CBSEEducationਲੇਖ ਰਚਨਾ (Lekh Rachna Punjabi)

ਲੇਖ : ਸੁਭਾਸ਼ ਚੰਦਰ ਬੋਸ


ਸੁਭਾਸ਼ ਚੰਦਰ ਬੋਸ


ਭਾਰਤ ਦੀ ਆਜ਼ਾਦੀ ਦੀ ਲੜਾਈ ਕਈ ਢੰਗਾਂ ਨਾਲ ਲੜੀ ਗਈ ਹੈ। ਜਿਥੇ ਮਹਾਤਮਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਅਹਿੰਸਾਮਈ ਹਥਿਆਰ ਦੀ ਵਰਤੋਂ ਕਰਦੇ ਹੋਏ ਆਜ਼ਾਦੀ ਪ੍ਰਾਪਤ ਕਰਨਾ ਚਾਹੁੰਦੇ ਸਨ, ਉਥੇ ਸੁਭਾਸ਼ ਚੰਦਰ ਬੇਸ ਦਾ ਇਹ ਵਿਚਾਰ ਸੀ ਕਿ ਸ਼ਾਂਤਮਈ ਢੰਗ ਅਪਣਾ ਕੇ ਕਦੇ ਵੀ ਆਜ਼ਾਦੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਇਸ ਲਈ ਤਾਕਤ ਨੂੰ ਜਥੇਬੰਦ ਕਰਕੇ ਅੰਗਰੇਜ਼ਾਂ ਨੂੰ ਭਾਰਤ ਤੋਂ ਭਜਾਇਆ ਜਾ ਸਕਦਾ ਹੈ। ਇਸ ਤਰ੍ਹਾਂ ਸੁਭਾਸ ਚੰਦਰ ਬੋਸ ਨੇ ਹਥਿਆਰਬਧ ਹੋ ਕੇ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜਨ ਦਾ ਫੈਸਲਾ ਕੀਤਾ ਤੇ ਆਜ਼ਾਦ ਹਿੰਦ ਫੌਜ ਬਣਾ ਕੇ ਆਜ਼ਾਦੀ ਦੀ ਲੜਾਈ ਲੜੀ। ਸੁਭਾਸ ਚੰਦਰ ਬੋਸ ਦਾ ਜਨਮ ਦੇਸ਼ ਭਗਤਾਂ ਦੇ ਪਰਿਵਾਰ ਵਿੱਚ ਹੋਇਆ। ਸੁਭਾਸ਼ ਚੰਦਰ ਬੋਸ ਦਾ ਜਨਮ 1897 ਈ. ਵਿੱਚ 23 ਜਨਵਰੀ ਨੂੰ ਕਟਕ ਵਿੱਚ ਹੋਇਆ। ਆਪਦੇ ਪਿਤਾ ਦਾ ਨਾਂ ਜਾਨਕੀ ਦਾਸ ਬੋਸ ਸੀ। ਸੁਭਾਸ ਬਾਬੂ ਬਚਪਨ ਵਿੱਚ ਬਹੁਤ ਜ਼ਹੀਨ ਸਨ ਤੇ ਉਹ ਸ਼ਹਿਰ ਦੇ ਸਭ ਤੋਂ ਵੱਡੇ ਅਫਸਰ ਬਣਨਾ ਚਾਹੁੰਦੇ ਸਨ, ਉਨ੍ਹਾਂ ਨੇ 1923 ਵਿੱਚ ਮੈਟ੍ਰਿਕ ਦੀ ਪ੍ਰੀਖਿਆ ਪਾਸ ਕੀਤੀ। ਬੀ. ਏ. ਪਾਸ ਕਰਨ ਤੋਂ ਬਾਅਦ ਉਹ IAS ਦੀ ਪ੍ਰੀਖਿਆ ਦੇਣ ਲਈ ਵਲਾਇਤ ਚਲੇ ਗਏ। ਉਸ ਸਮੇਂ ਭਾਰਤ ਵਿੱਚ ਗੁਲਾਮੀ ਕਾਰਣ ਕਿਸੇ ਵੀ ਥਾਂ ਤੇ IAS ਲਈ ਕੇਂਦਰ ਨਹੀਂ ਸੀ ਬਣਦਾ। ਵਿਦੇਸ਼ ਤੋਂ ਵਾਪਸ ਆ ਕੇ ਉਹ ਛੇਤੀ ਹੀ ਸਰਕਾਰੀ ਤੌਰ ਤੇ ਵੱਡੇ ਅਫਸਰ ਬਣਾ ਦਿੱਤੇ ਗਏ।

ਜਦੋਂ 1920 ਵਿੱਚ ਨਾਗਪੁਰ ਵਿੱਚ ਕਾਂਗਰਸ ਦਾ ਸ਼ੈਸਨ ਹੋਇਆ ਤਾਂ ਇਹ ਸ਼ੈਸਨ ਫੈਸਲਾਕੁੰਨ ਸਾਬਤ ਹੋਇਆ। ਗਾਂਧੀ ਜੀ ਨੇ ਉਸ ਸਮੇਂ ਨਾ-ਮਿਲਵਰਤਣ (Non-Co-operation) ਲਹਿਰ ਆਰੰਭ ਕੀਤੀ ਹੋਈ ਸੀ। ਸੁਭਾਸ ਚੰਦਰ ਬੋਸ ਤੇ ਵੀ ਇੰਨਾ ਗਹਿਰਾ ਅਸਰ ਹੋਇਆ ਕਿ ਉਨ੍ਹਾਂ ਨੇ ਸਰਕਾਰੀ ਅਫਸਰੀ ਤੇ ਲੱਤ ਮਾਰ ਦਿੱਤੀ ਤੇ ਦੇਸ਼ ਦੀ ਆਜ਼ਾਦੀ ਲਈ ਇੱਕ ਜੁਝਾਰੂ ਸਿਪਾਹੀ ਬਣ ਗਏ। ਉਹ ਕਈ ਵਾਰੀ ਜੇਲ੍ਹ ਗਏ। ਉਨ੍ਹਾਂ ਨੇ ਫਾਰਵਰਡ ਬਲਾਕ ਦੀ ਸਥਾਪਨਾ ਕੀਤੀ ਤੇ ਸੰਪੂਰਣ ਰਾਜ ਦੀ ਮੰਗ ਕੀਤੀ। ਉਹ ਹਿੰਦੂ ਮੁਸਲਮਾਨ ਏਕਤਾ ਦੇ ਪੂਰੇ ਹਾਮੀ ਸਨ। ਉਨ੍ਹਾਂ ਦਾ ਸਿਧਾਂਤਕ ਤੌਰ ਤੇ ਦੇਸ਼ ਦੇ ਨੇਤਾਵਾਂ ਨਾਲ ਮਤਭੇਦ ਰਹਿੰਦਾ ਸੀ, ਇੱਕ ਸਮਾਂ ਅਜਿਹਾ ਵੀ ਆਇਆ ਕਿ ਉਨ੍ਹਾਂ ਨੇ ਕਾਂਗਰਸ ਨੂੰ ਤਿਆਗ ਦਿੱਤਾ। ਅੰਗਰੇਜ਼ਾਂ ਨੇ ਜਦੋਂ ਆਪਦਾ ਲੜਾਕੂ ਰੂਪ ਵੇਖਿਆ ਤਾਂ ਉਨ੍ਹਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਉਥੇ ਉਨ੍ਹਾਂ ਨੇ ਭੁੱਖ ਹੜਤਾਲ ਕਰ ਦਿੱਤੀ। ਸਾਰੇ ਦੇਸ਼ ਵਿੱਚ ਕ੍ਰਾਂਤੀ ਦੀ ਲਹਿਰ ਭੜਕ ਉੱਠੀ। ਉਨ੍ਹਾਂ ਨੂੰ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ। ਉਨ੍ਹਾਂ ਨੂੰ ਇੱਕ ਪੰਛੀ ਦੀ ਤਰ੍ਹਾਂ ਪਿੰਜਰੇ ਵਿੱਚ ਘਰ ਦੀ ਕੈਦ ਵਿੱਚ ਰੱਖਿਆ ਗਿਆ ਤੇ ਇਹ ਪੰਛੀ ਸਦਾ ਆਜ਼ਾਦ ਆਕਾਸ਼ ਵਿੱਚ ਉਡਾਰੀਆ ਲਾਉਣ ਲਈ ਤਰਲੋਮਛੀ ਹੁੰਦਾ ਰਹਿੰਦਾ।

ਜਦੋਂ 1942, ਵਿੱਚ 26 ਜਨਵਰੀ ਵਾਲੇ ਦਿਨ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਸੀ ਤਾਂ ਸੁਭਾਸ਼ ਬਾਬੂ ਘਰ ਦੀ ਕੈਦ ਤੋਂ ਮੁਕਤ ਹੋ ਕੇ ਬਾਹਰ ਆ ਗਏ। ਆਪ ਨੇ ਜਿਆਉਜੋਦੀਨ ਦੇ ਭੇਸ ਵਿੱਚ ਕਈ ਥਾਂ ਤੇ ਫਿਰਦੇ-ਫਿਰਦੇ ਆਖਰ ਟੋਕਿਓ ਜਾ ਕੇ ਟਿਕਾਣਾ ਕੀਤਾ।

ਜਾਪਾਨ ਵਿੱਚ ਜਾ ਕੇ ਉਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਨ ਲਈ ਆਜ਼ਾਦ ਹਿੰਦ ਫ਼ੌਜ ਬਣਾਈ। ਇਹ ਫੌਜ ਹਰ ਕਿਸਮ ਦੇ ਫਰਕ ਤੋਂ ਉਪਰ ਸੀ। ਫੌਜੀਆਂ ਨੂੰ ਸਖਤ ਜੀਵਨ ਬਿਤਾਉਣ ਦੀ ਹਦਾਇਤ ਕੀਤੀ ਗਈ ਇਥੋਂ ਤੱਕ ਫੌਜੀਆਂ ਨੂੰ ਲੋੜ ਪੈਣ ਤੇ ਘਾਹ ਖਾਣ ਦੀ ਪ੍ਰੇਰਣਾ ਵੀ ਦਿੱਤੀ ਗਈ। ਉਸ ਸਮੇਂ ਜਾਪਾਨ ਵੀ ਸੰਕਟਮਈ ਸਥਿਤੀ ਵਿੱਚੋਂ ਗੁਜ਼ਰ ਰਿਹਾ ਸੀ। ਜਾਪਾਨ ਦੀ ਹਾਰ ਹੋਣ ਕਾਰਣ ਆਜ਼ਾਦ ਹਿੰਦ ਫੌਜ ਨੂੰ ਆਪਣੇ ਸ਼ਸਤਰ ਤਿਆਗਣੇ ਪਏ।

ਆਜ਼ਾਦ ਹਿੰਦ ਫੌਜ ਵਿੱਚ ਬਹੁਤ ਸਾਰੇ ਫੌਜੀ ਜਰਨੈਲਾਂ ਨੇ ਨਾਮਨਾ ਖੱਟਿਆ, ਸ਼ਾਹ ਨਵਾਜ਼, ਸਹਿਗਲ ਤੇ ਢਿੱਲੋਂ ਜੋ ਆਜ਼ਾਦ ਭਾਰਤ ਵਿੱਚ ਬਹੁਤ ਸਾਰਾ ਸਮਾਂ ਜਿਊਂਦੇ ਰਹੇ, ਆਜ਼ਾਦ ਹਿੰਦ ਫੌਜ ਦੀ ਹੀ ਉਪਜ ਸਨ, ਜਿਨ੍ਹਾਂ ਨੇ ਅੰਗਰੇਜ਼ਾਂ ਨਾਲ ਲੜਾਈ ਲੜੀ।

ਨੇਤਾ ਜੀ ਦੀ ਮੌਤ ਇੱਕ ਰਹੱਸ ਬਣ ਕੇ ਰਹਿ ਗਈ ਹੈ। ਕਹਿੰਦੇ ਹਨ ਕਿ ਨੇਤਾ ਜੀ ਦੀ ਮੌਤ ਇੱਕ ਹਵਾਈ ਜਹਾਜ਼ ਦੀ ਦੁਰਘਟਨਾ ਵਿੱਚ ਹੋਈ ਪਰ ਕੁੱਝ ਲੋਕ ਇਸ ਗੱਲ ਨੂੰ ਪ੍ਰਵਾਨ ਨਹੀਂ ਕਰਦੇ। ਇੰਨਾਂ ਸਮਾਂ ਲੰਘ ਜਾਣ ਕਰਕੇ ਹੁਣ ਮੌਤ ਦੀ ਸਚਾਈ ਦੀ ਗੱਲ ਅਤੀਤ ਵਿੱਚ ਹੀ ਗੁਆਚ ਗਈ ਹੈ। ਕਈ ਤਰ੍ਹਾਂ ਦੀਆਂ ਪੜਤਾਲ ਕਮੇਟੀਆਂ ਬਣੀਆ ਹਨ, ਪਰ ਕੋਈ ਸਚ ਸਾਹਮਣੇ ਨਹੀਂ ਆਇਆ।

ਸੁਭਾਸ ਚੰਦਰ ਬੋਸ ਨੇ ਭਾਰਤੀਆਂ ਵਿੱਚ ਹੀ ਬਾਹੂ ਬਲ ਭਰਕੇ ਇੱਕ ਫੌਜ ਦਾ ਨਿਰਮਾਣ ਕੀਤਾ ਤੇ ਲੋਕਾਂ ਵਿੱਚ ਦੇਸ਼-ਭਗਤੀ ਦਾ ਜਜ਼ਬਾ ਭਰਿਆ। ਉਨ੍ਹਾਂ ਦੇ ਕਈ ਨਾਹਰੇ ਜਿਵੇਂ ‘ਕਦਮ-ਕਦਮ ਵਧਾਏ ਜਾ, ਦਿੱਲੀ ਚਲੋ ਤੇ ਜੈ ਹਿੰਦ’ ਸਦਾ ਅਮਰ ਰਹਿਣਗੇ। ਬੰਗਾਲ ਦੀ ਧਰਤੀ ਨੇ ਅਨੇਕਾਂ ਤਰ੍ਹਾਂ ਦੇ ਦੇਸ਼ ਭਗਤ ਦਿੱਤੇ ਹਨ ਜਿਨ੍ਹਾਂ ਵਿੱਚੋਂ ਬੋਸ ਦਾ ਨਾਂ ਸਭ ਤੋਂ ਉੱਚਾ ਹੈ।

ਸੁਭਾਸ਼ ਦੇ ਨਾਂ ਨਾਲ ਕ੍ਰਾਂਤੀ ਤੇ ਲੜ ਕੇ ਹੱਕ ਪ੍ਰਾਪਤ ਕਰਨ ਦੀ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਦੀ ਸਖਸੀਅਤ ਵਿੱਚ ਫੋਕੀ ਨਾਹਰੇਬਾਜ਼ੀ ਨਹੀਂ ਸੀ। ਉਹ ਹਰ ਹਾਲਤ ਵਿੱਚ ਆਜ਼ਾਦੀ ਪ੍ਰਾਪਤ ਕਰਨਾ ਚਾਹੁੰਦੇ ਸਨ। ਇਹ ਗੱਲਾਂ ਉਹ ਆਮ ਤੌਰ ਤੇ ਕਹਿੰਦੇ ਹੁੰਦੇ ਸਨ ਕਿ ਤੁਸੀਂ ਮੈਨੂੰ ਲਹੂ ਦਿਉ, ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ। ਸੁਭਾਸ ਚੰਦਰ ਦੇ ਵਿਚਾਰਾਂ ਨਾਲ ਕ੍ਰਾਂਤੀ ਦੀਆਂ ਭਾਵਨਾਵਾਂ ਦਾ ਇੱਕ ਨਵਾਂ ਯੁੱਗ ਆਰੰਭ ਹੁੰਦਾ ਹੈ। ਇਸ ਮਾਰਗ ਨਾਲ ਕਿਸੇ ਦਾ ਕੋਈ ਵਿਰੋਧ ਨਹੀਂ ਹੋ ਸਕਦਾ। ਜੋਸ਼ ਤੇ ਹੋਸ਼ ਉਨ੍ਹਾਂ ਦੀ ਵਿਚਾਰਧਾਰਾ ਦੇ ਦੇ ਪ੍ਰਮੁੱਖ ਅੰਗ ਹਨ।

ਨੌਜਵਾਨ ਵਰਗ ਵਿੱਚ ਉਨ੍ਹਾਂ ਦੀ ਖਾਸ ਅਪੀਲ ਹੈ।