ਲੇਖ ਰਚਨਾ : ਸਾਡੇ ਸਕੂਲ ਦਾ ਸਲਾਨਾ ਸਮਾਗਮ
ਸਾਡੇ ਸਕੂਲ ਦਾ ਸਲਾਨਾ ਸਮਾਗਮ
ਜਾਣ-ਪਛਾਣ – ਸਕੂਲ ਦਾ ਸਲਾਨਾ ਸਮਾਗਮ ਸਕੂਲ ਦੀ ਵਿੱਦਿਅਕ, ਕਲਚਰਲ, ਖੇਡ-ਪ੍ਰਤੀਯੋਗਤਾ ਦੀਆਂ ਪ੍ਰਾਪਤੀਆਂ ਦਾ ਲੇਖਾ-ਜੋਖਾ ਪੇਸ਼ ਕਰਨ, ਵਿਦਿਆਰਥੀਆਂ ਨੂੰ ਇਨਾਮ ਦੇ ਕੇ ਉਤਸ਼ਾਹਤ ਕਰਨ ਦਾ ਦਿਨ ਹੁੰਦਾ ਹੈ। ਇਹ ਸਾਲ ਵਿੱਚ ਇੱਕ ਵਾਰ ਮਨਾਇਆ ਜਾਂਦਾ ਹੈ ਤੇ ਵਿਦਿਆਰਥੀ ਬੜੀ ਲਗਨ ਤੇ ਮਿਹਨਤ ਨਾਲ ਇਸ ਦੀਆਂ ਤਿਆਰੀਆਂ ਕਰਦੇ ਹਨ।
ਮੁੱਖ ਮਹਿਮਾਨ ਦੀ ਭੂਮਿਕਾ – ਸਕੂਲ ਸਲਾਨਾ ਸਮਾਗਮ ‘ਤੇ ਕਿਸੇ ਮੰਤਰੀ, ਨੇਤਾ, ਪ੍ਰਬੰਧਕ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਜਾਂਦਾ ਹੈ। ਜਦੋਂ ਉਹ ਸਕੂਲ ਅੰਦਰ ਦਾਖਲ ਹੁੰਦੇ ਹਨ ਤਾਂ ਸਾਰੇ ਵਿਦਿਆਰਥੀ ਅਤੇ ਸਟਾਫ ਮੈਂਬਰ ਤਾੜੀਆਂ ਨਾਲ ਉਨ੍ਹਾਂ ਦਾ ਸਵਾਗਤ ਕਰਦੇ ਹਨ।
ਸਾਡੇ ਸਕੂਲ ਦਾ ਸਲਾਨਾ ਸਮਾਗਮ – ਸਾਡੇ ਸਕੂਲ ਦਾ ਨਾਂ ………………………………. ਹੈ। ਇਹ ਸ਼ਹਿਰ ਦੇ ਚੰਗੇ ਸਕੂਲਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਸਾਡੇ ਸਕੂਲ ਵਿੱਚ ਸਲਾਨਾ ਸਮਾਗਮ ਤੋਂ ਕਾਫ਼ੀ ਮਹੀਨੇ ਪਹਿਲਾਂ ਇਸ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਅਧਿਆਪਕ ਤੇ ਵਿਦਿਆਰਥੀ ਮਿਲ ਕੇ ਸਮਾਗਮ ਦੀਆਂ ਤਿਆਰੀਆਂ ਕਰਦੇ ਹਨ। ਸਾਡੇ ਸਕੂਲ ਦਾ ਸਲਾਨਾ ਸਮਾਗਮ ਨਵੰਬਰ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ।
ਸਲਾਨਾ ਸਮਾਗਮ ਦੀ ਤਿਆਰੀ – ਸਲਾਨਾ ਸਮਾਗਮ ਦੀ ਤਿਆਰੀ ਅਧੀਨ ਸਾਡੇ ਸਕੂਲ ਦੇ ਮੈਦਾਨ ਵਿੱਚ ਹਰਾ-ਹਰਾ ਘਾਹ ਤੇ ਕਈ ਤਰ੍ਹਾਂ ਦੇ ਫੁੱਲ ਉਗਾਏ ਗਏ। ਗਿੱਧਾ-ਭੰਗੜਾ, ਹਾਸ-ਰਸ, ਡਰਾਮੇ ਤੇ ਹਿੰਦੀ-ਪੰਜਾਬੀ ਗੀਤਾਂ ਦੀ ਤਿਆਰੀ ਅਧਿਆਪਕ ਕਰਾਉਣ ਲੱਗੇ।
ਸਮਾਗਮ ਦੇ ਦਿਨ ਤੇ ਪੰਡਾਲ ਦੀ ਸਜਾਵਟ – ਸਮਾਗਮ ਦੇ ਦਿਨ ਅਧਿਆਪਕ ਤੇ ਵਿਦਿਆਰਥੀ ਭੱਜ-ਭੱਜ ਕੇ ਤਿਆਰੀ ਕਰ ਰਹੇ ਸਨ। ਪੰਡਾਲ ਨੂੰ ਡਰਾਇੰਗ ਵਾਲੇ ਬੱਚਿਆਂ ਨੇ ਚਾਰਟਾਂ ਤੇ ਝੰਡੀਆਂ ਨਾਲ ਸਜਾਇਆ ਸੀ। ਪੂਰਾ ਨਜ਼ਾਰਾ ਵੇਖਣ ਯੋਗ ਸੀ।
ਮੁੱਖ ਮਹਿਮਾਨ ਦਾ ਆਉਣਾ – ਮੁੱਖ ਮਹਿਮਾਨ ਦੇ ਤੌਰ ਤੇ ਇਸ ਵਾਰ ਰਾਜ ਦੇ ਸਿੱਖਿਆ ਮੰਤਰੀ ਬੁਲਾਏ ਗਏ। ਉਨ੍ਹਾਂ ਦੇ ਆਉਣ ’ਤੇ ਸਕੂਲ ਦੇ ਹੈੱਡ ਬੁਆਏ ਤੇ ਹੈੱਡ ਗਰਲ ਨੇ ਉਨ੍ਹਾਂ ਤੋਂ ਰਿਬਨ ਕਟਵਾਇਆ ਤੇ ਬਾਕੀ ਸਭ ਨੇ ਤਾੜੀਆਂ ਵਜਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਪਹਿਲਾਂ ਉਨ੍ਹਾਂ ਨੂੰ ਸਾਰੇ ਸਕੂਲ ਦਾ ਚੱਕਰ ਲਗਵਾਇਆ ਗਿਆ ਤੇ ਫਿਰ ਦਫ਼ਤਰ ਵਿੱਚ ਬਿਠਾ ਕੇ ਚਾਹ-ਪਾਣੀ ਪਿਲਾਇਆ ਗਿਆ।
ਸਮਾਗਮ ਦਾ ਆਰੰਭ – ਸਕੂਲ ਦੀ ਸਟੇਜ ਸਾਡੀ ਪੰਜਾਬੀ ਅਧਿਆਪਕਾ ਅਮਰਜੀਤ ਕੌਰ ਨਰੂਲਾ ਨੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਸੰਭਾਲ ਲਈ। ਹਾਸ-ਰਾਸ ਸਕਿੱਟਾਂ ਤੇ ਗਿੱਧੇ-ਭੰਗੜੇ ਦੀਆਂ ਧਮਾਲਾਂ ਨੇ ਮੁੱਖ ਮਹਿਮਾਨ ਤੇ ਹੋਰਨਾਂ ਮਹਿਮਾਨਾਂ ਨੂੰ ਕੀਲ ਕੇ ਰੱਖ ਦਿੱਤਾ।
ਪ੍ਰਿੰਸੀਪਲ ਸਰ ਤੇ ਮੁੱਖ ਮਹਿਮਾਨ ਦਾ ਸਟੇਜ ਤੇ ਆਉਣਾ – ਤਾੜੀਆਂ ਦੀ ਗੂੰਜ ਨਾਲ ਮੁੱਖ ਮਹਿਮਾਨ ਸਟੇਜ `ਤੇ ਆਏ। ਪ੍ਰਿੰਸੀਪਲ ਸਰ ਨੇ ਕੁਝ ਸ਼ਬਦ ਉਨ੍ਹਾਂ ਦੇ ਸਨਮਾਨ ਵਿੱਚ ਆਖੇ। ਮੁੱਖ ਮਹਿਮਾਨ ਨੇ ਸਕੂਲ ਦੀ ਸਿਫ਼ਤ ਕੀਤੀ ਤੇ ਵਿਦਿਆਰਥੀਆਂ ਨੂੰ ਇਨਾਮ ਵੰਡੇ। ਉਨ੍ਹਾਂ ਸਰਕਾਰੀ ਪੱਧਰ ਤੇ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਜਦੋਂ ਇਹ ਐਲਾਨ ਕੀਤਾ ਗਿਆ ਤਾਂ ਸਾਰੇ ਵਿਦਿਆਰਥੀਆਂ ਨੇ ਤਾੜੀਆਂ ਮਾਰ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ।
ਸਮਾਗਮ ਦੀ ਸਮਾਪਤੀ – ਸਮਾਗਮ ਦੀ ਸਮਾਪਤੀ ‘ਤੇ ਚਾਹ-ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ। ਮੁੱਖ ਮਹਿਮਾਨ ਤੇ ਹੋਰ ਪਤਵੰਤੇ ਸੱਜਣਾਂ ਨੂੰ ਚਾਹ-ਪਾਣੀ ਪਿਲਾਇਆ ਗਿਆ। ਇਸ ਤਰ੍ਹਾਂ ਇਹ ਦਿਨ ਸਾਡੀ ਜ਼ਿੰਦਗੀ ਦਾ ਯਾਦਗਾਰ ਦਿਨ ਬਣ ਗਿਆ। ਜਦੋਂ ਵੀ ਨਵਾਂ ਸੈਸ਼ਨ ਸ਼ੁਰੂ ਹੁੰਦਾ ਹੈ, ਬੱਚੇ ਇਸ ਦਿਨ ਦੀ ਉਡੀਕ ਕਰਨੀ ਸ਼ੁਰੂ ਕਰ ਦਿੰਦੇ ਹਨ।
ਸਾਰ-ਅੰਸ਼ – ਇਸ ਤਰ੍ਹਾਂ ਸਾਡੇ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਬੜਾ ਰੌਣਕ ਭਰਿਆ ਅਤੇ ਖ਼ੁਸ਼ੀਆਂ ਭਰਿਆ ਸੀ। ਇਸ ਵਿੱਚ ਸਾਰੇ ਬੱਚਿਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਸੀ। ਰੰਗਾ-ਰੰਗ ਪ੍ਰੋਗਰਾਮ ਵੇਖ ਕੇ ਤਾਂ ਸਾਰੇ ਝੁੰਮਣ ਹੀ ਲੱਗ ਪਏ ਸਨ ਅਤੇ ਅਗਲੇ ਦਿਨ ਦੀ ਛੁੱਟੀ ਬਾਰੇ ਸੁਣ ਕੇ ਤਾਂ ਸਾਰੇ ਗਦਗਦ ਹੀ ਹੋ ਗਏ।