ਲੇਖ ਰਚਨਾ : ਸੰਚਾਰ ਦੇ ਸਾਧਨ
ਸੰਚਾਰ ਦੀ ਸਮੱਸਿਆ : ਸੰਚਾਰ ਦੇ ਅਰਥ ਹਨ-ਵਿਚਾਰਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਭੇਜਣਾ। ਮਨੁੱਖ ਦੇ ਸਾਹਮਣੇ ਆਪਣੇ ਸੰਬੰਧੀਆਂ, ਰਿਸ਼ਤੇਦਾਰਾਂ ਤੇ ਸੱਜਣਾਂ-ਮਿੱਤਰਾਂ ਤਕ ਆਪਣੇ ਸੰਦੇਸ਼ ਅਤੇ ਵਿਚਾਰ ਪਹੁੰਚਾਉਣ ਦੀ ਸਮੱਸਿਆ ਹਮੇਸ਼ਾ ਹੀ ਰਹੀ ਹੈ। ਇਸ ਦੇ ਨਾਲ ਹੀ ਉਹ ਆਪਣੇ ਵਿਚਾਰਾਂ ਤੇ ਭਾਵਨਾਵਾਂ ਨੂੰ ਵੱਧ ਤੋਂ ਵੱਧ ਲੋਕਾਂ ਤੀਕ ਪਹੁੰਚਾਉਣ ਦੀ ਇੱਛਾ ਵੀ ਰੱਖਦਾ ਹੈ। ਪੁਰਾਣੇ ਸਮੇਂ ਵਿਚ ਉਸ ਨੂੰ ਆਪਣੇ ਇਸ ਮੰਤਵ ਲਈ ਸੰਦੇਸ਼-ਵਾਹਕ ਭੇਜਣੇ ਪੈਂਦੇ ਸਨ, ਜੋ ਘੋੜਿਆਂ ਆਦਿ ਉੱਪਰ ਸਵਾਰ ਹੋ ਕੇ ਜਾਂ ਪੈਦਲ ਤੁਰ ਕੇ ਉਸ ਦੇ ਵਿਚਾਰ ਜਾਂ ਸੁਨੇਹੇ ਇਕ ਥਾਂ ਤੋਂ ਦੂਜੀ ਥਾਂ ਤੀਕ ਪੁਚਾ ਦਿੰਦੇ ਸਨ। ਕਈ ਵਾਰ ਮਨੁੱਖ ਸੁਨੇਹੇ ਆਦਿ ਭੇਜਣ ਲਈ ਸਿੱਖੇ ਹੋਏ ਪੰਛੀਆਂ, ਕਬੂਤਰਾਂ ਆਦਿ ਦੀ ਵਰਤੋਂ ਵੀ ਕਰਦਾ ਸੀ, ਪਰ ਇਨ੍ਹਾਂ ਸਾਰੇ ਸਾਧਨਾਂ ਦੁਆਰਾ ਸਮਾਂ ਵੀ ਵਧੇਰੇ ਲਗਦਾ ਸੀ ਤੇ ਅਨਿਸਚਿਤਤਾ ਵੀ ਕਾਇਮ ਰਹਿੰਦੀ ਸੀ।
ਵਿਗਿਆਨਿਕ ਕਾਢਾਂ ਤੇ ਸੰਚਾਰ : ਵਰਤਮਾਨ ਯੁੱਗ ਵਿਚ ਵਿਗਿਆਨਿਕ ਕਾਢਾਂ ਨੇ ਮਨੁੱਖੀ ਸੰਚਾਰ ਦੇ ਖੇਤਰ ਵਿਚ ਹੈਰਾਨਕੁਨ ਤਬਦੀਲੀ, ਤੇਜ਼ੀ ਤੇ ਅਚੂਕਤਾ ਲੈ ਆਂਦੀ ਹੈ। ਇਸ ਖੇਤਰ ਵਿਚ ਵਾਇਰਲੈੱਸ, ਡਾਕ, ਰੇਡੀਓ, ਟੈਲੀਵਿਯਨ, ਟੈਲੀਫ਼ੋਨ, ਮੋਬਾਈਲ ਫ਼ੋਨ, ਕੰਪਿਊਟਰ ਇੰਟਰਨੈੱਟ ਦੀਆਂ ਕਾਢਾਂ ਤੇ ਸੋਸ਼ਲ ਮੀਡੀਆਂ ਦੀ ਉਪਜ ਅਤਿਅੰਤ ਮਹੱਤਵਪੂਰਨ ਹਨ।
ਡਾਕ-ਤਾਰ : ਡਾਕ ਦੇ ਨਾਲ ਤਾਰ ਰਾਹੀਂ ਅਸੀਂ ਚਿੱਠੀਆਂ ਲਿਖ ਕੇ ਅਤੇ ਮਨੀ-ਆਰਡਰ ਤੇ ਪਾਰਸਲ ਭੇਜ ਕੇ ਦੂਰ ਬੈਠੇ ਵਿਅਕਤੀਆਂ ਨਾਲ ਸੰਪਰਕ ਪੈਦਾ ਕਰਦੇ ਹਾਂ। ਇਸ ਰਾਹੀਂ ਸਾਡੇ ਭਾਵ ਤੇ ਵਿਚਾਰ ਲਿਖਤੀ-ਰੂਪ ਵਿਚ ਅਗਲੇ ਤਕ ਪੁੱਜ ਜਾਂਦੇ ਹਨ ਤੇ ਕਿਸੇ ਕਿਸਮ ਦੇ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿੰਦੀ ਹੈ। ਮੋਬਾਈਲ ਅਤੇ ਇੰਟਰਨੈੱਟ ਤੋਂ ਪਹਿਲਾਂ ਡਾਕ, ਵਾਇਰਲੈੱਸ, ਰੇਡੀਓ ਤੇ ਤਾਰ ਸੰਚਾਰ ਦੇ ਮੁੱਖ ਸਾਧਨ ਰਹੇ ਹਨ, ਪਰੰਤੂ ਅੱਜ-ਕਲ੍ਹ ਜਦੋਂ ਆਧੁਨਿਕ ਸਾਧਨਾਂ ਨਾਲ ਗੱਲ-ਬਾਤ ਮਿੰਟਾਂ-ਸਕਿੰਟਾਂ ਵਿਚ ਸਿੱਧੀ ਹੋ ਜਾਂਦੀ ਹੈ, ਤਾਂ ਇਨ੍ਹਾਂ ਦਾ ਮਹੱਤਵ ਬਹੁਤ ਘਟ ਗਿਆ ਹੈ। ਇਸ ਕਰਕੇ ਸਾਡੇ ਦੇਸ਼ ਵਿਚ ਤਾਰ-ਪ੍ਰਬੰਧ ਤਾਂ ਬੰਦ ਹੀ ਕਰ ਦਿੱਤਾ ਗਿਆ ਹੈ।
ਟੈਲੀਫ਼ੋਨ ਤੇ ਮੋਬਾਈਲ ਫੋਨ : ਟੈਲੀਫ਼ੋਨ ਤੇ ਮੋਬਾਈਲ ਰਾਹੀਂ ਅਸੀਂ ਇਕ ਥਾਂ ਬੈਠੇ ਹੀ ਦੁਨੀਆ ਭਰ ਵਿਚ ਦੂਰ-ਦੂਰ ਵਿਚਰ ਰਹੇ ਆਪਣੇ ਰਿਸ਼ਤੇਦਾਰਾਂ, ਸੰਬੰਧੀਆਂ, ਦੋਸਤਾਂ-ਮਿੱਤਰਾਂ ਤੇ ਕਾਰੋਬਾਰ ਨਾਲ ਸੰਬੰਧਿਤ ਵਿਅਕਤੀਆਂ ਨੂੰ ਸੁਨੇਹੇ ਭੇਜ ਸਕਦੇ ਹਾਂ। ਟੈਲੀਫ਼ੋਨ ਆਮ ਕਰਕੇ ਇਕ ਥਾਂ ਤੋਂ ਦੂਜੇ ਥਾਂ ਨਾਲ ਤਾਰ ਨਾਲ ਜੁੜਿਆ ਹੁੰਦਾ ਹੈ। ਟੈਲੀਫ਼ੋਨਾਂ ਦੇ ਸੈਟੇਲਾਈਟਾਂ ਨਾਲ ਜੁੜਨ ਦੇ ਸਿੱਟੇ ਵਜੋਂ ਤੇ ਮੋਬਾਈਲ ਸੇਵਾ ਆਮ ਹੋਣ ਕਰਕੇ ਕੇਵਲ ਇਕ ਦੇਸ਼ ਦੇ ਸ਼ਹਿਰ ਹੀ ਨਹੀਂ, ਸਗੋਂ ਵਿਦੇਸ਼ ਵੀ ਸਿੱਧੇ ਇਨ੍ਹਾਂ ਸੰਚਾਰ ਸਾਧਨਾਂ ਨਾਲ ਜੁੜ ਗਏ ਹਨ। ਤੁਸੀਂ ਆਪਣੇ ਟੈਲੀਫ਼ੋਨ ਜਾਂ ਮੋਬਾਈਲ ਤੋਂ ਨੰਬਰ ਮਿਲਾ ਕੇ ਬਿਨਾਂ ਕਿਸੇ ਦੇਰੀ ਤੋਂ ਆਪਣੇ ਦੇਸ਼ ਦੇ ਕਿਸੇ ਵੀ ਸ਼ਹਿਰ ਜਾਂ ਵਿਦੇਸ਼ ਵਿਚ ਗੱਲਾਂ ਕਰ ਸਕਦੇ ਹੋ।
ਅੱਜ-ਕਲ੍ਹ ਦੁਨੀਆ ਦੀ ਅੱਠ ਅਰਬ ਅਬਾਦੀ ਵਿਚੋਂ 7 ਅਰਬ 26 ਕਰੋੜ ਲੋਕ ਮੋਬਾਈਲ ਫ਼ੋਨਾਂ ਦੀ ਵਰਤੋਂ ਕਰ ਰਹੇ ਹਨ ; ਕਿਉਂਕਿ ਇਨ੍ਹਾਂ ਨਾਲ ਤੁਸੀਂ ਦੂਰ-ਦੂਰ ਤਕ ਸਫ਼ਰ ਕਰਦੇ ਹੋਏ ਉਸ ਵਿਅਕਤੀ ਨਾਲ ਗੱਲਾਂ ਕਰ ਸਕਦੇ ਹੋ, ਜਿਹੜਾ ਆਪ ਵੀ ਕਿਤੇ ਟਿਕ ਕੇ ਨਾ ਬੈਠਾ ਹੋਵੇ। ਇਹ ਉਸਨੂੰ ਲੱਭ ਕੇ ਤੁਹਾਡੇ ਨਾਲ ਜੋੜ ਜਿੰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਕੰਪਿਊਟਰ ਇੰਟਰਨੈੱਟ, ਸ਼ੋਸ਼ਲ ਮੀਡੀਆ ਦੇ ਭਿੰਨ-ਭਿੰਨ ਰੂਪ, ਕੈਮਰਾ, ਵੀ.ਡੀ.ਓ., ਜੀ. ਪੀ.ਐੱਸ., ਕੈਲੰਡਰ, ਕੈਲਕੁਲੇਟਰ ਤੇ ਗੇਮਾਂ ਆਦਿ ਹਰ ਪ੍ਰਕਾਰ ਦੀ ਸਹੂਲਤ ਮੌਜੂਦ ਹੋਣ ਕਰਕੇ ਇਹ ਸਭ ਤੋਂ ਵੱਧ ਹਰਮਨ ਪਿਆਰਾ, ਵਿਸ਼ਵਾਸਯੋਗ ਤੇ ਹਰ ਵੇਲੇ ਹੱਥ ਵਿਚ ਫੜ ਕੇ ਜਾਂ ਜੇਬ ਵਿਚ ਪਾ ਕੇ ਰੱਖਿਆ ਜਾਣ ਵਾਲਾ ਸੰਚਾਰ ਸਾਧਨ ਹੈ। ਇਸ ਕਰਕੇ ਕੋਈ ਵੀ ਘਰੋਂ ਜਾਂ ਦਫ਼ਤਰੋਂ ਬਾਹਰ ਜਾਣ ਲੱਗਾ, ਇਸਨੂੰ ਚਾਰਜ ਰੱਖਣਾ ਤੇ ਨਾਲ ਲਿਜਾਣਾ ਨਹੀਂ ਭੁੱਲਦਾ।
ਕੰਪਿਊਟਰ, ਇੰਟਰਨੈੱਟ ਅਤੇ ਸੋਸ਼ਲ ਮੀਡੀਆ : ਸੰਚਾਰ ਦਾ ਅਗਲਾ ਸਾਧਨ ਕੰਪਿਊਟਰ ਨੈੱਟਵਰਕ ਹੈ, ਜੋ ਕਿ ਵਰਤਮਾਨ ਯੁਗ ਦਾ ਸਭ ਤੋਂ ਹਰਮਨ-ਪਿਆਰਾ, ਤੇਜ਼, ਅਚੂਕ ਤੇ ਅਤਿਅੰਤ ਸਹੂਲਤਾਂ ਭਰਿਆ ਸੰਚਾਰ-ਸਾਧਨ ਹੈ। ਇਸ ਰਾਹੀਂ ਅਸੀਂ ਈ-ਮੇਲ, ਸੁਨੇਹੇ ਤੇ ਡਾਕੂਮੈਂਟ ਭੇਜ ਸਕਦੇ ਹਾਂ। ਇਸ ਤੋਂ ਇਲਾਵਾ ਵੈਬ-ਸਾਈਟਾਂ ਰਾਹੀਂ ਕਿਸੇ ਵੀ ਜਾਣਕਾਰੀ ਨੂੰ ਸਾਰੀ ਦੁਨੀਆ ਵਿਚ ਖਿਲਾਰ ਸਕਦੇ ਹਾਂ ਤੇ ਇਨ੍ਹਾਂ ਤੋਂ ਜਿਸ ਪ੍ਰਕਾਰ ਦੀ ਵੀ ਚਾਹੀਏ ਜਾਣਕਾਰੀ ਨੂੰ ਜੀਵਤ ਤਸਵੀਰਾਂ ਤੇ ਤੱਥਾਂ ਸਹਿਤ ਪ੍ਰਾਪਤ ਕਰ ਸਕਦੇ ਹਾਂ। ਅੱਜ-ਕਲ੍ਹ ਡੈਸਕਟਾਪ, ਲੈਪ-ਟਾਪ, ਕੰਪਿਊਟਰ ਆਈ-ਪੈਡ ਤੇ ਕੰਪਿਊਟਰੀਕ੍ਰਿਤ ਇੰਟਰਨੈੱਟ ਯੁਕਤ ਮੋਬਾਈਲ ਫ਼ੋਨਾਂ ਉੱਤੇ ਮੌਜੂਦ ਭਿੰਨ-ਭਿੰਨ ਕਿਸਮ ਦੇ ਸੋਸ਼ਲ ਸਾਈਟਸ ਆਪਸੀ ਸੰਚਾਰ ਤੇ ਆਦਾਨ-ਪ੍ਰਦਾਨ ਲਈ ਬਹੁਤ ਹੀ ਹਰਮਨ-ਪਿਆਰੇ ਹੋ ਚੁੱਕੇ ਸਾਧਨ ਹਨ। ਬੇਸ਼ਕ ਅੱਜ ਕੁੱਝ ਖ਼ੁਦਗ਼ਰਜ਼ ਅਨਸਰਾਂ ਦੁਆਰਾ ਇਨ੍ਹਾਂ ਦੀ ਦੁਰਵਰਤੋਂ ਦਾ ਵਰਤਾਰਾ ਵੀ ਆਮ ਪਸਰ ਚੁੱਕਾ ਹੈ। ਇੰਟਰਨੈੱਟ ਉੱਤੇ ਵਿਕਸਿਤ ਹੋਏ ਸੋਸ਼ਲ-ਸਾਈਟਾਂ, ਫੇਸਬੁੱਕ, ਯੂ-ਟਿਊਬ, ਟਵਿੱਟਰ, ਵਟਸ ਐੱਪ, ਲਿੰਕਡਿਨ, ਈ-ਕਾਮਰਸ ਆਦਿ ਨੇ ਆਪਸੀ ਸੰਚਾਰ ਤੇ ਮੇਲ-ਮਿਲਾਪ ਨੂੰ ਬੇਹੱਦ ਹੁਲਾਰਾ ਦਿੱਤਾ ਹੈ।
ਰੇਡੀਓ ਤੇ ਟੈਲੀਵਿਯਨ : ਸੰਚਾਰ ਦੇ ਅਗਲੇ ਸਭ ਤੋਂ ਮਹੱਤਵਪੂਰਨ ਸਾਧਨ ਰੇਡੀਓ ਅਤੇ ਟੈਲੀਵਿਯਨ ਹਨ। ਇਹ ਦੋਵੇਂ ਸਾਡੇ ਜੀਵਨ ਦਾ ਮਹੱਤਵਪੂਰਨ ਅੰਗ ਹਨ। ਇਨ੍ਹਾਂ ਰਾਹੀਂ ਸਾਡਾ ਦਿਲ-ਪਰਚਾਵਾ ਵੀ ਕੀਤਾ ਜਾਂਦਾ ਹੈ ਤੇ ਸਾਨੂੰ ਖ਼ਬਰਾਂ ਤੇ ਸੂਚਨਾਵਾਂ ਵੀ ਦਿੱਤੀਆਂ ਜਾਂਦੀਆਂ ਹਨ। ਇਹ ਇਸ਼ਤਿਹਾਰਬਾਜ਼ੀ ਦੇ ਵੀ ਪ੍ਰਮੁੱਖ ਸਾਧਨ ਹਨ। ਟੈਲੀਵਿਯਨ ਰਾਹੀਂ ਕਿਸੇ ਥਾਂ ਚਲ ਰਹੇ ਪ੍ਰੋਗਰਾਮ ਨੂੰ ਸਿੱਧਾ ਜੀਵਨਮਈ ਰੂਪ ਵਿਚ ਪੇਸ਼ ਕੀਤਾ ਜਾ ਸਕਦਾ ਹੈ। ਹੁਣ ਟੈਲੀਵਿਯਨ ਦੇ ਨਾਲ ਹੀ ਯੂ-ਟਿਊਬ ਤੇ ਵਟਸ ਐਪ ਵਰਗੇ ਸੋਸ਼ਲ ਸਾਈਟ ਵੀ ਇਹੋ ਕੰਮ ਹੀ ਕਰ ਰਹੇ ਹਨ। ਸੂਚਨਾ-ਸੰਚਾਰ ਲਈ ਟੈਲੀਵਿਯਨ ਤੇ ਕੇਬਲ ਚੈਨਲ, ਚਿਤਰਾਂ ਸਹਿਤ ਖ਼ਬਰਾਂ ਤੋਂ ਇਲਾਵਾ ਮੈਚਾਂ, ਮੁਕਾਬਲਿਆਂ ਆਦਿ ਦਾ ਨਾਲੋ ਨਾਲ ਪ੍ਰਸਾਰਨ ਵੀ ਕਰਦੇ ਹਨ। ਅੱਜ ਸੰਚਾਰ ਦੇ ਇਹ ਸਾਰੇ ਸਾਧਨ ਸਾਡੇ ਜੀਵਨ ਵਿਚ ਨਿਵੇਕਲਾ ਸਥਾਨ ਰੱਖਦੇ ਹਨ। ਇਹ ਸੰਚਾਰ ਸਾਧਨ ਸਾਡੇ ਦੇਸ਼ ਦੇ ਆਰਥਿਕ, ਸਮਾਜਿਕ ਤੇ ਵਿੱਦਿਅਕ ਵਿਕਾਸ ਵਿਚ ਸਾਰਥਕ ਰੋਲ ਅਦਾ ਕਰਦੇ ਹਨ। ਇਨ੍ਹਾਂ ਨਾਲ ਲੋਕਾਂ ਵਿਚ ਚੇਤੰਨਤਾ ਤੇ ਜਾਗ੍ਰਿਤੀ ਪੈਦਾ ਹੁੰਦੀ ਹੈ, ਜੋ ਕਿ ਦੇਸ਼ ਦੀ ਉੱਨਤੀ ਤੇ ਤਰੱਕੀ ਵਿਚ ਸਹਾਈ ਸਿੱਧ ਹੁੰਦੀ ਹੈ।
ਅਖ਼ਬਾਰਾਂ : ਇਨ੍ਹਾਂ ਤੋਂ ਇਲਾਵਾ ਅਖ਼ਬਾਰਾਂ ਵੀ ਵਰਤਮਾਨ ਯੁਗ ਵਿਚ ਸੰਚਾਰ ਦਾ ਮਹੱਤਵਪੂਰਨ ਸਾਧਨ ਹਨ। ਅੱਜ-ਕਲ੍ਹ ਦੁਨੀਆ ਭਰ ਦੀਆਂ ਅਖ਼ਬਾਰਾਂ ਦੀ ਸਾਮਗਰੀ ਇੰਟਨੈੱਟ ਉੱਤੇ ਵੀ ਮੌਜੂਦ ਹੈ।
ਸਾਰ-ਅੰਸ਼ : ਸਮੁੱਚੇ ਤੌਰ ‘ਤੇ ਅਸੀਂ ਕਹਿ ਸਕਦੇ ਹਾਂ ਕਿ ਵਰਤਮਾਨ ਵਿਗਿਆਨਿਕ ਯੁਗ ਵਿਚ ਸੰਚਾਰ ਸਾਧਨਾਂ ਨੇ ਹੈਰਾਨੀ ਭਰੀ ਤਰੱਕੀ ਕੀਤੀ ਹੈ। ਇਨ੍ਹਾਂ ਦੇ ਵਿਕਾਸ ਨਾਲ ਜਿੱਥੇ ਸਾਡੇ ਜੀਵਨ ਵਿਚ ਸੁਖ ਤੇ ਸਹੂਲਤਾਂ ਦਾ ਵਾਧਾ ਹੋਇਆ ਹੈ, ਉੱਥੇ ਦੇਸ਼ ਅਤੇ ਸਮਾਜ ਦੇ ਵਿਕਾਸ ਨੂੰ ਵੀ ਹੁਲਾਰਾ ਮਿਲਿਆ ਹੈ। ਕਿਧਰੇ-ਕਿਧਰੇ ਗ਼ਲਤ-ਸੰਚਾਰ ਇਸ਼ਤਿਹਾਰਬਾਜ਼ੀ ਗ਼ਲਤ ਸੂਚਨਾਵਾਂ, ਭੁਚਲਾਊ ਤੇ ਸ਼ੈਤਾਨੀ ਸਾਮਗਰੀ ਨੁਕਸਾਨ ਵੀ ਪੁਚਾਉਂਦੀਆਂ ਹਨ, ਜਿਨ੍ਹਾਂ ਤੋਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ।