ਲੇਖ ਰਚਨਾ : ਵਿਦਿਆਰਥੀ ਅਤੇ ਅਨੁਸ਼ਾਸਨ
ਵਿਦਿਆਰਥੀ ਅਤੇ ਅਨੁਸ਼ਾਸਨ
ਜਾਣ-ਪਛਾਣ : ਅਨੁਸ਼ਾਸਨ ਦਾ ਅਰਥ ਹੈ – ਸਵੈ ਕਾਬੂ ਭਾਵ ਆਪਣੇ ਆਪ ਨੂੰ ਕਾਬੂ ਵਿੱਚ ਰੱਖਣਾ। ਆਪਣੇ ਆਪ ਨੂੰ ਮਿਲੀ ਅਜ਼ਾਦੀ ਦਾ ਅਨੰਦ ਵੀ ਕਿਸੇ ਬੰਧਨ ਵਿੱਚ ਰਹਿ ਕੇ ਹੀ ਮਾਣਿਆ ਜਾ ਸਕਦਾ ਹੈ। ਵਾਸਤਵ ਵਿੱਚ ਸਮੁੱਚਾ ਬ੍ਰਹਿਮੰਡ ਅਤੇ ਕੁਦਰਤੀ ਸ਼ਕਤੀਆਂ ਵੀ ਇੱਕ ਅਨੁਸ਼ਾਸਨ ਵਿੱਚ ਹੀ ਬੱਝੀਆਂ ਹੋਈਆਂ ਵਿਖਾਈ ਦਿੰਦੀਆਂ ਹਨ।
ਅਨੁਸ਼ਾਸਨ ਦੀ ਲੋੜ : ਸਾਡੇ ਬ੍ਰਹਿਮੰਡ ਦੇ ਚੰਨ, ਤਾਰੇ, ਸੂਰਜ, ਰੁੱਤਾਂ ਆਦਿ ਕੁਦਰਤ ਦੇ ਬੱਝੇ ਨਿਯਮਾਂ ਅਨੁਸਾਰ ਹਰਕਤ ਕਰਦੇ ਹਨ। ਨਿੱਕੇ ਤੋਂ ਨਿੱਕੇ ਜੀਵ ਵੀ ਅਨੁਸ਼ਾਸਨ ਵਿੱਚ ਰਹਿੰਦੇ ਹਨ। ਇਸ ਲਈ ਮਨੁੱਖੀ ਜੀਵਨ ਵਿੱਚ ਵੀ ਅਨੁਸ਼ਾਸਨ ਦੀ ਬਹੁਤ ਜ਼ਰੂਰਤ ਹੈ। ਅਨੁਸ਼ਾਸਨਹੀਣ ਜੀਵਨ ਉਸ ਬੇੜੀ ਵਰਗਾ ਹੈ ਜਿਸਦਾ ਕੋਈ ਮਲਾਹ ਨਹੀਂ ਹੁੰਦਾ। ਅਨੁਸ਼ਾਸਨਹੀਣ ਮਨੁੱਖ ਕਦੇ ਵੀ ਜੀਵਨ ਵਿੱਚ ਸਫ਼ਲ ਨਹੀਂ ਹੋ ਸਕਦਾ।
ਵਿੱਦਿਆ ਦਾ ਉਦੇਸ਼ : ਵਿਦਿਆਰਥੀ ਜੀਵਨ ਵਿੱਚ ਬੁੱਧੀ ਦਾ ਵਿਕਾਸ ਹੁੰਦਾ ਹੈ ਤੇ ਚੰਗੇ ਆਚਰਨ ਦੀ ਉਸਾਰੀ ਹੁੰਦੀ ਹੈ। ਇਸ ਸਟੇਜ ਤੇ ਸਹੀ ਦਿਸ਼ਾ ਅਤੇ ਸਹੀ ਪੱਥ ਪ੍ਰਦਰਸ਼ਨ ਦੀ ਲੋੜ ਹੈ। ਇਸਦੇ ਨਾਲ ਹੀ ਚੰਗੇ ਜਾਂ ਮਾੜੇ ਆਚਰਨ ਦੀ ਉਸਾਰੀ ਹੁੰਦੀ ਹੈ। ਇਸ ਪੜਾਅ ਉੱਤੇ ਹੀ ਉਸਨੇ ਆਪਣਾ, ਸਮਾਜ ਅਤੇ ਦੇਸ ਦਾ ਭਵਿੱਖ ਸੰਵਾਰਨਾ ਹੈ। ਵਿੱਦਿਆ ਦਾ ਉਦੇਸ਼ ਹੀ ਭਵਿੱਖ ਦੇ ਨੌਜਵਾਨ ਆਗੂਆਂ ਦੇ ਸੱਚੇ-ਸੁੱਚੇ ਵਿਅਕਤੀਤਵ ਦੀ ਉਸਾਰੀ ਕਰਨਾ ਹੈ।
ਪੁਰਾਣੇ ਗੁਰੂ-ਚੇਲੇ ਦਾ ਸੰਬੰਧ : ਪਹਿਲਾਂ-ਪਹਿਲ ਅਧਿਆਪਕ ਅਤੇ ਵਿਦਿਆਰਥੀ ਗੁਰੂ ਤੇ ਚੇਲੇ ਦੇ ਰੂਪ ਵਿੱਚ ਆਸ਼ਰਮਾਂ ਵਿੱਚ ਇਕੱਠੇ ਰਹਿੰਦੇ ਸਨ। ਵਿਦਿਆਰਥੀ ਅਧਿਆਪਕਾਂ ਦੀ ਹਰ ਗੱਲ ਨੂੰ ਸਿਰ ਮੱਥੇ ਮੰਨਦੇ ਸਨ। ਵਿਦਿਆਰਥੀਆਂ ਵੱਲੋਂ ਕਿਸੇ ਵੀ ਕਿਸਮ ਦੀ ਅਨੁਸ਼ਾਸਨਹੀਣਤਾ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਆਸ਼ਰਮਾਂ ਵਿੱਚ ਗੁਰੂ ਅਤੇ ਚੇਲੇ ਇੰਝ ਰਹਿੰਦੇ ਸਨ ਜਿਵੇਂ ਇੱਕੋ ਟੱਬਰ ਦੇ ਜੀਅ ਹੋਣ। ਗੁਰੂ ਦੀ ਹਰ ਗੱਲ ਮਨਣੀ ਵਿਦਿਆਰਥੀ ਆਪਣਾ ਪਹਿਲਾ ਫਰਜ਼ ਸਮਝਦੇ ਸਨ।
ਅਜੋਕੀ ਦੁੱਖਦਾਈ ਅਵਸਥਾ : ਅੱਜ ਦੇ ਵਿਦਿਆਰਥੀ ਵਿੱਚ ਪਹਿਲਾਂ ਵਰਗੀ ਸ਼ਾਂਤੀ ਅਤੇ ਧੀਰਜ ਨਹੀਂ। ਅੱਜ ਹਰ ਰੋਜ਼ ਵੇਖਣ-ਸੁਣਨ ਨੂੰ ਮਿਲਦਾ ਹੈ ਕਿ ਵਿਦਿਆਰਥੀਆਂ ਨੇ ਸਕੂਲ ਦੇ ਸ਼ੀਸ਼ੇ ਤੋੜ ਦਿੱਤੇ, ਕਿਸੇ ਦੁਕਾਨ ਵਿੱਚ ਭੰਨ-ਤੋੜ ਕੀਤੀ, ਕਿਤੇ ਗੱਡੀਆਂ-ਬੱਸਾਂ ਨੂੰ ਅੱਗ ਲਗਾ ਦਿੱਤੀ ਤੇ ਕਿਤੇ ਆਪਣੇ ਦੀ ਬੇਇੱਜ਼ਤੀ ਕੀਤੀ ਆਦਿ। ਪੁਲਿਸ ਅਧਿਕਾਰੀ ਫਿਰ ਅਜਿਹੀਆਂ ਕਾਰਵਾਈਆਂ ਨੂੰ ਰੋਕਣ ਲਈ ਲਾਠੀ-ਚਾਰਜ, ਅੱਥਰੂ-ਗੈਸ ਤੇ ਫਾਇਰਿੰਗ ਆਦਿ ਦੁਆਰਾ ਇਨ੍ਹਾਂ ਭੂਸਰੇ ਬੱਚਿਆਂ ਨੂੰ ਰੋਕਦੇ ਹਨ, ਪਰ ਅੱਜ ਵਿਦਿਆਰਥੀਆਂ ਦੀ ਅਸ਼ਾਂਤੀ ਦੀ ਕੋਈ ਸੀਮਾ ਨਹੀਂ। ਉਹ ਆਪਣੀ ਮਨ-ਮਰਜ਼ੀ ਕਰਨ ਵਿੱਚ ਹੀ ਆਪਣੀ ਸ਼ਾਨ ਸਮਝਦੇ ਹਨ। ਉਹ ਨਾ ਤਾਂ ਮਾਪਿਆਂ ਦੀ ਗੱਲ ਨਾ ਅਧਿਆਪਕਾਂ ਦੀ ਗੱਲ ਤੇ ਨਾ ਹੀ ਕਿਸੇ ਹੋਰ ਦੀ ਗੱਲ ਸੁਣਨ ਲਈ ਤਿਆਰ ਹਨ। ਉਹ ਕਿਤਾਬਾਂ ਪੜ੍ਹਨ ਦੀ ਬਜਾਏ ਨਕਲਾਂ ਮਾਰਨ ਵੱਲ ਜ਼ਿਆਦਾ ਧਿਆਨ ਦੇਣ ਤੇ ਨਿੱਤ ਨਵੀਆਂ ਸ਼ਰਾਰਤਾਂ ਕਰਨਾ ਫੈਸ਼ਨ ਸਮਝਦੇ ਹਨ।
ਅਨੁਸ਼ਾਸਨਹੀਣਤਾ ਦੇ ਕਾਰਨ : ਬੱਚਿਆਂ ਦਾ ਅਨਿਸ਼ਚਤ ਭਵਿੱਖ ਹੀ ਉਨ੍ਹਾਂ ਦੀ ਅਨੁਸ਼ਾਸਨਹੀਣਤਾ ਦਾ ਮੁੱਖ ਕਾਰਨ ਮੰਨਿਆ ਜਾ ਸਕਦਾ ਹੈ। ਅੱਜ ਅਨੇਕਾਂ ਨੌਜਵਾਨ ਵੱਡੀਆਂ-ਵੱਡੀਆਂ ਡਿਗਰੀਆਂ ਲੈ ਕੇ ਵੀ ਵਿਹਲੇ ਬੈਠੇ ਹਨ। ਉਨ੍ਹਾਂ ਨੂੰ ਕੋਈ ਨੌਕਰੀ ਨਹੀਂ ਮਿਲ ਰਹੀ। ਨੌਕਰੀਆਂ ਤਾਂ ਸਿਫਾਰਸ਼ੀ ਲੋਕਾਂ ਜਾਂ ਬਹੁਤ ਲਾਇਕ ਬੱਚਿਆਂ ਨੂੰ ਹੀ ਮਿਲਦੀਆਂ ਹਨ। ਫਿਰ ਇਹ ਅਸੰਤੁਸ਼ਟ ਵਿਦਿਆਰਥੀ ਆਪਣੀ ਸ਼ਕਤੀ ਉਸਾਰੀ ਪਾਸੇ ਲਾਉਣ ਦੀ ਬਜਾਏ ਢਾਹੂ ਪਾਸੇ ਲਾ ਦਿੰਦੇ ਹਨ। ਅਜੋਕਾ ਸਮਾਜਕ ਪ੍ਰਬੰਧ ਵੀ ਵਿਦਿਆਰਥੀਆਂ ਦੀ ਅਨੁਸ਼ਾਸਨਹੀਣਤਾ ਦਾ ਕਾਰਨ ਹੈ। ਹਰ ਰੋਜ਼ ਹੁੰਦੀਆਂ ਹੜਤਾਲਾਂ, ਜਲੂਸਾਂ ਨੂੰ ਵੇਖ ਕੇ ਬੱਚੇ ਵੀ ਇਸੇ ਪਾਸੇ ਲੱਗ ਜਾਂਦੇ ਹਨ।
ਸਾਰ-ਅੰਸ਼ : ਵਿਦਿਆਰਥੀ ਹੀ ਸਮਾਜ ਦਾ ਭਵਿੱਖ ਹਨ। ਇਨ੍ਹਾਂ ਨੇ ਹੀ ਕੱਲ੍ਹ ਨੂੰ ਸਮਾਜ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈਣੀ ਹੈ। ਬੱਚੇ ਹੀ ਕੌਮ ਦੀ ਵਡਮੁੱਲੀ ਸੰਪਤੀ ਹੁੰਦੇ ਹਨ। ਜੇ ਬੱਚੇ ਅਨੁਸ਼ਾਸਨਹੀਣ ਰਹੇ ਤਾਂ ਉਹ ਦੇਸ ਵਿੱਚ ਅਨੁਸ਼ਾਸਨ ਕਿਵੇਂ ਲਿਆ ਸਕਣਗੇ। ਜੇ ਇਹੋ ਹਾਲ ਰਿਹਾ ਤਾਂ ਦੇਸ ਦੇ ਭਵਿੱਖ ਦਾ ਕੀ ਬਣੇਗਾ? ਸਮੇਂ ਦੀ ਮੰਗ ਹੈ ਕਿ ਬੱਚਿਆਂ ਦੀ ਅਨੁਸ਼ਾਸਨਹੀਣਤਾ ਦੇ ਕਾਰਨ ਲੱਭ ਕੇ ਉਨ੍ਹਾਂ ਨੂੰ ਖ਼ਤਮ ਕਰਨ ਦੇ ਉਪਰਾਲੇ ਕੀਤੇ ਜਾਣ। ਹਰ ਵਿਦਿਆਰਥੀ ਵਿੱਚ ਅਨੁਸ਼ਾਸਨ ਦੀ ਸਭ ਤੋਂ ਵੱਡੀ ਲੋੜ ਹੈ ਤਾਂ ਜੋ ਉਹ ਆਪਣਾ ਜੀਵਨ ਚੰਗੇ ਤਰੀਕੇ ਨਾਲ ਬਤੀਤ ਕਰ ਸਕਣ ਤੇ ਸਮਾਜ ਦਾ ਕਲਿਆਣ ਕਰ ਸਕਣ।