ਲੇਖ : ਸੁਨੀਤਾ ਵਿਲੀਅਮ
ਸੁਨੀਤਾ ਵਿਲੀਅਮ (19 ਸਤੰਬਰ, 1965)
ਭਾਰਤੀ ਮੂਲ ਦੀ ਪਹਿਲੀ ਪੁਲਾੜ ਯਾਤਰਾ ਕਰਨ ਵਾਲੀ ਕਲਪਨਾ ਚਾਵਲਾ ਤੋਂ ਬਾਅਦ, ਦੂਸਰੀ ਇਸਤਰੀ ਪੁਲਾੜ ਯਾਤਰਾ ਕਰਨ ਵਾਲੀ ਸੁਨੀਤਾ ਵਿਲੀਅਮ ਜੋ ਭਾਰਤੀ ਮੂਲ ਦੀ ਹੀ ਸੀ, ਉਸਨੇ ਆਪਣਾ ਮਿਸ਼ਨ ਸੰਪੂਰਨ ਕਰਕੇ ਸੰਸਾਰ ਵਿਚ ਜਿੱਥੇ ਭਾਰਤ ਦਾ ਨਾਂ ਉੱਚਾ ਕੀਤਾ ਹੈ, ਉਥੇ ਅਮਰੀਕਾ ਨਿਵਾਸੀ ਬਣ ਜਾਣ ਕਰਕੇ ਉਹ ਅਮਰੀਕਾ ਲਈ ਵੀ ਉਨੀ ਹੀ ਪ੍ਰੇਰਣਾਦਾਇਕ ਇਸਤਰੀ ਬਣ ਗਈ ਹੈ। ਸੁਨੀਤਾ ਵਿਲੀਅਮ ਦਾ ਜੀਵਨ ਆਪਣੇ ਆਪ ਵਿਚ ਇੰਨ੍ਹਾ ਰੌਚਿਕ ਅਤੇ ਉਤਸ਼ਾਹਜਨਕ ਹੈ ਕਿ ਇਹ ਸਮੁੱਚੀ ਇਸਤਰੀ ਜਾਤੀ ਲਈ ਹੀ ਇਕ ਗੌਰਵਮਈ ਪ੍ਰਾਪਤੀ ਬਣ ਗਿਆ ਹੈ। ਇਹ ਇਕ ਅਜਿਹੀ ਇਸਤਰੀ ਹੋਈ ਹੈ, ਜਿਸਨੇ ਭਾਰਤੀ ਸਭਿਅਤਾ, ਸੰਸਕ੍ਰਿਤੀ ਨੂੰ ਪੁਲਾੜ ਵਿਚ ਜਾ ਕੇ ਵੀ ਨਹੀਂ ਭੁਲਾਇਆ ਤੇ ਪੁਲਾੜ ਜਾਣ ਲਗਿਆਂ ਗਣੇਸ਼ ਜੀ ਦੀ ਮੂਰਤੀ ਤੇ ਗੀਤਾ ਨੂੰ ਵੀ ਨਾਲ ਲੈ ਕੇ ਗਈ। ਬੱਚਪਨ ਵਿਚ ਸਦਾ ਨੀਲੇ ਅਕਾਸ਼ ਥੱਲੇ ਚੰਨ ਤਾਰਿਆਂ ਨੂੰ ਵੇਖਦੀ ਹੋਈ, ਉਹ ਆਪ ਵੀ ਕਾਲਪਨਿਕ ਉਡਾਰੀਆਂ ਭਰਕੇ ਪੁਲਾੜ ਵਿਚ ਪਹੁੰਚ ਜਾਂਦੀ, ਜਦੋਂ ਉਸਨੇ ਬੱਚਪਨ ਵਿਚ ਨੀਲ ਆਰਮਸਟ੍ਰਿੰਗ ਨੂੰ ਚੰਨ ਤੇ ਕਦਮ ਰੱਖਦਿਆਂ ਵੇਖਿਆ ਤਾਂ ਉਹ ਵੀ ਸੁਪਨੇ ਲੈਣ ਲੱਗ ਪਈ ਕਿ ਕਦੋਂ ਉਸਨੇ ਵੀ ਚੰਨ ਤਾਰਿਆਂ ਦੀ ਛਾਂ ਮਾਣਨੀ ਹੈ। ਸੁਨੀਤਾ ਵਿਲੀਅਮ ਦੇ ਜੀਵਨ ਦੀਆਂ ਕੁੱਝ ਵਿਸ਼ੇਸ਼ ਗੱਲਾਂ ਇਸ ਪ੍ਰਕਾਰ ਬਿਆਨ ਕੀਤੀਆਂ ਜਾ ਸਕਦੀਆਂ ਹਨ-
ਸੁਨੀਤਾ ਵਿਲੀਅਮ ਦਾ ਜਨਮ 19 ਸਤੰਬਰ, 1965 ਨੂੰ ਅਮਰੀਕਾ ਦੇ ਓਹਿਓ ਸੂਬੇ ਵਿਚ ਯੂਕਿਲਡ ਸਥਾਨ ਤੇ ਹੋਇਆ ਪਰ ਉਹ ਮੈਸਾਚੂਸੇਟਸ ਦੇ ਨੀਧਮ ਨੂੰ ਹੀ ਆਪਣਾ ਘਰ ਸਮਝਦੀ ਰਹੀ ਹੈ। ਉਸਦੀ ਸ਼ਾਦੀ ਮਾਈਕਲ ਜੇ. ਵਿਲੀਅਮ ਨਾਲ ਹੋਈ। ਸੁਨੀਤਾ ਦੇ ਪਿਤਾ ਡਾ. ਪਾਂਡਿਆ ਇੱਕ ਨਿਯੂਰੋਲਿਜਸਟ ਹਨ ਜੇ 1958 ਵਿਚ ਅਹਿਮਦਾਬਾਦ ਤੋਂ ਅਮਰੀਕਾ ਚਲੇ ਗਏ ਸਨ। ਸੁਨੀਤਾ ਦੀ ਮਾਂ ਬੋਨੀ ਪਾਂਡਿਆ ਇਕ ਸਲੋਵਿਨਅਨ ਮੂਲ ਦੀ ਇਸਤਰੀ ਹੈ। ਸੁਨੀਤਾ ਦੇ ਮਾਂ-ਬਾਪ ਇਸ ਸਮੇਂ ਮੈਸਾਚੂਸੇਟਸ ਦੇ ਫੈਲਮਥ ਸਥਾਨ ਤੇ ਰਹਿੰਦੇ ਹਨ। ਸੁਨੀਤਾ ਨੇ ਆਪਣੀ ਮੁੱਢਲੀ ਵਿਦਿਆ 1983 ਤੋਂ ਨੀਧਮ ਹਾਈ ਸਕੂਲ ਨੀਧਮ ਤੋਂ ਹੀ ਪ੍ਰਾਪਤ ਕੀਤੀ। 1987 ਵਿਚ ਸੁਨੀਤਾ ਨੇ ਅਮਰੀਕੀ ਨੇਵਲ ਅਕੈਡਮੀ ਤੋਂ ਫਿਜ਼ੀਕਲ ਸਾਇੰਸ ਵਿਚ ਬੀ. ਐਸ. ਦੀ ਡਿਗਰੀ ਵਿਚ ਫਿਰ ਫਲੋਰਿਡਾ ਤੋਂ ਇੰਜੀਨੀਅਰਿੰਗ ਮੈਨਜੇਮੈਂਟ ਵਿਚ ਮਾਸਟਰ ਆਫ ਸਾਇੰਸ ਦੀ ਡਿਗਰੀ ਪ੍ਰਾਪਤ ਕੀਤੀ।
ਸੁਨੀਤਾ ਦੇ ਜੀਵਨ ਦੀ ਦੂਸਰੀ ਵਿਸ਼ੇਸ਼ ਗੱਲ ਇਹ ਹੈ ਕਿ ਉਸਨੇ ਮਈ 1987 ਵਿਚ ਅਮਰੀਕੀ ਨੇਵਲ ਅਕਾਡਮੀ ਤੋਂ ਅਮਰੀਕੀ ਨੇਵੀ ਤੋਂ ਕਮਿਸ਼ਨ ਪ੍ਰਾਪਤ ਕੀਤਾ। ਸੁਨੀਤਾ ਵਿਲੀਅਮ ਹੁਣ ਕਈ ਪ੍ਰਕਾਰ ਦੀਆਂ ਸੰਸਥਾਵਾਂ ਦੀ ਮੈਂਬਰ ਹੈ ਜੋ ਇਸ ਪ੍ਰਕਾਰ ਹਨ-
(i) ਸੋਸਾਇਟੀ ਆਫ ਐਕਸਪੈਰੀਮੈਂਟਲ ਟੈਸਟ ਪਾਇਲਟ
(ii) ਸੋਸਾਇਟੀ ਆਫ ਫਲਾਈਟ ਟੈਸਟ ਇੰਜੀਨੀਅਰਜ਼
(iii) ਅਮਰੀਕਨ ਹੈਲੀਕਾਪਟਰ ਐਸੋਸੀਏਸ਼ਨ।
(ੲ) ਸੁਨੀਤਾ ਵਿਲੀਅਮ ਨੇ ਜੋ ਜ਼ਿੰਦਗੀ ਵਿਚ ਪਾਇਲਟ ਬਣਨ ਦਾ ਅਨੁਭਵ ਪ੍ਰਾਪਤ ਕੀਤਾ ਉਨ੍ਹਾਂ ਵਿਚ ਉਸਨੇ 1987 ਵਿਚ ਅਮਰੀਕਨ ਨੇਵੀ ਵਿਚ ਕਮਿਸ਼ਨ ਹਾਸਲ ਕੀਤਾ। ਨੇਵਲ ਸਿਸਟਮ ਕਮਾਂਡ ਵਿਚ 6 ਮਹੀਨੇ ਦੀ ਅਸਥਾਈ ਨਿਯੁਕਤੀ ਤੋਂ ਬਾਅਦ ਸੁਨੀਤਾ ਨੂੰ ਬੇਸਿਕ ਡਰਾਇਵਿੰਗ ਅਫਸਰ ਔਹਦੇ ‘ਤੇ ਲਾਇਆ ਗਿਆ। ਫਿਰ ਜੁਲਾਈ 1989 ਨੂੰ ਸੁਨੀਤਾ ਨੂੰ ਨੇਵਲ ਇਵੀਟੇਟਰ ਪਦ ਤੇ ਤਰੱਕੀ ਦੇ ਕੇ ਲਾਇਆ ਗਿਆ।
ਸੁਨੀਤਾ ਇਸ ਤਰ੍ਹਾਂ ਪਾਇਲਟ ਬਣਨ ਦੀਆਂ ਕਈ ਜ਼ਿੰਮੇਵਾਰੀਆਂ ਨਿਭਾਉਂਦੀ ਰਹੀ। ਅਮਰੀਕੀ ਨੇਵਲ ਟੈਸਟ ਪਾਇਲਟ ਸਕੂਲ ਵਿਚ ਚੋਣ ਹੋ ਜਾਣ ਤੋਂ ਬਾਅਦ ਜਨਵਰੀ 1993 ਵਿਚ ਉਸਦੀ ਸਿਖਲਾਈ ਆਰੰਭ ਹੋਈ। ਸੁਨੀਤਾ ਵਿਲੀਅਮ ਪਾਇਲਟ ਦੀ ਸਿਖਲਾਈ ਵਿਚ ਇੰਨੀ ਕੁਸ਼ਲ ਹੋ ਗਈ ਕਿ ਉਸਨੂੰ 30 ਵਿਭਿੰਨ ਪ੍ਰਕਾਰ ਦੇ ਹਵਾਈ ਜਹਾਜ਼ਾਂ ਨੂੰ ਉੜਾਣ ਦਾ 2770 ਘੰਟੇ ਦਾ ਅਨੁਭਵ ਹੈ।
ਸੁਨੀਤਾ ਵਿਲੀਅਮ ਦੇ ਜੀਵਨ ਵਿਚ ਉਹ ਘਟਨਾ ਇਨਕਲਾਬੀ ਬਣ ਗਈ ਜਦੋਂ ਨਾਸਾ ਦੁਆਰਾ ਸੁਨੀਤਾ ਦੀ ਚੋਣ 1998 ਵਿਚ ਹੋਈ ਤੇ ਅਗਸਤ 1998 ਵਿਚ ਉਸਨੇ ਪੁਲਾੜ ਯਾਤਰੀ ਉਮੀਦਵਾਰ ਸਿਖਿਅਤ ਬਣ ਕੇ ਉਸ ਸਕੂਲ ਵਿਚ ਰਿਪੋਰਟ ਕੀਤੀ। ਇਸ ਟਰੇਨਿੰਗ ਸਕੂਲ ਵਿਚ ਸਿਖਲਾਈ ਲੈਂਦੇ ਹੋਏ ਸੁਨੀਤਾ ਦਾ ਜੀਵਨ ਅਨੁਭਵ ਬਹੁਤ ਡੂੰਘਾ ਤੇ ਚੌੜਾ ਹੋਇਆ। ਏਥੇ ਉਸਨੇ ਪ੍ਰਸਿੱਧ ਪੁਲਾੜ ਵਿਗਿਆਨੀਆਂ ਤੋਂ ਬਹੁਤ ਕੁਝ ਸਿੱਖਿਆ, ਕਈ ਪੱਛਮੀ ਦੇਸ਼ਾਂ ਦਾ ਭ੍ਰਮਣ ਕੀਤਾ, ਸਪੇਸ ਸ਼ਟਲ ਵਿਚ ਵਿਚਰਣ ਤੇ ਖੋਜ ਕਰਨ ਦੀ ਪੂਰੀ ਜਾਣਕਾਰੀ ਮਿਲੀ। ਨਾਸਾ ਵਿਚ ਹੀ ਸੁਨੀਤਾ ਨੂੰ ਰੂਸੀ ਪੁਲਾੜ ਵਿਗਿਆਨੀਆਂ ਨਾਲ ਵਿਗਿਆਨੀ ਦੀ ਸੂਝ-ਬੂਝ ਵਧਾਉਣ ਲਈ ਕਈ ਨਵੀਆਂ ਖੋਜਾਂ ਦਾ ਅਨੁਭਵ ਪ੍ਰਾਪਤ ਹੋਇਆ।
ਫਿਰ ਉਹ ਸਮਾਂ ਆ ਗਿਆ ਜਦੋਂ ਉਸਨੇ ਪੁਲਾੜ ਯਾਤਰਾ ਲਈ ਕੁਝ ਸਾਥੀਆਂ ਨਾਲ ਕਰਿਸ਼ਮਾ ਕਰ ਵਿਖਾਇਆ। ਉਹ 10 ਦਸੰਬਰ, 2006 ਨੂੰ 1 ਵੱਜ ਕੇ 47 ਮਿੰਟ ਤੇ 35 ਸੈਕੰਡ ਤੇ ਕਨੇਡੀ ਸਪੇਸ ਸੈਂਟਰ ਤੋਂ ਸਪੇਸ ਸ਼ਟਲ ਡਿਸਕਵਰੀ ਦੁਆਰਾ ਉਹ ਪੁਲਾੜ ਯਾਤਰਾ ਤੇ ਰਵਾਨਾ ਹੋ ਗਈ। ਉਸ ਨਾਲ 6 ਹੋਰ ਵੀ ਪੁਲਾੜ ਵਿਗਿਆਨੀ ਸਨ। ਸੁਨੀਤਾ ਪੁਲਾੜ ਸ਼ਟਲ ਦੀ ਉੜਾਨ ਤੇ ਐਸ ਟੀ ਐਸ 116 ਦੁਆਰਾ ਪੁਲਾੜ ‘ਤੇ ਗਈ।
ਸੁਨੀਤਾ ਨੇ ਆਪਣੀ ਪ੍ਰਾਪਤੀ ਤੇ ਕਦੇ ਹੰਕਾਰ ਨਹੀਂ ਕੀਤਾ। ਸਗੋਂ ਬੜੀ ਨਿਮਰਤਾ ਸਹਿਤ ਕਿਹਾ ਕਿ ਸਮੁੱਚੇ ਵਿਸ਼ਵ ਦੇ ਲੋਕਾਂ ਦਾ ਪੁਲਾੜ ਵਿਗਿਆਨੀਆਂ ਨਾਲ ਜੁੜ ਜਾਣਾ ਆਪਣੇ ਆਪ ਵਿਚ ਇਕ ਮਾਨਵਵਾਦੀ ਸੋਚ ਹੈ। ਭਾਰਤੀ ਲੋਕ ਵੀ ਇਹ ਕਾਮਨਾ ਕਰ ਰਹੇ ਸਨ, ਮੈਂ ਕਦੋਂ ਸੁਖੀ ਸਾਂਦੀ ਤੰਦਰੁਸਤ ਹੋ ਕੇ ਵਾਪਸ ਧਰਤੀ ‘ਤੇ ਪਹੁੰਚਾ। ਇਹ ਆਪਣੇ ਆਪ ਵਿਚ ਇੱਕ ਬਹੁਤ ਨਿਆਰਾ ਅਨੁਭਵ ਹੈ।
ਸਫਲ ਪੁਲਾੜ ਯਾਤਰਾ ਤੋਂ ਬਾਅਦ ਸੁਨੀਤਾ ਵਿਲੀਅਮ ਦੀ ਮਾਂ ਬੋਨੀ ਪਾਂਡਿਆ ਨੇ ਕਿਹਾ. “ਸੁਨੀਤਾ ਦੀ ਹੁਣ ਅਗਲੀ ਦਿਲ ਦੀ ਇੱਛਾ ਮੰਗਲ ‘ਤੇ ਗ੍ਰਹਿ ਜਾਣ ਦੀ ਹੈ।” ਸੁਨੀਤਾ ਨੂੰ ਸਭ ਤੋਂ ਵੱਡੀ ਪ੍ਰੇਰਣਾ ਤਾਂ ਕਲਪਨਾ ਚਾਵਲਾ ਤੋਂ ਮਿਲੀ ਤੇ ਉਹ ਕਲਪਨਾ ਚਾਵਲਾ ਦੇ ਪਾਏ ਹੋਈ ਪੂਰਨਿਆਂ ਨੂੰ ਸੰਪੂਰਨ ਕਰਨਾ ਲੋਚਦੀ ਰਹਿੰਦੀ ਸੀ ਤੇ ਹਮੇਸ਼ਾ ਅਧਿਐਨ ਕਰਦੀ ਸੀ ਕਿ ਉਹ ਨਿਰਾ ਕਿਤਾਬੀ ਕੀੜਾ ਹੀ ਨਹੀਂ ਸੀ, ਸਗੋਂ ਤੰਦਰੁਸਤ ਤੇ ਮਾਨਸਿਕ ਤੌਰ ਤੇ ਸੁਚੇਤ ਰਹਿਣ ਲਈ ਉਹ ਨਾਲ-ਨਾਲ ਤੈਰਾਕੀ ਵੀ ਕਰਦੀ ਸੀ, ਫੁੱਟਬਾਲ (ਸਾਕਰ) ਖੇਡਣ ਦੀ ਬਹੁਤ ਸ਼ੌਕੀਨ ਸੀ। ਪਿਆਨੋ ਵਜਾਉਣਾ ਉਸਦਾ ਇਕ ਹੋਰ ਸ਼ੁਗਲ ਸੀ। ਸਕੂਲ ਤੇ ਕਾਲਜ ਵਿਚ ਉਹ ਸਵਿਮਿੰਗ ਦੀ ਕੈਪਟਨ ਵੀ ਰਹੀ ਸੀ। ਉਸਦੀ ਮਾਂ ਬੈਠੀ ਬੜੇ ਮਾਣ ਨਾਲ ਕਹਿੰਦੀ ਹੈ ਕਿ ਉਸਦੀ ਬਹੁ-ਪਾਸਾਰੀ ਪ੍ਰਤਿਭਾ ਨੇ ਉਸਨੂੰ ਇਸ ਸਿਖਰ ਤੱਕ ਪਹੁੰਚਾਇਆ ਹੈ।
ਸੁਨੀਤਾ ਦੇ ਪਿਤਾ ਦੀਪਕ ਪਾਂਡਿਆ ਵੀ ਬੜੇ ਮਾਣ ਨਾਲ ਆਪਣੀ ਬੇਟੀ ਦੀ ਗਗਨ ਚੁੰਭੀ ਸਫਲਤਾ ਤੇ ਖੁਸ਼ ਹੋ ਕੇ ਆਪਣੀ ਬੇਟੀ ਬਾਰੇ ਬਚਪਨ ਦੀਆਂ ਯਾਦਾਂ ਤਾਜ਼ਾ ਕਰਦੇ ਹੋਏ ਕਹਿੰਦੇ ਹਨ, “ਸੁਨੀਤਾ ਜਦੋਂ 6 ਸਾਲ ਦੀ ਸੀ ਤਾਂ ਸਾਰਾ ਪਰਿਵਾਰ ਸਮੁੰਦਰ ਦੇ ਕਿਨਾਰੇ ਤੇ ਘੁੰਮਣ ਫਿਰਨ ਗਿਆ ਹੋਇਆ ਸੀ। ਸਮੁੰਦਰ ਦੇ ਕਿਨਾਰੇ ਰੇਤੇ ਨਾਲ ਸੁਨੀਤਾ ਨੇ ਇਕ ਕਿਲਾ ਬਣਾਇਆ ਤੇ ਉਸ ‘ਤੇ ਹਿੰਦੀ ਵਿਚ ‘ਰਾਮ’ ਲਿਖਿਆ। ਭਾਵੁਕ ਹੋ ਕੇ ਉਸਦੇ ਪਿਤਾ ਕਹਿੰਦੇ ਹਨ ਕਿ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਸੁਨੀਤਾ ਨੂੰ ਇਹ ਸ਼ਬਦ ਕਿਵੇਂ ਪ੍ਰਾਪਤ ਹੋਇਆ, ਨਿਰਸੰਦੇਹ ਉਸਨੇ ਇਹ ਸ਼ਬਦ ਘਰ ਵਿਚ ਮੇਰੇ ਮੂੰਹੋ ਕਦੇ ਸੁਣਿਆ ਹੋਵੇਗਾ, ਪਰ ਉਸਨੂੰ ਹਿੰਦੀ ਲਿਖਣੀ ਤਾਂ ਆਉਂਦੀ ਹੀ ਨਹੀਂ ਸੀ, ਕਿਉਂਕਿ ਬਾਹਰ ਤਾਂ ਸਦਾ ਉਹ ਅੰਗਰੇਜ਼ੀ ਹੀ ਪੜ੍ਹਦੀ ਰਹੀ ਹੈ। ਸ਼ਾਇਦ ਉਸਨੇ ਆਪਣੀ ਲਗਨ ਨਾਲ ਇਹ ਸ਼ਬਦ ਲਿਖਣਾ ਸਿੱਖਿਆ ਹੋਵੇਗਾ। ਹਰ ਪਿਤਾ ਦੀ ਤਰ੍ਹਾਂ ਮੈਨੂੰ ਵੀ ਇਹ ਚਿੰਤਾ ਸੀ ਕਿ ਉਹ ਸਾਰੀਆਂ ਮੁਸ਼ਕਲਾਂ ਪਾਰ ਕਰਕੇ ਧਰਤੀ ‘ਤੇ ਵਾਪਸ ਮੁੜ ਆਵੇ।
ਉਸਦੇ ਪਿਤਾ ਦਾ ਕਹਿਣਾ ਹੈ ਕਿ ਸੁਨੀਤਾ ਦਾ ਬਚਪਨ ਤੋਂ ਹੀ ਅਧਿਆਤਮਵਾਦ ਵੱਲ ਧਿਆਨ ਰਿਹਾ ਹੈ। ਇਹ ਵੀ ਕਾਰਨ ਹੈ ਕਿ ਸੁਨੀਤਾ ਪੁਲਾੜ ਵਿਚ ਆਪਣੇ ਨਾਲ ਗੀਤਾ ਦੀ ਇਕ ਕਾਪੀ, ਗਣੇਸ਼ ਜੀ ਦੀ ਇਕ ਮੂਰਤੀ ਅਤੇ ਆਪਣੇ ਪਿਤਾ ਡਾ. ਪਾਂਡੇ ਦਾ ਹੱਥ ਨਾਲ ਲਿਖਿਆ ਹੋਇਆ ਇੱਕ ਪੱਤਰ ਅਤੇ ਸਮੋਸਿਆਂ ਦਾ ਇਕ ਪੈਕਟ ਨਾਲ ਲੈ ਕੇ ਗਈ ਸੀ। ਆਪਣੇ ਚਾਚੇ ਨੂੰ ਟੈਲੀਫੋਨ ਤੇ ਭਾਰਤ ਰਹਿੰਦੇ ਰਿਸ਼ਤੇਦਾਰਾਂ ਨੂੰ ਸੰਦੇਸ਼ ਦੇ ਕੇ ਉਸਨੇ ਕਿਹਾ, ”ਮੈਂ ਪੁਲਾੜ ਵਿਚ ਆਪਣੇ ਨਾਲ ਗੀਤਾ ਦੀ ਕਾਪੀ ਲੈ ਕੇ ਜਾਵਾਂਗੀ, ਜੋ ਮੇਰੇ ਪਿਤਾ ਨੇ ਮੈਨੂੰ ਦਿੱਤੀ ਹੈ।”
ਸੁਨੀਤਾ ਦੇ ਪਰਿਵਾਰ ਦੀ ਇੱਕ ਰੋਚਕ ਗੱਲ ਇਹ ਹੈ ਕਿ ਉਸਦੀ ਮਾਂ ਬੋਨੀ ਪਾਂਡੇ ਅਤੇ ਚਾਚੀ ਨੀਲਮ ਪਾਂਡੇ ਦੋਵੇਂ ਸਕੀਆਂ ਭੈਣਾਂ ਸਨ। ਦੋਵੇਂ ਭਾਈ ਇੱਕੋ ਪਰਿਵਾਰ ਵਿਚ ਵਿਆਹੇ ਹੋਏ ਸਨ। ਇਸ ਤਰ੍ਹਾਂ ਪਰਿਵਾਰ ਵਿਚ ਰਿਸ਼ਤਿਆਂ ਦੀ ਨਿਕਟਤਾ ਬਹੁਤ ਸੰਘਣੀ ਹੈ।
ਪੁਲਾੜ ਵਿਚ ਜਾਣ ਤੋਂ ਪਹਿਲਾਂ ਅਹਿਮਦਾਬਾਦ ਵਿਚ ਇੰਡੀਅਨ ਐਕਸਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਉਸਦੇ ਚਾਚੇ ਵਿਟੁਲ ਭਾਈ ਨੇ ਕਿਹਾ “ਚਾਹੇ ਸੁਨੀਤਾ ਦੀ ਪਰਵਰਿਸ਼ ਅਮਰੀਕਾ ਵਿਚ ਹੋਈ ਪਰ ਉਸਦੇ ਅੰਤਰਮਨ ਵਿਚ ਇਕ ਛੋਟਾ ਭਾਰਤ ਵੱਸਦਾ ਹੈ। ਸ਼ੁਰੂ ਤੋਂ ਹੀ ਦੀਪਕ ਭਾਈ ਇਕ ਸੰਸਕਾਰੀ ਵਿਅਕਤੀ ਰਹੇ ਹਨ। ਸੁਨੀਤਾ ਦੀ ਪਰਵਰਿਸ਼ ਵੀ ਭਾਰਤੀ ਸੰਸਕਾਰਾਂ ਅਤੇ ਜੀਵਨ ਦੇ ਨੈਤਿਕ ਮੁੱਲਾਂ ਅਨੁਸਾਰ ਹੋਈ ਹੈ।