CBSEclass 11 PunjabiClass 9th NCERT PunjabiEducationNCERT class 10thParagraphPunjab School Education Board(PSEB)

ਲੇਖ : ਸਮੇਂ ਦੀ ਕਦਰ

ਸਮੇਂ ਦੀ ਕਦਰ

ਭੂਮਿਕਾ : ਸਮਾਂ ਬਹੁਤ ਕੀਮਤੀ ਹੈ। ਇਹ ਨਿਰੰਤਰ ਚੱਲਦਾ ਰਹਿੰਦਾ ਹੈ ਭਾਵ ਗਤੀਸ਼ੀਲ ਹੈ। ਇਹ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ। ਜਿਹੜਾ ਸਮਾਂ ਇੱਕ ਵਾਰ ਬੀਤ ਜਾਂਦਾ ਹੈ, ਉਹ ਮੁੜ ਨਹੀਂ ਆਉਂਦਾ। ਭਾਈ ਵੀਰ ਸਿੰਘ ਜੀ ਨੇ ਸਮੇਂ ਦੀ ਰਫ਼ਤਾਰ ਤੇ ਮਹਾਨਤਾ ਨੂੰ ਆਪਣੀ ਕਵਿਤਾ ‘ਸਮਾਂ’ ਵਿੱਚ ਇੰਜ ਪ੍ਰਗਟ ਕੀਤਾ ਹੈ :

ਰਹੀ ਵਾਸਤੇ ਘੱਤ, ਸਮੇਂ ਨੇ ਇੱਕ ਨਾ ਮੰਨੀ
ਫੜ-ਫੜ ਰਹੀ ਧਰੀਕ, ਸਮੇਂ ਖਿਸਕਾਈ ਕੰਨੀ
ਕਿਵੇਂ ਨਾ ਸਕੀ ਰੋਕ, ਅਟਕ ਜੋ ਪਾਈ ਭੰਨੀ
ਤਿੱਖੇ ਆਪਣੇ ਵੇਗ ਗਿਆ ਟੱਪ ਬੰਨੇ-ਬੰਨੀ
ਹੋ ਸੰਭਲ, ਸੰਭਾਲ ਇਸ ਸਮੇਂ ਨੂੰ, ਕਰ ਸਫ਼ਲ ਉਡੰਦਾ ਜਾਂਵਦਾ
ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਂਵਦਾ।

ਸਾਡੀਆਂ ਆਦਤਾਂ : ਭਾਰਤੀ ਲੋਕਾਂ ਦੀ ਇਹ ਆਦਤ ਬਣ ਗਈ ਹੈ ਕਿ ਉਹ ਸਮੇਂ ਦੀ ਕਦਰ ਕਰਨੀ ਨਹੀਂ ਜਾਣਦੇ। ਅਸੀਂ ਕਿਸੇ ਕੰਮ ਵਿੱਚ ਥੋੜ੍ਹਾ-ਬਹੁਤ ਵਧੇਰੇ ਸਮਾਂ ਲੱਗ ਜਾਣ ਨੂੰ ਇੱਕ ਮਾਮੂਲੀ ਗੱਲ ਸਮਝਦੇ ਹਾਂ। ਫਿਰ ਸਾਡੀਆਂ ਆਦਤਾਂ ਅਜਿਹੀਆਂ ਹਨ ਕਿ ਕੋਈ ਕੰਮ ਅਸੀਂ ਵਕਤ ਸਿਰ ਨਹੀਂ ਕਰਨਾ। ਅਸੀਂ ਵਕਤ ਬਰਬਾਦ ਕਰਨ ਵਿੱਚ ਆਪਣੀ ਸ਼ਾਨ ਸਮਝਦੇ ਹਾਂ। ਸਾਡੇ ਖਾਣ-ਪੀਣ, ਸੌਣ-ਜਾਗਣ, ਆਉਣ-ਜਾਣ, ਖੇਡਣ-ਪੜ੍ਹਨ ਆਦਿ ਦਾ ਕੋਈ ਸਮਾਂ ਨਿਸ਼ਚਿਤ ਨਹੀਂ ਹੈ। ਅਸੀਂ ਬੇਲੋੜੇ ਕੰਮਾਂ ਵਿੱਚ ਵਕਤ ਬਰਬਾਦ ਕਰਦੇ ਹਾਂ। ਜੇ ਅਸੀਂ ਕਿਸੇ ਵਿਆਹ-ਸ਼ਾਦੀ ਜਾਂ ਕਿਤੇ ਪ੍ਰੋਗਰਾਮ ‘ਤੇ ਜਾਂਦੇ ਹਾਂ ਤਾਂ ਵਕਤ ਸਿਰ ਪੁੱਜਣਾ ਹੀ ਨਹੀਂ। ਕਈ ਵਾਰ ਅਸੀਂ ਕਿਸੇ ਦੇ ਘਰ ਬਿਨ – ਬੁਲਾਇਆਂ ਐਵੇਂ ਵਕਤ-ਬੇਵਕਤ ਹੀ ਚਲੇ ਜਾਂਦੇ ਹਾਂ, ਕਿਸੇ ਦਾ ਕੋਈ ਖ਼ਿਆਲ ਨਹੀਂ ਰੱਖਦੇ ਕਿ ਅਗਲਾ ਵਿਹਲਾ ਹੈ ਜਾਂ ਨਹੀਂ। ਕਈ ਵਾਰ ਅਸੀਂ ਵਿਹਲੇ ਰਹਿ ਕੇ ਵੀ ਵਕਤ ਬਰਬਾਦ ਕਰ ਰਹੇ ਹੁੰਦੇ ਹਾਂ। ਬਿਨਾਂ ਮਤਲਬ ਤੋਂ ਅਖ਼ਬਾਰਾਂ ਪੜ੍ਹੀ ਜਾਣੀਆਂ, ਟੈਲੀਵੀਜ਼ਨ ਵੇਖਣਾ ਜਾਂ ਆਂਢੀਆਂ-ਗੁਆਂਢੀਆਂ ਨਾਲ ਗੱਪਾਂ ਮਾਰਨੀਆਂ, ਸਾਰਾ-ਸਾਰਾ ਦਿਨ ਘਰੇਲੂ ਕੰਮਾਂ ਦਾ ਨਿਪਟਾਰਾ ਨਾ ਕਰਨਾ ਤੇ ਕਈ ਵਾਰ ਕਿਤੇ ਭੀੜ, ਇਕੱਠ ਜਾਂ ਕੋਈ ਮਜ੍ਹਮਾ ਲੱਗਾ ਹੋਵੇ ਤਾਂ ਉਸ ਦੁਆਲੇ ਝੁਰਮਟ ਪਾ ਕੇ ਖੜੇ ਹੋ ਜਾਣਾ ਭਾਰਤੀਆਂ ਦੀਆਂ ਆਦਤਾਂ ਹਨ।

ਭਾਰਤੀ ਲੋਕ ਸ਼ਿਸ਼ਟਾਚਾਰ ਨੂੰ ਭੁੱਲ ਚੁੱਕੇ ਹਨ। ਉਹ ਨਾ ਆਪ ਸਮੇਂ ਦੀ ਕਦਰ ਕਰਦੇ ਹਨ ਤੇ ਨਾ ਹੀ ਕਿਸੇ ਦੂਸਰੇ ਦੇ ਕੀਮਤੀ ਸਮੇਂ ਦਾ ਖ਼ਿਆਲ ਕਰਦੇ ਹਨ। ਭਾਰਤੀ ਲੋਕ ਵਕਤ ਦੀ ਕਦਰ ਕਰਨਾ ਨਹੀਂ ਸਿੱਖੇ। ਅਸੀਂ ਵਕਤ ਖੁੰਝਣ ਨੂੰ ਰੁਝੇਵੇਂ ਦੀ ਨਿਸ਼ਾਨੀ ਗਿਣਦੇ ਹਾਂ ਜਦੋਂ ਕਿ ਇਹ ਅਣਗਹਿਲੀ ਦੀ ਨਿਸ਼ਾਨੀ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਵਕਤ ਸਿਰ ਕੰਮ ਨਾ ਨਿਪਟਾ ਸਕਣ ਦਾ ਕਿੰਨਾ ਨੁਕਸਾਨ ਹੁੰਦਾ ਹੈ। ਜਿਵੇਂ ਕਹਿੰਦੇ ਹਨ, “ਘੜੀ ਦਾ ਖੁੰਝਿਆ ਸੌ ਕਹ” ‘ਤੇ ਜਾ ਪੈਂਦਾ ਹੈ ਤੇ ਉਹ ਟੱਕਰਾਂ ਮਾਰਨ ਜੋਗਾ ਹੀ ਰਹਿ ਜਾਂਦਾ ਹੈ। ਅੰਗਰੇਜ਼ੀ ਦੇ ਮਹਾਨ ਲੇਖਕ ਸ਼ੈਕਸਪੀਅਰ ਨੇ ਕਿਹਾ ਹੈ, “ਜੋ ਸਮੇਂ ਨੂੰ ਨਸ਼ਟ ਕਰਦਾ
ਹੈ, ਸਮਾਂ ਉਸਨੂੰ ਨਸ਼ਟ ਕਰ ਦਿੰਦਾ ਹੈ।”

ਕੁਦਰਤ ਅਤੇ ਸਮਾਂ : ਕੁਦਰਤ ਵੱਲੋਂ ਵੀ ਹਰ ਕੰਮ ਦਾ ਵਕਤ ਮੁਕੱਰਰ ਹੈ। ਦਿਨ-ਰਾਤ ਆਪਣੇ-ਆਪਣੇ ਗੇੜ ਅਨੁਸਾਰ ਚੱਲ ਰਹੇ ਹਨ, ਮੌਸਮ ਤਬਦੀਲ ਹੁੰਦੇ ਹਨ, ਜੀਵ-ਜੰਤੂ ਤੇ ਮਨੁੱਖ ਦਾ ਜਨਮ-ਮਰਨ ਵੀ ਨਿਸ਼ਚਿਤ ਹੈ। ਮੌਤ ਤਾਂ ਨਿਸ਼ਚਿਤ ਤੇ ਅਟੱਲ ਹੈ। ਪਰਮਾਤਮਾ ਨੇ ਮੌਤ ਦਾ ਦਿਨ ਜਨਮ ਤੋਂ ਹੀ ਨਿਸ਼ਚਿਤ ਕੀਤਾ ਹੋਇਆ ਹੁੰਦਾ ਹੈ। ਬਾਬਾ ਫ਼ਰੀਦ ਜੀ ਨੇ ਕਿਹਾ ਹੈ :

ਜਿਤ ਦਿਹਾੜੇ ਧਨ ਵਰੀ ਸਾਹੇ ਲਏ ਲਿਖਾਇ ॥
ਮਲਕ ਜਿ ਕੰਨੀ ਸੁਣੀਂਦਾ ਮੂੰਹ ਦੇਖਾਲੇ ਆਇ॥

ਮਨੁੱਖ ਅਤੇ ਸਮਾਂ : ਮਨੁੱਖ ਵੱਲੋਂ ਵੀ ਵਕਤ ਸਿਰ ਕੰਮ ਨਿਪਟਾਉਣ ਲਈ ਹਰ ਖੇਤਰ ਵਿੱਚ ਸਮਾਂ-ਸਾਰਨੀਆਂ (Time Table) ਨਿਸ਼ਚਿਤ ਕੀਤੀਆਂ ਗਈਆਂ ਹਨ, ਜਿਵੇਂ ਸਕੂਲ ਲੱਗਣ ਅਤੇ ਛੁੱਟੀ ਹੋਣ ਦਾ ਸਮਾਂ ਨਿਸ਼ਚਿਤ ਹੈ। ਬੱਸਾਂ-ਗੱਡੀਆਂ, ਰੇਲਾਂ, ਹਵਾਈ-ਜਹਾਜ਼ ਅਤੇ ਹਰ ਦਫ਼ਤਰ ਦੇ ਕੰਮ ਦਾ ਸਮਾਂ ਨਿਸਚਿਤ ਹੈ ਤਾਂ ਜੋ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਆਵੇ ਪਰ ਇਹ ਸਮਾਂ-ਸਾਰਨੀਆਂ ਕੰਧਾਂ ‘ਤੇ ਚਿਪਕੀਆਂ ਰਹਿ ਜਾਂਦੀਆਂ ਹਨ। ਕਿਸੇ ਵੀ ਦਫ਼ਤਰ ਵਿੱਚ ਕੋਈ ਕਲਰਕ ਸਮੇਂ ਸਿਰ ਨਹੀਂ ਆਉਂਦਾ। ਬੱਸਾਂ-ਗੱਡੀਆਂ ਕਈ-ਕਈ ਘੰਟੇ ਲੇਟ ਹੁੰਦੀਆਂ ਹਨ।

ਵੱਡੇ ਵਿਅਕਤੀਆਂ ਦੇ ਮਹਾਨ ਬਣਨ ਦਾ ਰਾਜ : ਇਤਿਹਾਸ ਵਿੱਚ ਕਈ ਉਦਾਹਰਨਾਂ ਮਿਲਦੀਆਂ ਹਨ ਕਿ ਵੱਡੇ ਲੋਕ ਹਮੇਸ਼ਾ ਸਮੇਂ ਦੀ ਕਦਰ ਕਰਦੇ ਰਹੇ ਹਨ, ਇਹੀ ਉਹਨਾਂ ਦੇ ਮਹਾਨ ਬਣਨ ਦਾ ਰਾਜ਼ ਹੈ। ਕਹਿੰਦੇ ਹਨ ਇੱਕ ਵਾਰ ਨੈਪੋਲੀਅਨ ਨੇ ਆਪਣੇ ਜਰਨੈਲਾਂ ਨੂੰ ਖਾਣੇ ‘ਤੇ ਦਾਅਵਤ ਦਿੱਤੀ। ਉਹ ਦੇਰ ਨਾਲ ਪੁੱਜੇ ਪਰ ਨੈਪੋਲੀਅਨ ਨੇ ਆਪ ਖਾਣਾ ਆਪਣੇ ਵਕਤ ਸਿਰ ਖਾ ਲਿਆ। ਜਦ ਉਹ ਆਏ ਤਾਂ ਨੈਪੋਲੀਅਨ ਨੇ ਕਿਹਾ, “ਖਾਣੇ ਦਾ ਸਮਾਂ ਬੀਤ ਗਿਆ ਹੈ, ਆਓ, ਹੁਣ ਆਪਣੇ ਕੰਮ ‘ਤੇ ਚੱਲੀਏ, ਅਜਿਹਾ ਨਾ ਹੋਵੇ ਕਿ ਉੱਥੇ ਵੀ ਲੇਟ ਹੋ ਜਾਓ।” ਸਾਰੇ ਜਰਨੈਲ ਲੇਟ ਪੁੱਜਣ ਦੀ ਗ਼ਲਤੀ ਕਾਰਨ ਬਿਨਾਂ ਖਾਣਾ ਖਾਧੇ ਉਸ ਨਾਲ ਤੁਰ ਪਏ। ਨੈਪੋਲੀਅਨ ਆਮ ਤੌਰ ‘ਤੇ ਕਿਹਾ ਕਰਦਾ ਸੀ ਕਿ ਹਰ ਘੜੀ, ਜਿਹੜੀ ਅਸੀਂ ਅਜਾਈਂ ਗਵਾ ਬੈਠਦੇ ਹਾਂ, ਉਹ ਸਾਡੀ ਬਦਕਿਸਮਤੀ ਦੇ ਖ਼ਜ਼ਾਨੇ ਨੂੰ ਵਧਾ ਦਿੰਦੀ ਹੈ। ਅਜੋਕੇ ਸਿਆਸੀ ਨੇਤਾ, ਰਿਸ਼ਤੇਦਾਰ, ਸਮਾਗਮਾਂ ਵਿੱਚ ਆਉਣ ਵਾਲੇ ਮਹਿਮਾਨ, ਬਰਾਤਾਂ ਅਕਸਰ ਦੇਰ ਨਾਲ ਪੁੱਜਦੀਆਂ ਹਨ। ਕਾਰਡਾਂ ‘ਤੇ ਭਾਵੇਂ ਸਮਾਂ 9 ਵਜੇ ਦਾ ਲਿਖਿਆ ਹੁੰਦਾ ਹੈ ਪਰ ਭਾਰਤੀਆਂ ਦੇ 9 ਦੁਪਹਿਰ ਦੇ 1 ਵਜੇ ਤੋਂ ਪਹਿਲਾਂ ਨਹੀਂ ਵੱਜਦੇ।

ਵਿਦੇਸ਼ਾਂ ਵਿੱਚ ਸਮੇਂ ਦੀ ਕਦਰ : ਭਾਰਤ ਦੇ ਮੁਕਾਬਲੇ ਪੱਛਮੀ ਦੇਸ਼ਾਂ ਵਿੱਚ ਸਮੇਂ ਦੀ ਪੂਰੀ ਕਦਰ ਕੀਤੀ ਜਾਂਦੀ ਹੈ। ਉਹ ਲੋਕ ਹਰ ਕੰਮ ਵਕਤ ਸਿਰ ‘ਤੇ ਕੰਮ ਨੂੰ ਪੂਜਾ ਸਮਝ ਕੇ ਕਰਦੇ ਹਨ। ਅਮਰੀਕਾ, ਜਪਾਨ, ਚੀਨ ਵਰਗੇ ਦੇਸ਼ਾਂ ਦੀ ਤਰੱਕੀ ਦਾ ਰਾਜ਼ ਇਹੋ ਹੈ। ਉਹ ਲੋਕ ਪੂਰਾ ਹਫ਼ਤਾ ਮਿਹਨਤ ਕਰਦੇ ਹਨ ਤੇ ਹਫ਼ਤੇ ਦੇ ਅਖ਼ੀਰ ‘ਤੇ ਪੂਰੀ ਐਸ਼ ਵੀ ਕਰਦੇ ਹਨ ਤੇ ਫਿਰ ਸੋਮਵਾਰ ਤੱਕ ਤਰੋ-ਤਾਜ਼ਾ ਹੋ ਕੇ ਦੁਬਾਰਾ ਕੰਮ ‘ਤੇ ਜਾ ਜੁਟਦੇ ਹਨ ਜਦੋਂ ਕਿ ਭਾਰਤੀਆਂ ਦੀ ਸੋਮਵਾਰ ਦੀ ਸਵੇਰ ਸੁਸਤੀ ਨਾਲ ਭਰੀ ਹੁੰਦੀ ਹੈ। ਵਿਦੇਸ਼ਾਂ ‘ਚ ਕਿਹਾ ਜਾਂਦਾ ਹੈ ਕਿ ਗੱਡੀਆਂ ਦੇ ਸਮੇਂ ਅਨੁਸਾਰ ਤੁਸੀਂ ਆਪਣੀ ਘੜੀ ਤੇ ਸਮਾਂ ਠੀਕ ਕਰ ਸਕਦੇ ਹੋ।

ਸਮਾਂ ਨਸ਼ਟ ਕਰਨ ਦੇ ਨੁਕਸਾਨ : ਸਮਾਂ ਅਜਾਈਂ ਗੁਆਉਣ ਦੀਆਂ ਹਾਨੀਆਂ ਤਾਂ ਸਪੱਸ਼ਟ ਹੀ ਹਨ। ਜਦੋਂ ਕਿਤੇ ਬੱਸਾਂ ਗੱਡੀਆਂ ਸਮੇਂ ਤੋਂ ਲੇਟ ਹੋ ਜਾਂਦੀਆਂ ਹਨ ਤੇ ਕਰਮਚਾਰੀ ਸਮੇਂ ਸਿਰ ਡਿਊਟੀ ‘ਤੇ ਹਾਜ਼ਰ ਨਹੀਂ ਹੁੰਦੇ ਤਾਂ ਸਾਰੇ ਪਾਸੇ ਹਾਹਾਕਾਰ ਜਿਹੀ ਮੱਚੀ ਹੁੰਦੀ ਹੈ ਤੇ ਲੋਕ ਮਾਨਸਕ ਪਰੇਸ਼ਾਨੀ ਵਿੱਚ ਘਿਰੇ ਹੁੰਦੇ ਹਨ। ਇਹ ਨਹੀਂ ਕਿ ਅਸੀਂ ਸਮਾਂ ਬਰਬਾਦ ਕਰਕੇ ਖ਼ੁਸ਼ ਹੁੰਦੇ ਹਾਂ। ਅਸੀਂ ਪਛਤਾਉਂਦੇ ਵੀ ਹਾਂ ਪਰ ਕੁਝ ਨਹੀਂ ਹੋ ਸਕਦਾ ਕਿਉਂਕਿ ਬੀਤਿਆ ਵਕਤ ਵਾਪਸ ਨਹੀਂ ਆਉਂਦਾ ਤੇ ਇਹੋ ਕਹਿਣਾ ਪੈਂਦਾ ਹੈ ‘ਨਾ ਸੁੱਤੀ ਨਾ ਕੱਤਿਆ’ ਜਾਂ

“ਅਬ ਪਛਤਾਏ ਕਿਆ ਹੋਤ ਜਬ ਚਿੜੀਆ ਚੁਗ ਗਈ ਖੇਤ॥

ਸਾਰੰਸ਼ : ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਮਾਂ ਬੇਰੋਕ ਤੇ ਨਿਰੰਤਰ ਗਤੀਸ਼ੀਲ ਹੈ। ਇਹ ਕਿਸੇ ਦੀ ਉਡੀਕ ਨਹੀਂ ਕਰਦਾ ਤੇ ਬੀਤਿਆ ਵਕਤ ਵਾਪਸ ਨਹੀਂ ਆਉਂਦਾ। ਇਸ ਲਈ ਵਕਤ ਦੀ ਕਦਰ ਕਰਨ ਦੀ ਜਾਚ ਸਿੱਖਣੀ ਚਾਹੀਦੀ ਹੈ। ਜਿਵੇਂ ਇਹ ਠਹਿਰਨ ਦੀ ਜਾਚ ਨਹੀਂ ਜਾਣਦਾ, ਇਵੇਂ ਹੀ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਖੜਤ ਨਾ ਲਿਆਵੋ। ਹਰ ਕੰਮ ਤਰਤੀਬ ਅਨੁਸਾਰ, ਵਕਤ ਅਨੁਸਾਰ ਕਰੋ। ਅੱਜ ਦਾ ਕੰਮ ਕੱਲ੍ਹ ‘ਤੇ ਨਾ ਛੱਡੋ, ਆਲਸ ਤਿਆਗੋ ਸਗੋਂ “ਕੱਲ੍ਹ ਕਰੇ ਸੋ ਅੱਜ ਕਰ, ਅੱਜ ਕਰਨਾ ਸੋ ਅਬ”। ਅਸੀਂ ਅਜੇ ਤੱਕ ਵਕਤ ਦਾ ਮੁੱਲ ਪਾਉਣਾ ਨਹੀਂ ਸਿੱਖੇ। ਲੋਕਾਂ ਨੂੰ ਵਕਤ ਦੀ ਕਦਰ ਦਾ ਸਬਕ ਤਾਂ ਹੀ ਸਿਖਾਇਆ ਜਾ ਸਕਦਾ ਹੈ ਜੇ ਤੁਸੀਂ ਆਪ ਉਸ ‘ਤੇ ਅਮਲ ਕਰਦੇ ਹੋ। ਅਜਿਹਾ ਬਦਲਾਅ ਲਿਆਉਣ ਲਈ ਜੇ ਤੁਹਾਨੂੰ ਲੋਕਾਂ ਦੀ ਆਲੋਚਨਾ ਵੀ ਸਹਾਰਨੀ ਪਵੇ ਤਾਂ ਕੋਈ ਹਰਜ਼ ਨਹੀਂ ਪਰ ਫਿਰ ਦੇਖੋ ਜਲਦੀ ਹੀ ਚੰਗ ਸਿੱਟੇ ਨਿਕਲਣਗੇ। ਸਮੇਂ ਤੋਂ ਖੁੰਝਣਾ ਅਣਗਹਿਲੀ ਹੈ ਤੇ ਜਦੋਂ ਇਹ ਸਭ ਕੁਝ ਸਿੱਖ ਲਵਾਂਗੇ ਤਾਂ ਸਮਝ ਲਓ ਕਿ ਅਸੀਂ ਵੀ ਸੱਭਿਅਤਾ ਦੀ ਪੌੜੀ ਚੜ੍ਹ ਰਹੇ ਹਾਂ।