ਲੇਖ : ਸ੍ਰੀ ਹਰਿਮੰਦਰ ਸਾਹਿਬ/
ਸ੍ਰੀ ਅੰਮ੍ਰਿਤਸਰ ਦੀ ਯਾਤਰਾ
ਕਿਸੇ ਤੀਰਥ ਅਸਥਾਨ ਦੀ ਯਾਤਰਾ / ਸ੍ਰੀ ਹਰਿਮੰਦਰ ਸਾਹਿਬ/ ਸ੍ਰੀ ਅੰਮ੍ਰਿਤਸਰ ਦੀ ਯਾਤਰਾ
ਭੂਮਿਕਾ : ਸਾਡਾ ਦੇਸ਼ ਰਿਸ਼ੀਆਂ-ਮੁਨੀਆਂ, ਸੰਤਾਂ, ਭਗਤਾਂ, ਗੁਰੂਆਂ ਅਤੇ ਸੂਫ਼ੀ ਸੰਤਾਂ, ਦਰਵੇਸ਼ਾਂ ਦਾ ਦੇਸ਼ ਹੈ। ਸਾਡੇ ਭਾਰਤੀ ਜੀਵਨ ਦੀ ਬੁਨਿਆਦ ਹੀ ਧਾਰਮਕ-ਅਸੂਲਾਂ ‘ਤੇ ਨਿਰਭਰ ਕਰਦੀ ਹੈ। ਇਸ ਲਈ ਸਾਡੀ ਸੰਸਕ੍ਰਿਤੀ ਵਿਚ ਤੀਰਥ ਯਾਤਰਾ/ ਤੀਰਥ ਇਸ਼ਨਾਨ ਸਭ ਤੋਂ ਉੱਤਮ ਕੰਮ ਅਤੇ ਵੱਡਾ ਪੁੰਨ ਮੰਨਿਆ ਜਾਂਦਾ ਹੈ।
ਸ੍ਰੀ ਦਰਬਾਰ ਸਾਹਿਬ ਪਵਿੱਤਰ ਧਾਰਮਕ ਅਸਥਾਨ : ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸਥਿਤ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਪਵਿੱਤਰ ਧਾਰਮਕ ਸਥਾਨ ਹੈ। ਮੈਂ ਪਿਛਲੇ ਸਾਲ ਗਰਮੀਆਂ ਦੀਆਂ ਛੁੱਟੀਆਂ ਵਿੱਚ ਆਪਣੇ ਪਿਤਾ ਜੀ ਦੇ ਨਾਲ ਦਰਸ਼ਨਾਂ ਲਈ ਗਿਆ ਸਾਂ। ਅਸੀਂ ਸਾਰਾ ਪਰਿਵਾਰ ਬੱਸ ਤੇ ਸਵਾਰ ਹੋ ਕੇ ਅੰਮ੍ਰਿਤਸਰ ਪੁੱਜੇ। ਇਹ 15 ਜੂਨ ਦਾ ਦਿਨ ਸੀ ਅਤੇ ਇਹ ਅੱਜ ਵੀ ਮੇਰੇ ਦਿਮਾਗ਼ ਵਿੱਚ ਤਰੋ-ਤਾਜ਼ਾ ਹੈ।
ਸ੍ਰੀ ਦਰਬਾਰ ਸਾਹਿਬ ਪਵਿੱਤਰ ਧਾਰਮਕ ਅਸਥਾਨ : ਬੱਸ ਵਿੱਚ ਸਫ਼ਰ ਕਰਦੇ ਸਮੇਂ ਪਿਤਾ ਜੀ ਨੇ ਮੈਨੂੰ ਦੱਸਿਆ ਸੀ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਸਾਡੀ ਕੌਮ ਦਾ ਧਾਰਮਕ ਤੀਰਥ ਸਥਾਨ ਹੈ। ਇਸ ਸਥਾਨ ਦੀ ਉਸਾਰੀ ਦਾ ਕਾਰਜ ਚੌਥੇ ਗੁਰੂ मी ਜੀ ਨੇ ਅਰੰਭ ਕੀਤਾ ਸੀ। ਇਸ ਅਸਥਾਨ ਦੀ ਨੀਂਹ ਮੁਸਲਮਾਨ ਫ਼ਕੀਰ ਸਾਈਂ ਮੀਆਂ ਮੀਰ ਤੋਂ ਰਖਵਾਈ ਗਈ ਸੀ। ਇਸ ਨਗਰ ਗੁਰੂ ਰਾਮਦਾਸ ਦਾ ਪਹਿਲਾ ਨਾਮ ਰਾਮਦਾਸ ਪੁਰ ਸੀ। ਰਜਨੀ ਤੇ ਪਿੰਗਲੇ ਦੀ ਕਹਾਣੀ ਵੀ ਪਿਤਾ ਜੀ ਨੇ ਸੁਣਾਈ ਅਤੇ ਦੱਸਿਆ ਕਿ ਅੱਜ ਵਾਲੇ ਸਰੋਵਰ ਸਾਹਿਬ ਦੇ ਸਥਾਨ ਤੇ ਹੀ ਉਹ ਛਪੜੀ ਸੀ ਜਿੱਥੇ ਪਿੰਗਲੇ ਦਾ ਕੋਹੜ ਦੂਰ ਹੋ ਗਿਆ ਸੀ।
ਇਸ ਤਰ੍ਹਾਂ ਨਿੱਕੀਆਂ-ਮੋਟੀਆਂ ਗਲਾਂ ਕਰਦੇ ਅਸੀਂ ਅੰਮ੍ਰਿਤਸਰ ਪਹੁੰਚ ਗਏ। ਅੱਡੇ ‘ਤੇ ਬੱਸ ਰੁਕੀ ਅਤੇ ਅਸੀਂ ਰਿਕਸ਼ਾ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਗਏ। ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਅਸੀਂ ਜੋੜਾ-ਘਰ ਵਿੱਚ ਜੋੜੇ ਜਮ੍ਹਾਂ ਕਰਵਾਏ ਅਤੇ ਗੱਠੜੀ-ਘਰ ਵਿੱਚ ਸਮਾਨ ਜਮ੍ਹਾਂ ਕਰਾਇਆ। ਇਸ ਤੋਂ ਬਾਅਦ ਅਸੀਂ ਹੱਥ-ਪੈਰ ਧੋਤੇ ਤੇ ਫਿਰ ਸਰੋਵਰ ਸਾਹਿਬ ਦੀ ਪਰਕਰਮਾ ਵਿੱਚ ਪੁੱਜ ਗਏ। ਪਰਕਰਮਾ ਵਿੱਚ ਪੁੱਜ ਕੇ ਅਸਾਂ ਸਾਰੇ ਪਰਿਵਾਰ ਨੇ ਹਰਿਮੰਦਰ ਸਾਹਿਬ ਵੱਲ ਮੂੰਹ ਕਰਕੇ ਮੱਥਾਂ ਟੇਕਿਆ ਅਤੇ ਫਿਰ ਖੱਬੇ ਪਾਸੇ ਵੱਲੋਂ ਪਰਕਰਮਾ ਕਰਨੀ ਆਰੰਭ ਕੀਤੀ। ਪਰਕਰਮਾ ਦਾ ਪਹਿਲਾ ਮੋੜ ਮੁੜ ਕੇ ਮਾਤਾ ਜੀ ਬੀਬੀਆਂ ਦੇ ਪੋਣੇ ਵਿੱਚ ਇਸ਼ਨਾਨ ਕਰਨ ਲਈ ਚਲੇ ਗਏ। ਮੈਂ, ਪਿਤਾ ਜੀ ਤੇ ਮੇਰਾ ਵੱਡਾ ਭਰਾ ਪੌੜੀਆਂ ਵਿੱਚ ਖਲੋ ਕੇ ਸੰਗਲ ਫੜ੍ਹ ਕੇ ਇਸ਼ਨਾਨ ਕਰਨ ਲੱਗ ਪਏ। ਦੁੱਖ-ਭੰਜਨੀ ਬੇਰੀ ਥੱਲਿਓ ਚਰਨਾਮ੍ਰਿਤ ਲਿਆ ਅਤੇ ਅਸੀਂ ਅੱਗੇ ਤੁਰ ਪਏ। ਦੂਸਰਾ ਮੋੜ ਮੁੜ ਕੇ ਅਸੀਂ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਪੁੱਜੇ। ਇੱਥੇ ਨਮਸਰਕਾਰ ਕੀਤੀ। ਪਿਤਾ ਜੀ ਨੇ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਬਾਰੇ ਦੱਸਿਆ। ਰਸਤੇ ਵਿੱਚ ਅਸਾਂ ਵੇਖਿਆ ਕਿ ਕੋਨਿਆਂ ਵਿੱਚ ਠੰਡੇ ਪਾਣੀ ਦੀਆਂ ਛਬੀਲਾਂ ਲੱਗੀਆਂ ਹੋਈਆਂ ਸਨ। ਪਥਰਾਂ ਉੱਪਰ ਦਾਨੀਆਂ ਦੇ ਨਾਮ ਉੱਕਰੇ ਹੋਏ ਸਨ।
ਦਰਸ਼ਨੀ ਡਿਉਢੀ : ਤੀਸਰੇ ਮੋੜ ਤੋਂ ਮੁੜ ਕੇ ਅਸੀਂ ਪ੍ਰਸ਼ਾਦ ਕਰਾਇਆ। ਪ੍ਰਸ਼ਾਦ ਲੈ ਕੇ ਅਸੀਂ ਦਰਸ਼ਨੀ ਡਿਉਢੀ ਪੁੱਜੇ।
ਦਰਸ਼ਨੀ ਡਿਉਢੀ ਦੀ ਸਰਦਲ ਤੇ ਸ਼ਰਧਾ ਨਾਲ ਸਭ ਨੇ ਸੀਸ ਨਿਵਾਇਆ। ਇੱਥੇ ਕਾਫੀ ਭੀੜ ਸੀ ਅਤੇ ਸੇਵਾਦਾਰ ਲਾਈਨ ਵਿੱਚ ਚੱਲਣ ਲਈ ਬੇਨਤੀ ਕਰ ਰਹੇ ਸਨ। ਕੜਾਹ ਪ੍ਰਸ਼ਾਦ ਦੀ ਪਰਚੀ ਇੱਥੇ ਰੱਖੇ ਡਰੰਮ ਵਿੱਚ ਪਾਈ ਅਤੇ ਦੇਗ਼ ਲੈ ਕੇ ਅਸੀਂ ਪੁਲ ਦੁਆਰਾ ਹਰਿਮੰਦਰ ਸਾਹਿਬ ਵੱਲ ਚੱਲ ਪਏ। ਅੰਦਰ ਜਾ ਕੇ ਸੁਨਹਿਰੀ ਹਰਿਮੰਦਰ ਸਾਹਿਬ ਦੀ ਬਾਹਰੀ ਸਜਾਵਟ ਵੇਖ ਕੇ ਮੈਂ ਹੈਰਾਨ ਹੀ ਰਹਿ ਗਿਆ। ਮੇਰਾ ਵੱਡਾ ਭਰਾ ਤਾਂ ਪਹਿਲਾਂ ਵੀ ਇੱਕ ਵਾਰ ਆ ਚੁੱਕਾ ਸੀ। ਸਾਰੀ ਇਮਾਰਤ ਤੇ ਸੋਨੇ ਦੇ ਪੱਤਰੇ ਲੱਗੇ ਹੋਏ ਸਨ। ਇਸੇ ਲਈ ਤਾਂ ਇਸ ਸਥਾਨ ਨੂੰ ਦੁਨੀਆਂ ਵਿੱਚ ਸੁਨਹਿਰੀ ਮੰਦਰ (Golden Temple) ਕਰਕੇ ਜਾਣਿਆ ਜਾਂਦਾ ਹੈ।
ਕੀਰਤਨ ਪ੍ਰਵਾਹ : ਅੰਦਰ ਕੀਰਤਨ ਹੋ ਰਿਹਾ ਸੀ। ਅਸੀਂ ਮੱਥਾ ਟੇਕ ਕੇ ਬਾਹਰ ਪ੍ਰਕਰਮਾ ਵਿੱਚ ਕੁਝ ਦੇਰ ਲਈ ਬੈਠੇ। ਪਿਤਾ ਜੀ ਨੇ ਦੱਸਿਆ ਕਿ ਇੱਥੇ ਦਿਨ-ਰਾਤ ਗੁਰਬਾਣੀ ਕੀਰਤਨ ਦਾ ਪ੍ਰਵਾਹ ਚਲਦਾ ਰਹਿੰਦਾ ਹੈ। ਸਾਰੀਆਂ ਸੰਗਤਾਂ ਇੱਕ-ਰਸ, ਇੱਕ-ਚਿਤ ਕੀਰਤਨ ਸੁਣ ਰਹੀਆਂ ਸਨ ਅਤੇ ਕਿਸੇ ਕਿਸਮ ਦਾ ਸ਼ੋਰ ਜਾਂ ਰੌਲਾ ਨਹੀਂ ਸੀ। ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਤੇ ਬਾਹਰ ਸੋਨੇ ਦੇ ਪੱਤਰਿਆਂ ਤੇ ਅਤੇ ਦੀਵਾਰਾਂ ਤੇ ਬੜੀ ਖੂਬਸੂਰਤ ਮੀਨਾਕਾਰੀ ਦਾ ਕੰਮ ਕੀਤਾ ਹੋਇਆ ਵੇਖ ਕੇ ਬਹੁਤ ਖ਼ੁਸ਼ੀ ਹੋਈ।
ਪਿਤਾ ਜੀ ਨੇ ਇਹ ਵੀ ਦੱਸਿਆ ਕਿ ਸਭ ਤੋਂ ਪਹਿਲਾਂ ਸੋਨੇ ਦੇ ਪੱਤਰਿਆਂ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ। ਪਰਕਰਮਾ ਕਰਕੇ ਅਤੇ ਚਰਨਾਮ੍ਰਿਤ ਲੈ ਕੇ ਅਸੀਂ ਫਿਰ ਪੁਲ ਤੇ ਆ ਗਏ। ਦੋਵੇਂ ਪਾਸੇ ਸਰੋਵਰ ਵਿੱਚ ਮੱਛੀਆਂ ਤੈਰ ਰਹੀਆਂ ਸਨ ਪਿਤਾ ਜੀ ਨੇ ਪਿਛਾਂਹ ਮੁੜ ਕੇ ਵੇਖਿਆ ਅਤੇ ਮੈਨੂੰ ਅਵਾਜ਼ ਮਾਰੀ। ਮੈਂ ਉਨ੍ਹਾਂ ਨਾਲ ਜਾ ਰਲਿਆ ਪਰ ਜੀਅ ਅਜੇ ਵੀ ਕਰਦਾ ਸੀ ਕਿ ਹੋਰ ਕਾਫੀ ਦੇਰ ਤੈਰਦੀਆਂ ਸੁੰਦਰ ਮੱਛੀਆਂ ਨੂੰ ਵੇਖਦਾ ਰਹਾਂ।
ਚਾਰ ਦਰਵਾਜ਼ੇ ਸਭ ਧਰਮਾਂ ਦੇ ਪ੍ਰਤੀਕ : ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਦਿਸ਼ਾਵਾਂ ਵੱਲ ਦਰਵਾਜੇ ਹਨ, ਇਹ ਤਾਂ ਮੈਂ ਵੇਖ ਹੀ ਚੁੱਕਾ ਸਾਂ। ਪਰ ਮੈਨੂੰ ਇਸ ਗਲ ਦਾ ਭੇਤ ਪਤਾ ਨਹੀਂ ਸੀ। ਪਿਤਾ ਜੀ ਨੇ ਦੱਸਿਆ ਕਿ ਇਹ ਚਾਰ ਦਰਵਾਜ਼ੇ ਚਾਰ ਧਰਮਾਂ ਦੇ ਪ੍ਰਤੀਕ ਹਨ। ਹਿੰਦੂ, ਸਿੱਖ, ਮੁਸਲਿਮ ਅਤੇ ਇਸਾਈ ਕਿਸੇ ਵੀ ਧਰਮ ਵਾਲਾ ਵਿਅਕਤੀ ਕਿਸੇ ਦਿਸ਼ਾ ਵੱਲੋਂ ਵੀ ਅੰਦਰ ਪ੍ਰਵੇਸ਼ ਕਰ ਸਕਦਾ ਹੈ। ਇਹ ਸਥਾਨ ਸਭ ਧਰਮਾਂ ਦਾ ਸਰਬਸਾਂਝਾ ਧਾਰਮਕ ਸਥਾਨ ਹੈ। ਇੱਥੇ ਕਿਸੇ ਧਰਮ ਨਾਲ ਵਿਤਕਰਾ ਨਹੀ ਕੀਤਾ ਜਾਂਦਾ।
ਬਾਹਰ ਆ ਕੇ ਦਰਸ਼ਨੀ ਡਿਉਢੀ ਦੇ ਸਾਹਮਣੇ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਮੱਥਾ ਟੇਕਣ ਲਈ ਗਏ। ਇਸ ਦੀ ਉਸਾਰੀ ਛੇਵੇਂ ਗੁਰੂ ਸ੍ਰੀ ਹਰਗੋਬਿੰਦ ਜੀ ਨੇ ਕਰਵਾਈ ਸੀ। ਇਹ ਸਿੱਖ ਕੋਮ ਦਾ ਸਿਆਸੀ ਤੇ ਸਮਾਜੀ ਕੇਂਦਰ ਹੈ। ਇਸ ਤੋਂ ਬਾਅਦ ਅਸੀਂ ਅਜਾਇਬ ਘਰ ਗਏ। ਇੱਥੇ ਸਿੱਖ ਧਰਮ ਨਾਲ ਸਬੰਧਤ ਪੁਰਾਤਨ ਤਸਵੀਰਾਂ ਤੇ ਹੱਥ-ਲਿਖਤਾਂ ਦੇ ਦਰਸ਼ਨ ਕੀਤੇ।
ਇਸ ਤੋਂ ਬਾਅਦ ਅਸੀਂ ਬਾਬਾ ਅਟੱਲ, ਕੌਲਸਰ, ਰਾਮਸਰ, ਬਿਬੇਕਸਰ ਤੇ ਸੰਤੋਖਸਰ ਦੇ ਦਰਸ਼ਨ ਕੀਤੇ। ਫਿਰ ਅਸੀਂ ਜਲ੍ਹਿਆਂ ਵਾਲਾ ਬਾਗ਼ ਵੀ ਗਏ ਅਤੇ ਸ਼ਹੀਦਾਂ ਨੂੰ ਪ੍ਰਣਾਮ ਕੀਤੀ। ਇਸ ਤਰ੍ਹਾਂ ਅਸੀਂ ਸ੍ਰੀ ਹਰਿਮੰਦਰ ਸਾਹਿਬ ਦੀ ਯਾਤਰਾ ਕਰਕੇ ਖੁਸ਼ੀ-ਖੁਸ਼ੀ ਸ਼ਾਮ ਨੂੰ ਆਪਣੇ ਘਰ ਪੁੱਜੇ ਗਏ। ਮੈਨੂੰ ਇਹ ਯਾਤਰਾ ਸਦਾ ਯਾਦ ਰਹੇਗੀ।
ਸਾਰੰਸ਼ : ਧਾਰਮਕ ਸਥਾਨਾਂ ਦੀ ਯਾਤਰਾ ਦਾ ਆਪਣਾ ਮਹੱਤਵ ਹੁੰਦਾ ਹੈ। ਇਸ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਇਤਿਹਾਸ ਬਾਰੇ ਵੀ ਗਿਆਨ ਪ੍ਰਾਪਤ ਹੁੰਦਾ ਹੈ। ਇਸ ਲਈ ਧਾਰਮਕ ਸਥਾਨਾਂ ਦੀ ਯਾਤਰਾ ਜ਼ਰੂਰ ਕਰਨੀ ਚਾਹੀਦੀ ਹੈ।