ਲੇਖ ਰਚਨਾ : ਭਾਰਤ ਅਤੇ ਇਸ ਦੇ ਗੁਆਂਢੀ
ਭਾਰਤ ਅਤੇ ਇਸ ਦੇ ਗੁਆਂਢੀ
ਭਾਰਤ ਦੀ ਵਿਸ਼ੇਸ਼ਤਾ : ਵਿਸ਼ਵ ਦੇ ਇਤਿਹਾਸ ਵਿੱਚ ਭਾਰਤ ਦਾ ਆਪਣਾ ਨਿਵੇਕਲਾ ਤੇ ਮਹੱਤਵਪੂਰਨ ਸਥਾਨ ਹੈ। ਭੂਗੋਲਿਕ ਦ੍ਰਿਸ਼ਟੀਕੋਣ ਤੋਂ ਇਸ ਦੇ ਉੱਤਰ ਵਿੱਚ ਹਿਮਾਲਿਆ ਦੀਆਂ ਉੱਚੀਆਂ ਪਹਾੜੀਆਂ ਹਨ ਅਤੇ ਦੱਖਣ ਵਿੱਚ ਹਿੰਦ ਮਹਾਂਸਾਗਰ ਹੈ। ਰਾਜਸੀ ਖੇਤਰ ਵਿੱਚ ਇਸ ਨੇ ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਪੰਚਸ਼ੀਲ ਤੇ ਮਹਾਨ ਸਿਧਾਂਤਾਂ ‘ਤੇ ਗੁੱਟ-ਨਿਰਪੇਖਤਾ ਦੇ ਆਦਰਸ਼ ਦੀ ਜ਼ੋਰਦਾਰ ਵਕਾਲਤ ਅਤੇ ਹਰ ਤਰ੍ਹਾਂ ਦੇ ਸਾਮਰਾਜਵਾਦ ਦੀ ਡਟਵੀਂ ਵਿਰੋਧਤਾ ਨਾਲ ਸਮੁੱਚੇ ਦੱਖਣੀ ਏਸ਼ੀਆ ਦੀ ਨੇਤਾਗੀਰੀ ਕਰਨ ਦਾ ਸੰਕੇਤ ਦੇ ਦਿੱਤਾ। ਦੁਨੀਆ ਦੇ ਸਿਆਸਤਦਾਨ ਭਾਂਪ ਗਏ ਕਿ ਭਾਰਤ ਦੀਆਂ ਅਗਾਂਹਵਧੂ ਨੀਤੀਆਂ ਵਿਸ਼ਵ ਜਗਤ ਨੂੰ ਪ੍ਰਭਾਵਤ ਕਰਕੇ ਰਹਿਣਗੀਆਂ। ਇਸ ਦੀਆਂ ਸੀਮਾਵਾਂ ਨਾਲ ਲੱਗਣ ਵਾਲੇ ਬਹੁਤੇ ਦੇਸ਼ ਇਸ ਦੇ ਅਗਰਗਾਮੀ ਵਿਚਾਰਾਂ ਤੋਂ ਖਾਸੇ ਪ੍ਰਭਾਵਤ ਹੋਏ। ਪਰਿਣਾਮਸਰੂਪ ਅੰਤਰਰਾਸ਼ਟਰੀ ਖੇਤਰ ਵਿੱਚ ਦੱਖਣੀ ਏਸ਼ੀਆ ਦਾ ਅਧਿਐਨ ਦ੍ਰਿਸ਼ਟੀਗੋਚਰ ਹੋ ਗਿਆ।
ਭਾਰਤ ਦੇ ਗੁਆਂਢੀ ਦੇਸ਼ : ਸ੍ਰੀਲੰਕਾ, ਪਾਕਿਸਤਾਨ, ਚੀਨ, ਨੇਪਾਲ, ਭੂਟਾਨ, ਮਿਆਂਮਾਰ (ਬਰਮਾ) ਤੇ ਬੰਗਲਾਦੇਸ਼ ਭਾਰਤ ਦੇ ਗੁਆਂਢੀ ਦੇਸ਼ ਹਨ। ਨਿਰਸੰਦੇਹ ਪੰਚਸ਼ੀਲ ਦੇ ਮਹਾਨ ਸਿਧਾਂਤਾਂ ਤੇ ਗੁੱਟ-ਨਿਰਪੇਖਤਾ ਦੀ ਨੀਤੀ ਦਾ ਜਨਮਦਾਤਾ ਭਾਰਤ ਸਭ ਦੇਸ਼ਾਂ, ਸਣੇ ਗੁਆਂਢੀਆਂ ਦੇ ਨਾਲ ਮਿੱਤਰਤਾ ਸੰਬੰਧ ਚਾਹੁੰਦਾ ਹੈ।
ਭਾਰਤ-ਪਾਕ ਦਾ ਤਣਾਅ : ਮੰਦੇ ਭਾਗਾਂ ਨੂੰ ਪਾਕਿਸਤਾਨ ਦੀ ਕਸ਼ਮੀਰ ਨੂੰ ਬਦੋ-ਬਦੀ ਹਥਿਆਉਣ ਦੀ ਬਦਨੀਤੀ ਮੁੱਢ ਤੋਂ ਹੀ ਭਾਰਤ-ਪਾਕਿ ਤਣਾਓ ਦਾ ਕਾਰਨ ਰਹੀ ਤੇ ਅਜੇ ਵੀ ਹੈ। ਇਸ ਤਣਾਓ ਕਰਕੇ ਤਿੰਨ ਵਾਰੀ ਦੋਹਾਂ ਦੇਸ਼ਾਂ ਵਿੱਚ ਵੱਡੇ ਪੱਧਰ ‘ਤੇ ਯੁੱਧ ਵੀ ਹੋਏ ਤੇ ਹੁਣ ਚੌਥੀ ਵਾਰੀ ਸਿਖ਼ਰ ‘ਤੇ ਪੁੱਜੀ ਫ਼ੌਜੀ ਤਿਆਰੀ ਨੂੰ ਅੰਤਰਰਾਸ਼ਟਰੀ ਪੱਧਰ, ਵਿਸ਼ੇਸ਼ ਕਰਕੇ ਅਮਰੀਕਾ ਦੇ ਉਚੇਚੇ ਦਬਾਅ ਕਾਰਨ, ਯੁੱਧ ਵਿੱਚ ਬਦਲਣੋਂ ਰੋਕ ਦਿੱਤਾ ਗਿਆ। ਇਹ ਗੱਲ ਹੁਣ ਲੁਕੀ-ਛਿਪੀ ਨਹੀਂ ਰਹੀ ਕਿ ਪਾਕਿਸਤਾਨ ਜ਼ੋਰ ਨਾਲ ਕਸ਼ਮੀਰ ਲੈਣੋਂ ਅਸਫਲ ਹੋ ਕੇ ਸੀਮਾ ਤੋਂ ਘੁਸਪੈਠੀ ਭੇਜ ਕੇ ਜੰਮੂ-ਕਸ਼ਮੀਰ ਤੇ ਭਾਰਤ ਵਿੱਚ ਉਥਲ-ਪੁਥਲ ਮਚਾਉਣੀ ਚਾਹੁੰਦਾ ਹੈ। ਇਹ ਅੱਤਵਾਦੀ ਨਿਹੱਥੀ ਗ਼ੈਰ-ਮੁਸਲਿਮ ਜਨਤਾ ਨੂੰ ਮਾਰ-ਡਰਾ ਕੇ ਜੰਮੂ-ਕਸ਼ਮੀਰ ਤੋਂ ਕੱਢਣਾ ਚਾਹੁੰਦੇ ਹਨ ਤਾਂ ਜੋ ਉਥੇ ਪਾਕਿਸਤਾਨ ਦਾ ਝੰਡਾ ਝੁਲ ਸਕੇ। ਸੰਸਾਰ ਦੇ ਪ੍ਰਮੁੱਖ ਦੇਸ਼ਾਂ ਵੱਲੋਂ ਫਿਟਕਾਰੇ ਜਾਣ ‘ਤੇ ਪਾਕਿਸਤਾਨ ਦੇ ਪ੍ਰਧਾਨ ਜਨਰਲ ਪ੍ਰਵੇਜ਼ ਮੁਸ਼ੱਰਫ਼ ਇਨ੍ਹਾਂ ਨੂੰ ਰੋਕਣ ਵਿੱਚ ਸਫਲ ਨਹੀਂ ਰਹੇ। ਇਨ੍ਹਾਂ ਮਨ-ਮਾਨੀਆਂ ਕਰਨ ਵਾਲੇ ਸ਼ੁਤਰ-ਬੇਮੁਹਾਰਾਂ ਨੂੰ ਕਿਵੇਂ ਨੱਥਿਆ ਜਾਏ? ਇਹ ਸਮਾਂ ਹੀ ਦੱਸੇਗਾ। ਇਨ੍ਹਾਂ ਅੱਤਵਾਦੀਆਂ ਨੂੰ ਖ਼ਤਮ ਕੀਤੇ ਬਿਨਾਂ ਕਸ਼ਮੀਰ-ਭਾਰਤ ਤਾਂ ਕੀ, ਸਣੇ ਪਾਕਿਸਤਾਨ ਸੰਸਾਰ ਦੇ ਕਿਸੇ ਭਾਗ ਵਿੱਚ ਅਮਨ-ਸ਼ਾਂਤੀ ਨਾਲ ਜਿਊਣਾ, ਇੱਕ ਤਕੜੀ ਸਮੱਸਿਆ ਹੈ। ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ ਤੇ ਰਹਿੰਦੀ ਦੁਨੀਆ ਤੀਕ ਰਹੇਗਾ। ਪਾਕਿਸਤਾਨ ਬਦੋ-ਬਦੀ ਇਸ ‘ਤੇ ਕਬਜ਼ਾ ਕਰਨ ਦਾ ਸੁਪਨਾ ਵੀ ਨਹੀਂ ਲੈ ਸਕਦਾ। ਦੋਹਾਂ ਦੇਸ਼ਾਂ ਵਿੱਚ ਕੁੜੱਤਣ ਵਧ-ਘਟ ਤਾਂ ਸਕਦੀ ਹੈ, ਪਰ ਨਿਕਟ ਭਵਿੱਖ ਵਿੱਚ ਇਸ ਦੇ ਮਿਠਾਸ ਵਿੱਚ ਬਦਲਣ ਦੀ ਕੋਈ ਸੰਭਾਵਨਾ ਨਹੀਂ। ਦੋਹਾਂ ਦੇਸ਼ਾਂ ਵਿੱਚ ਨਿਊਕਲੀਅਰ ਸ਼ਕਤੀ ਦਾ ਵਿਕਾਸ ਦੋਹਾਂ ਵਿੱਚ ਨਿਊਕਲੀਅਰ ਜੰਗ ਤਾਂ ਛੇੜ ਸਕਦਾ ਹੈ, ਪਰ ਅਜਿਹੀ ਮੰਦਭਾਗੀ ਜੰਗ ਦੋਹਾਂ ਦੀ ਹੋਂਦ ਨੂੰ ਮਿੱਟੀ ਵਿੱਚ ਮਿਲਾ ਦੇਵੇਗੀ।
ਭਾਰਤ ਅਤੇ ਸ੍ਰੀਲੰਕਾ : ਅੰਗਰੇਜ਼ਾਂ ਨੇ ਸ੍ਰੀਲੰਕਾ ਨੂੰ ਭਾਰਤ ਦੀ ਅਜ਼ਾਦੀ ਤੋਂ ਛੇ ਮਹੀਨੇ ਬਾਅਦ ਅਜ਼ਾਦ ਕੀਤਾ। ਦੋਹਾਂ ਦੇਸ਼ਾਂ ਦੀ ਸੱਭਿਅਤਾ ਤੇ ਸੱਭਿਆਚਾਰ ਵਿੱਚ ਸਮਾਨਤਾ ਹੋਣ ਕਰਕੇ ਰਾਜਸੀ ਸੰਬੰਧ ਵੀ ਸੁਖਾਵੇਂ ਰਹੇ, ਪਰ ਇੰਦਰਾ ਗਾਂਧੀ ਦੇ ਸ਼ਾਸਨ ਦੇ ਪਿਛਲੇ ਭਾਗ ਵਿੱਚ ਸ੍ਰੀਲੰਕਾ ਨੂੰ ਵਹਿਮ ਹੋ ਗਿਆ ਕਿ ਉਥੋਂ ਦੀ ਜਾਤੀ ਹਿੰਸਾ ਦੇ ਪਿੱਛੇ ਭਾਰਤ ਦਾ ਹੱਥ ਹੈ। ਉਸ ਨੇ ਜਾਤੀ ਹਿੰਸਾ ਨੂੰ ਦਬਾਉਣ ਲਈ ਭਾਰਤ ਤੋਂ ਫ਼ੌਜੀ ਸਹਾਇਤਾ ਮੰਗੀ। 29 ਜੁਲਾਈ 1987 ਈ. ਨੂੰ ਭਾਰਤ-ਸ੍ਰੀਲੰਕਾ ਸਮਝੌਤੇ ਅਨੁਸਾਰ ਭਾਰਤੀ ਸੈਨਾ ਭੇਜੀ ਗਈ। ਤਾਮਿਲ ਉਗਰਵਾਦੀਆਂ ਦੇ ਸੰਗਠਨ ‘ਲਿੱਟੇ’ ਨਾਲ ਭਾਰਤੀ ਫ਼ੌਜਾਂ ਨੂੰ ਉਲਝਣਾ ਪਿਆ। ਜਨਤਾ ਨੇ ਇਸ ਗੱਲ ਨੂੰ ਬੁਰਾ ਮਨਾਇਆ। ਜਦ ਸ੍ਰੀ ਪ੍ਰੇਮ ਦਾਸ ਉਥੋਂ ਦੇ ਨਵੇਂ ਰਾਸ਼ਟਰਪਤੀ ਬਣੇ ਤਾਂ ਉਨ੍ਹਾਂ ਨੇ ਭਾਰਤ ਨੂੰ ਆਪਣੀ ਫ਼ੌਜ ਵਾਪਸ ਬੁਲਾਉਣ ਲਈ ਕਹਿ ਦਿੱਤਾ। ਰਾਜੀਵ ਗਾਂਧੀ ਸਰਕਾਰ ਦੀ ਢਿੱਲ-ਮੱਠ ਨੇ ਦੋਹਾਂ ਦੇਸ਼ਾਂ ਦੇ ਸੰਬੰਧਾਂ ਵਿੱਚ ਫਿੱਕ ਪਾ ਦਿੱਤਾ। ਉਪਰੰਤ ਭਾਰਤ ਦੀ ਰਾਸ਼ਟਰੀ ਮੋਰਚਾ ਸਰਕਾਰ ਨੇ ਆਪਣੀਆਂ ਫ਼ੌਜਾਂ ਨੂੰ ਤੁਰੰਤ ਵਾਪਸ ਬੁਲਾ ਲਿਆ। ਪਰਿਣਾਮਸਰੂਪ ਦੋਹਾਂ ਦੇਸ਼ਾਂ ਦੇ ਸੰਬੰਧ ਫਿਰ ਸੁਖਾਵੇਂ ਹੋ ਗਏ।
ਭਾਰਤ-ਚੀਨ ਸੰਬੰਧ : ਭਾਰਤ-ਚੀਨ ਸੰਬੰਧਾਂ ਵਿੱਚ ਫਿੱਕ ਦੇ ਦੋ ਮੁੱਖ ਕਾਰਨ ਹਨ। ਇੱਕ ਤਾਂ ਚੀਨ ਨੇ ਭਾਰਤ ਦੁਆਰਾ ਤਿਬਤੀ ਲਾਮਿਆਂ ਨੂੰ ਸ਼ਰਨ ਦੇਣਾ ਪਸੰਦ ਨਾ ਕੀਤਾ। ਦੂਜੇ, ਚੀਨ ਭਾਰਤ ਦੀ ਉੱਤਰੀ ਸੀਮਾ ਦੇ ਕੁਝ ਭਾਗ ਨੂੰ ਆਪਣਾ ਸਮਝਦਾ ਹੈ। ਇਸ ਨੇ ਇਸ ਭਾਗ ਦੇ ਕੁਝ ਹਿੱਸੇ ‘ਤੇ ਹਮਲਾ ਕਰਕੇ ਕਬਜ਼ਾ ਵੀ ਕਰ ਲਿਆ ਹੈ। ਭਾਰਤ ਨੇ ਇਸ ਨਾਲ ਉਲਝਣ ਨਾਲੋਂ ਚੁੱਪ ਧਾਰੀ ਰੱਖਣ ਦੀ ਨੀਤੀ ਅਪਣਾਈ ਹੋਈ ਹੈ। ਜੂਨ 1994 ਈ. ਵਿੱਚ ਇੱਕ ਵਪਾਰਕ ਸੰਧੀ ‘ਤੇ ਦਸਤਖ਼ਤ ਹੋਣ ਨਾਲ ਦੋਹਾਂ ਦੇਸ਼ਾਂ ਵਿੱਚ ਇੱਕ ਨਵੇਂ ਕਾਂਡ ਦਾ ਮੁੱਢ ਬੱਝਿਆ। ਕੁਝ ਥੋੜ੍ਹਾ ਚਿਰ ਹੀ ਹੋਇਆ ਕਿ ਚੀਨ ਦੇ ਪ੍ਰਧਾਨ ਮੰਤਰੀ ਭਾਰਤ ਵਿੱਚ ਆਏ। ਭਾਰਤ ਨੇ ਤਿੱਬਤ ਬਾਰੇ ਆਪਣਾ ਦ੍ਰਿਸ਼ਟੀਕੋਣ ਮੁੜ ਸਪੱਸ਼ਟ ਕੀਤਾ ਜਿਸ ਨੂੰ ਉਨ੍ਹਾਂ ਸਲਾਹਿਆ ਤੇ ਪ੍ਰਵਾਨ ਕੀਤਾ। ਦੋਵੇਂ ਦੇਸ਼ ਵਿਭਿੰਨ ਖੇਤਰਾਂ ਵਿੱਚ ਸਹਿਯੋਗ ਵਧਾਉਣਾ ਅਤੇ ਭਰਾਵਾਂ ਵਾਂਗ ਰਵਾਇਤੀ ਮਿੱਤਰਤਾ ਨੂੰ ਸੁਰਜੀਤ ਕਰਨ ਵਿੱਚ ਰਾਜ਼ੀ ਹੋਏ। ਇਸ ਤਰ੍ਹਾਂ ਦੋਹਾਂ ਵਿੱਚ ਪਏ ਹੋਏ ਭੁਲੇਖੇ ਵੀ ਦੂਰ ਹੋਏ। ਹੁਣ ਦੋਵੇਂ ਇਸ ਗੱਲ ਨੂੰ ਸਮਝ ਗਏ ਹਨ ਕਿ ਇਨ੍ਹਾਂ ਦੇ ਆਪਣੇ ਚੰਗੇ ਸੰਬੰਧ ਨਾ ਕੇਵਲ ਇਨ੍ਹਾਂ ਲਈ ਲਾਹੇਵੰਦ ਸਿੱਧ ਹੋਣਗੇ ਸਗੋਂ ਏਸ਼ੀਆ ਵਿੱਚ ਸ਼ਾਂਤੀ ਸਥਾਪਤ ਕਰਨ ਵਿੱਚ ਵੀ ਸਹਾਇਕ ਹੋਣਗੇ। ਸੋ ਹੁਣ ਇਨ੍ਹਾਂ ਦੇ ਸੰਬੰਧ ਸੁਧਰਨੇ ਸ਼ੁਰੂ ਹੋ ਗਏ ਹਨ।
ਭਾਰਤ-ਨੇਪਾਲ ਸੰਬੰਧ : ਸ਼ੁਰੂ-ਸ਼ੁਰੂ ਵਿੱਚ ਭਾਰਤ-ਨੇਪਾਲ ਸੰਬੰਧ ਸਮੁੱਚੇ ਤੌਰ ‘ਤੇ ਮਿੱਤਰਤਾਨਾ ਸਨ, ਪਰ 1980 ਈ. ਦੇ ਪਿਛਲੇ ਭਾਗ ਵਿੱਚ ਇਹ ਵਿਗੜ ਗਏ। ਵਪਾਰ ਤੇ ਪਾਰਗਮਨ ਸੰਧੀ (Trade and Transit Treaty) ਦੀ ਸਮਾਪਤੀ ’ਤੇ ਵੱਡੀ ਤਰੇੜ ਪੈ ਗਈ। ਭਾਰਤ ਨੇ ਨੇਪਾਲ ਨੂੰ ਸਾਮਾਨ ਭੇਜਣਾ ਬੰਦ ਕਰ ਦਿੱਤਾ, ਪਰ ਰਾਸ਼ਟਰੀ ਮੋਰਚਾ ਸਰਕਾਰ ਨੇ ਮੁੜ ਭੇਜਣਾ ਸ਼ੁਰੂ ਕਰ ਦਿੱਤਾ। ਨਾਲੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਨੇਪਾਲ ਦੀ ਯਾਤਰਾ ਕਰਕੇ ਇਸ ਸੰਬੰਧ ਨੂੰ ਚੰਗੇਰਾ ਕਰ ਦਿੱਤਾ। ਨੇਪਾਲ ਦੇ ਪ੍ਰਧਾਨ ਮੰਤਰੀ ਸ੍ਰੀ ਜੀ.ਪੀ. ਕੋਇਰਾਲਾ ਦੀ ਭਾਰਤ ਯਾਤਰਾ ਵਿੱਚ ਭਾਰਤੀਆਂ ਵੱਲੋਂ ਕੀਤੇ ਗਏ ਨਿੱਘੇ ਸੁਆਗਤ ਨੇ ਸਥਿਤੀ ਨੂੰ ਹੋਰ ਵੀ ਬਿਹਤਰ ਬਣਾ ਦਿੱਤਾ। ਹੁਣ ਅਨੇਕ ਖੇਤਰਾਂ ਵਿੱਚ ਭਾਰਤ ਤੇ ਨੇਪਾਲ ਇੱਕ-ਦੂਜੇ ਨੂੰ ਸਹਿਯੋਗ ਦੇ ਰਹੇ ਹਨ।
ਭਾਰਤ-ਭੂਟਾਨ ਸੰਬੰਧ : ਭਾਰਤ-ਭੂਟਾਨ ਦੇ ਸੰਬੰਧ ਮੁੱਢ ਤੋਂ ਹੀ ਮਿਲਵਰਤਣ ਵਾਲੇ ਹਨ। ਦੋਹਾਂ ਵਿੱਚ ਵਣਜ-ਵਪਾਰ ਹੋ ਰਿਹਾ ਹੈ। ਪਿੱਛੇ ਜਿਹੇ ਜਦ ਭੂਟਾਨ ਦਾ ਨਰੇਸ਼ ਭਾਰਤ ਵਿੱਚ ਆਇਆ ਤਾਂ ਉਸ ਦਾ ਨਿੱਘਾ ਸੁਆਗਤ ਕੀਤਾ ਗਿਆ। ਮਿਆਂਮਾਰ ਨਾਲ ਤਾਂ ਭਾਰਤ ਦੀ ਕਦੀ ਵੀ ਕੋਈ ਉਲਝਣ ਨਹੀਂ ਪੈਦਾ ਹੋਈ। ਇੱਥੇ ਹੋਈ ਲੋਕਤੰਤਰਕ ਉਥਲ-ਪੁਥਲ ਵਿੱਚ ਭਾਰਤ ਨੇ ਉਸ ਨੂੰ ਨੈਤਿਕ ਸਮਰਥਨ ਦਿੱਤਾ। ਭਾਰਤ ਉਸ ਦੇ ਘਰੋਗੀ ਮਾਮਲਿਆਂ ਵਿੱਚ ਦਖ਼ਲ ਨਹੀਂ ਦੇਣਾ ਚਾਹੁੰਦਾ, ਪਰ ਇਹ ਜ਼ਰੂਰ ਚਾਹੁੰਦਾ ਹੈ ਕਿ ਉਥੇ ਨੈਤਿਕ ਤਾਨਾਸ਼ਾਹੀ ਦੀ ਥਾਂ ਲੋਕਾਂ ਦਾ ਰਾਜ ਹੋਵੇ।
ਭਾਰਤ-ਬੰਗਲਾਦੇਸ਼ ਸੰਬੰਧ : ਬੰਗਲਾਦੇਸ਼ ਤਾਂ ਭਾਰਤ ਦੀ ਮਿਹਰਬਾਨੀ ਨਾਲ ਹੋਂਦ ਵਿੱਚ ਆਇਆ। ਭਾਰਤ ਨਾਲ ਇਸ ਦੇ ਸੰਬੰਧ ਸਮੁੱਚੇ ਤੌਰ ‘ਤੇ ਸੁਖਾਵੇਂ ਵੀ ਰਹੇ ਹਨ। ਫਰਾਕਾ ਬੈਰਾਜ (Farakka Barrage) ਮਾਮਲਾ, ਨਦੀ ਦੇ ਪਾਣੀ ਦਾ ਝਗੜਾ ਅਤੇ ਚਕਮਾ ਸ਼ਰਨਾਰਥੀਆਂ ਦੀ ਭਾਰਤ ਵਿੱਚ ਆਮਦ ਤੋਂ ਪੈਦਾ ਹੋਈਆਂ ਸਮੱਸਿਆਵਾਂ ਕਾਰਨ ਦੋਹਾਂ ਦੇਸ਼ਾਂ ਦੇ ਸੰਬੰਧ ਵਿਗੜ ਜਾਣ ਦੀ ਸੰਭਾਵਨਾ ਤਾਂ ਸੀ, ਪਰ ਸੂਝ-ਬੂਝ ਨਾਲ ਦੋਹਾਂ ਦੇ ਨੇਤਾਵਾਂ ਨੇ ਸੰਕਟ ਨਹੀਂ ਵਧਣ ਦਿੱਤਾ। ਦੋਵੇਂ ਦੇਸ਼ ਹਰ ਸਮੱਸਿਆ ਨੂੰ ਗੱਲਬਾਤ ਰਾਹੀਂ ਹੱਲ ਕਰਨਾ ਚਾਹੁੰਦੇ ਹਨ।
ਭਾਰਤ ਦੀ ਨੀਤੀ : ਹੁਣ ਸੋਵੀਅਤ ਯੂਨੀਅਨ ਦੇ ਵਿਘਟਨ ਅਤੇ ਸ਼ੀਤ ਯੁੱਧ ਦੀ ਸਮਾਪਤੀ ਤੋਂ ਬਾਅਦ ਦੱਖਣੀ ਏਸ਼ੀਆ ਵਿੱਚ ਭਾਰਤ ਨੇ ਹੀ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੈ। ਇਹ ਸਣੇ ਗੁਆਂਢੀਆਂ ਸਾਰੇ ਦੇਸ਼ਾਂ ਨਾਲ ਮਿੱਤਰਤਾ ਸੰਬੰਧ ਰੱਖਣਾ ਚਾਹੁੰਦਾ ਹੈ। ਇਹ ‘ਜੀਓ ਤੇ ਜਿਊਣ ਦਿਓ’ ਦੀ ਆਪਣੀ ਮੁਢਲੀ ਨੀਤੀ ਦਾ ਸ਼ੈਦਾਈ ਹੈ। ਉਹ ਦਿਨ ਦੂਰ ਨਹੀਂ ਜਦ ਇਹ ਆਪਣੀ ਅਗਾਂਹਵਧੂ ਨੀਤੀ ਕਰਕੇ ਸੰਸਾਰ ਵਿੱਚ ਇੱਕ ਮਹਾਨ ਸ਼ਕਤੀ ਵਜੋਂ ਉਭਰੇਗਾ।