ਲੇਖ ਰਚਨਾ : ਬੇਰੁਜ਼ਗਾਰੀ ਦੀ ਸਮੱਸਿਆ
ਬੇਰੁਜ਼ਗਾਰੀ ਦੀ ਸਮੱਸਿਆ
ਜਾਣ-ਪਛਾਣ : ਜਦੋਂ ਤੋਂ ਭਾਰਤ ਅਜ਼ਾਦ ਹੋਇਆ, ਤਰ੍ਹਾਂ – ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਜਿਨ੍ਹਾਂ ਵਿੱਚੋਂ ਬੇਰੁਜ਼ਗਾਰੀ ਦੀ ਸਮੱਸਿਆ ਬਹੁਤ ਖ਼ਤਰਨਾਕ ਰੂਪ ਧਾਰਨ ਕਰ ਚੁੱਕੀ ਹੈ। ਬੇਰੁਜ਼ਗਾਰੀ ਦੀ ਸਮੱਸਿਆ ਸਾਡੇ ਦੇਸ ਤਕ ਹੀ ਸੀਮਿਤ ਨਹੀਂ, ਸਗੋਂ ਵਿਸ਼ਵ ਵਿੱਚ ਪੂੰਜੀਪਤੀ ਦੇਸ ਵੀ ਇਸ ਦੀ ਲਪੇਟ ਵਿੱਚ ਆ ਚੁੱਕੇ ਹਨ।
ਬੇਰੁਜ਼ਗਾਰ ਦਾ ਅਰਥ : ਜਦੋਂ ਕਿਸੇ ਦੇਸ ਵਿੱਚ ਕੰਮ ਕਰਨ ਦੀ ਸਮਰੱਥਾ ਰੱਖਣ ਵਾਲੇ ਵਿਅਕਤੀਆਂ ਨੂੰ ਕੰਮ ਨਾ ਮਿਲੇ ਤਾਂ ਉਸ ਨੂੰ ਬੇਰੁਜ਼ਗਾਰ ਕਿਹਾ ਜਾਂਦਾ ਹੈ। ਅੱਜ ਲੱਖਾਂ ਨੌਜਵਾਨ ਕੰਮ ਲਈ ਧੱਕੇ ਖਾਂਦੇ ਫਿਰਦੇ ਹਨ। ਲਿਆਕਤ ਵਾਲੇ ਵਿਅਕਤੀ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ।
ਬੇਰੁਜ਼ਗਾਰਾਂ ਦੀ ਗਿਣਤੀ ਵਿੱਚ ਵਾਧਾ : ਪਿਛਲੇ ਕੁਝ ਸਾਲਾਂ ਤੋਂ ਬੇਰੁਜ਼ਗਾਰਾਂ ਦੀ ਗਿਣਤੀ ਵਿੱਚ ਬੇਹਿਸਾਬ
ਵਾਧਾ ਹੋਇਆ ਹੈ। ਜੇ ਅਸੀਂ ਪਿਛਲੇ ਅੰਕੜੇ ਵੇਖੀਏ ਤਾਂ ਪਤਾ ਲੱਗਦਾ ਹੈ ਕਿ 1956 ਵਿਚ ਸਿਰਫ 53 ਲੱਖ ਲੋਕ ਬੇਰੁਜ਼ਗਾਰ ਸਨ ਤੇ ਅੱਜ ਇਹ ਗਿਣਤੀ ਛੇ ਗੁਣਾ ਹੋ ਗਈ ਹੈ। ਪੜ੍ਹੇ-ਲਿਖੇ ਨੌਜਵਾਨਾਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ। ਭਾਵੇਂ ਇਨ੍ਹਾਂ ਵਿੱਚੋਂ ਬਹੁਤ ਸਾਰੇ ਨੌਜਵਾਨ ਨੌਕਰੀ ਖ਼ਾਤਰ ਵਿਦੇਸਾਂ ਵੱਲ ਵੀ ਜਾ ਰਹੇ ਹਨ, ਫਿਰ ਵੀ ਇਹ ਸਮੱਸਿਆ ਵਿਕਰਾਲ ਰੂਪ ਧਾਰਨ ਕਰੀ ਬੈਠੀ ਹੈ।
ਬੇਰੁਜ਼ਗਾਰੀ ਦੇ ਵੱਧਣ ਦੇ ਕਾਰਨ : ਬੇਰੁਜ਼ਗਾਰੀ ਦੇ ਵੱਧਣ ਦਾ ਮੁੱਖ ਕਾਰਨ ਅਬਾਦੀ ਦਾ ਵਾਧਾ ਹੈ। ਜਿਹੜੀ ਅਬਾਦੀ ਦੇਸ਼ ਦੀ ਵੰਡ ਵੇਲੇ 36 ਕਰੋੜ ਸੀ ਅੱਜ ਇੱਕ ਅਰਬ ਤੋਂ ਵੀ ਉੱਪਰ ਹੋ ਚੁੱਕੀ ਹੈ। ਇਹ ਵੱਧਦੀ ਅਬਾਦੀ ਬੇਰੁਜ਼ਗਾਰੀ ਨੂੰ ਦੂਰ ਕਰਨ ਵਿਚ ਬਹੁਤ ਵੱਡੀ ਰੁਕਾਵਟ ਹੈ। ਭਾਰਤ ਵਿਚ ਬੇਰੁਜ਼ਗਾਰੀ ਨੂੰ ਵਧਾਉਣ ਪਿੱਛੇ ਕੁਝ ਹੋਰ ਵੀ ਅਹਿਮ ਕਾਰਨ ਹਨ; ਜਿਵੇਂ— ਆਰਥਕ ਵਿਕਾਸ ਦੀ ਮੱਧਮ ਰਫ਼ਤਾਰ ਦਾ ਹੋਣਾ, ਸਰਕਾਰ ਦਾ ਖੇਤੀਬਾੜੀ ਤੇ ਲਘੂ ਉਦਯੋਗਾਂ ਵੱਲ ਪੂਰਾ ਧਿਆਨ ਨਾ ਦੇਣਾ, ਦੋਸ਼ ਪੂਰਨ ਸਿੱਖਿਆ ਪ੍ਰਣਾਲੀ, ਸਵੈ-ਰੁਜ਼ਗਾਰ ਲਈ ਸਾਧਨਾਂ ਦੀ ਕਮੀ ਦਾ ਹੋਣਾ, ਮੱਧ ਸ਼੍ਰੇਣੀ ਵਿਚ ਪੜ੍ਹੇ-ਲਿਖੇ ਨੌਜਵਾਨਾਂ ਦਾ ਵਾਧਾ, ਬਾਲਣ ਅਤੇ ਸ਼ਕਤੀ ਸੋਮਿਆਂ ਦੀ ਘਾਟ ਦਾ ਹੋਣਾ, ਸਰਕਾਰੀ ਅਦਾਰਿਆਂ ਦਾ ਅੰਨ੍ਹੇਵਾਹ ਨੌਜੀਕਰਨ, ਭ੍ਰਿਸ਼ਟਾਚਾਰੀ ਦਾ ਵੱਧਣਾ, ਉਦਯੋਗਾਂ ਦਾ ਜ਼ਿਆਦਾ ਕੰਪਿਊਟਰੀਕਰਨ ਹੋਣਾ ਆਦਿ।
ਦੂਰ ਕਰਨ ਦੇ ਉਪਾਅ : ਬੇਰੁਜ਼ਗਾਰੀ ਦੂਰ ਕਰਨ ਲਈ ਸਭ ਤੋਂ ਪ੍ਰਮੁੱਖ ਸੁਝਾਅ ਹੈ ਅਬਾਦੀ ਤੇ ਕਾਬੂ ਪਾਉਣਾ। ਇਕ ਛੋਟਾ ਪਰਿਵਾਰ ਸੁੱਖ ਦਾ ਅਧਾਰ ਹੁੰਦਾ ਹੈ ਇਸ ਗੱਲ ਨੂੰ ਆਮ ਲੋਕਾਂ ਦੇ ਜਿਹਨ ਤੱਕ ਪਹੁੰਚਾਇਆ ਜਾਵੇ। ਆਰਥਕ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਨਾਲ ਇਸ ਦਾ ਹੱਲ ਹੋ ਸਕਦਾ ਹੈ। ਇਸ ਦੇ ਲਈ ਨਵੀਆਂ-ਨਵੀਆਂ ਤਕਨੀਕਾਂ ਨੂੰ ਅਪਣਾਉਣਾ ਚਾਹੀਦਾ ਹੈ। ਖੇਤੀ-ਬਾੜੀ ਤੇ ਲਘੂ ਉਦਯੋਗਾਂ ਨੂੰ ਵੱਧ ਤੋਂ ਵੱਧ ਉਤਸ਼ਾਹਤ ਕੀਤਾ ਜਾਵੇ। ਇਕ ਕਿਸਾਨ ਦੇ ਪੁੱਤਰ ਨੂੰ ਚਾਹੀਦਾ ਹੈ ਕਿ ਉਹ ਪੜ੍ਹ-ਲਿਖ ਕੇ ਨੌਕਰੀਆਂ ਵੱਲ ਭੱਜਣ ਦੀ ਬਜਾਏ ਖੇਤੀ – ਬਾੜੀ ਵੱਲ ਧਿਆਨ ਦੇਵੇ ਅਤੇ ਖੇਤੀ-ਬਾੜੀ ਨਵੇਂ ਢੰਗਾਂ ਨਾਲ ਕਰੇ। ਇਸੇ ਤਰ੍ਹਾਂ ਸਰਕਾਰ ਨੂੰ ਲਘੂ ਉਦਯੋਗਾਂ ਨੂੰ ਉੱਨਤ ਕਰਨ ਲਈ ਬੇਰੁਜ਼ਗਾਰਾਂ ਨੂੰ ਕਰਜ਼ੇ ਦੇਣੇ ਚਾਹੀਦੇ ਹਨ ਤਾਂ ਕਿ ਉਹ ਕੋਈ ਆਪਣਾ ਕੰਮ-ਧੰਦਾ ਖੋਲ੍ਹ ਕੇ ਬੈਠ ਸਕਣ। ਦੇਸ਼ ਵਿਚ ਮਲਟੀ-ਨੈਸ਼ਨਲ ਕੰਪਨੀਆਂ ਨੂੰ ਉੱਨਤ ਕਰਨਾ ਚਾਹੀਦਾ ਹੈ, ਉਦਯੋਗਾਂ ਦਾ ਵਿਕੇਂਦਰੀਕਰਨ ਕਰਨਾ, ਸਵੈ-ਰੁਜ਼ਗਾਰ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ। ਜੇ ਸਾਡੇ ਦੇਸ ਵਿੱਚੋਂ ਭ੍ਰਿਸ਼ਟਾਚਾਰ ਦਾ ਖ਼ਾਤਮਾ ਹੋ ਜਾਵੇ ਤਾਂ ਬੇਰੁਜ਼ਗਾਰੀ ਕਾਫ਼ੀ ਹੱਦ ਤੱਕ ਦੂਰ ਹੋ ਜਾਵੇਗੀ। ਸ਼ਹਿਰਾਂ ਅਤੇ ਪਿੰਡਾਂ ਵਿਚ ਰੁਜ਼ਗਾਰ ਦਫ਼ਤਰਾਂ ਦਾ ਜਾਲ ਵਿਛਾ ਦੇਣਾ ਚਾਹੀਦਾ ਹੈ।
ਸਾਰ ਅੰਸ਼ : ਸਮੁੱਚੇ ਰੂਪ ਵਿੱਚ ਆਖਿਆ ਜਾ ਸਕਦਾ ਹੈ ਕਿ ਬੇਰੁਜ਼ਗਾਰੀ ਭਾਰਤ ਦੀ ਇੱਕ ਖ਼ਤਰਨਾਕ ਸਮੱਸਿਆ ਹੈ। ਹੁਣ ਸਮੇਂ ਦੀ ਮੰਗ ਹੈ ਕਿ ਇਸਨੂੰ ਲੱਕ ਬੰਨ੍ਹ ਕੇ ਰੋਕਿਆ ਜਾਵੇ। ਇਸ ਸਮੱਸਿਆ ਦੇ ਕਾਰਨ ਸਾਡੇ ਦੇਸ ਦਾ ਵਿਕਾਸ ਨਹੀਂ ਹੋ ਸਕਦਾ ਅਤੇ ਇਹ ਦੁਨੀਆ ਦੇ ਵਿਕਸਤ ਦੇਸਾਂ ਦਾ ਮੁਕਾਬਲਾ ਵੀ ਨਹੀਂ ਕਰ ਸਕਦਾ।