ਲੇਖ ਰਚਨਾ : ਮੋਬਾਈਲ ਫੋਨ
ਮੋਬਾਈਲ ਫੋਨ ਦਾ ਯੁਗ
ਸੰਚਾਰ ਦਾ ਹਰਮਨ-ਪਿਆਰਾ ਸਾਧਨ : ਮੋਬਾਈਲ ਫ਼ੋਨ ਵਰਤਮਾਨ ਸੰਸਾਰ ਵਿਚ ਸੂਚਨਾ-ਸੰਚਾਰ ਦਾ ਸਭ ਤੋਂ ਹਰਮਨ-ਪਿਆਰਾ ਸਾਧਨ ਬਣ ਗਿਆ ਹੈ। ਅੱਜ ਦੁਨੀਆ ਦੀ 8 ਅਰਬ ਅਬਾਦੀ ਵਿਚੋਂ 7 ਅਰਬ 40 ਕਰੋੜ ਲੋਕ ਇਸ ਦੀ ਵਰਤੋਂ ਕਰ ਰਹੇ ਹਨ। ਭਾਰਤ ਵਿਚ ਮੋਬਾਈਲ ਫੋਨ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਇਕ ਅਰਬ ਦੋ ਕਰੋੜ ਤੋਂ ਉੱਪਰ ਹੈ।
ਨੌਜਵਾਨਾਂ ਵਿਚ ਵਧਦਾ ਪ੍ਰਚਲਨ : ਮੋਬਾਈਲ ਫੋਨ ਦੇ ਖ਼ਪਤਕਾਰਾਂ ਵਿਚ ਹਰ ਉਮਰ ਦੇ ਲੋਕ ਸ਼ਾਮਿਲ ਹਨ, ਪਰ ਨੌਜਵਾਨ ਮੁੰਡਿਆਂ-ਕੁੜੀਆਂ ਦੀ ਗਿਣਤੀ ਵਧੇਰੇ ਹੈ। ਬਹੁਤਿਆਂ ਲਈ ਤਾਂ ਇਹ ਆਪਣੀ ਅਮੀਰੀ ਤੇ ਉੱਚੀ ਰਹਿਣੀ-ਬਹਿਣੀ ਦੇ ਦਿਖਾਵੇ ਦਾ ਚਿੰਨ੍ਹ ਹੈ, ਜਿਸਦਾ ਪ੍ਰਦਰਸ਼ਨ ਕਰਨ ਵਿਚ ਉਹ ਮਾਣ ਤੇ ਵਡਿਆਈ ਸਮਝਦੇ ਹਨ। ਇਸੇ ਕਾਰਨ ਆਮ ਕਰਕੇ ਉਹ ਮਹਿੰਗਾ ਤੇ ਬਹੁ-ਮੰਤਵੀ ਆਈ-ਫ਼ੋਨ ਤੇ ਸਮਾਰਟ ਮੋਬਾਈਲ ਫ਼ੋਨ ਪ੍ਰਾਪਤ ਕਰਨ ਤੇ ਰੱਖਣ ਦੀ ਹੋੜ ਵਿਚ ਲੱਗੇ ਰਹਿੰਦੇ ਹਨ, ਜਿਸ ਵਿਚ ਕੈਲੰਡਰ, ਕੰਟੈਕਟ ਨੰਬਰ, ਇੰਟਰਨੈੱਟ ਬਰਾਊਜ਼ਰ, ਈ. ਮੇਲ, ਮਲਟੀ ਟੋਨਲ ਰਿੰਗ ਟੋਨਾਂ, ਵੀ.ਡੀ.ਓ., ਕੈਮਰਾ, ਵੀ.ਡੀ.ਓ. ਮਲਟੀਮੀਡੀਆ. ਐੱਮ.ਪੀ. 3 ਪਲੇਅਰ, ਰੇਡੀਓ ਤੇ ਟੈਲੀਵਿਯਨ ਪ੍ਰੋਗਰਾਮ, ਜੀ.ਪੀ.ਐੱਸ., ਕੈਲੰਡਰ, ਮੌਸਮ ਦੀ ਜਾਣਕਾਰੀ, ਸਿਹਤ ਸੂਚਨਾ, ਖ਼ਬਰਾਂ ਤੇ ਸੋਸ਼ਲ ਮੀਡੀਆ ਦੇ ਸਾਈਟਸ ਆਦਿ ਸਭ ਕੁੱਝ ਮੌਜੂਦ ਹੋਵੇ। ਅੱਜ ਮੋਬਾਈਲ ਫੋਨ ਤੇ ਇੰਟਰਨੈੱਟ ਸਮੇਤ ਇਨ੍ਹਾਂ ਸਾਰੀਆਂ ਸਹੂਲਤਾਂ ਨਾਲ ਲੈਸ ਮਨੁੱਖ ਦੀ ਮੁੱਠੀ ਵਿਚ ਆ ਜਾਣ ਵਾਲਾ ਕੰਪਿਊਟਰ ਹੈ। ਆਓ ਜ਼ਰਾ ਦੇਖੀਏ ਇਸਦੇ ਲਾਭ ਕੀ ਹਨ :
ਸੰਚਾਰ ਦਾ ਹਰਮਨ-ਪਿਆਰਾ ਸਾਧਨ : ਮੋਬਾਈਲ ਫੋਨ ਦਾ ਸਭ ਤੋਂ ਵੱਡਾ ਲਾਭ ਤਟਫਟ ਸੂਚਨਾ-ਸੰਚਾਰ ਦਾ ਸਾਧਨ ਹੋਣਾ ਹੈ। ਤੁਸੀਂ ਭਾਵੇਂ ਕਿੱਥੇ ਵੀ ਅਤੇ ਕਿਸੇ ਵੀ ਹਾਲਤ ਵਿਚ ਹੋਵੋ, ਇਹ ਨਾ ਕੇਵਲ ਤੁਹਾਡੀ ਗੱਲ ਜਾਂ ਸੰਦੇਸ਼ ਨੂੰ ਮਿੰਟਾਂ-ਸਕਿੰਟਾਂ ਵਿਚ ਦੁਨੀਆ ਦੇ ਕਿਸੇ ਥਾਂ ਵੀ ਕਿਸੇ ਵੀ ਹਾਲਤ ਵਿਚ ਮੌਜੂਦ ਤੁਹਾਡੇ ਮਿੱਤਰ-ਪਿਆਰੇ, ਸਨੇਹੀ-ਰਿਸ਼ਤੇਦਾਰ ਜਾਂ ਵਪਾਰਕ ਭਾਈਵਾਲ ਤਕ ਪੁਚਾ ਸਕਦਾ ਹੈ, ਸਗੋਂ ਉਸ ਦਾ ਉੱਤਰ ਵੀ ਨਾਲੋ-ਨਾਲ ਤੁਹਾਡੇ ਤਕ ਪੁਚਾ ਦਿੰਦਾ ਹੈ। ਇਸ ਉੱਤੇ ਮੌਜੂਦ ਈ-ਮੇਲ, ਸਕਾਈਪ, ਵਟਸ-ਐਪ, ਫੇਸ-ਬੁੱਕ, ਵਾਈਵਰ, ਵੀ. ਚੈੱਟ, ਫੇਸ-ਟਾਈਮ ਆਦਿ ਦੀ ਵਰਤੋਂ ਕਰ ਕੇ ਅਸੀਂ ਇਕ ਦੂਜੇ ਨਾਲ ਗੱਲਬਾਤ ਕਰਨ, ਲਿਖਤੀ ਸੰਦੇਸ਼ ਤੇ ਸਾਮਗਰੀ ਭੇਜਣ ਅਤੇ ਇਕ ਦੂਜੇ ਦੀ ਤਸਵੀਰ ਦੇਖਣ ਤੇ ਨਵੇਂ-ਨਵੇਂ ਲੋਕਾਂ ਨਾਲ ਸੰਬੰਧ ਸਥਾਪਿਤ ਕਰਨ ਦਾ ਲੁਤਫ਼ ਉਠਾ ਸਕਦੇ ਹਾਂ ।
ਦਿਲ-ਪਰਚਾਵੇ ਦਾ ਸਾਧਨ : ਮੋਬਾਈਲ ਫੋਨ ਦਾ ਦੂਜਾ ਲਾਭ ਇਸ ਦਾ ਦਿਲ-ਪਰਚਾਵੇ ਦਾ ਸਾਧਨ ਹੋਣਾ ਹੈ। ਮੋਬਾਈਲ ਫੋਨ ਜੇਬ ਵਿਚ ਹੁੰਦਿਆਂ ਸਾਨੂੰ ਇਕੱਲਤਾ ਦਾ ਬਹੁਤਾ ਅਹਿਸਾਸ ਨਹੀਂ ਹੁੰਦਾ। ਇਸ ਨਾਲ ਅਸੀਂ ਇੰਟਰਨੈੱਟ, ਐੱਮ.ਪੀ. 3, ਰੇਡੀਓ, ਟੈਲੀਵਿਯਨ, ਕੈਮਰੇ, ਵੀ.ਡੀ.ਓ. ਗੇਮਾਂ, ਜੀ.ਪੀ.ਐੱਫ., ਯੂ-ਟਿਊਬ ਤੇ ਹੋਰ ਸੋਸ਼ਲ ਸਾਈਟਾਂ ਦੀ ਵਰਤੋਂ ਕਰ ਕੇ ਆਪਣਾ ਦਿਲ- ਪਰਚਾਵਾ ਕਰਨ ਦੇ ਨਾਲ-ਨਾਲ ਆਪਣੀ ਜਾਣਕਾਰੀ ਤੇ ਗਿਆਨ ਵਿਚ ਵੀ ਵਾਧਾ ਕਰ ਸਕਦੇ ਹਾਂ।
ਵਪਾਰਕ ਅਦਾਰਿਆਂ ਨੂੰ ਲਾਭ : ਮੋਬਾਈਲ ਫੋਨ ਦਾ ਅਗਲਾ ਵੱਡਾ ਲਾਭ ਵਪਾਰਕ ਅਦਾਰਿਆਂ ਨੂੰ ਹੈ। ਈ-ਕਾਮਰਸ ਦਾ ਪੂਰਾ ਕਾਰੋਬਾਰ ਤੇ ਲੈਣ-ਦੇਣ ਮੋਬਾਈਲ ਫੋਨ ਨਾਲ ਚਲਾਇਆ ਜਾ ਸਕਦਾ ਹੈ ਤੇ ਚਲ ਰਿਹਾ ਹੈ । ਇਸ ਤੋਂ ਇਲਾਵਾ ਹੋਰ ਬਹੁਤ ਸਾਰਾ ਵਪਾਰਕ ਲੈਣ-ਦੇਣ ਮੋਬਾਈਲਾਂ ਰਾਹੀਂ ਹੀ ਹੁੰਦਾ ਹੈ । ਇਸਦੇ ਨਾਲ ਹੀ ਮੋਬਾਈਲ ਫੋਨ ਉਤਪਾਦਕ ਕੰਪਨੀਆਂ ਤੇ ਇੰਟਰਨੈੱਟ ਮੁਹੱਈਆਂ ਕਰਾਉਣ ਵਾਲੀਆਂ ਕੰਪਨੀਆਂ ਵੀ ਆਪਣੇ ਵੱਡੇ ਕਾਰੋਬਾਰ ਚਲਾਉਣ ਦੇ ਨਾਲ-ਨਾਲ ਲੱਖਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਰਹੀਆਂ ਹਨ। ਜੁਰਮ-ਪੜਤਾਲੀ ਏਜੰਸੀਆਂ ਲਈ ਸਹਾਇਕ-ਮੋਬਾਈਲ ਫੋਨ ਦਾ ਲਾਭ ਜੁਰਮਾਂ ਦੀ ਪੜਤਾਲ ਕਰਨ ਵਿਚ ਪੁਲਿਸ ਤੇ ਹੋਰਨਾਂ ਗੁਪਤਚਰ ਏਜੰਸੀਆਂ ਨੂੰ ਵੀ ਹੋਇਆ ਹੈ ਕਿਉਂਕਿ ਇਸ ਵਿਚ ਆਉਣ ਤੇ ਜਾਣ ਵਾਲੀਆਂ ਸਾਰੀਆਂ ਕਾਲਾਂ ਦਾ ਰਿਕਾਰਡ ਰਹਿੰਦਾ ਹੈ, ਜਿਸ ਰਾਹੀਂ ਪੁਲਿਸ ਤੇ ਗੁਪਤਚਰ ਏਜੰਸੀਆਂ ਬਹੁਤ ਸਾਰੇ ਮੁਜਰਮਾਂ ਤੇ ਉਨ੍ਹਾਂ ਦੇ ਸਾਥੀਆਂ ਦੇ ਲੁਕਵੇਂ ਥਾਂ-ਟਿਕਾਣੇ ਲੱਭ ਕੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਵਿਚ ਸਫਲ ਹੋ ਸਕੀਆਂ ਹਨ।
ਰਾਹ-ਦਸੇਰਾ : ਮੋਬਾਈਲ ਇੰਟਰਨੈੱਟ ਉੱਤੇ ਪ੍ਰਾਪਤ ਜੀ.ਪੀ.ਐੱਸ. ਦੀ ਸਹੂਲਤ ਅਜੋਕੇ ਮਨੁੱਖ ਨੂੰ ਸਫ਼ਰ ਕਰਦੇ ਸਮੇਂ ਉਸਦੇ ਮਿੱਥੇ ਨਿਸ਼ਾਨੇ ਉੱਤੇ ਪੁਚਾਉਣ ਵਿਚ ਬਹੁਤ ਹੀ ਭਰੋਸੇਯੋਗ ਅਗਵਾਈ ਕਰਦੀ ਹੈ। ਇਸ ਨਾਲ ਨਾ ਤਾਂ ਕਿਸੇ ਅਗਿਆਤ ਥਾਂ ਵਿੱਚੋਂ ਲੰਘ ਰਿਹਾ ਵਿਅਕਤੀ ਕਿਤੇ ਭਟਕਦਾ ਹੈ ਤੇ ਨਾ ਹੀ ਉਸਨੂੰ ਪੁੱਛ-ਗਿੱਛ ਕਰਨ ਦੀ ਜ਼ਰੂਰਤ ਪੈਂਦੀ ਹੈ।
ਸਿਹਤ ਉੱਤੇ ਨਜ਼ਰ : ਅੱਜ-ਕੱਲ੍ਹ ਮੋਬਾਈਲ ਫੋਨਾਂ ਉੱਤੇ ਅਜਿਹਾ ਐਪ ਵੀ ਮੌਜੂਦ ਹੈ, ਜਿਹੜਾ ਤੁਹਾਡੀ ਸਿਹਤ ਉੱਤੇ ਨਜ਼ਰ ਰੱਖਦਾ ਹੈ। ਉਹ ਤੁਹਾਡੇ ਸੌਣ-ਜਾਗਣ ਤੇ ਸੈਰ ਲਈ ਪੁੱਟੇ ਕਦਮਾਂ ਤੇ ਬਿਤਾਏ ਵਕਤ ਤੋਂ ਇਲਾਵਾ ਤੁਹਾਡੇ ਦਿਲ ਦੀ ਧੜਕਣ ਅਤੇ ਬੈਚੇਨੀ ਬਾਰੇ ਵੀ ਜਾਣਕਾਰੀ ਦਿੰਦਾ ਹੈ। ਇਸਦਾ ਲਾਭ ਉਠਾ ਕੇ ਮਨੁੱਖ ਆਪਣੀ ਸਿਹਤ ਸੰਬੰਧੀ ਚੇਤੰਨ ਰਹਿ ਸਕਦਾ ਹੈ।
ਟੈਲੀਵਿਯਨ ਅਤੇ ਰੇਡੀਓ ਦਾ ਪੂਰਕ : ਮੋਬਾਈਲ ਫੋਨ ਉੱਤੇ ਪ੍ਰਾਪਤ ਐੱਸ.ਐੱਮ.ਐੱਸ. ਦੀ ਸਹੂਲਤ, ਜਿੱਥੇ ਲੋਕਾਂ ਨੂੰ ਇਕ- ਦੂਜੇ ਨਾਲ ਕਈ ਪ੍ਰਕਾਰ ਦਾ ਸੰਚਾਰ ਕਰਨ ਅਤੇ ਆਪਸ ਵਿਚ ਲਤੀਫ਼ੇ ਤੇ ਦਿਲ-ਲਗੀਆਂ ਦੇ ਅਦਾਨ-ਪ੍ਰਦਾਨ ਕਰ ਕੇ ਮਨ ਨੂੰ ਤਣਾਓ-ਮੁਕਤ ਕਰਨ ਦਾ ਪਦਾਰਥ ਮੁਹੱਈਆ ਕਰਦੀ ਹੈ, ਉੱਥੇ ਨਾਲ ਹੀ ਉਨ੍ਹਾਂ ਦੀ ਟੈਲੀਵਿਯਨ ਵਿਚ ਦਿਖਾਏ ਜਾ ਰਹੇ ਕਈ ਤਰ੍ਹਾਂ ਦੇ ਮੁਕਾਬਲਿਆਂ ਵਿਚ ਸ਼ਮੂਲੀਅਤ ਕਰ ਕੇ ਉਨ੍ਹਾਂ ਅੰਦਰ ਮੁਕਾਬਲੇਬਾਜ਼ੀ ਦੀ ਭਾਵਨਾ, ਆਸ਼ਾਵਾਦ ਤੇ ਜਗਿਆਸਾ ਨੂੰ ਵੀ ਮਘਾਉਂਦੀ ਹੈ, ਜਿਸ ਨਾਲ ਜ਼ਿੰਦਗੀ ਵਿਚ ਰਸ ਪੈਦਾ ਹੁੰਦਾ ਹੈ ਤੇ ਬਹੁਤ ਸਾਰੇ ਲੋਕਾਂ, ਖ਼ਾਸ ਕਰ ਕਲਾਕਾਰਾਂ ਨੂੰ ਪਦਾਰਥਕ ਲਾਭਾ ਦੇ ਨਾਲ-ਨਾਲ ਲੋਕ-ਮਕਬੂਲੀਅਤ ਵੀ ਹਾਸਲ ਹੁੰਦੀ ਹੈ।
ਮੋਬਾਈਲ ਫੋਨ ਇਨ੍ਹਾਂ ਬਹੁਤ ਸਾਰੇ ਲਾਭਾਂ ਦੇ ਨਾਲ-ਨਾਲ ਸਮਾਜ ਨੂੰ ਬਹੁਤ ਸਾਰੇ ਨੁਕਸਾਨ ਵੀ ਪੁਚਾ ਰਿਹਾ ਹੈ, ਜਿਨ੍ਹਾਂ ਦਾ ਲੇਖਾ-ਜੋਖਾ ਹੇਠ ਲਿਖੇ ਅਨੁਸਾਰ ਹੈ :
ਸਮਾਜ ਵਿਰੋਧੀ ਅਨਸਰਾਂ ਦੇ ਹੱਥਾਂ ਵਿਚ : ਮੋਬਾਈਲ ਫੋਨ ਦਾ ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ-ਵਿਰੋਧੀ ਗੁੰਡਾ ਅਨਸਰਾਂ ਤੇ ਕਪਟੀ ਲੋਕਾਂ ਦੇ ਹੱਥਾਂ ਵਿਚ ਹੋਣਾ ਹੈ। ਸੂਚਨਾ ਦਾ ਤੇਜ਼, ਨਿੱਜੀ, ਸਰਲ ਤੇ ਸੌਖਾ ਸਾਧਨ ਹੋਣ ਕਰਕੇ ਤੇ ਸੋਸ਼ਲ ਮੀਡੀਆ ਦੀ ਮੌਜੂਦਗੀ ਕਰਕੇ ਇਸ ਨਾਲ ਬਹੁਤ ਸਾਰੇ ਸਮਾਜ ਵਿਰੋਧੀ ਅਤੇ ਛਲ-ਕਪਟ, ਬਲੈਕ-ਮੇਲ ਤੇ ਧੋਖੇ ਭਰੇ ਕੰਮਾਂ ਨੂੰ ਨੇਪਰੇ ਚਾੜ੍ਹਿਆ ਜਾਂਦਾ ਹੈ। ਅੱਜ-ਕਲ੍ਹ ਕੋਈ ਵੀ ਵੱਡਾ ਜੁਰਮ, ਚੋਰੀ, ਡਾਕਾ, ਅਗਵਾ-ਕਾਂਡ ਜਾਂ ਅੱਤਵਾਦੀ ਕਾਰਵਾਈ ਇਸ ਦੀ ਵਰਤੋਂ ਤੋਂ ਬਿਨਾਂ ਸਿਰੇ ਨਹੀਂ ਚੜ੍ਹੀ ਹੁੰਦੀ। ਵਿਦਿਆਰਥੀਆਂ ਵਿਚ ਅਸ਼ਲੀਲਤਾ ਦਾ ਪਸਾਰ-ਕਈ ਹਾਲਤਾਂ ਵਿਚ ਕੱਚੀ ਉਮਰ ਦੇ ਨੌਜਵਾਨ ਮੁੰਡੇ-ਕੁੜੀਆਂ ਅਸ਼ਲੀਲ ਸਾਮਗਰੀ ਦੇਖ ਕੇ ਗੁਮਰਾਹ ਹੋ ਜਾਂਦੇ ਹਨ। ਬਾਲਗ਼ ਤੇ ਨਾਬਾਲਗ਼ ਮੁੰਡੇ-ਕੁੜੀਆਂ ਵਲੋਂ ਇਸ ਦੀ ਵਰਤੋਂ ਜਾਇਜ਼ ਢੰਗ ਨਾਲ ਨਹੀਂ ਕੀਤੀ ਜਾਂਦੀ। ਕਈ ਵਾਰੀ ਆਨਲਾਈਨ ਪਿਆਰ ਤੇ ਡੇਟਿੰਗ ਦੇ ਖਿੱਚੇ ਮੁੰਡੇ-ਕੁੜੀਆਂ ਸ਼ੈਤਾਨ ਕਿਸਮ ਦੇ ਲੋਕਾਂ ਦੇ ਸ਼ਿਕੰਜੇ ਵਿਚ ਫਸ ਜਾਂਦੇ ਹਨ। ਸਿੱਟੇ ਵਜੋਂ ਕਈ ਵਾਰੀ ਭੋਲੀਆਂ-ਭਾਲੀਆਂ, ਨਬਾਲਗ ਤੇ ਕੁੜੀਆਂ ਨੂੰ ਜ਼ਿਲਤ ਤੇ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਿਹਤ ਲਈ ਹਾਨੀਕਾਰਕ : ਮੋਬਾਈਲ ਫੋਨ ਦਾ ਅਗਲਾ ਵੱਡਾ ਨੁਕਸਾਨ ਸਿਹਤ ਸੰਬੰਧੀ ਹੈ। ਮੋਬਾਈਲ ਫੋਨ ਦੇ ਹੈਂਡ-ਸੈੱਟ ਵਿਚੋਂ ਨਿਕਲਦੀ ਰੇਡੀਓ ਫ੍ਰੀਕਿਉਸੀ ਰੇਡੀਏਸ਼ਨ ਸੰਬੰਧੀ ਹੋਈ ਖੋਜ ਨੇ ਸਰੀਰ ਉੱਤੇ ਪੈਂਦੇ ਇਸ ਦੇ ਬੁਰੇ ਅਸਰਾਂ ਦਾ ਜ਼ਿਕਰ ਪਰਚਾਵੇ ਕਰਦਿਆਂ ਦੱਸਿਆ ਜਾਂਦਾ ਹੈ ਕਿ ਇਸ ਨਾਲ ਕੈਂਸਰ, ਲਿਊਕੈਮੀਆਂ ਅਤੇ ਅਲਸ਼ੀਮਰੇਜ਼ (ਦਿਮਾਗ਼ ਦਾ ਨਕਾਰਾ ਹੋਣਾ), ਖੂਨ ਦਾ ਦਬਾਓ, ਮਾਯੂਸੀ ਤੇ ਆਤਮਘਾਤੀ ਰੁਚੀ ਵਰਗੇ ਲਾਇਲਾਜ ਰੋਗ ਲੱਗ ਜਾਂਦੇ ਹਨ।
ਪੈਸੇ ਬਟੋਰ ਕੰਪਨੀਆਂ ਦੀ ਲੁੱਟ : ਮੋਬਾਈਲ ਫੋਨ ਦਾ ਅਗਲਾ ਵੱਡਾ ਨੁਕਸਾਨ ਇਹ ਹੈ ਕਿ ਇਸ ਦੇ ਨਿੱਤ ਵਿਕਸਿਤ ਹੋ ਰਹੇ ਨਵੇਂ ਮਾਡਲਾਂ ਤੇ ਇਨ੍ਹਾਂ ਦੀ ਵਰਤੋਂ ਉੱਪਰ ਹੋ ਰਹੇ ਖ਼ਰਚੇ ਦਾ ਬੇਸ਼ੱਕ ਉੱਪਰਲੇ ਤਬਕੇ ਉੱਪਰ ਕੋਈ ਅਸਰ ਨਹੀਂ ਪੈਂਦਾ, ਪਰੰਤੂ ਹੇਠਲੀ ਮੱਧ ਸ਼੍ਰੇਣੀ ਤੇ ਆਮ ਲੋਕਾਂ ਦੀਆਂ ਜੇਬਾਂ ਉੱਪਰ ਬਹੁਤ ਬੁਰਾ ਅਸਰ ਪੈ ਰਿਹਾ ਹੈ। ਮੋਬਾਈਲ ਫੋਨ ਕੁਨੈਕਸ਼ਨ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਨਵੀਆਂ-ਨਵੀਆਂ ਸਕੀਮਾਂ ਤੇ ਪੈਕਿਜਾਂ ਤੋਂ ਇਲਾਵਾ ਤਰ੍ਹਾਂ-ਤਰ੍ਹਾਂ ਦੀਆਂ ਰਿੰਗ-ਟੋਨਾਂ ਬਣਾ ਕੇ, ਐੱਸ.ਐੱਮ.ਐੱਸ. ਤੇ ਐੱਮ.ਐੱਮ.ਐੱਸ. ਰਾਹੀਂ ਲੱਚਰ ਤੇ ਅਭੱਦਰ ਲਤੀਫ਼ੇ, ਤਸਵੀਰਾਂ ਤੇ ਕਈ ਪ੍ਰਕਾਰ ਦੇ ਛਲਾਊ ਮੁਕਾਬਲੇ ਪਰੋਸ ਕੇ ਤੇ ਖ਼ਪਤਕਾਰਾਂ ਤੋਂ ਕਰੋੜਾਂ ਰੁਪਏ ਬਟੋਰ ਰਹੀਆਂ ਹਨ।
ਵਾਤਾਵਰਨ ਵਿਚ ਖ਼ਲਲ : ਮੋਬਾਈਲ ਫੋਨ ਦਾ ਇਕ ਹੋਰ ਵੱਡਾ ਨੁਕਸਾਨ ਇਹ ਹੈ ਕਿ ਜਦੋਂ ਸਭਾ, ਸੰਗਤ, ਕਲਾਸ, ਸਮਾਗਮ ਜਾਂ ਕਾਨਫਰੰਸ ਵਿਚ ਬੈਠੇ ਕਿਸੇ ਬੰਦੇ ਦੀ ਜੇਬ ਵਿਚ ਇਸ ਦੀ ਘੰਟੀ ਵੱਜਦੀ ਹੈ, ਤਾਂ ਸਭ ਦਾ ਧਿਆਨ ਉਚਾਟ ਹੋ ਜਾਂਦਾ ਹੈ। ਇਸੇ ਕਰਕੇ ਇਨ੍ਹਾਂ ਥਾਂਵਾਂ ਤੇ ਮੋਬਾਈਲ ਬੰਦ ਕਰਕੇ ਰੱਖਣ ਲਈ ਕਿਹਾ ਜਾਂਦਾ ਹੈ । ਦੁਰਘਟਨਾਵਾਂ ਦਾ ਖ਼ਤਰਾ-ਸਾਡੇ ਦੇਸ਼ ਵਿਚ ਕਈ ਲੋਕ ਕਾਰ, ਸਕੂਟਰ, ਮੋਟਰ ਸਾਈਕਲ ਜਾਂ ਸਾਈਕਲ ਉੱਤੇ ਜਾਂਦਿਆਂ ਮੋਬਾਈਲ ਫੋਨ ਮੋਢੇ ਉੱਤੇ ਰੱਖ ਕੇ ਤੇ ਕੰਨ ਹੇਠ ਦਬਾ ਕੇ ਗੱਲਾਂ ਕਰਦੇ ਜਾਂਦੇ ਹਨ। ਇਸ ਨਾਲ ਦੁਰਘਟਨਾਵਾਂ ਦਾ ਖ਼ਤਰਾ ਹਰ ਵੇਲੇ ਬਣਿਆ ਰਹਿੰਦਾ ਹੈ। ਇਹ ਮੂਰਖਤਾ ਭਰੀ ਗ਼ੈਰ-ਜ਼ਿੰਮੇਵਾਰੀ ਵੀ ਹੈ ਤੇ ਗ਼ੈਰ-ਕਾਨੂੰਨੀ ਵੀ। ਇਸ ਤੋਂ ਇਲਾਵਾ ਇਸ ਦੇ ਕੈਮਰੇ ਉੱਤੇ ਸੈਲਫ਼ੀਆਂ ਲੈਣ ਦਾ ਸ਼ੌਕ ਕਿਸੇ ਸਮੇਂ ਪਾਗਲਪਨ ਦੀ ਹੱਦ ਤਕ ਪਹੁੰਚ ਜਾਂਦਾ ਹੈ, ਜਿਸ ਦੇ ਸਿੱਟੇ ਵਜੋਂ ਬਹੁਤ ਸਾਰੇ ਨੌਜਵਾਨਾਂ ਦੀਆਂ ਮੌਤਾਂ ਵੀ ਹੋ ਚੁੱਕੀਆਂ ਹਨ । ਇਸਦੇ ਨਾਲ ਹੀ ਮੋਬਾਈਲ ਦੀ ਲੋੜ ਤੋਂ ਵੱਧ ਵਰਤੋਂ ਅਤੇ ਦੁਰਵਰਤੋਂ ਸਮੇਂ ਦਾ ਨਾਸ਼ ਵੀ ਕਰਦੀ ਹੈ।
ਸਾਰ-ਅੰਸ਼ : ਬੇਸ਼ੱਕ ਉੱਪਰ ਅਸੀਂ ਮੋਬਾਈਲ ਫੋਨ ਦੇ ਫ਼ਾਇਦਿਆਂ ਨਾਲ ਇਸ ਦੇ ਬਹੁਤ ਸਾਰੇ ਨੁਕਸਾਨ ਵੀ ਗਿਣਾਏ ਹਨ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਦਿਨੋ-ਦਿਨ ਹਰਮਨ-ਪਿਆਰਾ ਹੋ ਰਿਹਾ ਹੈ ਤੇ ਲੋਕ ਇਸ ਦੇ ਖ਼ਤਰਿਆਂ ਦੀ ਪ੍ਰਵਾਹ ਨਾ ਕਰਦੇ ਹੋਏ ਇਸ ਨੂੰ ਪ੍ਰਾਪਤ ਕਰਨ ਲਈ ਤਤਪਰ ਰਹਿੰਦੇ ਹਨ।