈ। ਵਿੱਦਿਆ ਤੇ ਵਿਆਹ ਦਾ ਵਪਾਰੀਕਰਨ ਹੋ ਗਿਆ ਹੈ। ਅੱਜ ਕਾਤਲ ਬਰੀ ਹੋ ਰਹੇ ਹਨ ਤੇ ਬੇਗੁਨਾਹ ਫਾਂਸੀ ਚੜ੍ਹ ਰਹੇ ਹਨ।

ਪੀੜਤਾਂ ਨੂੰ ਇਨਸਾਫ਼ ਨਹੀਂ ਬਲਕਿ ਹੋਰ ਪੀੜਾਂ ਦਿੱਤੀਆਂ ਜਾ ਰਹੀਆਂ ਹਨ, ਸ਼ਾਸਕ ਵਰਗ ’ਤੇ ਘੁਟਾਲਿਆਂ ਤੇ ਵੱਧ ਤੋਂ ਵੱਧ ਜਾਇਦਾਦ ਬਣਾਉਣ ਦੇ ਕੇਸ ਚੱਲ ਰਹੇ ਹਨ। ਧਾਰਮਿਕਤਾ ਦੇ ਨਾਂ ‘ਤੇ ਡੇਰੇਵਾਦ ਹੋਂਦ ਵਿੱਚ ਆ ਰਹੇ ਹਨ। ਧਾਰਮਿਕਤਾ ਦੀ ਆੜ ਵਿੱਚ ਹਰ ਬੁਰਾਈ ਨੂੰ ਸਹਿਜੇ ਹੀ ਅੰਜਾਮ ਦਿੱਤਾ ਜਾ ਰਿਹਾ ਹੈ।

ਸਮਾਜ-ਸੇਵੀ ਸੰਸਥਾਵਾਂ : ਅੱਜ ਇਸ ਘੋਰ ਕਲਜੁਗ ਦੇ ਦੌਰ ਵਿੱਚ ਕੁਝ-ਇੱਕ ਸਮਾਜ-ਸੇਵੀ ਸੰਸਥਾਵਾਂ ਹੋਂਦ ਵਿੱਚ ਆਈਆਂ ਹਨ। ਦੁਖੀਆਂ ਦੇ ਦੁੱਖ ਘੱਟ ਕਰਨੇ, ਹਮਦਰਦੀ ਦੀ ਭਾਵਨਾ ਨਾਲ ਉਨ੍ਹਾਂ ਪੀੜਤਾਂ ਦੀ ਮਦਦ ਕਰਨੀ, ਜਿਹੜੇ ਇਨਸਾਨ ਸਮਾਜ ਤੋਂ ਜਾਂ ਘਰ – ਪਰਿਵਾਰ ਤੋਂ ਦੁਰਕਾਰੇ ਹੋਏ ਹੁੰਦੇ ਹਨ, ਉਨ੍ਹਾਂ ਦੀ ਬਾਂਹ ਫੜ੍ਹਨੀ ਹੀ ਅਜਿਹੀਆਂ ਸੰਸਥਾਵਾਂ ਦਾ ਮਕਸਦ ਹੁੰਦਾ ਹੈ। ਕੁਸ਼ਟ-ਆਸ਼ਰਮ, ਬਿਰਧ-ਆਸ਼ਰਮ, ਪਿੰਗਲਵਾੜਾ ਸੁਸਾਇਟੀ (ਬਾਨੀ ਭਗਤ ਪੂਰਨ ਸਿੰਘ ਜੀ), ਮਦਰ ਟੈਰੇਸਾ ਗ਼ਰੀਬਾਂ ਤੇ ਦੁਖੀਆਂ ਦੀ ਮਸੀਹਾ, ਯੂਨੀਕ ਹੋਮ, ਜਲੰਧਰ ਪ੍ਰਬੰਧਕ ਬੀਬੀ ਪ੍ਰਕਾਸ਼ ਕੌਰ ਜੀ ਆਦਿ ਵਰਗੀਆਂ ਮਹਤੱਵਪੂਰਨ ਸੰਸਥਾਵਾਂ ਅਜਿਹੀਆਂ ਹਨ ਜਿਨ੍ਹਾਂ ਨੇ ਪੀੜਤਾਂ, ਦੁਖੀਆਂ, ਲਵਾਰਸ, ਬੇਸਹਾਰਿਆਂ ਦੀ ਮਦਦ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਅਜਿਹੀਆਂ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ।

ਸਾਰੰਸ਼ : ਜੇ ਸੰਸਾਰ ਸਥਿਰ ਹੈ ਤਾਂ ਇਨ੍ਹਾਂ ਧਰਮੀ ਪੁਰਖਾਂ ਦੀ ਬਦੌਲਤ ਹੀ ਹੈ। ਭਾਵੇਂ ਕਿ ਬਹੁਤੇ ਲੋਕ ਅਧਰਮੀ ਬਣ ਗਏ ਹਨ ਕਿਉਂਕਿ ਉਹ ਧਰਮ ਤੋਂ ਡੋਲ ਗਏ ਹਨ। ਅਜਿਹੀ ਸਥਿਤੀ ‘ਚ ਵੀ ਕਈ ਮਹਾਂਪੁਰਖ ਤੇ ਸੰਸਥਾਵਾਂ ਆਪਣੀ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।