CBSEclass 11 PunjabiClass 12 PunjabiClass 8 Punjabi (ਪੰਜਾਬੀ)Class 9th NCERT PunjabiEducationNCERT class 10thParagraphPunjab School Education Board(PSEB)Punjabi Viakaran/ Punjabi Grammar

ਲੇਖ ਰਚਨਾ : ਮੋਬਾਇਲ ਦੇ ਲਾਭ ਅਤੇ ਹਾਨੀਆਂ


ਮੋਬਾਇਲ ਦੇ ਲਾਭ ਅਤੇ ਹਾਨੀਆਂ


ਮੋਬਾਇਲ ਵਿਗਿਆਨ ਦੀ ਅਦਭੁਤ ਕਾਢ।
ਹਰ ਕੋਈ ਕਰਦਾ ਇਸ ਨਾਲ ਪਿਆਰ।

ਜਾਣ-ਪਛਾਣ : ਅਜੋਕਾ ਯੁੱਗ ਵਿਗਿਆਨ ਦਾ ਯੁੱਗ ਹੈ। ਪਿਛਲੇ ਕੁਝ ਸਮੇਂ ਤੋਂ ਵਿਗਿਆਨ ਦੇ ਕਾਰਨ ਸਾਡੇ ਜੀਵਨ ਵਿੱਚ ਬਹੁਤ ਤਬਦੀਲੀ ਆਈ ਹੈ। ਇਨ੍ਹਾਂ ਪਰਿਵਰਤਨਾਂ ਨੇ ਸਾਡੀ ਜੀਵਨ ਸ਼ੈਲੀ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਮੋਬਾਇਲ ਵੀ ਵਿਗਿਆਨ ਦੀ ਇਕ ਦੇਣ ਹੈ। ਮੋਬਾਇਲ ਇੱਕ ਅੰਗਰੇਜ਼ੀ ਸ਼ਬਦ ਹੈ ਜਿਸਦਾ ਅਰਥ ਹੈ ਚਲਦਾ-ਫਿਰਦਾ। ਇਸ ਤਰ੍ਹਾਂ ਮੋਬਾਇਲ ਫ਼ੋਨ ਦਾ ਮਹੱਤਵ ਲੈਂਡ ਲਾਈਨ ਫ਼ੋਨ ਨਾਲੋਂ ਬਹੁਤ ਜ਼ਿਆਦਾ ਹੈ। ਇਸ ਫੋਨ ਨੂੰ ਅਸੀਂ ਆਪਣੀ ਜੇਬ ਜਾਂ ਪਰਸ ਵਿੱਚ ਪਾ ਕੇ ਕਿਤੇ ਵੀ ਜਾ ਸਕਦੇ ਹਾਂ। ਇਸਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸਦਾ ਸੰਪਰਕ ਕਿਸੇ ਤਾਰ ਨਾਲ ਨਹੀਂ ਹੁੰਦਾ, ਸਗੋਂ ਨੈੱਟਵਰਕ ਨਾਲ ਹੁੰਦਾ ਹੈ।

ਅਜੋਕੀ ਜ਼ਰੂਰਤ : ਅੱਜ ਕਲ੍ਹ ਮੋਬਾਇਲ ਫੋਨ ਦੇ ਖੇਤਰ ਵਿੱਚ ਬਹੁਤ ਸਾਰੀਆਂ ਕੰਪਨੀਆਂ ਉਤਰ ਆਈਆਂ ਹਨ। ਇਹ ਸਾਰੀਆਂ ਕੰਪਨੀਆਂ ਆਪਣੇ ਗਾਹਕਾਂ ਨੂੰ ਪਰੀਪੇਡ ਜਾਂ ਪੋਸਟ ਪੇਡ ਕੁਨੈਕਸ਼ਨ ਦਿੰਦੀਆਂ ਹਨ। ਮੋਬਾਇਲ ਨਾਲ ਹਰ ਵਿਅਕਤੀ ਸਮੇਂ ਅਨੁਸਾਰ ਆਪਣੇ ਸੱਜਣਾਂ-ਮਿੱਤਰਾਂ ਅਤੇ ਰਿਸ਼ਤੇਦਾਰਾਂ ਨਾਲ ਜੁੜਿਆ ਰਹਿੰਦਾ ਹੈ। ਇਸ ਤਰ੍ਹਾਂ ਹਰੇਕ ਜਗ੍ਹਾ ਤੇ ਇਸਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਨਿਰਾ ਫੈਸ਼ਨ ਨਹੀਂ ਸਗੋਂ ਸਮੇਂ ਦੀ ਲੋੜ ਹੈ।

ਵੱਖ-ਵੱਖ ਡਿਜ਼ਾਈਨ : ਪਹਿਲਾਂ-ਪਹਿਲ ਜਦੋਂ ਮੋਬਾਇਲ ਪ੍ਰਚਲਨ ਵਿੱਚ ਆਇਆ ਤਾਂ ਇਸਦਾ ਅਕਾਰ ਬਹੁਤ ਵੱਡਾ ਹੋਣ ਦੇ ਨਾਲ-ਨਾਲ ਇਸਦੀ ਕਾਲ ਦਰ ਵੀ ਬਹੁਤ ਮਹਿੰਗੀ ਹੁੰਦੀ ਸੀ। ਉਸ ਸਮੇਂ ਇਹ ਆਮ ਆਦਮੀ ਦੀ ਪਹੁੰਚ ਤੋਂ ਬਹੁਤ ਦੂਰ ਸੀ। ਇਹ ਵਪਾਰੀਆਂ ਤੇ ਅਮੀਰ ਲੋਕਾਂ ਕੋਲ ਹੀ ਹੁੰਦਾ ਸੀ। ਵਿਗਿਆਨ ਦੀ ਸੂਝ ਨਾਲ ਇਸ ਦਾ ਅਕਾਰ ਹੌਲੀ-ਹੌਲੀ ਛੋਟਾ ਹੋ ਗਿਆ ਤੇ ਅਨੇਕਾਂ ਡਿਜ਼ਾਈਨ ਵੀ ਆ ਗਏ। ਕੰਪਨੀਆਂ ਦੀ ਗਿਣਤੀ ਵਧਣ ਨਾਲ ਇਸ ਦੀ ਕੀਮਤ ਵਿੱਚ ਵੀ ਕਮੀ ਆ ਗਈ। ਅੱਜ ਅਸੀਂ ਸਸਤੇ ਤੋਂ ਸਸਤਾ ਤੇ ਮਹਿੰਗੇ ਤੋਂ ਮਹਿੰਗਾ ਫ਼ੋਨ ਖਰੀਦ ਸਕਦੇ ਹਾਂ।

ਮੋਬਾਇਲ ਲੋੜ ਕਿ ਵਿਖਾਵਾ : ਅੱਜ ਮੋਬਾਇਲ ਦੀ ਲੋੜ ਹਰੇਕ ਮਨੁੱਖ ਨੂੰ ਹੈ, ਕਿਉਂਕਿ ਇਸ ਰਾਹੀਂ ਅਸੀਂ ਆਪਣੇ ਘਰ-ਪਰਿਵਾਰ ਨਾਲ ਜੁੜੇ ਰਹਿੰਦੇ ਹਾਂ। ਅਸੀਂ ਕਿਤੇ ਵੀ ਹੋਈਏ ਤਾਂ ਮੋਬਾਇਲ ਕਰਕੇ ਅਸੀਂ ਆਪਣੇ ਬਾਰੇ ਦੱਸ ਸਕਦੇ ਹਾਂ। ਬੱਚਿਆਂ ਦੀ ਸੁਰੱਖਿਆ ਸੰਬੰਧੀ ਮਾਤਾ-ਪਿਤਾ ਨੂੰ ਪਤਾ ਲੱਗ ਜਾਂਦਾ ਹੈ। ਜੇ ਕਦੇ ਦੇਰ ਹੋ ਜਾਵੇ ਜਾਂ ਕੋਈ ਜ਼ਰੂਰੀ ਕੰਮ ਪੈ ਜਾਵੇ ਤਾਂ ਇਸ ਰਾਹੀਂ ਅਸੀਂ ਆਪ ਜਾਣਕਾਰੀ ਦੇ ਸਕਦੇ ਹਾਂ। ਕਿਸੇ ਵੀ ਔਖ-ਸੌਖ ਬਾਰੇ ਇਸ ਰਾਹੀਂ ਦੱਸਿਆ ਜਾ ਸਕਦਾ ਹੈ। ਇਸ ਲਈ ਆਪਣੀ ਆਮਦਨ ਅਨੁਸਾਰ ਆਪਣੇ ਲਈ ਮੋਬਾਇਲ ਖਰੀਦ ਕੇ ਅਸੀਂ ਇਸ ਦੀ ਸਹੀ ਵਰਤੋਂ ਰਾਹੀਂ ਸੁੱਖ ਲੈ ਸਕਦੇ ਹਾਂ, ਪਰ ਕਈ ਵਾਰੀ ਇਸਦੀ ਵਰਤੋਂ ਦਿਖਾਵੇ ਜਾਂ ਫੈਸ਼ਨ ਲਈ ਵੀ ਕੀਤੀ ਜਾਂਦੀ ਹੈ। ਅਮੀਰ ਘਰਾਂ ਦੇ ਲੋਕ ਆਪਣੇ ਕੋਲ ਮਹਿੰਗੇ ਤੋਂ ਮਹਿੰਗੇ ਮੋਬਾਇਲ ਰੱਖਣੇ ਪਸੰਦ ਕਰਦੇ ਹਨ। ਇਸ ਪੱਖੋਂ ਇਹ ਇੱਕ ਫੈਸ਼ਨ ਬਣ ਗਿਆ ਹੈ ਤੇ ਇਹ ਨਿੱਤ ਬਦਲਦਾ ਰਹਿੰਦਾ ਹੈ। ਅਮੀਰ ਬੱਚੇ ਮਹਿੰਗੇ ਮੋਬਾਇਲ ਰੱਖ ਕੇ ਹੋਰਨਾਂ ਸਾਥੀਆਂ ਤੇ ਆਪਣਾ ਰੋਅਬ ਪਾਉਂਦੇ ਹਨ। ਇਸ ਨਾਲ ਗ਼ਰੀਬ ਬੱਚਿਆਂ ਦੇ ਦਿਲ ਵੀ ਮਹਿੰਗੇ ਮੋਬਾਇਲ ਖਰੀਦਣ ਲਈ ਪ੍ਰੇਰਤ ਹੁੰਦੇ ਹਨ ਤੇ ਉਹ ਕਈ ਵਾਰੀ ਮਾਪਿਆਂ ਅੱਗੇ ਆਪਣੀ ਜ਼ਿੱਦ ਜ਼ਾਹਰ ਕਰਦੇ ਹਨ, ਜਿਸ ਨਾਲ ਘਰਾਂ ਦੀ ਸ਼ਾਂਤੀ ਭੰਗ ਹੁੰਦੀ ਹੈ।

ਮੋਬਾਇਲ ਦੀਆਂ ਹਾਨੀਆਂ : ਮੋਬਾਇਲ ਦੀਆਂ ਕੁਝ ਹਾਨੀਆਂ ਵੀ ਹਨ ਤੇ ਇਨ੍ਹਾਂ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਜੇ ਮੋਬਾਇਲ ਫੋਨ ਗੁਆਚ ਜਾਵੇ ਤਾਂ ਇਸ ਬਾਰੇ ਥਾਣੇ ਵਿੱਚ ਜਾ ਕੇ ਰਿਪੋਰਟ ਦਰਜ ਕਰਵਾਉਣੀ ਪੈਂਦੀ ਹੈ। ਕਈ ਵਾਰੀ ਇਸਦੀ ਵਧੇਰੇ ਵਰਤੋਂ ਕਰਨ ਨਾਲ ਸਰੀਰ ਉੱਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਇਸਦੀ ਵਧੇਰੇ ਵਰਤੋਂ ਨਾਲ ਅੱਖਾਂ ਕਮਜ਼ੋਰ ਹੁੰਦੀਆਂ ਹਨ। ਇਸ ਲਈ ਮੋਬਾਇਲ ਦੀ ਹੱਦੋਂ ਵੱਧ ਵਰਤੋਂ ਨਾਲ ਇੱਕ ਤਾਂ ਬਿੱਲਾਂ ਤੇ ਪੈਸਾ ਵਧੇਰੇ ਖ਼ਰਚ ਹੁੰਦਾ ਹੈ ਅਤੇ ਦੂਜਾ ਹੋਰ ਕਈ ਪੱਖੋਂ ਨੁਕਸਾਨ ਹੁੰਦੇ ਹਨ ਤੇ ਸਿਹਤ ਉੱਤੇ ਮਾੜਾ ਅਸਰ ਪੈਂਦਾ ਹੈ।

ਸਾਰ-ਅੰਸ਼ : ਜੇ ਮੋਬਾਇਲ ਫ਼ੋਨ ਦੀ ਵਰਤੋਂ ਉਪਯੋਗੀ ਕੰਮਾਂ ਲਈ ਕੀਤੀ ਜਾਵੇ ਤਾਂ ਇਸ ਵਰਗਾ ਹੋਰ ਕੋਈ ਸੱਚਾ ਮਿੱਤਰ ਨਹੀਂ, ਪਰ ਇਸਦੀ ਗ਼ਲਤ ਵਰਤੋਂ ਮਨੁੱਖ ਨੂੰ ਤੇ ਸਮਾਜ ਨੂੰ ਪਤਨ ਵੱਲ ਲੈ ਕੇ ਜਾ ਸਕਦੀ ਹੈ। ਇਸ ਲਈ ਇਸਦੀ ਵਰਤੋਂ ਲਈ ਕੁਝ ਦਿਸ਼ਾ-ਨਿਰਦੇਸ਼ ਜ਼ਰੂਰ ਅਪਣਾਉਣੇ ਚਾਹੀਦੇ ਹਨ। ਇਸਦੀ ਹਮੇਸ਼ਾ ਸੁਯੋਗ ਵਰਤੋਂ ਹੀ ਕਰਨੀ ਚਾਹੀਦੀ ਹੈ।