ਲੇਖ ਰਚਨਾ : ਸ਼ਹੀਦ ਭਗਤ ਸਿੰਘ
ਸ਼ਹੀਦ ਭਗਤ ਸਿੰਘ
ਜਦੋਂ ਡੁੱਲ੍ਹਦਾ ਖ਼ੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ।
ਰੰਬਿਆਂ ਨਾਲ ਖੋਪਰ ਲਹਿੰਦੇ ਤਾਂ ਤਦਬੀਰ ਬਦਲਦੀ ਕੌਮਾਂ ਦੀ।
ਜਾਣ-ਪਛਾਣ : ਕਿਸੇ ਕੌਮ ਲਈ ਆਪਣੀ ਜਾਨ ਦੇਣ ਵਾਲੇ ਵਿਅਕਤੀ ਨੂੰ ਸ਼ਹੀਦ ਆਖਿਆ ਜਾਂਦਾ ਹੈ। ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਅਜ਼ਾਦ ਕਰਾਉਣ ਲਈ ਬਹੁਤ ਸਾਰੇ ਦੇਸ-ਵਾਸੀਆਂ ਨੂੰ ਆਪਣੀਆਂ ਜਾਨਾਂ ਵਾਰਨੀਆਂ ਪਈਆਂ। ਇਨ੍ਹਾਂ ਸ਼ਹੀਦਾਂ ਵਿੱਚੋਂ ਭਗਤ ਸਿੰਘ ਦਾ ਨਾਂ ਧਰੂ ਤਾਰੇ ਵਾਂਗ ਚਮਕਦਾ ਹੈ।
ਜਨਮ ਤੇ ਮਾਤਾ-ਪਿਤਾ : ਸ. ਭਗਤ ਸਿੰਘ ਦਾ ਜਨਮ 28 ਸਤੰਬਰ 1907 ਈ. ਨੂੰ ਪਿੰਡ ਬੰਗਾ ਚੱਕ ਨੰਬਰ 105 ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਖੇ ਹੋਇਆ। ਪਿਤਾ ਕਿਸ਼ਨ ਸਿੰਘ, ਚਾਚਾ ਅਜੀਤ ਸਿੰਘ ਤੇ ਸਵਰਨ ਸਿੰਘ ਨੂੰ ਅਚਾਨਕ ਉਸੇ ਦਿਨ ਜੇਲ੍ਹ ਵਿੱਚੋਂ ਰਿਹਾਈ ਮਿਲੀ ਸੀ, ਇਸ ਲਈ ਦਾਦੀ ਜੈ ਕੌਰ ਨੇ ਪਹਿਲਾਂ ਇਸ ਬਾਲਕ ਦਾ ਨਾਂ ਭਾਗਾਂ ਵਾਲਾ ਤੇ ਬਾਅਦ ਵਿੱਚ ਭਗਤ ਸਿੰਘ ਰੱਖ ਦਿੱਤਾ।
ਵਿੱਦਿਆ ਪ੍ਰਾਪਤੀ : ਆਪ ਨੇ ਮੁੱਢਲੀ ਵਿੱਦਿਆ ਆਪਣੇ ਦਾਦਾ ਜੀ ਕੋਲ ਖਟਕੜ ਕਲਾਂ ਵਿੱਚ ਪ੍ਰਾਪਤ ਕੀਤੀ। ਆਪ ਨੇ ਡੀ.ਏ.ਵੀ. ਹਾਈ ਸਕੂਲ ਤੋਂ ਦਸਵੀਂ ਪਾਸ ਕੀਤੀ ਤੇ ਇਸ ਉਪਰੰਤ ਬੀ.ਏ. ਕਰਨ ਲਈ ਨੈਸ਼ਨਲ ਕਾਲਜ ਲਾਹੌਰ ਵਿੱਚ ਪੜ੍ਹਨ ਲੱਗ ਪਏ। ਅਜ਼ਾਦੀ ਦੇ ਜ਼ਜਬੇ ਨੂੰ ਵੇਖ ਕੇ ਕਾਲਜ ਵਿੱਚ ਹੀ ਪੁਲਿਸ ਆਪ ਦੀ ਜਸੂਸੀ ਕਰਨ ਲੱਗੀ, ਪਰ ਆਪ ਨਹੀਂ ਘਬਰਾਏ। ਮਾਪਿਆਂ ਨੇ ਆਪ ਦਾ ਵਿਆਹ ਕਰਨਾ ਚਾਹਿਆ, ਪਰ ਆਪ ਪੜ੍ਹਾਈ ਛੱਡ ਕੇ ਅਜ਼ਾਦੀ ਪ੍ਰਾਪਤੀ ਲਈ ਘਰੋਂ ਨਿਕਲ ਕੇ ਕਾਨਪੁਰ ਪੁੱਜ ਗਏ।
ਰਾਜਸੀ ਜੀਵਨ : ਕਾਲਜ ਤੋਂ ਨਿਕਲ ਕੇ ਆਪ ਕਾਨਪੁਰ ਚਲੇ ਗਏ। ਕਾਨ੍ਹਪੁਰ ਵਿੱਚ ਆਪ ਦੀ ਮੁਲਾਕਾਤ ਕ੍ਰਾਂਤੀਕਾਰੀ ਚੰਦਰ ਸ਼ੇਖਰ ਅਜ਼ਾਦ ਨਾਲ ਹੋਈ। ਆਪ ਨੇ ਇੱਥੇ ਇੱਕ ਅਖ਼ਬਾਰ ਦੇ ਦਫ਼ਤਰ ਵਿੱਚ ਵੀ ਕੰਮ ਕੀਤਾ।
ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ : ਅੰਗਰੇਜ਼ ਸਰਕਾਰ ਨੇ ਸਾਈਮਨ ਕਮਿਸ਼ਨ ਦਾ ਵਿਰੋਧ ਕਰਦੇ ਪ੍ਰਸਿੱਧ ਨੇਤਾ ਲਾਜਪਤ ਰਾਏ ਨੂੰ ਲਾਠੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਸਕਾਟ ਨੂੰ ਮਾਰ ਕੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦਾ ਪ੍ਰਣ ਕੀਤਾ, ਪਰੰਤੂ ਸਕਾਟ ਦੀ ਥਾਂ ਸਾਂਡਰਸ ਗੋਲੀ ਦਾ ਨਿਸ਼ਾਨਾ ਬਣ ਗਿਆ। ਪੁਲਿਸ ਇਨ੍ਹਾਂ ਦੇ ਪਿੱਛੇ ਲੱਗ ਕੇ ਇਨ੍ਹਾਂ ਦੀ ਭਾਲ ਕਰਨ ਲੱਗੀ। ਭਗਤ ਸਿੰਘ, ਰਾਜਗੁਰੂ ਤੇ ਚੰਦਰ ਸ਼ੇਖਰ ਅਜ਼ਾਦ ਗੋਲੀਆਂ ਚਲਾਉਂਦੇ ਹੋਏ ਬਚ ਕੇ ਬਾਹਰ ਨਿਕਲ ਗਏ। ਜਾਣ ਤੋਂ ਪਹਿਲਾਂ ਇਹ ਉੱਥੇ ਇਸ਼ਤਿਹਾਰ ਸੁੱਟ ਗਏ ਜਿਨ੍ਹਾਂ ‘ਤੇ ਸਾਂਡਰਸ ਦੇ ਕਤਲ ਦਾ ਕਾਰਨ ਸਪਸ਼ੱਟ ਕੀਤਾ ਹੋਇਆ ਸੀ। ਉਸ ਰਾਤ ਭਗਤ ਸਿੰਘ ਵਾਲ ਕਟਾ ਕੇ, ਸਿਰ ‘ਤੇ ਹੈਟ ਪਹਿਨ ਕੇ ਦੁਰਗਾ ਭਾਬੀ ਦੀ ਸਹਾਇਤਾ ਨਾਲ ਕਲੱਕਤੇ ਵਾਲੀ ਗੱਡੀ ਚੜ੍ਹ ਗਏ।
ਅਸੈਂਬਲੀ ਹਾਲ ਵਿੱਚ ਬੰਬ ਸੁੱਟਣਾ : 8 ਅਪ੍ਰੈਲ, 1929 ਨੂੰ ਵਾਇਸਰਾਏ ਨੇ ਅਸੈਂਬਲੀ ਹਾਲ ਵਿੱਚ ਦੋ ਲੋਕ ਵਿਰੋਧੀ ਬਿੱਲਾਂ ਨੂੰ ਆਪਣੇ ਖ਼ਾਸ ਅਧਿਕਾਰਾਂ ਰਾਹੀਂ ਪਾਸ ਕਰਨਾ ਸੀ, ਪਰੰਤੂ ਆਪ ਨੇ ਬੀ. ਕੇ. ਦੱਤ ਨਾਲ ਰਲ ਕੇ ਅਸੈਂਬਲੀ ਹਾਲ ਵਿੱਚ ਧਮਾਕੇਦਾਰ ਬੰਬ ਸੁੱਟ ਕੇ ਅੰਗਰੇਜ਼ੀ ਸਰਕਾਰ ਨੂੰ ਹੱਥਾਂ-ਪੈਰਾਂ ਦੀਆਂ ਪਾ ਦਿੱਤੀਆਂ। ਭਗਤ ਸਿੰਘ ਤੇ ਬੀ.ਕੇ. ਦੱਤ ਉੱਥੋਂ ਭੱਜੇ ਨਹੀਂ ਸਗੋਂ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਹੋਏ ਗ੍ਰਿਫ਼ਤਾਰੀ ਦੇ ਦਿੱਤੀ।
ਮੁਕੱਦਮਾ ਚੱਲਣਾ – ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਕੇ ਮੁਕੱਦਮਾ ਚਲਾਇਆ ਗਿਆ। ਇਸ ਵਿੱਚ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਗਈ। ਫ਼ਾਂਸੀ ਦੀ ਸਜ਼ਾ ਸੁਣ ਕੇ ਆਪ ਘਬਰਾਏ ਨਹੀਂ ਬਲਕਿ ਇਨਕਲਾਬ ਜ਼ਿੰਦਾਬਾਦ ਦੇ ਨਾਹਰੇ ਲਾਉਂਦਿਆ ਗੂੰਗੀ ਤੇ ਬੋਲੀ ਸਰਕਾਰ ਨੂੰ ਦੱਸ ਦਿੱਤਾ ਕਿ ਭਾਰਤੀ ਹੁਣ ਜਾਗ ਪਏ ਹਨ ਤੇ ਹੁਣ ਉਹ ਉਨ੍ਹਾਂ ਨੂੰ ਬਹੁਤੀ ਦੇਰ ਗੁਲਾਮ ਬਣਾ ਕੇ ਨਹੀਂ ਰੱਖ ਸਕਦੇ। ਆਪ ਅਕਸਰ ਗਾਉਂਦੇ ਹੁੰਦੇ ਸਨ :
“ਸਰਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ,
ਦੇਖਨਾ ਹੈ ਜ਼ੋਰ ਕਿਤਨਾ ਬਾਜੂਏ ਕਾਤਲ ਮੇਂ ਹੈ।”
ਫ਼ਾਂਸੀ ਦੀ ਸਜ਼ਾ : 23 ਮਾਰਚ, 1931 ਨੂੰ ਇਨ੍ਹਾਂ ਨੂੰ ਫ਼ਾਂਸੀ ‘ਤੇ ਲਟਕਾ ਦਿੱਤਾ ਗਿਆ ਤੇ ਲਾਸ਼ਾਂ ਫਿਰੋਜ਼ਪੁਰ ਦੇ ਨੇੜੇ ਹੁਸੈਨੀਵਾਲਾ ਵਿਖੇ ਲਿਜਾ ਕੇ ਸਤਲੁਜ ਦਰਿਆ ਵਿੱਚ ਵਹਾ ਦਿੱਤੀਆਂ ਗਈਆਂ। ਆਪ ਦੀਆਂ ਸਮਾਧੀਆਂ ਹੁਸੈਨੀਵਾਲਾ ਵਿਖੇ ਬਣਾਈਆਂ ਗਈਆਂ ਹਨ, ਜਿੱਥੇ ਹਰ ਸਾਲ 23 ਮਾਰਚ ਨੂੰ ਇਨ੍ਹਾਂ ਕੌਮੀ ਸ਼ਹੀਦਾਂ ਦੀ ਯਾਦ ਵਿੱਚ ਮੇਲਾ ਲੱਗਦਾ ਹੈ।
ਸਾਰ ਅੰਸ਼ – ਇਸ ਤਰ੍ਹਾਂ ਭਗਤ ਸਿੰਘ ਨੇ ਆਪਣਾ ਜੀਵਨ ਦੇਸ ਦੇ ਲੇਖੇ ਲਾ ਦਿੱਤਾ। ਅੰਗਰੇਜ਼ ਸਰਕਾਰ ਵੀ ਇਨ੍ਹਾਂ ਦੀ ਨਿਡਰਤਾ, ਦਲੇਰੀ ਅਤੇ ਸੱਚੀ ਦੇਸ-ਭਗਤੀ ਵੇਖ ਕੇ ਹੈਰਾਨ ਹੁੰਦੀ ਸੀ। ਆਪ ਦੇ ਬਲਿਦਾਨ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਂਦਾ ਰਹੇਗਾ :
ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ।
ਵਤਨ ਪੇ ਮਿਟਨੇ ਵਾਲੋਂ ਕਾ ਬਾਕੀ ਯਹੀ ਨਿਸ਼ਾਂ ਹੋਗਾ।