ਲੇਖ ਰਚਨਾ : ਪੰਜਾਬੀ ਲੋਕ-ਗੀਤ


ਲੋਕ-ਗੀਤ ਆਮ ਲੋਕਾਂ ਦੇ ਗੀਤ, ਜਿਹੜੇ ਆਪ-ਮੁਹਾਰੇ ਲੋਕਾਂ ਦੇ ਮੂੰਹੋ ਨਿਕਲਦੇ ਹਨ। ਇਹ ਦੁਨੀਆਂ ਦੀ ਹਰ ਬੋਲੀ ਵਿੱਚ ਮੌਜੂਦ ਹਨ, ਉਨ੍ਹਾਂ ਬੋਲੀਆਂ ਵਿੱਚ ਵੀ ਜਿਨ੍ਹਾਂ ਦੀ ਕੋਈ ਲਿਪੀ ਨਹੀਂ ਹੁੰਦੀ। ਪੰਜਾਬੀ ਵਿੱਚ ਵੀ ਅਣਗਿਣਤ ਲੋਕ-ਗੀਤ ਮਿਲਦੇ ਹਨ ਕਿਉਂਕਿ ਪੰਜਾਬੀਆਂ ਦਾ ਤਾਂ ਜੀਵਨ ਹੀ ਇੱਕ ਗੀਤ ਹੈ। ਪੰਜਾਬ ਦੇ ਲੋਕ-ਗੀਤ ਪੰਜਾਬੀਆਂ ਦੇ ਜੀਵਨ ਦੀ ਜੀਉਂਦੀ-ਜਾਗਦੀ ਤਸਵੀਰ ਹਨ। ਇੰਜ ਵੀ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਲੋਕ-ਗੀਤ, ਪੰਜਾਬੀਆਂ ਦੇ ਜਨਮ ਤੋਂ ਮੌਤ ਤਕ ਦੀ ਸਮੁੱਚੀ ਕਹਾਣੀ ਬਿਆਨ ਕਰਦੇ ਹਨ।

ਗੀਗਾ/ਗੁਗਾ ਜੰਮਿਆ ਨੀ ਗੁੜ ਵੰਡਿਆ ਨੀ’ ਦੀ ਧਾਰਨਾ ਤੋਂ ਲੈ ਕੇ ‘ਹਾਇ ਹਾਇ ਸ਼ੇਰਾ’ ਦੇ ਕਰੁਣਾ-ਮਈ ਵਿਰਲਾਪ ਤਕ ਸਾਰਾ ਜੀਵਨ ਲੋਕ-ਗੀਤਾਂ ਦੀਆਂ ਧੁਨਾਂ ਵਿੱਚ ਗੁਜਰਦਾ ਹੈ। ਲੋਕ-ਗੀਤ ਪੰਜਾਬੀ ਜੀਵਨ ਦੀ ਧੜਕਣ ਹਨ। ਇਸ ਤੋਂ ਇਲਾਵਾ ਸਮੇਂ-ਸਮੇਂ ਜੋ-ਜੋ ਤਬਦੀਲੀਆਂ ਪੰਜਾਬ ਵਿੱਚ ਆਈਆਂ, ਉਨ੍ਹਾਂ ਦਾ ਵਰਨਣ ਲੋਕ-ਗੀਤਾਂ ਵਿੱਚ ਆਉਂਦਾ ਹੈ। ਇਸ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ‘ਕੁੱਜੇ ਵਿੱਚ ਸਾਗਰ ਬੰਦ’ ਵਾਲਾ ਅਖਾਣ ਇਨ੍ਹਾਂ ‘ਤੇ ਬਿਲਕੁਲ ਢੁੱਕਦਾ ਹੈ। ਲੋਕ-ਗੀਤ ਸਮੁੱਚੇ ਸਮਾਜ ਦੀ ਸਮੂਹਿਕ ਰਚਨਾ ਹੁੰਦੇ ਹਨ। ਇਨ੍ਹਾਂ ਦਾ ਰਚਨਹਾਰ ਭਾਵੇਂ ਪਹਿਲਾਂ ਇੱਕ ਖਾਸ ਵਿਅਕਤੀ ਹੁੰਦਾ ਹੈ, ਪਰ ਲੋਕ-ਗੀਤ ਵਜੋਂ ਪ੍ਰਚਲਤ ਹੋ ਜਾਣ ਨਾਲ ਉਸ ਰਚਨਹਾਰ ਦੀ ਸ਼ਖ਼ਸੀਅਤ ਅਲੋਪ ਹੋ ਜਾਂਦੀ ਹੈ। ਖੋਤਾਂ ਵਿੱਚ ਹਲ ਵਾਹੁੰਦਾ ਕਿਸਾਨ, ਗੱਡੇ ਨੂੰ ਹਿੱਕਦਾ ਗੱਡੀਵਾਨ, ਗੋਡੀ ਕਰਦਾ ਸੇਪੀ, ਮੌਜ਼ ਵਿੱਚ ਤੁਰਿਆ ਜਾਂਦਾ ਗਭਰੂ ਬਿਨਾਂ ਕਿਸੇ ਸਾਜ਼ ਦੇ ਹੀ ਇਨ੍ਹਾਂ ਗੀਤਾਂ ਨੂੰ ਅਲਾਪਦਾ ਹੈ। ਤ੍ਰਿਝੰਣਾ ਵਿੱਚ ਚਰਖੇ ਕੱਤਦੀਆਂ ਸਵਾਣੀਆਂ, ਕੰਮ ਦੀ ਥਕਾਣ ਨੂੰ ਤੋੜਣ ਲਈ ਤੇ ਮਸਤੀ ਵਿੱਚ ਪੀਘਾਂ ਝੂਟਦੀਆਂ ਮੁਟਿਆਰਾਂ ਲੋਕ-ਗੀਤ ਗਾਉਂਦੀਆਂ ਹਨ। ਵਿਆਹ ਵੇਲੇ ਢੋਲਕੀ ਦੀ ਤਾਨ ਉੱਤੇ ਗਾਏ ਜਾਂਦੇ ਇਹ ਲੋਕ-ਗੀਤ ਦਿਲਾਂ ਨੂੰ ਟੁੰਬਦੇ ਹਨ। ਪੰਜਾਬਣਾਂ ਨੇ ਇਨ੍ਹਾਂ ਗੀਤਾਂ ਨੂੰ ਆਪਣੀਆਂ ਯਾਦਾਂ ਵਿੱਚ ਪਾਲਿਆ ਤੇ ਲਹੂ ਵਿੱਚ ਸਿੱਜਿਆ ਹੁੰਦਾ ਹੈ। ਅਸਲ ਵਿੱਚ ਲੋਕ-ਗੀਤ ਗਾਉਣ ਲਈ ਰਚੇ ਜਾਂਦੇ ਹਨ ਕਿਤਾਬਾਂ ਲਈ ਨਹੀਂ। ਇਹ ਕੋਰੇ ਕਾਗਜ਼ ਉੱਤੇ ਨਹੀਂ, ਬੁੱਲਾਂ ਦੇ ਸਾਜ਼ ਉੱਤੇ ਜੰਮਦੇ ਪਲਦੇ ਹਨ। ਜਿਸ ਲੋਕ-ਗੀਤ ਨੂੰ ਬੁੱਲਾਂ ਉੱਤੇ ਨਚਣਾ ਨਹੀਂ ਆਉਂਦਾ, ਉਹ ਜੰਮਦਿਆਂ ਹੀ ਮਰ ਜਾਂਦਾ ਹੈ। ਕਿਸੇ ਗੀਤ ਦੀ ਲੰਮੀ ਉਮਰ ਉਸ ਦੀ ਲੋਅ ਤੇ ਤਾਲ ਉਪਰ ਨਿਰਭਰ ਕਰਦੀ ਹੈ। ਸੰਗੀਤ ਬਿਨਾਂ ਉਹ ਅਮਰ ਨਹੀਂ ਹੋ ਸਕਦਾ।

ਲੋਕ-ਗੀਤ ਦਾ ਪੂਰਾ ਅਨੰਦ ਉਦੋਂ ਹੀ ਮਾਣਿਆ ਜਾ ਸਕਦਾ ਹੈ ਜਦੋਂ ਗੀਤ ਨੂੰ ਉਸ ਦੀ ਧੁਨੀ ਵਿੱਚ ਗਾਇਆ ਜਾਵੇ। ਬਿਨਾਂ ਧੁਨੀ ਦੇ ਲੋਕ-ਗੀਤ ਦੀ ਕੋਈ ਹੋਂਦ ਨਹੀਂ। ਇਸੇ ਲਈ ਲੋਕ-ਗੀਤ ਕਾਗਜ਼ ਦੇ ਟੁਕੜੇ ਉੱਤੇ ਨਹੀਂ ਲਿਖੇ ਮਿਲਦੇ। ਪੰਜਾਬੀ ਲੋਕ-ਗੀਤ ਜਿਨ੍ਹਾਂ ਲੋਕ ਧਾਰਨਾ ਤੇ ਤਰਜ਼ਾਂ ਵਿੱਚ ਗਾਏ ਜਾਂਦੇ ਹਨ, ਉਹ ਸ਼ੁਧ ਰੂਪ ਵਿੱਚ ਲੋਕ-ਸ਼ੈਲੀਆਂ ਹਨ। ਉਨ੍ਹਾਂ ਵਿੱਚ ਸਿੱਧੇ-ਸਾਦੇ ਪੇਂਡੂ ਪੰਜਾਬੀਆਂ ਦੀਆਂ ਦਿਲੀ ਧੜਕਣਾਂ ਸੁਣਾਈ ਦੇਂਦੀਆਂ ਹਨ। ਇਹ ਗੀਤ ਸਾਜਾਂ ਦੇ ਮੁਹਤਾਜ ਨਹੀਂ ਹਨ। ਸਾਜ਼ ਭਾਵੇਂ ਸੋਨੇ ਤੇ ਸੁਹਾਗੇ ਦਾ ਕੰਮ ਕਰਦੇ ਹਨ, ਪਰ ਇਨ੍ਹਾਂ ਤੋਂ ਬਿਨਾਂ ਵੀ ਕੰਮ ਸਾਰ ਲਿਆ ਜਾਂਦਾ ਹੈ ਅਤੇ ਤਾਲ ਦਾ ਕੰਮ ਤਾੜੀ ਤੇ ਚੁਟਕੀ ਆਦਿ ਤੋਂ ਲੈ ਲਿਆ ਜਾਂਦਾ ਹੈ।

ਪੰਜਾਬ ਗੀਤਾਂ ਦੀ ਧਰਤੀ ਹੈ। ਪੰਜਾਬੀ ਜੰਮਦਾ ਵੀ ਗੀਤਾਂ ਵਿੱਚ ਹੈ, ਪਲਦਾ ਤੇ ਵਿੱਚਰਦਾ ਵੀ ਗੀਤਾਂ ਵਿੱਚ ਹੈ। ਹਰ ਦੇ ਮੌਕੇ ਉੱਤੇ ਘਰ ਵਿੱਚ ਢੋਲਕੀ ਪਹਿਲਾਂ ਵਜਦੀ ਹੈ। ਢੋਲਕੀ ਉਪਰ ਗਾਏ ਗੀਤਾਂ ਦੀਆਂ ਧਾਰਨਾਵਾਂ ਪੁਰਾਣੀਆਂ ਹੁੰਦਿਆ ਖੁਸ਼ੀ ਵੀ ਦਿਲ ਟੁੰਬਣੀਆਂ ਹਨ ਜਿਵੇਂ:

ਕਾਲਾ ਡੋਰੀਆ ਕੁੰਡੇ ਵਿੱਚ ਅੜਿਆ ਨੀ,

ਛੋਟਾ ਦੇਵਰਾ ਭਾਬੀ ਨਾਲ ਲੜਿਆ ਨੀ।

ਇਕ ਹੋਰ –

ਬਾਜਰੇ ਦਾ ਸਿਟਾ, ਨੀ ਅਸਾਂ ਤਲੀ ਤੇ ਮਰੋੜਿਆ,

ਰੁਠੜਾ ਜਾਂਦਾ ਮਾਹੀਆ, ਨੀ ਅਸਾਂ ਗਲੀ’ ਚੋਂ ਮੋੜਿਆ।

ਕੁਆਰੀਆਂ ਮੁਟਿਆਰਾਂ ਨੂੰ ਬਣਨ ਸੰਵਰਣ ਦੀ ਭੁੱਖ ਵਿਆਹੀਆਂ ਨਾਲੋਂ ਘੱਟ ਨਹੀ ਹੁੰਦੀ। ਉਹ ਆਪਣੀ ਸੱਧਰ ਨੂੰ ਇੰਜ ਪ੍ਰਗਟ ਕਰਦੀ ਹੈ:

ਗਈ ਸਾਂ ਮੈਂ ਗੰਗਾ, ਚੜ੍ਹਾ ਲਿਆਈ ਵੰਗਾ,

ਅਸਮਾਨੀ ਮੇਰਾ ਘਗਰਾ, ਨੀ ਮੈਂ ਕਿਹੜੀ ਕਿੱਲੀ ਟੰਗਾ?

ਕੁੜੀਆਂ-ਚਿੜੀਆਂ ਕਿੱਕਲੀ ਪਾਉਂਦੀਆਂ ਆਪਣੇ ਵੀਰ ਪਿਆਰ ਨੂੰ ਇਉਂ ਪ੍ਰਗਟ ਕਰਦੀਆਂ ਹਨ:

ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ,

ਦੁਪੱਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ।

ਲੋਕ-ਗੀਤਾਂ ਵਿੱਚ ਭੈਣ-ਭਰਾ ਦੇ ਪਿਆਰ ਨੂੰ ਖਾਸ ਥਾਂ ਪ੍ਰਾਪਤ ਹੈ। ਛੋਟੀ ਉਮਰ ਤੋਂ ਹੀ ਭੈਣ ਆਪਣੇ ਗੀਤਾਂ ਵਿੱਚ ਆਪਣੇ ਵੀਰ ਦੀਆਂ ਸੁੱਖਾਂ ਮੰਗਦੀ ਹੈ। ਵਿਆਹ ਤੋਂ ਬਾਅਦ ਉਸ ਨੂੰ ਸਿਰਫ਼ ਆਪਣੇ ਵੀਰ ਉਪਰ ਹੀ ਆਸ ਤੇ ਮਾਣ-ਤਾਣ ਹੁੰਦਾ ਹੈ ਜਿਵੇਂ:

ਉੱਡੀ ਉੱਡੀ ਵੇ ‘ਕਾਵਾਂ, ਜਾਈ ਮੇਰੇ ਬਾਬਲ ਦੇ ਦੇਸ

ਇਕ ਨਾ ਦਸੀਂ ਮੇਰੀ ਮਾਂ ਰਾਣੀ ਨੂੰ

ਰੋਊਗੀ ਗੁੱਡੀਆਂ ਫੋਲ ਕੇ।

………………….

ਦਸੀਂ ਵੇ ਕਾਵਾਂ, ਮੇਰੇ ਵੀਰ ਨੂੰ

ਆਉਗਾ ਨੀਲਾ ਘੋੜ ਬੀੜ ਕੇ।

ਪਰ ਦੁੱਖ ਇਸ ਗੱਲ ਦਾ ਹੈ ਕਿ ਇਸ ਮਸ਼ੀਨੀ ਯੁੱਗ ਵਿੱਚ ਪਿੰਡ ਖਾਲੀ ਹੁੰਦੇ ਜਾ ਰਹੇ ਹਨ। ਲੋਕ ਨੌਕਰੀਆਂ ਦੀ ਭਾਲ ਵਿੱਚ ਸ਼ਹਿਰਾਂ, ਦੂਜੇ ਰਾਜਾਂ ਵਿੱਚ ਅਤੇ ਪਰਦੇਸਾਂ ਵਲ ਵਹੀਰਾਂ ਪਾ ਰਹੇ ਹਨ। ਇਸ ਕਾਰਨ ਲੋਕ-ਗੀਤਾਂ ਦੇ ਸਰਮਾਏ ਨੂੰ ਸੰਭਾਲਣ ਦਾ ਅਤੇ ਉਨ੍ਹਾਂ ਦੇ ਪੈਦਾ ਹੋਣ ਦਾ ਵਾਤਾਵਰਨ ਖਤਮ ਹੁੰਦਾ ਜਾ ਰਿਹਾ ਹੈ। ਇਸ ਤੋਂ ਵੀ ਵੱਧ ਅਫ਼ਸੋਸ ਇਸ ਗੱਲ ਦਾ ਹੈ ਕਿ ਅਜੋਕੇ ਸੰਗੀਤਕਾਰ ਅਤੇ ਗਾਇਕ ਧਨ ਕਮਾਉਣ ਦੀ ਹੋੜ ਵਿੱਚ ਅਧੁਨਿਕ ਸਾਜ਼ਾਂ ਦੀ ਵਰਤੋਂ ਨਾਲ ਪ੍ਰਾਪਤ ਲੋਕ-ਗੀਤਾਂ ਦੀ ਲੈਅ ਤੇ ਤਾਲ ਅਤੇ ਰੁੱਪ ਨੂੰ ਰੋਕਣਾ ਹੋਵੇਗਾ ਕਿਉਂਕਿ ਇਸ ਨਾਲ ਇਨ੍ਹਾਂ ਦੇ ਮੁਹਾਂਦਰਾ ਬਦਲ ਜਾਣ ਦੀ ਸੰਭਾਵਨਾ ਹੈ। ਇਹ ਸਾਡਾ ਖਜ਼ਾਨਾ ਹਨ, ਇਸ ਦੀ ਸੰਭਾਲ ਜ਼ਰੂਰੀ ਹੈ।