ਲੇਖ ਰਚਨਾ : ਵਿਦਿਆਰਥੀ ਅਤੇ ਫੈਸ਼ਨ
ਵਿਦਿਆਰਥੀ ਅਤੇ ਫੈਸ਼ਨ
ਜਾਣ-ਪਛਾਣ : ਇਕ ਸਮਾਂ ਸੀ ਜਦ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀ ਬਿਲਕੁਲ ਸਾਧਾਰਨ ਵਰਦੀਆਂ ਪਾ ਕੇ ਸਕੂਲ ਜਾਂਦੇ ਸਨ। ਸਕੂਲ ਦੀ ਵਰਦੀ ਦਾ ਰੰਗ, ਡਿਜ਼ਾਈਨ, ਲੰਬਾਈ ਸਭ ਕੁਝ ਸਕੂਲ ਵੱਲੋਂ ਨਿਰਧਾਰਿਤ ਕੀਤਾ ਜਾਂਦਾ ਸੀ। ਸਭ ਬੱਚੇ ਸਕੂਲ ਜਾਂਦੇ ਇਕੋ ਜਿਹੇ ਲੱਗਦੇ ਸਨ। ਅੱਜ ਸਮੇਂ ਦੇ ਨਾਲ ਇਸ ਦਿੱਖ ਅੰਦਰ ਬਹੁਤ ਤਬਦੀਲੀ ਆਈ ਹੈ। ਅੱਜ ਸਕੂਲੀ ਬੱਚੇ ਆਪਣੀ ਮਰਜ਼ੀ ਦੀ ਲੰਬਾਈ, ਕਟਾਈ ਅਤੇ ਸਿਲਾਈ ਕਰਾ ਕੇ ਆਪਣੀ ਵਰਦੀ ਨੂੰ ਵੀ ਫੈਸ਼ਨੇਬਲ ਬਣਾ ਚੁੱਕੇ ਹਨ। ਕਾਲਜ ਦੀ ਤਾਂ ਗੱਲ ਹੀ ਵੱਖਰੀ ਹੈ ਉਥੇ ਕੋਈ ਵਰਦੀ ਨਹੀਂ। ਫ਼ਿਲਮਾਂ ਦੀ ਨਕਲ ਕਰਕੇ ਵੱਖੋ-ਵੱਖਰੇ ਰੰਗਾਂ ਦੇ ਵੱਖੋ-ਵੱਖਰੇ ਡਿਜ਼ਾਈਨਦਾਰ ਸੂਟ ਤੁਹਾਨੂੰ ਕਾਲਜ ਵਿੱਚ ਦਿਸ ਜਾਂਦੇ ਹਨ। ਸਾਡੇ ਵਿਦਿਆਰਥੀ ਵਰਗ ਨੂੰ ਇਕ ਬਹੁਤ ਵੱਡੀ ਗ਼ਲਤਫਹਿਮੀ ਹੈ ਕਿ ਸਕੂਲ ਜਾਂ ਕਾਲਜ ਦਾ ਵਿਦਿਆਰਥੀ ਫੈਸ਼ਨ ਤੋਂ ਬਗ਼ੈਰ ਰਹਿ ਹੀ ਨਹੀਂ ਸਕਦਾ। ਕਈ ਵਿਦਿਆਰਥੀ ਤਾਂ ਕਾਲਜ ਹੀ ਇਸ ਲਈ ਦਾਖਲ ਹੁੰਦੇ ਹਨ ਤਾਂ ਜੋ ਉਹ ਆਪਣੇ ਕੱਪੜਿਆਂ ਦਾ ਵੱਧ ਤੋਂ ਵੱਧ ਦਿਖਾਵਾ ਕਰ ਸਕਣ। ਅਮੀਰ ਲੋਕਾਂ ਦੇ ਬੱਚਿਆਂ ਦੀ ਦੇਖਾ-ਦੇਖੀ ਮੱਧ ਵਰਗੀ ਪਰਿਵਾਰਾਂ ਦੇ ਲੋਕ ਵੀ ਪ੍ਰਭਾਵਿਤ ਹੋ ਰਹੇ ਹਨ ਜਿਸ ਕਾਰਨ ਮੱਧ ਵਰਗੀ ਪਰਿਵਾਰ ਨੂੰ ਆਰਥਿਕ ਸੰਕਟ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।
ਵਿਦਿਆਰਥੀ ਦੀ ਹਲਕੀ ਸੋਚ ਜਜ਼ਬਿਆਂ ਵਿੱਚ ਜਲਦੀ ਘਿਰ ਜਾਂਦੀ ਹੈ। ਸੋਹਣੇ ਬਣਨ ਦੀ ਇੱਛਾ ਉਸ ਉਪਰ ਹਾਵੀ ਹੁੰਦੀ ਹੈ ਜਿਸ ਕਾਰਨ ਫ਼ਿਲਮਾਂ, ਕੇਬਲ ਟੀ.ਵੀ., ਵਿਦੇਸ਼ੀ ਪ੍ਰੋਗਰਾਮ ਉਸ ਉੱਪਰ ਜਲਦੀ ਪ੍ਰਭਾਵ ਪਾਉਂਦੇ ਹਨ। ਕੱਪੜਿਆਂ ਦੀ ਵੰਨ-ਸੁਵੰਨਤਾ, ਉਸਦੀ ਸਿਲਾਈ ਦਾ ਨਵਾਂ ਢੰਗ, ਜੁੱਤੀਆਂ ਦੇ ਵੱਖੋ-ਵੱਖਰੋ ਡਿਜ਼ਾਈਨ, ਖੁਸ਼ਬੂਦਾਰ ਪਾਊਡਰ, ਕ੍ਰੀਮ, ਜੀਨਜ਼, ਅੱਧੀਆਂ ਪੈਂਟਾਂ ਆਦਿ ਉਨ੍ਹਾਂ ਦੀ ਜ਼ਰੂਰਤ ਬਣ ਚੁੱਕੀਆਂ ਹਨ। ਅਧਿਆਪਕਾਂ ਨਾਲ ਮਸਕਰੀਆਂ ਕਰਨੀਆਂ, ਉਨ੍ਹਾਂ ਦੇ ਅੱਗੇ ਬੋਲਣਾ, ਟਿਊਸ਼ਨਾਂ ਪੜ੍ਹਨੀਆਂ ਅੱਜ ਦੇ ਵਿਦਿਆਰਥੀ ਲਈ ਫੈਸ਼ਨ ਹੋ ਗਿਆ ਹੈ। ਪਹਿਲਿਆਂ ਸਮਿਆਂ ਅੰਦਰ ਪੜ੍ਹਾਈ ਵਿੱਚ ਕਮਜ਼ੋਰ ਵਿਦਿਆਰਥੀ ਹੀ ਟਿਊਸ਼ਨ ਪੜ੍ਹਨ ਲਈ ਜਾਇਆ ਕਰਦੇ ਸਨ। ਹੁਸ਼ਿਆਰ ਵਿਦਿਆਰਥੀ ਟਿਊਸ਼ਨ ‘ਤੇ ਜਾਣਾ ਆਪਣੀ ਹੱਤਕ ਸਮਝਦੇ ਸਨ ਪਰ ਅੱਜ ਇਹ ਵੀ ਫੈਸ਼ਨ ਦਾ ਹਿੱਸਾ ਬਣ ਚੁੱਕਾ ਹੈ।
ਅੱਜਕੱਲ੍ਹ ਫੈਸ਼ਨ ਵਿੱਚ ਮੁੰਡੇ ਅਤੇ ਕੁੜੀਆਂ ਵਿੱਚ ਕੋਈ ਬਹੁਤਾ ਫਰਕ ਨਹੀਂ ਲੱਗਦਾ। ਮੁੰਡੇ ਕੁੜੀਆਂ ਵਰਗੇ ਕੱਪੜੇ ਪਹਿਨਦੇ ਹਨ ਅਤੇ ਕੁੜੀਆਂ ਮੁੰਡਿਆਂ ਵਰਗੇ। ਅੱਜ ਵਿਦਿਆਰਥੀ ਦੀ ਖ਼ੁਰਾਕ ਵਿਚੋਂ ਦੁੱਧ, ਘਿਓ ਗਾਇਬ ਹੀ ਹੋ ਗਏ ਹਨ। ਉਨ੍ਹਾਂ ਦੀ ਜਗ੍ਹਾ ‘ਤੇ ਚਾਹ, ਕਾਫ਼ੀ ਤੇ ਚੱਟਪਟੀਆਂ ਚੀਜ਼ਾਂ ਪ੍ਰਧਾਨ ਹੋ ਗਈਆਂ ਹਨ।
ਇਨ੍ਹਾਂ ਫੈਸ਼ਨਾਂ ਦੁਆਰਾ ਦੇਸ਼ ਦਾ ਬਹੁਤ ਸਾਰਾ ਸਰਮਾਇਆ ਬਰਬਾਦ ਹੋ ਰਿਹਾ ਹੈ। ਪੁਤਲੇ ਵਿਖਾਈ ਦੇਣ ਦੇ ਫੈਸ਼ਨ ਨੇ ਵਿਦਿਆਰਥੀਆਂ ਦੀ ਸਿਹਤ ਖ਼ਰਾਬ ਕਰ ਦਿੱਤੀ ਹੈ। ਚਿਹਰਿਆਂ ਦੀ ਰੌਣਕ ਖ਼ਤਮ ਹੋ ਚੁੱਕੀ ਹੈ। ਸੁੰਦਰ ਬਣੇ ਰਹਿਣ ਦੀ ਇੱਛਾ ਕਾਰਨ ਬਿਊਟੀ ਪਾਰਲਰਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਮਨ ਦੀ ਸ਼ਾਂਤੀ ਅਲੋਪ ਹੋ ਰਹੀ ਹੈ। ਘਟੀਆਪਨ ਵੱਧ ਰਿਹਾ ਹੈ ਅਤੇ ਵਧੀਆਪਨ ਦਾ ਨਾਸ਼ ਹੋ ਰਿਹਾ ਹੈ। ਸਿਆਣਪ ਦੀ ਥਾਂ ਚਲਾਕੀ ਅਤੇ ਹੁੱਲ੍ਹੜਬਾਜ਼ੀ ਨੇ ਲੈ ਲਈ ਹੈ। ਨਸ਼ਿਆਂ ਨੇ ਵਿਦਿਆਰਥੀਆਂ ਦੇ ਜੀਵਨ ਨੂੰ ਖੋਖਲਾ ਬਣਾ ਕੇ ਰੱਖ ਦਿੱਤਾ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਮਾਜ ਅੰਦਰ ਨਵੀਨਤਾ ਦਾ ਆਉਣਾ ਅਤਿ-ਜ਼ਰੂਰੀ ਹੈ। ਜਿਸ ਤਰ੍ਹਾਂ ਕੋਈ ਬਾਗ਼ ਵੱਖ-ਵੱਖ ਤਰ੍ਹਾਂ ਦੇ ਖਿੜੇ ਹੋਏ ਫੁੱਲਾਂ ਨਾਲ ਸੋਹਣਾ ਲਗਦਾ ਹੈ ਉਸੇ ਤਰ੍ਹਾਂ ਸਾਡਾ ਸਮਾਜ ਵੀ ਨਵੀਨਤਾ ਦੀ ਮੰਗ ਕਰਦਾ ਹੈ। ਸਾਡੇ ਅੰਦਰ ਸੋਹਣੇ ਬਣ ਕੇ ਵਿਖਾਉਣ ਦੀ ਪਰਵਿਰਤੀ ਹੋਣੀ ਚਾਹੀਦੀ ਹੈ ਪਰ ਇਹ ਕਦੇ ਨਹੀਂ ਹੋਣਾ ਚਾਹੀਦਾ ਕਿ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਭੁੱਲ ਜਾਈਏ। ਅਜਿਹੀ ਨਵੀਨਤਾ ਕਿਤੇ ਕੰਮ ਨਹੀਂ ਆਵੇਗੀ।
ਵਿਦਿਆਰਥੀਆਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਬਹੁਤ ਜ਼ਰੂਰੀ ਹੈ ਕਿ ਇਕ ਵਾਰ ਲੰਘਿਆ ਸਮਾਂ ਕਦੇ ਮੁੜ ਕੇ ਨਹੀਂ ਆਉਂਦਾ। ਵਿਦਿਆਰਥੀ ਜੀਵਨ ਨੇ ਹੀ ਉਨ੍ਹਾਂ ਦੇ ਭਵਿੱਖ ਨੂੰ ਸੰਵਾਰਨਾ ਹੈ। ਉਨਾਂ ਨੂੰ ਫ਼ੈਸ਼ਨ ਦੇ ਮਗਰ ਲੱਗ ਕੇ ਆਪਣੇ ਜੀਵਨ ਦਾ ਸੁਨਿਹਰੀ ਹਿੱਸਾ ਗਵਾਉਣਾ ਨਹੀਂ ਚਾਹੀਦਾ ਹੈ। ਪੜ੍ਹਾਈ ਅਤੇ ਜੀਵਨ ਪ੍ਰਤੀ ਆਪਣੀ ਗੰਭੀਰਤਾ ਨੂੰ ਬਣਾਏ ਰੱਖਣ ਦੀ ਲੋੜ ਹੈ।