ਲੇਖ : ਲੋਹੜੀ ਦਾ ਤਿਉਹਾਰ
ਲੋਹੜੀ ਦਾ ਤਿਉਹਾਰ
ਸੁੰਦਰ ਮੁੰਦਰੀਆਂ ਨੂ ਕੁੱਖ ‘ਚ ਨਾ ਮਾਰੋ-ਇਨ੍ਹਾਂ ਦੀ ਲੋਹੜੀ ਮਨਾਓ
ਲੋਹੜੀ ਸਮੇਂ ਜਦੋਂ ਸੁੰਦਰ ਮੁੰਦਰੀਏ ਵਾਲਾ ਲੋਕ ਗੀਤ ਗਾ ਕੇ ਲੋਕ ਲੋਹੜੀ ਮੰਗਦੇ ਹਨ ਤਾਂ ਉਸਦੇ ਅੰਤਰੀਵ ਵਿਚ ਜੇ ਲੋਕ-ਗਾਥਾ ਜੁੜੀ ਹੋਈ ਹੈ, ਉਸ ਵੱਲ ਧਿਆਨ ਦੇਣ ਦੀ ਲੋੜ ਹੁੰਦੀ ਹੈ। ਲੋਕ ਕਥਾ ਅਨੁਸਾਰ ਇਕ ਗਰੀਬ ਬ੍ਰਾਹਮਣ ਦੀਆਂ ਦੋ ਸੁੰਦਰ ਜਵਾਨ ਬੇਟੀਆਂ ਸਨ, ਜਿਨ੍ਹਾਂ ਦੇ ਨਾਂ ਸੁੰਦਰੀ ਤੇ ਮੁੰਦਰੀ ਸਨ। ਉਨ੍ਹਾਂ ਦੀ ਕੁੜਮਾਈ ਨਾਲ ਦੇ ਪਿੰਡ ਨੇੜੇ ਹੀ ਕਰ ਦਿੱਤੀ ਗਈ, ਪਰ ਉਸ ਖੇਤਰ ਦਾ ਹਾਕਮ ਇਕ ਵਿਸ਼ਯੀ ਬਿਰਤੀ ਵਾਲਾ ਪੁਰਸ਼ ਸੀ, ਜਿਸ ਦੀ ਮੰਦੀ ਨਜ਼ਰ ਉਨ੍ਹਾਂ ਲੜਕੀਆਂ ‘ਤੇ ਪੈ ਗਈ ਤੇ ਉਹ ਹਰ ਹਾਲਤ ਵਿਚ ਉਨ੍ਹਾਂ ਨੂੰ ਪ੍ਰਾਪਤ ਕਰਨਾ ਚਾਹੁੰਦਾ ਸੀ। ਉਨ੍ਹਾਂ ਲੜਕੀਆਂ ਦਾ ਪਿਤਾ ਬਹੁਤ ਪਰੇਸ਼ਾਨੀ ਦੇ ਆਲਮ ਵਿਚ ਸੀ ਤੇ ਇੱਕ ਘਣੇ ਜੰਗਲ ਵਿਚੋਂ ਨਿਕਲ ਰਿਹਾ ਸੀ ਤਾਂ ਉਸ ਸਮੇਂ ਉਸਨੂੰ ਦੁੱਲਾ ਭੱਟੀ ਨਾਂ ਦਾ ਮਸ਼ਹੂਰ ਡਾਕੂ ਮਿਲ ਗਿਆ। ਦੁੱਲ੍ਹੇ ਬਾਰੇ ਇਹ ਪ੍ਰਸਿੱਧ ਸੀ ਕਿ ਉਹ ਅਮੀਰਾਂ ਨੂੰ ਬਹੁਤ ਘ੍ਰਿਣਾ ਤੇ ਕ੍ਰੋਧ ਦੀ ਨਜ਼ਰ ਨਾਲ ਦੇਖਦਾ ਸੀ, ਪਰ ਜ਼ੁਲਮਾਂ ਦੇ ਮਾਰੇ ਲੋਕਾਂ ਤੇ ਗ਼ਰੀਬਾਂ ਦੀ ਰਾਖੀ ਕਰਦਾ ਸੀ। ਦੁੱਲ੍ਹਾ ਭੱਟੀ ਨੇ ਬ੍ਰਾਹਮਣ ਨੂੰ ਵਚਨ ਦਿੱਤਾ ਕਿ ਸੁੰਦਰੀ ਤੇ ਮੁੰਦਰੀ ਦੀ ਸ਼ਾਦੀ ਨਿਸ਼ਚਿਤ ਮੁੰਡਿਆਂ ਨਾਲ ਹੀ ਉਹ ਕਰਵਾ ਦੇਵੇਗਾ। ਇਸ ਸਾਰਥਕ ਕੰਮ ਲਈ ਉਹ ਆਪ ਲੜਕੇ ਵਾਲਿਆਂ ਪਾਸ ਗਿਆ ਤੇ ਜੰਗਲ ਵਿਚ ਇਕ ਨਿਸ਼ਚਿਤ ਥਾਂ ਤੇ ਅੱਗ ਲਗਾ ਕੇ ਆਪ ਧਰਮ ਪਿਤਾ ਬਣ ਕੇ ਸੁੰਦਰੀ ਮੁੰਦਰੀ ਦੀ ਸ਼ਾਦੀ ਕਰਾ ਦਿੱਤੀ। ਇਸ ਲੋਕ-ਗਾਥਾ ਨੂੰ ਬੜੀ ਉੱਚੀ ਸੁਰ ਵਿਚ ਲੋਹੜੀ ਵਾਲੇ ਦਿਨ ਗਾਉਂਦੇ ਹਨ ਜਿਸਦੇ ਮੁੱਢਲੇ ਬੋਲ ਸਾਰੇ ਪੰਜਾਬੀਆਂ ਦੇ ਮੂੰਹ ‘ਤੇ ਚੜ੍ਹੇ ਹੋਏ ਹਨ।
“ਸੁੰਦਰ ਮੁੰਦਰੀਏ, ਹੋ!
ਤੇਰਾ ਕੌਣ ਵਿਚਾਰਾ ਹੋ?
ਦੁੱਲਾ ਭੱਟੀ ਵਾਲਾ ਹੋ,
ਦੁੱਲ੍ਹੇ ਨੇ ਧੀ ਵਿਆਹੀ ਹੋ।”
ਇਸ ਲੋਕ ਗੀਤ ਦੀਆਂ ਸੁਰਾਂ ਤੇ ਲੋਕ-ਕਥਾ ਦੇ ਸਿੰਘਾਸਨ ‘ਤੇ ਬੈਠ ਕੇ ਹੁਣ ਲੋਹੜੀ ਦਾ ਤਿਉਹਾਰ ਪੰਜਾਬੀਆਂ ਦੇ ਮਨਾਂ ‘ਤੇ ਰਾਜ ਕਰ ਰਿਹਾ ਹੈ। ਲੋਹੜੀ ਦੇ ਇਤਿਹਾਸ ਨਾਲ ਹੋਰ ਕਈ ਪੌਰਾਣਿਕ ਕਥਾਵਾਂ ਵੀ ਜੁੜੀਆਂ ਹੋਈਆਂ ਹਨ, ਜਿਵੇਂ ‘ਸਤੀ ਦਹਿਨ’ ਦੀ ਕਥਾ ਅਨੁਸਾਰ ਭਗਵਾਨ ਸ਼ਿਵ ਦੇ ਗਣਾਂ ਨੇ ਪ੍ਰਜਾਪਤੀ ਦਕਸ਼ ਦੀ ਗਰਦਨ ਉਸ ਸਮੇਂ ਕੱਟੀ ਸੀ ਜਦੋਂ ਆਪਣੇ ਪਤੀ ਦੇ ਅਪਮਾਨ ਤੋਂ ਦੁੱਖੀ ਹੋ ਕੇ ਸਤੀ ਨੇ ਯੱਗ ਦੀ ਅੱਗ ਵਿਚ ਪ੍ਰਵੇਸ਼ ਕਰਕੇ ਆਪਣੇ ਆਪ ਨੂੰ ਭਸਮ ਕਰ ਲਿਆ ਸੀ। ਬਾਅਦ ਵਿਚ ਦੇਵਤਾਵਾਂ ਦੀ ਹਾਜ਼ਰੀ ਕਾਰਨ ਭਗਵਾਨ ਸ਼ਿਵ ਦਾ ਕ੍ਰੋਧ ਠੰਡਾ ਹੋ ਗਿਆ ਅਤੇ ਉਨ੍ਹਾਂ ਨੇ ਦਕਸ਼ ਨੂੰ ਨਵਾਂ ਜੀਵਨ ਦਿੱਤਾ ਸੀ। ਦਕਸ਼ ਨੇ ਇਸ ਦਿਨ ਪੂਰਣ ਆਹੂਤੀ ਦੇ ਕੇ ਯੱਗ ਨੂੰ ਪੂਰਾ ਕੀਤਾ।
ਲੋਹੜੀ ਸ਼ਬਦ ਨੂੰ ਜੇਕਰ ਅਸੀਂ ਭਾਸ਼ਾ ਵਿਗਿਆਨ ਦੇ ਪੱਖ ਤੋਂ ਦੇਖੀਏ ਤਾਂ ਲੋਹੜੀ ਪਹਿਲਾਂ ਪਹਿਲ ਤਿਲ + ਰੋੜੀ ਨਾਲ ਮੇਲ ਕਰਕੇ ਤਿਲੋੜੀ ਬਣਿਆ, ਫਿਰ ਭਾਸ਼ਾ ਵਿਚ ਜਦੋਂ ਉੱਚਾਰਣ ਦੇ ਪੱਖ ਤੋਂ ਪਰਿਵਰਤਨ ਆਉਂਦੇ ਹਨ ਤਾਂ ਭਾਸ਼ਾ ਦੇ ਕੁਦਰਤੀ ਪ੍ਰਵਾਹ ਰਾਹੀਂ ਇਸ ਦਾ ਰੂਪ ਲੋਹੜੀ ਬਣ ਗਿਆ। ਕਈ ਥਾਵਾਂ ‘ਤੇ ਇਹ ਰੂਪ ਲੋਹੀ ਜਾਂ ਲੋਈ ਵੀ ਮਿਲਦਾ ਹੈ। ਭਾਰਤ ਦੇ ਤਿਉਹਾਰਾਂ ਦੇ ਪਿਛੋਕੜ ਵਿਚ ਵੱਖੋ-ਵੱਖਰੀਆਂ ਰੁੱਤਾਂ ਦਾ ਬਦਲਦਾ ਆਧਾਰ ਵੀ ਬਣਦਾ ਹੈ। ਇਨ੍ਹਾਂ ਦਿਨਾਂ ਵਿਚ ਮੱਕਈ, ਤਿਲ, ਮੂੰਗਫਲੀ, ਬਾਜਰਾ ਆਦਿ ਫਸਲਾਂ ਕਿਸਾਨ ਦੇ ਘਰ ਆ ਜਾਂਦੀਆਂ ਹਨ। ਫਸਲਾਂ ਦਾ ਕੁਝ ਭਾਗ ਬਲਦੀ ਹੋਈ ਅੱਗ ਦੇ ਹਵਾਲੇ ਕਰਕੇ ਦਾਨ ਦੇ ਸੰਕਲਪ ਨੂੰ ਪੂਰਾ ਕੀਤਾ ਜਾਂਦਾ ਹੈ। ਇਸ ਤਰ੍ਹਾਂ ਕੀਤਿਆਂ ਇਹ ਮਹਿਸੂਸ ਕੀਤਾ ਜਾਂਦਾ ਹੈ ਜਿਵੇਂ ਰਿਸ਼ੀ-ਮੁਨੀ ਦੇਵਤਾਵਾਂ ਨੂੰ ਖ਼ੁਸ਼ ਕਰਨ ਲਈ ਹਵਨ ਕਰਦੇ ਸਨ। ਧਾਰਮਿਕ ਪਰੰਪਰਾ ਅਨੁਸਾਰ ਚੱਲਦੇ ਹੋਏ ਲੋਕ ਫਿਰ ਸ਼ਹਿਦ, ਤਿੱਲ, ਗੁੜ ਨੂੰ ਅੱਗ ਵਿਚ ਮਿਲਾ ਕੇ ਅੱਗ ਨੂੰ ਵਧੇਰੇ ਪ੍ਰਚੰਡ ਕਰਦੇ ਹਨ।
ਸਮਾਂ ਪਰਿਵਰਤਨਸ਼ੀਲ ਹੈ, ਨਾਲ ਖਾਣ-ਪੀਣ ਦੀਆਂ ਵਸਤਾਂ ਵੀ ਆਪਣਾ ਰੰਗ-ਰੂਪ ਬਦਲਦੀਆਂ ਹਨ। ਹੁਣ ਮਿੱਠੇ ਨਾਲ ਬਣੀਆਂ ਹੋਈਆਂ ਕਈ ਕਿਸਮਾਂ ਦੀਆਂ ਗਚਕਾਂ, ਰਿਉੜੀਆਂ ਬਾਜ਼ਾਰਾਂ ਵਿਚ ਆ ਕੇ ਲੋਹੜੀ ਵਾਲੇ ਦਿਨ ਆਪਣੀ ਮਿਠਾਸ ਵਿਚ ਵਾਧਾ ਕਰਦੀਆਂ ਹਨ। ਢੋਲ ਦੇ ਡੱਗੇ ਨਾਲ ਭੰਗੜੇ, ਗਿੱਧੇ ਦੀਆਂ ਆਵਾਜ਼ਾਂ ਉੱਚੀਆਂ ਹੁੰਦੀਆਂ ਹਨ। ਖਾਸ ਤੌਰ ‘ਤੇ ਮੁੰਡਾ ਜੰਮਣ ਦੀ ਲੋਹੜੀ ਵਿਸ਼ੇਸ਼ ਤੌਰ ਤੇ ਮਨਾਈ ਜਾਂਦੀ ਹੈ, ਪਰ ਹੁਣ ਲੋਕਾਂ ਦੀ ਸੋਚ ਵਿਚ ਫ਼ਰਕ ਆਉਣਾ ਸ਼ੁਰੂ ਹੋਇਆ ਹੈ ਤੇ ਲੜਕੀਆਂ ਦੀ ਲੋਹੜੀ ਵੀ ਮਨਾਈ ਜਾਂਦੀ ਹੈ, ਪਰ ਅਜੇ ਪੂਰੀ ਤਰ੍ਹਾਂ ਇਹ ਵਿਕਸਿਤ ਨਹੀਂ ਹੋਈ। ਲੋਕ ਆਪਣੇ ਘਰਾਂ ਦੇ ਬਾਹਰ ਲੱਕੜਾਂ ਬਾਲ ਕੇ ਤੇ ਉਸਦੇ ਆਲੇ-ਦੁਆਲੇ ਬੈਠ ਕੇ ਇੱਕ ਤਾਂ ਅੱਗ ਨੂੰ ਹੋਰ ਬਾਲਣ ਪਾ ਕੇ ਤੇਜ਼ ਕਰੀ ਜਾਂਦੇ ਹਨ, ਨਾਲ ਨੱਚਦੇ – ਗਾਉਂਦੇ ਆਪਣੀਆਂ ਖ਼ੁਸ਼ੀਆਂ ਵਿਚ ਵੀ ਵਾਧਾ ਕਰੀ ਜਾਂਦੇ ਹਨ। ਲੋਹੜੀ ਇਕ ਬਿਲਕੁਲ ਘਰੇਲੂ ਤਿਉਹਾਰ ਹੈ। ਮਹਾਂਨਗਰਾਂ ਤੇ ਵੱਡੇ ਸ਼ਹਿਰਾਂ ਵਿਚ ਕਲੱਬਾਂ, ਹੋਟਲਾਂ ਵਿਚ ਕਈ ਤਰ੍ਹਾਂ ਦੇ ਪ੍ਰੋਗਰਾਮ ਰਚਾਏ ਜਾਂਦੇ ਹਨ ਤੇ ਨੰਗੇ ਡਾਂਸ ਤੇ ਕੈਬਰੇ ਕਰਾਏ ਜਾਂਦੇ ਹਨ। ਇਹ ਸਾਰੇ ਵਰਤਾਰੇ ਸਾਡੀ ਸੁਹਜਮਈ ਕਲਚਰ ਨੂੰ ਖੋਰਾ ਲਾਉਂਦੇ ਹਨ। ਇਸ ਦਿਨ ਲੋਕ ਆਪਸੀ ਤੋਹਫੇ ਵੀ ਦੇਂਦੇ, ਲੈਂਦੇ ਹਨ ਤੇ ਬਹੁਤੀ ਵਾਰੀ ਆਪਣੀ ਸੀਮਾ ਵਿਚ ਨਾ ਰਹਿੰਦੇ ਹੋਏ ਬੇਲੋੜਾ ਵਿਖਾਵਾ ਕਰਦੇ ਹਨ, ਜੋ ਸਾਡੇ ਸਮਾਜ ਨੂੰ ਦਿਸ਼ਾਹੀਣ ਬਣਾ ਦੇਂਦਾ ਹੈ।
ਲੋਹੜੀ ਦੇ ਤਿਉਹਾਰ ਨੂੰ ਪੰਜਾਬ ਤੇ ਡੋਗਰਾ ਕਲਚਰ ਨਾਲ ਵਿਸ਼ੇਸ਼ ਤੌਰ ‘ਤੇ ਜੋੜਿਆ ਜਾਂਦਾ ਹੈ। ਮਾਘ ਮਹੀਨੇ ਤੋਂ ਇਕ ਦਿਨ ਪਹਿਲਾਂ ਇਹ ਉਤਸਵ ਮਨਾਇਆ ਜਾਂਦਾ ਹੈ ਤੇ ਇਸ ਬਾਰੇ ਲੋਕਸੁਰਭੀ ਪ੍ਰਸਿੱਧ ਹੈ ਕਿ ਲੋਹੜੀ ਵਾਲੀ ਰਾਤ ਸਭ ਤੋਂ ਲੰਮੀ ਰਾਤ ਹੁੰਦੀ ਹੈ ਤੇ ਉਸ ਤੋਂ ਬਾਅਦ ਰਾਤਾਂ ਛੋਟੀਆਂ ਹੋਣੀਆਂ ਸ਼ੁਰੂ ਹੁੰਦੀਆਂ ਹਨ ਤੇ ਦਿਨ ਵੇਲੇ ਸੂਰਜ ਦੀ ਰੌਸ਼ਨੀ ਵੱਧਣ ਲੱਗਦੀ ਹੈ। ਇਹ ਤਿਉਹਾਰ ਵਿਸ਼ੇਸ਼ ਤੌਰ ‘ਤੇ ਉੱਤਰ ਭਾਰਤ ਵਿਚ ਪੰਜਾਬ, ਹਿਮਾਚਲ, ਜੰਮੂ, ਦਿੱਲੀ, ਹਿਮਾਚਲ ਵਿਚ ਵਿਸ਼ੇਸ਼ ਤੌਰ ‘ਤੇ ਮਨਾਇਆ ਜਾਂਦਾ ਹੈ ਤੇ ਹੁਣ ਜਿੱਥੇ ਕਿਤੇ ਵੀ ਇਨ੍ਹਾਂ ਥਾਵਾਂ ਦੇ ਇਹ ਲੋਕ ਵਿਸ਼ਵ ਵਿਚ ਗਏ ਹਨ, ਉਨ੍ਹਾਂ ਥਾਵਾਂ ‘ਤੇ ਵੀ ਇਹ ਲੋਹੜੀ ਮਨਾਈ ਜਾਂਦੀ ਹੈ। ਪੰਜਾਬੀ ਕਲਚਰ ਮੂਲ ਰੂਪ ਵਿਚ ਇਕ ਪੇਂਡੂ ਕਲਚਰ ਹੈ ਤੇ ਪੰਜਾਬੀਆਂ ਨੇ ਜਿੱਥੋਂ ਤੱਕ ਤਿਉਹਾਰਾਂ ਦਾ ਸੰਬੰਧ ਹੈ, ਇਸ ਕਲਚਰ ਨੂੰ ਧਰਤੀ ਤੇ ਵੱਖੋ-ਵੱਖਰੇ ਮੌਸਮਾਂ ਅਨੁਸਾਰ ਮਨਾ ਕੇ ਇਸ ਪੰਜਾਬੀਅਤ ਦੀ ਖੁਸ਼ਬੂ ਨੂੰ ਸਾਂਭ ਕੇ ਰੱਖਿਆ ਹੋਇਆ ਹੈ। ਧਰਮ, ਜਾਤ, ਫ਼ਿਰਕਾ ਕੋਈ ਵੀ ਹੋਵੇ ਪੰਜਾਬੀ ਲੋਹੜੀ ਨੂੰ ਇਸ ਤਰ੍ਹਾਂ ਮਨਾਉਂਦੇ ਹਨ ਜਿਵੇਂ ਸਾਉਣ ਮਹੀਨੇ ਦੀਆਂ ਤੀਆਂ ਤੇ ਮੌਸਮ ਬਹਾਰ ਨੂੰ ਬਸੰਤ ਰੁਤ ਦੇ ਸਮਾਗਮ ਕਰਕੇ ਮਨਾਉਂਦੇ ਹਨ। ਪੰਜਾਬੀ ਕਿਰਸਾਣ ਇਹ ਮਹਿਸੂਸ ਕਰਦੇ ਹਨ ਕਿ ਲੋਹੜੀ ਤੋਂ ਬਾਅਦ ਨਵਾਂ ਵਿੱਤੀ ਵਰ੍ਹਾ ਚੜ੍ਹਦਾ ਹੈ।
ਲੋਹੜੀ ਵਾਲੇ ਦਿਨ ਲੋਕ ਘਰਾਂ ਬਾਹਰ ਅੱਗ ਮਚਾਈ ਬੈਠੇ ਹੋਏ ਆਪਣੇ ਅਨੇਕਾਂ ਤਰ੍ਹਾਂ ਦੇ ਲੋਹੜੀ ਨਾਲ ਜੁੜੇ ਹੋਏ ਵਿਸ਼ਵਾਸ ਵੀ ਦੁਹਰਾਉਂਦੇ ਹਨ ਤੇ ਪੁਰਾਣੀਆਂ ਕਥਾ ਕਹਾਣੀਆਂ ਮਿੱਥਾਂ ਨੂੰ ਵੀ ਦੁਹਰਾਂਦੇ ਹਨ। ਕਬੀਰ ਪੰਥੀ ਇਹ ਕਹਿੰਦੇ ਹਨ ਕਿ ਲੋਹੜੀ ਦਾ ਸੰਬੰਧ ਭਗਤ ਕਬੀਰ ਜੀ ਦੀ ਪਤਨੀ ਲੇਈ ਨਾਲ ਜੁੜਿਆ ਹੋਇਆ ਹੈ। ਕੋਈ ਪੁਰਸ਼ ਇਹ ਮਿੱਥ ਦੁਹਰਾਉਂਦਾ ਹੈ ਕਿ ਹੋਲਿਕਾ ਤੇ ਲੋਹੜੀ ਦੋਵੇਂ ਭੈਣਾਂ ਸਨ, ਹੋਲਿਕਾ ਹੋਲੀ ਦੀ ਪਵਿੱਤਰ ਅੱਗ ਵਿਚ ਭਸਮ ਹੋ ਗਈ ਤੇ ਲੋਹੜੀ ਪ੍ਰਹਿਲਾਦ ਭਗਤ ਕਾਰਨ ਜਿਊਂਦੀ ਰਹਿ ਗਈ। ਇਸ ਤਰ੍ਹਾਂ ਇਹ ਦੋ ਤਿਉਹਾਰ ਮਨਾਏ ਜਾਣ ਲੱਗੇ। ਕੁਝ ਲੋਕ ਇਹ ਵਿਸ਼ਵਾਸ ਵੀ ਪ੍ਰਗਟਾਉਂਦੇ ਹਨ ਕਿ ਲੋਹੜੀ ਸ਼ਬਦ ‘ਲੋਹ’ ਤੋਂ ਬਣਿਆ ਹੈ, ਜਿਸਨੂੰ ਅਸੀ ਹੁਣ ਤਵੇ ਦੇ ਤੌਰ ‘ਤੇ ਵਰਤਦੇ ਹਾਂ। ਲੋਹੜੀ ਸਮੇਂ ਤਿਲ ਅਤੇ ਰਿਉੜੀ ਦਾ ਵਰਤਣਾ ਜ਼ਰੂਰੀ ਸਮਝਿਆ ਜਾਂਦਾ ਹੈ। ਕਿਉਂਕਿ ਦੋਹਾਂ ਦੇ ਸੁਮੇਲ ਨਾਲ ਹੀ ਲੋਹੜੀ ਸ਼ਬਦ ਹੋਂਦ ਵਿਚ ਆਇਆ ਹੈ। ਬਿਕਰਮੀ ਕੈਲੰਡਰ ਅਨੁਸਾਰ ਲੋਹੜੀ ਪੋਹ ਦੇ ਮਹੀਨੇ ਲਗਭਗ 13 ਜਨਵਰੀ ਨੂੰ ਆਉਂਦੀ ਹੈ। ਇਸਦਾ ਮਨਾਉਣਾ ਮਕਰ ਸੰਕ੍ਰਾਂਤੀ ਤੋਂ ਇਕ ਦਿਨ ਪਹਿਲਾਂ ਜ਼ਰੂਰੀ ਸਮਝਿਆ ਜਾਂਦਾ ਹੈ। ਇਸ ਦਿਨ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਸੂਰਜ ਮੱਕਰ ਰਾਸ਼ੀ ਵਿਚ ਪ੍ਰਵੇਸ਼ ਕਰ ਜਾਂਦਾ ਹੈ ਤੇ ਧਨੂ ਰਾਸ਼ੀ ਵਿਚੋਂ ਬਾਹਰ ਆ ਜਾਂਦਾ ਹੈ। ਇਹ ਵੀ ਵਿਸ਼ਵਾਸ ਬਣਿਆ ਹੋਇਆ ਹੈ ਕਿ ਲੋਹੜੀ ਮੰਗਣ ਵਾਲਿਆਂ ਨੂੰ ਬਿਨਾਂ ਕੁਝ ਦਿੱਤਿਆਂ ਨਹੀਂ ਮੋੜਨਾ ਚਾਹੀਦਾ ਜੋ ਕਿ ਇਕ ਅਪਸ਼ਗਨ ਸਮਝਿਆ ਜਾਂਦਾ ਹੈ। ਪੰਜਾਬ ਵਿਚ ਵੀ ਲੋਹੜੀ ਨੂੰ ਆਪੋ ਆਪਣੇ ਵਿਸ਼ਵਾਸ ਅਨੁਸਾਰ ਭਿੰਨ-ਭਿੰਨ ਢੰਗਾਂ ਨਾਲ ਮਨਾਇਆ ਜਾਂਦਾ ਹੈ ਤੇ ਖਾਸ ਕਿਸਮ ਦੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ। ਕਈ ਥਾਵਾਂ ਤੇ ਲੋਹੜੀ ਦੇਵੀ ਦੀ ਇਕ ਮੂਰਤ ਗਾਂ ਦੇ ਗੋਬਰ ਰਾਹੀਂ ਬਣਾਈ ਜਾਂਦੀ ਹੈ ਤੇ ਉਸਦੇ ਥੱਲੇ ਅੱਗ ਬਾਲ ਕੇ ਉਸਦੀ ਉਸਤਤ ਕੀਤੀ ਜਾਂਦੀ ਹੈ, ਪਰ ਆਮ ਤੌਰ ‘ਤੇ ਲੋਹੜੀ ਗਾਰੇ ਦੀਆਂ ਪਾਥੀਆਂ ਅਤੇ ਲੱਕੜਾਂ ਨਾਲ ਬਾਲੀ ਜਾਂਦੀ ਹੈ। ਲੋਹੜੀ ਬਾਰੇ ਇਹ ਵੀ ਵਿਸ਼ਵਾਸ ਬਣਿਆ ਹੋਇਆ ਹੈ ਕਿ ਜਿੰਨਾਂ ਚਿਰ ਬਲਦੀ ਰਹੇ, ਲੋਕਾਂ ਨੂੰ ਉੱਠਣ ਲਈ ਨਹੀਂ ਕਿਹਾ ਜਾਂਦਾ। ਕੁਝ ਲੋਕ ਤਾਂ ਅੱਗ ਦੇ ਦੁਆਲੇ ਪਰਿਕਰਮਾ ਵੀ ਕਰਦੇ ਹਨ। ਠੰਢੀਆਂ ਹੋਈਆਂ ਲੱਕੜਾਂ ਨੂੰ ਘਰ ਲੈ ਜਾਣਾ ਸ਼ੁਭ ਸ਼ਗਨ ਸਮਝਿਆ ਜਾਂਦਾ ਹੈ।
ਤਿਉਹਾਰਾਂ ਨੂੰ ਸੀਮਾ ਵਿਚ ਰਹਿ ਕੇ ਮਨਾਉਣਾ ਚੰਗੀ ਰੀਤ ਹੈ, ਪਰ ਜੇ ਮਰਿਆਦਾ ਤੇ ਸਭਿਆਚਾਰ ਦੀ ਖੁਸ਼ਬੂ ਨੂੰ ਤਿਆਗ ਕੇ ਲੋਹੜੀ ਮਨਾਈ ਜਾਵੇ ਤਾਂ ਇਹ ਤਿਉਹਾਰ ਵੀ ਸਾਡੀਆਂ ਕਦਰਾਂ-ਕੀਮਤਾਂ ਨੂੰ ਕਲੰਕਿਤ ਕਰਦੇ ਹਨ। ਗਿੱਧੇ ਭੰਗੜੇ ਪਾਉਣੇ ਚੰਗੀ ਗੱਲ ਹੈ, ਪਰ ਜੇ ਸ਼ਰਾਬਾਂ ਪੀ ਕੇ ਜਾਂ ਬਾਜ਼ਾਰਾਂ ਵਿਚ ਰੌਲਾ ਰੱਪਾ ਪਾ ਕੇ ਲੋਹੜੀ ਮਨਾਈ ਜਾਵੇ ਤਾਂ ਇਕ ਮਾੜੀ ਰੀਤ ਬਣ ਜਾਂਦੀ ਹੈ। ਲੋਹੜੀ ਦਾ ਤਿਉਹਾਰ ਲਿੰਗ ਵਖਰੇਵੇਂ ਤੋਂ ਉਪਰ ਉੱਠ ਕੇ ਮਨਾਉਣਾ ਚਾਹੀਦਾ ਹੈ। ਲੜਕਾ ਤੇ ਲੜਕੀ ਦੋਵੇਂ ਪਰਮਾਤਮਾ ਦੇ ਸਾਜੇ ਹੋਏ ਬਰਾਬਰ ਦੇ ਜੀਵ ਹਨ, ਲੋਹੜੀ ਨੂੰ ਕਿਉਂ ਮੁੰਡੇ ਦੇ ਜਨਮ ਨਾਲ ਜੋੜਿਆ ਜਾਂਦਾ ਹੈ ਤੇ ਬੇਹੂਦਾ ਖਰਚਾ ਕੀਤਾ ਜਾਂਦਾ ਹੈ? ਦੇਸ਼ ਦੀਆਂ ਸੁੰਦਰ, ਮੁੰਦਰੀ ਵਰਗੀਆਂ ਮੁਟਿਆਰਾਂ ਨੂੰ ਪਹਿਲਾਂ ਮਾਂ ਦੇ ਗਰਭ ਵਿਚ ਹੀ ਨਾ ਮਾਰੋ, ਸਗੋਂ ਲੜਕੀਆਂ ਦੀ ਵੀ ਲੋਹੜੀ ਪੂਰੀ ਤਰ੍ਹਾਂ ਜਜ਼ਬੇ ਨਾਲ ਮਨਾਓ। ਦੁੱਲੇ ਭੱਟੀ ਦਾ ਕਰੱਤਵ ਹੁਣ ਸਰਕਾਰਾਂ ਤੇ ਸਮਾਜਕ ਜੱਥੇਬੰਦੀਆਂ ਨੇ ਨਿਭਾਹੁਣਾ ਹੈ। ਕੁੜੀਆਂ ਦੀ ਲੋਹੜੀ ਮਨਾਉਣਾ ਹੁਣ ਕੇਵਲ ਅਖ਼ਬਾਰਾਂ ਦੀ ਸੁਰਖੀ ਬਣਨ ਵਾਸਤੇ ਨਹੀਂ, ਸਗੋਂ ਇੱਕ ਆਮ ਸਮਾਜਕ ਵਰਤਾਰੇ ਦੀ ਗੱਲ ਬਣਨੀ ਚਾਹੀਦੀ ਹੈ।