CBSEClass 8 Punjabi (ਪੰਜਾਬੀ)Class 9th NCERT PunjabiEducationPunjab School Education Board(PSEB)Punjabi Viakaran/ Punjabi Grammarਲੇਖ ਰਚਨਾ (Lekh Rachna Punjabi)

ਲੇਖ ਰਚਨਾ : ਰਵਿੰਦਰ ਨਾਥ ਟੈਗੋਰ


ਰਵਿੰਦਰ ਨਾਥ ਟੈਗੋਰ ਦਾ ਨਾਂ ਸੰਸਾਰ ਦੇ ਮਹਾਨ ਸੁੰਦਰਤਾ ਪ੍ਰੇਮੀ, ਸਾਹਿਤਕਾਰ ਅਤੇ ਰੋਮਾਂਟਿਕ ਕਵੀਆਂ ਵਿੱਚ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। ਆਪ ਜੀ ਵਿੱਚ ਇੱਕ ਚੰਗੇ ਕਵੀ, ਚੰਗੇ ਨਾਟਕਕਾਰ, ਲੇਖਕ ਅਤੇ ਸੰਗੀਤਕਾਰ ਦੇ ਸਾਰੇ ਗੁਣ ਸਨ। ਭਾਰਤ ਦੀ ਅਜ਼ਾਦੀ ਵਿੱਚ ਜਿੱਥੇ ਦੇਸ਼ ਭਗਤਾਂ ਨੇ ਕੁਰਬਾਨੀਆਂ ਦਿੱਤੀਆਂ ਉੱਥੇ ਸਾਹਿਤਕਾਰਾਂ ਦੇ ਯੋਗਦਾਨ ਨੂੰ ਵੀ ਭੁਲਾਇਆ ਨਹੀਂ ਜਾ ਸਕਦਾ। ਆਪ ਨੇ ਲੋਕਾਂ ਨੂੰ ਪ੍ਰੇਰਨਾ ਅਤੇ ਉਤਸ਼ਾਹ ਦੇ ਕੇ ਅਜ਼ਾਦੀ ਦੀ ਲੜਾਈ ਵਿੱਚ ਅੱਗੇ ਵੱਧਣ ਲਈ ਕਿਹਾ। ਆਪ ਨੇ ਨਾ ਕੇਵਲ ਬੰਗਾਲ ਵਿੱਚ ਸਗੋਂ ਪੂਰੇ ਭਾਰਤ ਵਿੱਚ ਜਾਗ੍ਰਿਤੀ ਪੈਦਾ ਕੀਤੀ। ਆਪ ਨੇ ਆਪਣੇ ਜੀਵਨ ਦਾ ਸਿੱਧਾਂਤ ਇਸ ਤਰ੍ਹਾਂ ਬਿਆਨ ਕੀਤਾ “ਏਕਤਾ ਵਿੱਚ ਹੀ ਜੀਵਨ ਦਾ ਸਹੀ ਸੁਖ ਹੈ।”

ਰਵਿੰਦਰ ਨਾਥ ਟੈਗੋਰ ਦਾ ਜਨਮ ਬੰਗਾਲ ਦੇ ਇੱਕ ਉੱਚੇ ਘਰਾਣੇ ਵਿੱਚ 1861 ਈ. ਵਿੱਚ ਹੋਇਆ। ਇਕੱਠਾ ਪਰਿਵਾਰ ਹੋਣ ਕਾਰਨ ਘਰ ਵਿੱਚ ਬੱਚਿਆਂ ਦਾ ਮੇਲਾ ਲੱਗਾ ਰਹਿੰਦਾ ਸੀ। ਆਪ ਦੇ ਪਿਤਾ ਦਾ ਨਿਜੀ ਜੀਵਨ ਬਹੁਤ ਸਿੱਧਾਂਤਵਾਦੀ ਸੀ ਜਿਨ੍ਹਾਂ ਦਾ ਆਪ ਦੇ ਜੀਵਨ ‘ਤੇ ਬੜਾ ਡੂੰਘਾ ਅਸਰ ਪਿਆ। ਆਪ ਸ਼ੁਰੂ ਤੋਂ ਹੀ ਖੁਲ੍ਹੇ, ਧਾਰਮਕ ਅਤੇ ਸਾਹਿਤਕ ਮਾਹੋਲ ਵਿੱਚ ਪਲੇ ਕਿਉਂਕਿ ਪਿਤਾ ਜੀ ਨੇ ਬ੍ਰਾਹਮਣ ਹੁੰਦੇ ਹੋਏ ਵੀ ਛੂਤ-ਛਾਤ ਤਿਆਗ ਦਿੱਤੀ ਹੋਈ ਸੀ।

ਆਪ ਜੀ ਨੇ ਮੁੱਢਲੀ ਸਿੱਖਿਆ ਵਧੇਰੇ ਕਰ ਕੇ ਘਰ ਵਿੱਚ ਹੀ ਅਧਿਆਪਕਾਂ ਰਾਹੀਂ ਹਾਸਲ ਕੀਤੀ। ਸਤਾਰ੍ਹਾਂ ਸਾਲ ਦੀ ਉਮਰ ਵਿੱਚ ਵਕਾਲਤ ਦੀ ਸਿੱਖਿਆ ਲਈ ਇੰਗਲੈਂਡ ਗਏ। ਆਪ ਦਾ ਵਧੇਰੇ ਝੁਕਾਅ ਸਾਹਿਤ ਅਤੇ ਕਲਾ ਵੱਲ ਸੀ ਇਸ ਲਈ ਪੜ੍ਹਾਈ ਵਿਚਕਾਰ ਹੀ ਛੱਡ ਦਿੱਤੀ। ਆਪ ਨੇ ਜਵਾਨੀ ਦੀ ਉਮਰ ਵਿੱਚ ਹੀ ਸਾਹਿਤ ਦੇ ਖੇਤਰ ਵਿੱਚ ਕ੍ਰਾਂਤੀ ਲੈ ਆਉਂਦੀ। ਆਪ ਦੇ ਵਿਚਾਰਾਂ ਵਿੱਚ ਪੂਰਬ ਅਤੇ ਪੱਛਮ, ਲੋਕ ਅਤੇ ਸ਼ਾਸ਼ਤਰ ਦਾ ਇੱਕ ਅਜੀਬ ਸੰਗਮ ਸੀ। ਆਪ ਨੇ ਗੀਤਾਂ, ਕਵਿਤਾਵਾਂ, ਕਹਾਣੀਆਂ ਅਤੇ ਲੇਖਾਂ ਰਾਹੀਂ ਬੰਗਲਾ ਸਾਹਿਤ ਨੂੰ ਮੋਹ ਲਿਆ। ਆਪ ਦਾ ਕਾਵਿ ਸੱਚ ਤੇ ਸੁੰਦਰਤਾ ਦਾ ਸੁਮੇਲ ਸੀ।

ਆਪ ਨੇ ਆਪਣੀ ਮਾਂ-ਬੋਲੀ ਬੰਗਾਲੀ ਅਤੇ ਅੰਗਰੇਜ਼ੀ ਵਿੱਚ ਸਾਹਿਤ ਦੇ ਕਈ ਰੂਪਾਂ ਕਵਿਤਾ, ਨਾਟਕ, ਇਕਾਂਗੀ, ਨਾਵਲ ਅਤੇ ਲੇਖ ਆਦਿ ਵਿੱਚ ਰਚਨਾ ਕੀਤੀ। ਆਪ ਦੀਆਂ ਕਈ ਪ੍ਰਸਿੱਧ ਰਚਨਾਵਾਂ ਹਨ; ਜਿਵੇਂ—ਸ਼ਾਮ ਦੇ ਗੀਤ, ਬਾਲਮੀਕੀ ਪਤ੍ਰਿਕਾ, ਡਾਕਖਾਨਾ ਆਦਿ। ਗੀਤਾਂਜਲੀ ‘ਤੇ ਆਪ ਨੂੰ ਨੋਬਲ ਇਨਾਮ ਮਿਲਿਆ। ਆਪ ਨੂੰ ਆਪਣੀ ਮਾਂ-ਬੋਲੀ ਬੰਗਾਲੀ ਨਾਲ ਅਥਾਹ ਪਿਆਰ ਸੀ। ਇਹ ਹੋਰ ਲੇਖਕਾਂ ਨੂੰ ਵੀ ਮਾਂ-ਬੋਲੀ ਵਿੱਚ ਲਿਖਣ ਦੀ ਪ੍ਰੇਰਨਾ ਦਿੰਦੇ ਸਨ। ਬਲਵੰਤ ਗਾਰਗੀ ਨੇ ਆਪ ਦੇ ਅਸਰ ਹੇਠ ਆ ਕੇ ਅੰਗਰੇਜ਼ੀ ਵਿੱਚ ਲਿਖਣਾ ਛੱਡ ਕੇ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ ਸੀ।

ਆਪ ਆਪਣੇ ਸਮੇਂ ਦੀ ਪ੍ਰਚਲਿਤ ਸਿਖਿਆ ਪ੍ਰਣਾਲੀ ਤੋਂ ਸੰਤੁਸ਼ਟ ਨਹੀਂ ਸਨ। ਆਪ ਨੇ ਮਨ ਵਿੱਚ ਸਿੱਖਿਆ ਬਾਰੇ ਜੋ ਸੰਕਲਪ ਬਣਾਇਆ ਹੋਇਆ ਸੀ, ਉਸ ਨੂੰ 1901 ਈ. ਵਿੱਚ ਸ਼ਾਂਤੀ ਨਿਕੇਤਨ ਨਾਂ ਦਾ ਸਕੂਲ ਖੋਲ੍ਹ ਕੇ ਪੂਰਾ ਕੀਤਾ। ਇਸ ਸਕੂਲ ਵਿੱਚ ਮਾਂ-ਬੋਲੀ ਦੇ ਰਾਹੀਂ ਸਿੱਖਿਆ ਦਿੱਤੀ ਜਾਂਦੀ ਹੈ। ਪਾਠਕ੍ਰਮ ਵਿੱਚ ਵੱਖ-ਵੱਖ ਕਲਾਵਾਂ ਨੂੰ ਖ਼ਾਸ ਸਥਾਨ ਦਿੱਤਾ ਹੈ। ਅੱਜ-ਕਲ੍ਹ ਇਹ ਵਿਸ਼ਵ-ਵਿਦਿਆਲਾ ਹੈ।

ਅੰਗਰੇਜ਼ੀ ਸਰਕਾਰ ਨੇ ਆਪ ਦੇ ਕੰਮਾਂ ਨੂੰ ਦੇਖਦੇ ਹੋਏ ‘ਸਰ` ਦੀ ਉਪਾਧੀ ਦਿੱਤੀ। ਪਰ, 13 ਅਪ੍ਰੈਲ 1919 ਦੀ ਜਲ੍ਹਿਆਂ ਵਾਲੇ ਬਾਗ਼ ਦੀ ਘਟਨਾ ਨੇ ਆਪ ਦੀ ਰੂਹ ਨੂੰ ਕੰਬਾ ਦਿੱਤਾ ਜਿਸ ਦੇ ਵਿਰੋਧ ਵਿੱਚ ਆਪ ਨੇ ‘ਸਰ’ ਦੇ ਖ਼ਿਤਾਬ ਨੂੰ ਵਾਪਸ ਕਰ ਦਿੱਤਾ।

ਭਾਰਤ ਦੇ ਮਹਾਨ ਨੇਤਾ ਆਪ ਦਾ ਬਹੁਤ ਸਤਿਕਾਰ ਕਰਦੇ ਸਨ। ਮਹਾਤਮਾ ਗਾਂਧੀ ਤਾਂ ਆਪ ਨੂੰ ਗੁਰੂਦੇਵ ਆਖ ਕੇ ਸਤਿਕਾਰਦੇ ਸਨ। ਅੱਸੀ ਸਾਲ ਦੀ ਉਮਰ ਭੋਗ ਕੇ 1941 ਈ. ਵਿੱਚ ਆਪ ਇਸ ਦੁਨੀਆ ਨੂੰ ਛੱਡ ਗਏ।