ਲੇਖ ਰਚਨਾ : ਮਹਾਤਮਾ ਗਾਂਧੀ
ਮਹਾਤਮਾ ਗਾਂਧੀ
ਜਾਣ-ਪਛਾਣ : ਭਾਰਤ ਮਾਂ ਦੀਆਂ ਗੁਲਾਮੀ ਦੀਆਂ ਜੰਜ਼ੀਰਾਂ ਤੋੜਨ ਲਈ ਮਹਾਤਮਾ ਗਾਂਧੀ ਨੇ ਆਪਣਾ ਵਿਸ਼ੇਸ਼ ਯੋਗਦਾਨ ਪਾਇਆ। ਆਪ ਨੇ ਅਹਿੰਸਾ ਅਤੇ ਨਾ-ਮਿਲਵਰਤਨ ਜਿਹੇ ਹਥਿਆਰਾਂ ਨਾਲ ਅੰਗਰੇਜ਼ਾਂ ਨੂੰ ਭਾਰਤ ਛੱਡਣ ਤੇ ਮਜ਼ਬੂਰ ਕਰ ਦਿੱਤਾ।ਆਪ ਨੂੰ ਬਾਪੂ ਗਾਂਧੀ, ਮਹਾਤਮਾ ਗਾਂਧੀ, ਰਾਸ਼ਟਰ ਪਿਤਾ ਅਤੇ ਅਹਿੰਸਾ ਦਾ ਪੁਜਾਰੀ ਆਦਿ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ। ਗੋਰੀ ਸਰਕਾਰ ਨੂੰ ਆਪ ਜੀ ਦੁਆਰਾ ਚਲਾਏ ਗਏ ਹਰ ਅੰਦੋਲਨ ਅੱਗੇ ਝੁਕਣਾ ਪਿਆ ਸੀ।
ਜਨਮ ਅਤੇ ਮਾਤਾ-ਪਿਤਾ : ਆਪ ਦਾ ਜਨਮ 2 ਅਕਤੂਬਰ, 1869 ਈ: ਨੂੰ ਪੋਰਬੰਦਰ ਗੁਜਰਾਤ ਵਿਖੇ ਹੋਇਆ। ਆਪ ਦਾ ਅਸਲੀ ਨਾਂ ਮੋਹਨ ਦਾਸ ਕਰਮਚੰਦ ਗਾਂਧੀ ਸੀ।ਆਪ ਦੇ ਪਿਤਾ ਕਰਮ ਚੰਦ ਗਾਂਧੀ ਪੋਰਬੰਦਰ ਰਾਜਕੋਟ ਰਿਆਸਤ ਦੇ ਦੀਵਾਨ ਰਹਿ ਚੁੱਕੇ ਸਨ। ਆਪ ਦੀ ਮਾਤਾ ਜੀ ਦਾ ਨਾਂ ਪੁਤਲੀ ਬਾਈ ਸੀ ਜੋ ਬੜੀ ਹੀ ਧਾਰਮਿਕ ਖਿਆਲਾਂ ਵਾਲੀ ਇਸਤਰੀ ਸੀ। ਆਪ ਉੱਤੇ ਆਪਣੀ ਮਾਤਾ ਦੇ ਵਿਚਾਰਾਂ ਦਾ ਵਧੇਰੇ ਅਸਰ ਸੀ ਅਤੇ ਆਪ ਇੱਕ ਆਗਿਆਕਾਰੀ ਪੁੱਤਰ ਸਨ।
ਵਿੱਦਿਆ : ਆਪ ਪੜ੍ਹਾਈ ਲਿਖਾਈ ਵਿੱਚ ਦਰਮਿਆਨੇ ਸਨ। ਆਪ ਨੇ ਦਸਵੀਂ ਦੀ ਪਰੀਖਿਆ ਪਾਸ ਕਰਨ ਤੋਂ ਬਾਅਦ ਉੱਚ ਵਿੱਦਿਆ ਕਾਲਜ ਤੋਂ ਪ੍ਰਾਪਤ ਕੀਤੀ ਅਤੇ ਫਿਰ ਇੰਗਲੈਂਡ ਜਾ ਕੇ ਬੈਰਿਸਟਰੀ ਦੀ ਡਿਗਰੀ ਪ੍ਰਾਪਤ ਕੀਤੀ। ਵਿਦੇਸ਼ ਰਹਿੰਦੇ ਹੋਏ ਜਦੋਂ ਆਪ ਜੀ ਨਾਲ ਨਕਸਲਵਾਦ ਦਾ ਵਿਤਕਰਾ ਹੋਇਆ ਤਾਂ ਆਪ ਦਾ ਮਨ ਬਹੁਤ ਦੁਖੀ ਹੋਇਆ। ਉਸ ਵੇਲੇ ਗ਼ੁਲਾਮੀ ਦੀਆਂ ਜੰਜ਼ੀਰਾਂ ਵਿੱਚ ਜਕੜੇ ਭਾਰਤੀ ਗੋਰਿਆਂ ਦੇ ਵਿਤਕਰੇ ਦਾ ਸ਼ਿਕਾਰ ਹੁੰਦੇ ਰਹਿੰਦੇ ਸਨ। ਫਿਰ ਆਪ ਨੇ ਭਾਰਤ ਨੂੰ ਅਜ਼ਾਦ ਕਰਵਾਉਣ ਦਾ ਪ੍ਰਣ ਕਰ ਲਿਆ।
ਵਕਾਲਤ ਅਰੰਭ ਕਰਨੀ : ਆਪ ਨੇ ਇੰਗਲੈਂਡ ਤੋਂ ਵਾਪਸ ਆ ਕੇ ਵਕਾਲਤ ਅਰੰਭ ਕਰ ਦਿੱਤੀ। ਇਹ ਪੇਸ਼ਾ ਝੂਠ ਤੇ ਅਧਾਰਤ ਹੋਣ ਕਾਰਨ ਆਪ ਨੇ ਵਕਾਲਤ ਵਿੱਚੇ ਹੀ ਛੱਡ ਦਿੱਤੀ। ਪਰ ਆਪ ਨੂੰ ਇੱਕ ਮੁਕੱਦਮੇ ਦੀ ਪੈਰਵੀ ਕਰਨ ਲਈ ਅਫ਼ਰੀਕਾ ਜਾਣਾ ਪਿਆ। ਉੱਥੇ ਭਾਰਤੀਆਂ ਨਾਲ ਗੋਰੇ ਕਾਲੇ ਦਾ ਭੇਦ ਕਰ ਕੇ ਨਫ਼ਰਤ ਕੀਤੀ ਜਾਂਦੀ ਸੀ। ਆਪ ਨੂੰ ਵੀ ਇਸ ਜ਼ਬਰ ਅਤੇ ਵਿਤਕਰੇ ਦਾ ਸ਼ਿਕਾਰ ਹੋਣਾ ਪਿਆ। ਆਪ ਤੋਂ ਇਹ ਵਿਤਕਰਾ ਬਰਦਾਸ਼ਤ ਨਾ ਹੋਇਆ ਅਤੇ ਆਪ ਨੇ ਉੱਥੇ ਰਹਿੰਦੇ ਭਾਰਤੀਆਂ ਨੂੰ ਇਕੱਤਰ ਕਰ ਕੇ ਅੰਗਰੇਜ਼ਾਂ ਵਿਰੁੱਧ ਸ਼ਾਂਤਮਈ ਘੋਲ ਅਰੰਭ ਕਰ ਦਿੱਤਾ।
ਭਾਰਤ ਵਾਪਸੀ ਤੇ ਅੰਗਰੇਜ਼ਾਂ ਵਿਰੁੱਧ ਸੰਘਰਸ਼ : ਆਪ 1916 ਈ: ਵਿੱਚ ਭਾਰਤ ਪਰਤ ਆਏ ਅਤੇ ਅੰਗਰੇਜਾਂ ਖਿਲਾਫ਼ ਟੱਕਰ ਲੈਣ ਲਈ ਕਈ ਲਹਿਰਾਂ ਅਰੰਭੀਆਂ ਜਿਨ੍ਹਾਂ ਵਿੱਚੋਂ ਨਾ-ਮਿਲਵਰਤਨ, ਸੱਤਿਆ ਗ੍ਰਹਿ, ਡਾਂਡੀ ਮਾਰਚ ਆਦਿ ਪ੍ਰਸਿੱਧ ਹਨ। 1930 ਈ: ਵਿੱਚ ਕਾਂਗਰਸ ਵੱਲੋਂ ਪੂਰਨ ਅਜ਼ਾਦੀ ਦੀ ਮੰਗ ਕੀਤੀ ਗਈ। ਅੰਗਰੇਜ਼ ਸਰਕਾਰ ਨੇ ਆਪ ਨੂੰ ਕਈ ਵਾਰੀ ਜੇਲ੍ਹ ਭੇਜਿਆ ਪਰ ਆਪ ਜ਼ਰਾ ਵੀ ਨਾ ਘਬਰਾਏ। ਆਪ ਨੇ ਜੋ ਪੱਕਾ ਇਰਾਦਾ ਕੀਤਾ ਸੀ ਕਿ ਉਹ ਦੇਸ਼ ਨੂੰ ਅਜ਼ਾਦ ਕਰਵਾ ਕੇ ਹੀ ਦਮ ਲੈਣਗੇ, ਆਪ ਆਪਣੇ ਫੈਸਲੇ ਤੇ ਅੜੇ ਰਹੇ।
ਭਾਰਤ ਛੱਡੋ ਅੰਦੋਲਨ : 1942 ਈ: ਵਿੱਚ ਆਪ ਨੇ ਭਾਰਤ ਛੱਡੋ ਅੰਦੋਲਨ ਅਰੰਭ ਕੀਤਾ। ਇਸ ਵੇਲੇ ਦੂਸਰਾ ਮਹਾਂਯੁੱਧ ਵੀ ਛਿੜਿਆ ਹੋਇਆ ਸੀ। ਅੰਗਰੇਜ਼ਾਂ ਨੇ ਇਸ ਅੰਦੋਲਨ ਦਾ ਬੜਾ ਵਿਰੋਧ ਕੀਤਾ ਪਰ ਉਨ੍ਹਾਂ ਦੀ ਇੱਕ ਨਾ ਚੱਲੀ। ਗੋਰੀ ਸਰਕਾਰ ਨੂੰ ਹੁਣ ਪਤਾ ਲੱਗ ਚੁੱਕਾ ਸੀ ਕਿ ਭਾਰਤ ਵਿੱਚ ਹੁਣ ਉਨ੍ਹਾਂ ਦੀ ਦਾਲ ਗਲਣ ਵਾਲੀ ਨਹੀਂ। ਇਸ ਲਈ ਉਨ੍ਹਾਂ ਨੇ ਭਾਰਤ ਨੂੰ ਛੱਡਣ ਦਾ ਮਨ ਬਣਾ ਲਿਆ। ਅੰਤ ਲੰਮੇ ਸੰਘਰਸ਼ ਤੋਂ ਬਾਅਦ ਸਾਡਾ ਦੇਸ਼ 15 ਅਗਸਤ, 1947 ਈ: ਨੂੰ ਅਜ਼ਾਦ ਹੋ ਗਿਆ। ਪਰ ਅੰਗਰੇਜ਼ ਜਾਂਦੇ-ਜਾਂਦੇ ਵੀ ਆਪਣੀ ਬੁਰੀ ਚਾਲ ਖੇਡਣ ਤੋਂ ਨਾ ਹਟੇ ਅਤੇ ਉਨ੍ਹਾਂ ਨੇ ਭਾਰਤ ਦੇ ਦੋ ਟੁਕੜੇ ਕਰ ਦਿੱਤੇ। ਇੱਕ ਹਿੰਦੁਸਤਾਨ ਅਤੇ ਦੂਜਾ ਪਾਕਿਸਤਾਨ ਬਣ ਗਿਆ। ਇਸ ਦੌਰਾਨ ਬਹੁਤ ਫ਼ਿਰਕਾਪ੍ਰਸਤੀ ਫੈਲੀ ਅਤੇ ਬਹੁਤ ਫਸਾਦ ਹੋਏ। ਲੱਖਾਂ ਲੋਕ ਘਰੋਂ ਬੇ-ਘਰ ਹੋ ਗਏ, ਅਨੇਕਾਂ ਜਾਨਾਂ ਗਈਆਂ, ਬੱਚਿਆਂ ਅਤੇ ਔਰਤਾਂ ਦਾ ਬੁਰਾ ਹਾਲ ਹੋਇਆ ਅਤੇ ਅਨੇਕਾਂ ਪਰਿਵਾਰ ਵਿਛੜ ਗਏ। ਇਹ ਸਭ ਕੁਝ ਵੇਖ ਕੇ ਮਹਾਤਮਾ ਗਾਂਧੀ ਨੂੰ ਬੜਾ ਦੁੱਖ ਹੋਇਆ।
ਅੰਤਮ ਸਮਾਂ : 30 ਜਨਵਰੀ 1948 ਈ: ਨੂੰ ਜਦੋਂ ਆਪ ਪ੍ਰਾਰਥਨਾ ਕਰਕੇ ਵਾਪਸ ਆ ਰਹੇ ਸਨ ਤਾਂ ਇੱਕ ਸਿਰਫਿਰੇ ਨੌਜਵਾਨ ਨੱਥੂ ਰਾਮ ਗੌਂਡਸੇ ਨੇ ਆਪ ਉੱਤੇ ਤਾਬੜਤੋੜ ਗੋਲੀਆਂ ਚਲਾ ਕੇ ਆਪ ਨੂੰ ਸ਼ਹੀਦ ਕਰ ਦਿੱਤਾ। ਇਸ ਤਰ੍ਹਾਂ ਇਹ ਅਹਿੰਸਾ ਦਾ ਪੁਜਾਰੀ ਗੌਡਸੇ ਦੀ ਹਿੰਸਾ ਦਾ ਸ਼ਿਕਾਰ ਹੋ ਕੇ ਪਰਲੋਕ ਸਿਧਾਰ ਗਿਆ।
ਸਾਰ ਅੰਸ਼ : ਇਸ ਤਰ੍ਹਾਂ ਮਹਾਤਮਾ ਗਾਂਧੀ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਆਪ ਨੇ ਬਿਨਾਂ ਕਿਸੇ ਹਥਿਆਰ ਤੋਂ ਅਹਿੰਸਾ ਦਾ ਰਾਹ ਅਪਨਾ ਕੇ ਵੀ ਦੇਸ਼ ਨੂੰ ਅਜ਼ਾਦ ਕਰਵਾਇਆ। ਆਪ ਦੇ ਵਿਚਾਰਾਂ ਤੋਂ ਅਨੇਕਾਂ ਨੌਜਵਾਨ ਪ੍ਰਭਾਵਿਤ ਹੋਏ ਅਤੇ ਦੇਸ਼ ਕੌਮ ਲਈ ਮਰ ਮਿਟੇ। ਆਪ ਨੇ ਸਾਰਾ ਜੀਵਨ ਸਾਦਾ ਬਤੀਤ ਕੀਤਾ ਅਤੇ ਸਾਨੂੰ ਆਪਣੇ ਦੇਸ਼ ਨਾਲ ਪਿਆਰ ਕਰਨਾ ਸਿਖਾਇਆ। ਇਸੇ ਲਈ ਆਪ ਜੀ ਬਾਰੇ ਆਖਿਆ ਜਾਂਦਾ ਹੈ –
ਬਾਪੂ ਨੇ ਦੇਸ ਲਈ ਅਹਿੰਸਾ ਦਾ ਸੀ ਰਾਹ ਅਪਣਾਇਆ। ਗੋਰਿਆਂ ਦੇ ਪਿੱਛੇ ਪੈ ਕੇ ਉਨ੍ਹਾਂ ਨੂੰ ਦਿੱਲੀਓਂ ਦੂਰ ਭਜਾਇਆ॥