ਇਕ ਸਮਾਂ ਸੀ ਜਦੋਂ ਸਕੂਲ ਤੇ ਕਾਲਜਾਂ ਵਿੱਚ ਪੜ੍ਹਦੇ ਬੱਚਿਆਂ ਦੀ ਵਰਦੀ ਬਿਲਕੁਲ ਸਧਾਰਨ ਹੁੰਦੀ ਸੀ। ਸਕੂਲ ਵੱਲੋਂ ਇੱਕ ਰੰਗ ਨਿਸ਼ਚਿਤ ਕਰ ਦਿੱਤਾ ਜਾਂਦਾ ਸੀ ਅਤੇ ਨਾਲ ਹੀ ਵਰਦੀ ਸਿਲਾਈ ਦਾ ਢੰਗ ਵੀ ਦੱਸਿਆ ਜਾਂਦਾ ਸੀ। ਅੱਜ ਵੱਖ-ਵੱਖ ਸਕੂਲਾਂ ਦੀ ਵਰਦੀ ਦਾ ਰੰਗ ਵੱਖ-ਵੱਖ ਨਿਸ਼ਚਿਤ ਹੈ, ਅਤੇ ਸਿਲਾਈ ਦਾ ਢੰਗ ਵੀ ਵੱਖਰਾ-ਵੱਖਰਾ। ਕਾਲਜਾਂ ਦੀ ਤਾਂ ਗੱਲ ਹੀ ਅਲਗ ਹੈ। ਕੋਈ ਵਰਦੀ ਨਹੀਂ, ਵੰਨ-ਸੁਵੰਨੇ, ਬਿਲਕੁਲ ਨਵੇਂ ਡਿਜ਼ਾਇਨ, ਮਾਡਲਾਂ ਤੇ ਫ਼ਿਲਮਾਂ ਤੋਂ ਪ੍ਰੇਰਤ ਕਪੜੇ ਵੇਖਣ ਨੂੰ ਮਿਲਦੇ ਹਨ।
ਨਵੀਂ ਪੀੜ੍ਹੀ ਦੀ ਪ੍ਰਤੀਨਿੱਧਤਾ ਕਰਨ ਵਾਲੇ ਇਹ ਵਿਦਿਆਰਥੀ ਮਾਂ-ਬਾਪ ਨੂੰ ਪੁਰਾਣੀ ਪੀੜ੍ਹੀ ਦੇ ਕਹਿ ਕੇ ਸਮੇਂ ਨਾਲ ਚੱਲਣ ਦੀ ਸਿੱਖਿਆ ਦਿੰਦੇ ਹਨ। ਉਨ੍ਹਾਂ ਦਾ ਧਿਆਨ ਪੜ੍ਹਾਈ ਵੱਲ ਘੱਟ ਤੇ ਫੈਸ਼ਨ ਵੱਲ ਜ਼ਿਆਦਾ ਹੈ। ਉਹ ਵੱਡਿਆਂ ਨੂੰ ਇਹ ਕਹਿ ਕੇ ਵੀ ਚੁੱਪ ਕਰਾ ਦਿੰਦੇ ਹਨ ਕਿ ਉਹ ਉਨ੍ਹਾਂ ਨਾਲੋਂ ਵੱਧ ਮਿਹਨਤ ਤੇ ਨਵੀਂ ਸਿੱਖਿਆ ਪ੍ਰਾਪਤ ਕਰ ਰਹੇ ਹਨ।
ਅਸਲ ਵਿੱਚ ਵਿਦਿਆਰਥੀ ਦੀ ਹਲਕੀ ਸੋਚ ਜਜ਼ਬਿਆਂ ਵਿੱਚ ਜਲਦੀ ਘਿਰ ਜਾਂਦੀ ਹੈ। ਸੁਹਣੇ ਬਣਨ ਦੀ ਇੱਛਾ ਉਸ ਉੱਪਰ ਹਾਵੀ ਹੁੰਦੀ ਹੈ ਜਿਸ ਕਾਰਨ ਫ਼ਿਲਮਾਂ, ਕੇਬਲ ਟੀ.ਵੀ., ਵਿਦੇਸ਼ੀ ਪ੍ਰੋਗਰਾਮ ਉਸ ਉੱਪਰ ਜਲਦੀ ਅਸਰ ਪਾਉਂਦੇ ਹਨ।ਕਪੜਿਆਂ ਦੀ ਵੰਨ-ਸੁਵੰਨਤਾ, ਉਸ ਦੀ ਸਿਲਾਈ ਦਾ ਨਵਾਂ ਢੰਗ, ਜੁੱਤੀਆਂ ਦੇ ਵੱਖ-ਵੱਖ ਡਿਜ਼ਾਇਨ ਖੁਸ਼ਬੂਦਾਰ ਤੇਲ, ਮੋਬਾਇਲ ਫੋਨ, ਬਾਹਵਾਂ ਰਹਿਤ ਟੀ-ਸ਼ਰਟਸ, ਨਵੇਂ-ਨਵੇਂ ਡਿਜ਼ਾਇਨ ਦੀ ਜ਼ੀਨਸ, ਹਾਫ਼ ਪੈਂਟਾਂ ਆਦਿ ਉਨ੍ਹਾਂ ਦੀ ਜ਼ਰੂਰਤ ਬਣ ਚੁੱਕੀਆਂ ਹਨ। ਪੜ੍ਹਾਈ ਵਿੱਚ ਵੀ ਫੈਸ਼ਨ ਪ੍ਰਚਲਿਤ ਹੋ ਗਿਆ ਹੈ।
ਵਿਦਿਆਰਥੀਆਂ ਦੀ ਖੁਰਾਕ ਵਿੱਚ ਵੀ ਬਹੁਤ ਤਬਦੀਲੀਆਂ ਆ ਗਈਆਂ ਹਨ। ਉਹ ਸਕੂਲ ਜਾਂ ਕਾਲਜ ਵਿੱਚ ਘਰ ਦੀ ਰੋਟੀ ਲੈ ਜਾਣ ਵਿੱਚ ਸ਼ਰਮ ਮਹਿਸੂਸ ਕਰਦੇ ਹਨ। ਉਹ ਕੰਟੀਨ ਵਿੱਚੋਂ ਕੋਲਡ-ਡਰਿੰਕਸ ਪੀਣਾ, ਜੰਕ-ਫੂਡ ਖਾਣਾ ਵਧੇਰੇ ਪਸੰਦ ਕਰਦੇ ਹਨ। ਕਾਲਜ ਵਿੱਚ ਆਪਣੀਆਂ ਜਮਾਤਾਂ ਵਿੱਚ ਬੈਠਣ ਦੀ ਬਜਾਇ ਕੰਟੀਨ ਵਿੱਚ ਘੰਟਿਆਂ ਬੱਧੀ ਬੈਠ ਕੇ ਚਾਹ ਪੀਣ ਦਾ ਸ਼ੌਕ ਉਨ੍ਹਾਂ ਵਿੱਚ ਵਧੇਰੇ ਹੈ।
ਇਨ੍ਹਾਂ ਫੈਸ਼ਨਾਂ ਰਾਹੀਂ ਦੇਸ਼ ਦਾ ਬਹੁਤ ਸਾਰਾ ਸਰਮਾਇਆ ਬਰਬਾਦ ਹੋ ਰਿਹਾ ਹੈ। ਫੇਲ੍ਹ ਹੋਣਾ ਅਤੇ ਘੱਟ ਅੰਕ ਹਾਸਲ ਕਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ।ਮਨ ਦੀ ਸ਼ਾਂਤੀ ਘੱਟ ਰਹੀ ਹੈ।ਸਿਆਣਪ ਘੱਟ ਰਹੀ ਹੈ। ਧੋਖਾ, ਫਰੇਬਪੁਣਾ, ਚਾਪਲੂਸੀ, ਨਕਲ ਕਰਨ ਦਾ ਬੋਲ-ਬਾਲਾ ਹੈ। ਪਤਲੇ ਵਿਖਾਈ ਦੇਣ ਦੇ ਫੈਸ਼ਨ ਨੇ ਵਿਦਿਆਰਥੀਆਂ ਦੀ ਸਿਹਤ ਖ਼ਰਾਬ ਕਰ ਦਿੱਤੀ ਹੈ। ਚਿਹਰਿਆਂ ਦੀ ਰੌਣਕ ਖ਼ਤਮ ਹੋ ਚੁੱਕੀ ਹੈ।ਸੁੰਦਰ ਬਣੇ ਰਹਿਣ ਦੀ ਇੱਛਾ ਕਾਰਨ ਬਿਊਟੀ ਪਾਰਲਰਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।
ਸਮੇਂ ਦੇ ਗੇੜ ਨਾਲ ਬੇਰੁਜ਼ਗਾਰੀ ਵੱਧ ਰਹੀ ਹੈ। ਨੌਕਰੀਆਂ ਘੱਟ ਤੇ ਪੜ੍ਹੇ ਲਿਖੇ ਨੌਜਵਾਨਾਂ ਦੀ ਗਿਣਤੀ ਵੱਧ ਗਈ ਹੈ। ਜਿਸ ਕਾਰਨ ਹੁਣ ਫੈਸ਼ਨ ਨਾਲ ਨਹੀਂ ਆਪਣੀ ਯੋਗਤਾ ਨਾਲ ਵਿਦਿਆਰਥੀ ਨੌਕਰੀ ਪ੍ਰਾਪਤ ਕਰ ਸਕਣਗੇ । ਵਿਦਿਆਰਥੀ ਆਪਣੀ ਯੋਗਤਾ ਕਰਕੇ ਹੀ ਆਪਣੀ ਜ਼ਿੰਦਗੀ ਨੂੰ ਸੁਖਾਵਾਂ ਤੇ ਭਵਿੱਖ ਨੂੰ ਉਜਲਾ ਬਣਾ ਸਕੇਗਾ। ਇਸ ਲਈ ਵਿਦਿਆਰਥੀਆਂ ਨੂੰ ਵਧੇਰੇ ਸੁਚੇਤ ਅਤੇ ਅਨੁਸ਼ਾਸਨ ਵਿੱਚ ਰਹਿਣਾ ਪਵੇਗਾ। ਅਧਿਆਪਕਾਂ ਅਤੇ ਮਾਂ-ਬਾਪ ਨੂੰ ਆਪਣਾ ਫਰਜ਼ ਪਛਾਣਦੇ ਹੋਏ ਉਨ੍ਹਾਂ ਦਾ ਮਾਰਗ ਦਰਸ਼ਨ ਕਰਨਾ ਪਵੇਗਾ ਕਿਉਂਕਿ ਬੱਚੇ ਨਾਸਮਝ ਹੁੰਦੇ ਹਨ। ਉਹ ਚੰਗੇ ਤੇ ਬੁਰੇ ਵਿੱਚ ਫਰਕ ਕਰਨਾ ਹਾਲੇ ਨਹੀਂ ਜਾਣਦੇ। ਉਹ ਜੀਵਨ ਦੀਆਂ ਬਾਰੀਕੀਆਂ ਨੂੰ ਸਮਝਣ ਤੋਂ ਅਸਮਰਥ ਹਨ।