CBSEEducationਲੇਖ ਰਚਨਾ (Lekh Rachna Punjabi)

ਲੇਖ ਰਚਨਾ : ਫੁਲਕਾਰੀ


ਫੁਲਕਾਰੀ


ਫੁਲਕਾਰੀ ਸਾਡੇ ਸਭਿਆਚਾਰ ਵਿੱਚ ਪੁਸ਼ਾਕ ਦਾ ਇੱਕ ਮਨਮੋਹਣਾ ਰੂਪ ਹੈ। ਸ਼ਾਦੀ ਦੇ ਸਮੇਂ ਲਾੜੀ ਨੂੰ ਚਮਕਦੀ ਸਤਾਰਿਆਂ ਵਾਲੀ ਫੁਲਕਾਰੀ ਨਾਲ ਢਕਿਆ ਜਾਂਦਾ ਹੈ। ਸਾਡੇ ਪੇਂਡੂ ਜੀਵਨ ਵਿੱਚ ਇਸਤਰੀ ਦਾ ਸਭ ਤੋਂ ਮਨਪਸੰਦ ਆਹਰ ਫੁਲਕਾਰੀ ਕੱਢਣਾ ਹੈ। ਸਾਰੀ ਉਮਰ ਹੀ ਉਹ ਫੁਲਕਾਰੀਆਂ ਕੱਢਦੀ ਰਹਿੰਦੀ ਹੈ ਤੇ ਆਪਣੀਆਂ ਪਿਆਰੀਆਂ ਨੂੰਹਾਂ-ਧੀਆਂ ਨੂੰ ਭੇਂਟ ਕਰਦੀ ਹੈ। ਭਾਰਤੀ ਤੇ ਖ਼ਾਸ ਤੌਰ ਤੇ ਪੰਜਾਬੀ ਮੁਟਿਆਰ ਨੂੰ ਸਾਰਾ ਜੀਵਨ ਹੀ ਫੁਲਕਾਰੀ ਵਰਗਾ ਜਾਪਦਾ ਹੈ।

ਪੁਰਸ਼ ਹੋਵੇ ਜਾਂ ਇਸਤਰੀ, ਜਿਸ ਤਰ੍ਹਾਂ ਦੇ ਉਹ ਘਰ ਵਿਚ ਪੈਦਾ ਹੁੰਦੇ ਹਨ ਅਤੇ ਜੋ ਜੀਵਨ ਉਨ੍ਹਾਂ ਨੂੰ ਮਿਲਦਾ ਹੈ, ਉਸ ਨੂੰ ਉਹ ਆਪਣੀ ਹੋਣੀ ਜਾਂ ਭਾਗ ਸਮਝਦੇ ਹਨ। ਇਨ੍ਹਾਂ ਭਾਗਾਂ ਨੂੰ ਅੱਗੇ ਸੰਵਾਰਨਾ ਜਾਂ ਸੰਗਾਰਨਾ ਉਨ੍ਹਾਂ ਦਾ ਆਪਣਾ ਕਰੱਤਵ ਹੁੰਦਾ ਹੈ, ਇਹ ਉਨ੍ਹਾਂ ਦੀ ਮਿਹਨਤ ‘ਤੇ ਨਿਰਭਰ ਕਰਦਾ ਹੈ ਕਿ ਉਹ ਆਪਣੀ ਜੀਵਨ ਰੂਪੀ ਫੁਲਕਾਰੀ ‘ਤੇ ਵੰਨ-ਸਵੰਨੇ ਫੁੱਲਾਂ ਦੀ ਕਢਾਈ ਕਿਸ ਤਰ੍ਹਾਂ ਕੱਢਦੇ ਹਨ ਤੇ ਜੀਵਨ ਨੂੰ ਸੋਹਣੇ-ਸੋਹਣੇ ਫੁੱਲਾਂ ਦੀ ਫੁਲਕਾਰੀ ਨੂੰ ਕਿਵੇਂ ਸਜਾਉਂਦੇ ਹਨ। ਜੀਵਨ ਰੂਪੀ ਫੁਲਕਾਰੀ ਕੱਢਣ ਦਾ ਕੰਮ ਬੜਾ ਮਹੀਨ ਹੁੰਦਾ ਹੈ ਤੇ ਇਹ ਕਢਾਈ ਕਦੇ ਵੀ ਖ਼ਤਮ ਹੋਣ ਤੇ ਨਹੀਂ ਆਉਂਦੀ। ਇਨਸਾਨ ਸੋਚਦਾ ਹੈ ਕਿ ਇਸ ਫੁਲਕਾਰੀ ‘ਤੇ ਹੋਰ ਵੇਲ ਬੂਟੇ ਸਜਾਏ ਜਾ ਸਕਦੇ ਹਨ, ਨਵੇਂ ਰੰਗ ਭਰੇ ਜਾ ਸਕਦੇ ਹਨ ਤੇ ਇਹ ਏਨੀ ਦਿਲਕਸ਼ ਬਣ ਜਾਵੇ, ਕਿ ਰਾਹ ਜਾਂਦੇ ਰਾਹ ਰੋਕ ਕੇ ਖੜ੍ਹ ਜਾਣ। ਇਸ ਫੁਲਕਾਰੀ ਦਾ ਸੁਹੱਪਣ, ਜਾਦੂ ਉਨ੍ਹਾਂ ਦੇ ਸਿਰ ਚੜ੍ਹ ਕੇ ਬੋਲੇ ਤੇ ਉਹ ਵੀ ਲਲਚਾਈਆਂ ਅੱਖਾਂ ਨਾਲ ਇਸ ਤਰ੍ਹਾਂ ਫੁਲਕਾਰੀ ਪ੍ਰਾਪਤ ਕਰਨ ਲਈ ਉਸ ਨਿਆਰੇ ਰਾਹ ‘ਤੇ ਚੱਲਣ ਲਈ ਤਿਆਰ ਹੋ ਜਾਣ। ਜਿਵੇਂ ਤ੍ਰਿੰਝਣਾਂ ‘ਤੇ ਬੈਠੀਆ ਇਸਤਰੀਆਂ ਹੱਡ ਭੰਨਵੀਂ ਮਿਹਨਤ ਤੇ ਧਿਆਨ ਨਾਲ ਕਢਾਈ ਕੱਢਦੀਆਂ ਥੱਕ ਟੁੱਟ ਜਾਂਦੀਆਂ ਹਨ, ਪਰ ਸੰਤੋਖ ਉਨ੍ਹਾ ਨੂੰ ਫਿਰ ਵੀ ਨਹੀ ਹੁੰਦਾ, ਇਸ ਪ੍ਰਕਾਰ ਇਸ ਜੀਵਨ ਰੂਪੀ ਫੁਲਕਾਰੀ ਨੂੰ ਲੱਖ ਸਜਾਵਟਾਂ ਨਾਲ ਸਜਾ ਲਵੇ। ਇਸ ਉੱਤੇ ਚੰਨ ਤਾਰੇ ਬਣਾ-ਬਣਾ ਲਟਕਾ ਲਵੇ, ਇਹ ਤਾਂ ਸੰਪੂਰਨ ਹੀ ਨਹੀਂ ਹੁੰਦੀ ਮੁਕਣ ਵਿਚ ਵੀ ਨਹੀਂ ਆਉਂਦੀ।

ਫੁਲਕਾਰੀ ਕੱਢਦੀ ਹੋਈ ਮੁਟਿਆਰ ਇਹ ਭੁੱਲ ਹੀ ਜਾਂਦੀ ਹੈ ਕਿ ਉਸ ਨੇ ਆਪਣੇ ਜੀਵਨ ਰੂਪੀ ਫੁਲਕਾਰੀ ਦੀ ਕਢਾਈ ਵੀ ਆਪ ਹੀ ਕਢਣੀ ਹੈ, ਮੰਗਵੀਂ ਫੁਲਕਾਰੀ ਉਸ ਉੱਤੇ ਪੂਰੀ ਨਹੀਂ ਆ ਸਕਦੀ ਤੇ ਉਸ ਨੂੰ ਗੁਮਰਾਹ ਕਰ ਸਕਦੀ ਹੈ। ਇਸ ਲਈ ਉਹ ਬੜੀ ਸੋਚ ਕੇ ਉਸ ਸੁਬਕ ਜਿਹੇ ਪੈਰ ਬਾਲ-ਵਰੇਸ ਦੀ ਉਮਰ ਵਿਚ ਧਰਦੀ ਹੈ ਤੇ ਫੁਲਕਾਰੀ ਦੀ ਪਹਿਲੀ ਤੰਦ ਪਾਉਂਦੀ ਹੈ। ਬਾਲ-ਵਰੇਸ ਦੀ ਇਹ ਉਮਰ ਉਸ ਲਈ ਗੁੱਡੀਆਂ ਪਟੋਲਿਆਂ ਨਾਲ ਖੇਡਣ ਦੀ ਉਮਰ ਹੁੰਦੀ ਹੈ, ਪੀਘਾਂ, ਝੂਟਣ ਦੀ ਉਮਰ ਹੁੰਦੀ ਹੈ, ਪਰ ਇਸ ਉਮਰ ਵਿਚ ਹੀ ਸੁਣਨ ਨੂੰ ਮਿਲਦਾ ਹੈ ਕਿ ਉਹ ਜਿਸ ਘਰ ਵਿਚ ਪੈਦਾ ਹੋਈ ਹੈ, ਇਹ ਉਸ ਲਈ ਪਰਾਇਆ ਘਰ ਹੈ ਤੇ ਆਪਣੇ ਘਰ ਉਸ ਨੇ ਮੁਟਿਆਰ ਹੋ ਕੇ ਜਾਣਾ ਹੈ।

ਜੀਵਨ ਰੂਪੀ ਫੁਲਕਾਰੀ ਦੀ ਤੰਦ ਉਸ ਨੂੰ ਉਲਝੀ-ਉਲਝੀ ਲੱਗਦੀ ਹੈ ਤੇ ਉਸ ਨੂੰ ਇਹ ਸਮਝ ਨਹੀਂ ਆਉਂਦੀ ਕਿ ਉਹ ਇਸ ਤੰਦ ਨੂੰ ਕਿਵੇਂ ਸੁਲਝਾਵੇ। ਇਸ ਫੁਲਕਾਰੀ ਦਾ ਸ੍ਰੀ-ਗਣੇਸ਼ ਹੀ ਉਸ ਲਈ ਚੰਗਾ ਨਹੀਂ ਹੋਇਆ। ਜਨਮ ਸਮੇਂ ਉਸ ਉੱਤੇ ਪੱਥਰ, ਵੱਟਾ ਆਦਿ ਸ਼ਬਦਾਂ ਦੀ ਵਰਖਾ ਹੁੰਦੀ ਰਹੀ ਹੈ, ਜਿਸ ਦੀ ਉਸ ਨੂੰ ਕੁੱਝ-ਕੁੱਝ ਸਮਝ ਆਉਣ ਲੱਗੀ ਹੈ ਕਿ ਉਹ ਮੁੰਡਿਆਂ ਦੇ ਬਰਾਬਰ ਨਹੀਂ। ਇਹ ਜੀਵਨ ਰੂਪੀ ਫੁਲਕਾਰੀ ਜੋ ਉਸ ਨੂੰ ਮਿਲੀ ਹੈ, ਉਸ ‘ਤੇ ਉਹ ਕਢਾਈ ਕਿਵੇਂ ਕਰੇ, ਇਸ ਉੱਤੇ ਤਾਂ ਉਹ ਆਪਣੀਆਂ ਆਹਾਂ ਤੇ ਹਸਰਤਾਂ ਦਾ ਕਸੀਦਾ ਹੀ ਕੱਢ ਸਕਦੀ ਹੈ। ਬਾਲ-ਵਰੇਸ ਦੀ ਹੱਦ ਟੱਪਦੀ ਤੇ ਸਖੀਆਂ ਸਹੇਲੀਆਂ ਨਾਲ ਖੇਡਦੀ ਹੋਈ ਉਸ ਨੂੰ ਜ਼ਿੰਦਗੀ ਦੀ ਪਹਿਲੀ ਲੱਕ ਪੀੜ ਹੁੰਦੀ ਹੈ ਤੇ ਉਹ ਹੈਰਾਨ ਪ੍ਰੇਸ਼ਾਨ ਹੋ ਜਾਂਦੀ ਹੈ। ਪਰ ਉਸ ਨੂੰ ਨਾਲ ਦੀਆਂ ਸਖੀਆਂ ਸਮਝਾਉਂਦੀਆਂ ਹਨ ਕਿ ਇਹ ਪੀੜ ਤਾਂ ਉਸ ਦੇ ਔਰਤ ਹੋਣ ਦੀ ਨਿਸ਼ਾਨੀ ਹੈ ਤੇ ਮਹੀਨੇ ਵਿਚ ਕੁਝ ਦਿਨ ਇਸ ਪੀੜ ਨੂੰ ਸਹਿਣ ਲਈ ਉਸਨੂੰ ਰਾਖਵੇਂ ਰੱਖਣੇ ਪੈਣਗੇ, ਜਿਸ ਵਿਚ ਉਸ ਨੂੰ ਕੇਵਲ ਇਸਤਰੀ ਰੂਪ ਵਿਚ ਪਰੀਵਰਤਿਤ ਹੋਣ ਦੀ ਸਜ਼ਾ ਭੁਗਤਣੀ ਪਵੇਗੀ। ਅਜਿਹੀ ਅਵਸਥਾ ਵਿਚ ਉਹ ਮਨ ਮਸੋਸ ਕੇ ਰਹਿ ਜਾਂਦੀ ਹੈ ਤੇ ਜੀਵਨ ਰੂਪੀ ਫੁਲਕਾਰੀ ਦੀ ਕਢਾਈ ਹੋਰ ਵੀ ਪੇਚੀਦਾ ਹੋਈ ਲੱਗਦੀ ਹੈ। ਇਸ ਨੂੰ ਇਵੇਂ ਭਾਸਦਾ ਹੈ ਕਿ ਉਸ ਇਸ ਫੁਲਕਾਰੀ ‘ਤੇ ਆਹਾਂ ਤੇ ਰੰਜਸ਼ਾਂ ਦੀਆਂ ਵੇਲ-ਬੂਟੀਆਂ ਪਾ ਰਹੀ ਹੈ। ਇਸ ਉਮਰ ਵਿਚ ਉਸ ਨੂੰ ਮਾਪਿਆਂ ਤੇ ਹੋਰ ਭੈਣ ਭਾਈਆਂ ਦਾ ਮੋਹ ਵੀ ਬਹੁਤ ਮਿਲਿਆ ਹੈ। ਅਜਬ-ਅਜਬ ਸੁਗਾਤਾਂ ਲੈ ਕੇ ਕਈ ਬਹਾਰਾਂ ਉਸ ਉੱਤੇ ਲੰਘੀਆਂ ਹਨ ਤੇ ਪਰਦੱਖਣਾ ਕਰਕੇ ਲੰਘ ਗਈਆਂ ਹਨ, ਪਰ ਉਸ ਨੂੰ ਇਵੇਂ ਭਾਸਦਾ ਹੈ ਕਿ ਜਿਵੇਂ ਅਜੇ ਉਸ ਨੂੰ ਕੱਜਣ ਹੀ ਨਾ ਮਿਲਿਆ ਹੋਵੇ ਤੇ ਉਸ ਦੀ ਲੱਜਾ, ਹਯਾ, ਸ਼ਰਮ ਕੇਵਲ ਉਸ ਤਕ ਹੀ ਕੇਂਦਰਿਤ ਰਹੀ ਹੋਵੇ।

ਜੀਵਨ ਰੂਪੀ ਫੁਲਕਾਰੀ ਦੀ ਕਢਾਈ ਉਸ ਨੂੰ ਉਸ ਸਮੇਂ ਹੋਰ ਵੀ ਮੁਸ਼ਕਿਲ ਲੱਗਦੀ ਹੈ, ਜਦੋਂ ਉਸ ਉੱਤੇ ਜੋਬਨ ਦੀ ਰੁੱਤ ਛਾ ਜਾਂਦੀ ਹੈ। ਉਸ ਦੀ ਖੁਸ਼ਬੂ ਘਰ ਦੀ ਚਾਰ-ਦੀਵਰੀ ਵਿਚ ਕੈਦ ਕੀਤੀ ਜਾਂਦੀ ਹੈ ਤੇ ਘਰ ਤੋਂ ਬਾਹਰ ਪੈਰ ਪਾਉਣ ਲਗਿਆਂ ਉਸ ਨੂੰ ਦੋ ਪਹਿਰੇਦਾਰ ਅੱਖਾਂ ਨਾਲ ਲਿਜਾਣੀਆਂ ਪੈਂਦੀਆਂ ਹਨ। ਉਸ ਨੂੰ ਸ਼ਰਮ, ਹਯਾ ਦਾ ਸਬਕ ਪੜ੍ਹਾਇਆ ਜਾਂਦਾ ਹੈ। ਉਹ ਘਰ ਵਿਚ ਬੰਦ ਪਿੰਜਰੇ ਪਈ ਮੈਨਾ ਨੂੰ ਵੇਖਦੀ ਹੈ ਤੇ ਆਪਣੀ ਤੁਲਨਾ ਉਸ ਨਾਲ ਕਰਦੀ ਹੈ। ਪਰ ਉਹ ਤਾਂ ਮੈਨਾ ਨਹੀਂ ਇਕ ਪੁਰਸ਼ ਵਾਂਗ ਇਨਸਾਨ ਦੀ ਤਰ੍ਹਾਂ ਹੈ। ਉਹ ਤਾਂ ਆਕਾਸ਼ ਵਿਚ ਉਡਾਰੀਆਂ ਲਾਉਣਾ ਚਾਹੁੰਦੀ ਹੈ, ਪਰ ਉਸ ਦੀ ਕਲਪਨਾ ਦੇ ਪਰ ਕੱਟ ਦਿੱਤੇ ਜਾਂਦੇ ਹਨ ਤੇ ਚਿਤਾਵਨੀ ਦਿੱਤੀ ਜਾਂਦੀ ਹੈ ਕਿ ਬਾਹਰ ਦੀ ਰੌਣਕ ਉਸ ਲਈ ਨਹੀਂ, ਉਸ ਦੇ ਨਸੀਬ ਤਾਂ ਲੰਗਾਰੇ ਗਏ ਹਨ। ਉਹ ਆਪਣੀ ਮਾਂ ਅੱਗੇ ਅਰਜ਼ੋਈਆਂ ਕਰਦੀ ਹੈ ਕਿ ਸੂਈ ਵਿਚ ਚਾਨਣ ਪਰੋ ਕੇ ਉਸ ਦੇ ਨਸੀਬਾਂ ਨੂੰ ਵੀ ਸਿਉਂ ਦੇਵੇ ਪਰ ਅਜਿਹਾ ਕਦੇ ਵੀ ਨਹੀਂ ਵਾਪਰਦਾ। ਸਖੀਆਂ ਨਾਲ ਫੁਲਕਾਰੀ ਕੱਢਦੀ ਹੋਈ ਉਸ ਦੀ ਸੂਈ ਪੋਟਿਆਂ ਵਿਚ ਖੁੱਭ-ਖੁੱਭ ਜਾਂਦੀ ਹੈ, ਹੱਥਾਂ’ ਤੇ ਛਾਲੇ ਪੈ ਜਾਂਦੇ ਹਨ ਤੇ ਇਵੇਂ ਲੱਗਦਾ ਹੈ ਕਿ ਜੀਵਨ ਰੂਪੀ ਫੁਲਕਾਰੀ ਦੀ ਕਢਾਈ ਕਰਨੀ ਉਸ ਦੀ ਸਮਰੱਥਾ ਤੋਂ ਬਾਹਰ ਹੈ ਤੇ ਮਨ ਹੀ ਮਨ ਵਿਚ ਇਹ ਧਿਆਂਦੀ ਰਹਿੰਦੀ ਹੈ ਕਿ ਹੇ ਰਾਮਾ ! ਉਹ ਤਾਂ ਲੱਖ ਯਤਨ ਕਰਕੇ ਹਾਰ ਗਈ ਹੈ, ਇਸ ਜੀਵਨ ਰੂਪੀ ਫੁਲਕਾਰੀ ਦੀ ਕਢਾਈ ਉਸ ਕੋਲੋਂ ਨਹੀਂ ਹੋ ਰਹੀ।

ਅਜੋਕੇ ਜਮਾਨੇ ਵਿਚ ਆਧੁਨਿਕਤਾ ਦੀ ਚਲੰਕਾਰ ਵਿਚ ਉਸ ਨੂੰ ਇਹ ਸਪੱਸ਼ਟ ਹੀ ਨਹੀਂ ਹੁੰਦਾ ਕਿ ਔਰਤ ਜਾਤੀ ਦੇ ਹੱਕ ਵਿਚ ਨਾਅਰਾ ਮਾਰਨ ਵਾਲੇ ਲੋਕ ਨਿਰੇ ਹਵਾ ਵਿਚ ਲਿਖੇ ਸੁਲਘਦੇ ਸ਼ਬਦ ਹੀ ਬੋਲ ਰਹੇ ਹਨ ਜਾਂ ਇਨ੍ਹਾਂ ਸ਼ਬਦਾਂ ਦਾ ਕੋਈ ਅਰਥ ਵੀ ਹੈ। ਸਾਖਰਤਾ ਦੀ ਮੁਹਿੰਮ ਨੇ ਉਸ ਨੂੰ ਸ਼ਬਦਾਂ ਨਾਲ ਤਾਂ ਜਾਣਕਾਰੀ ਕਰਾ ਦਿੱਤੀ ਹੈ ਤੇ ਉਸ ਨੂੰ ਇਹ ਤਾਂ ਪਤਾ ਲੱਗ ਜਾਂਦਾ ਹੈ ਕਿ ਪੁਰਸ਼ ਉਸ ਲਈ ਬਰਾਬਰੀ ਦੇ ਦਾਅਵਿਆਂ ਦੀ ਗੱਲ ਕਰਦਾ ਹੈ, ਪਰ ਇਹ ਦਾਅਵੇ ਨਿਰੇ ਕਾਗਜ਼ੀ ਹੀ ਸਾਬਤ ਹੁੰਦੇ ਹਨ। ਸਮਾਜਵਾਦ ਦਾ ਸੁਰ ਅਲਾਪਦਾ ਹੋਇਆ ਪੁਰਸ਼ ਇਹ ਤਾਂ ਕਹਿੰਦਾ ਹੈ ਕਿ ਆਰਥਿਕ ਤੌਰ ਤੇ ਉਸ ਨੂੰ ਆਪਣੇ ਪੈਰਾਂ ‘ਤੇ ਖਲੋਣਾ ਪਵੇਗਾ ਤੇ ਉਹ ਕਿਸੇ ਦੀਆਂ ਬਿਸਾਖੀਆਂ ਦੀ ਭਾਲ ਨਹੀਂ ਕਰੇਗੀ। ਉਸ ਦੀ ਜੀਵਨ ਰੂਪੀ ਫੁਲਕਾਰੀ ਦੀ ਕਢਾਈ ਤਾਂ ਹੀ ਸੋਹਣੀ ਹੋਵੇਗੀ ਜੇ ਉਹ ਪੁਰਸ਼ ਵਾਂਗ ਵਿਗਿਆਨ ਵਿਚ ਉਚੀ ਵਿੱਦਿਆ ਪ੍ਰਾਪਤ ਕਰਕੇ ਵਿਗਿਆਨਕ ਸੋਚ ਅਪਣਾਏਗੀ। ਭਰਮਾਂ-ਭੁਲੇਖੇ ਦੇ ਘੁੰਗਟ ਵਿਚੋਂ ਆਪਣਾ ਸਰਘੀ ਵਾਲਾ ਮੂੰਹ ਬਾਹਰ ਕੱਢੇਗੀ। ਵਹਿਮਾਂ-ਭਰਮਾਂ ਦੀਆਂ ਜਾਦੂਮਈ ਪੰਜੇਬਾਂ ਜੋ ਉਸ ਨੇ ਪਹਿਨੀਆਂ ਹੋਈਆਂ ਹਨ, ਉਨ੍ਹਾਂ ਤੋਂ ਮੁਕਤ ਹੋਵੇਗੀ। ਰੀਤਾਂ ਰਸਮਾਂ, ਅੰਧ-ਵਿਸ਼ਵਾਸ ਦੀ ਕਾਲੀ ਲੋਈ ਜੋ ਉਸ ਨੇ ਲਈ ਹੋਈ ਹੈ, ਉਸ ਦੀ ਥਾਂ ‘ਤੇ ਸੋਹਣੀ ਰੇਸ਼ਮੀ ਕੱਪੜੇ ਦੀ ਬਣੀ ਹੋਈ ਵੇਲ ਬੂਟੀਆਂ ਨਾਲ ਸ਼ਿੰਗਾਰੀ ਫੁਲਕਾਰੀ ਉਹ ਆਪ ਸਜਾਏਗੀ, ਇਹ ਤਾਂ ਹੀ ਸੰਭਵ ਹੋ ਸਕੇਗਾ ਜੇ ਉਹ ਆਪਣੇ-ਆਪ ਨੂੰ ਪੁਰਸ਼ ਨਾਲੋਂ ਕਿਸ ਖੇਤਰ ਵਿਚ ਘਟੀਆ ਨਹੀਂ ਸਮਝੇਗੀ।

ਜੀਵਨ ਰੂਪੀ ਫੁਲਕਾਰੀ ਦੀ ਕਢਾਈ ਤਾਂ ਇਸਤਰੀ ਆਦਿ ਕਾਲ ਤੋਂ ਹੀ ਕੱਢ ਰਹੀ ਹੈ, ਪਰ ਪਹਿਲਾਂ ਇਸ ਦੀ ਕਢਾਈ ਬੜੀ ਫਿੱਕੀ ਸੀ, ਹੁਣ ਆ ਕੇ ਉਸ ਨੇ ਇਸ ਵਿਚ ਰੰਗ ਭਰਨੇ ਸ਼ੁਰੂ ਕੀਤੇ ਹਨ, ਪਰ ਇਹ ਰੰਗ ਅਜੇ ਗਿਣਤੀ ਵਿਚ ਥੋੜ੍ਹੇ ਹਨ, ਇਕ ਗੁਲਾਬੀ ਰੰਗ ਕਰਨਾਲ ਵਿਚ ਖੇਡੀ ਪਲੀ ਕਲਪਨਾ ਚਾਵਲਾ ਨੇ ਪਾਇਆ ਹੈ ਜਿਸਨੇ ਅਮਰੀਕਾ ਦੇ ਸ਼ਹਿਰੀ ਬਣ ਕੇ ਖੋਜ ਦੇ ਖੇਤਰ ਵਿਚ ਮਾਨਤਾ ਪ੍ਰਾਪਤ ਕਰਕੇ ਪੁਲਾੜ ਵਿਚ ਆਪਣੇ ਪੰਜਾਬੀ ਭੂਤਪੂਰਵਕ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨਾਲ ਧਰਤੀ ‘ਤੇ ਬੈਠੇ ਨਾਲ ਗੱਲਾਂ ਕੀਤੀਆਂ ਸਨ ਤੇ ਅੰਤ ਵਿਚ ਆਪਣੀ ਜਾਨ ਦੀ ਆਹੂਤਾ ਵੀ ਦਿੱਤੀ ਹੈ। ਇਸ ਫੁਲਕਾਰੀ ਵਿਚ ਤਿਆਗ ਦਾ ਸੁਨਹਿਰਾ ਪੀਲਾ ਰੰਗ ਭਾਰਤ ਦੀ ਨੋਬਲ ਇਨਾਮ ਜੇਤੂ ਮਦਰ ਟੇਰੇਸਾ ਭਰਦੀ ਰਹੀ ਹੈ ਜੋ ਗਰੀਬਾਂ ਤੇ ਮਜ਼ਲੂਮਾਂ ਦਾ ਮਸੀਹਾ ਬਣ ਕੇ ਉਨ੍ਹਾਂ ਦੇ ਜੀਵਨ ਵਿਚ ਵਿਚਰਦੀ ਰਹੀ ਹੈ। ਇਸ ਫੁਲਕਾਰੀ ‘ਤੇ ਸਫਲਤਾ ਤੇ ਆਤਮ ਵਿਸ਼ਵਾਸ ਦਾ ਨੀਲਾ ਰੰਗ ਕਿਰਨ ਬੇਦੀ ਨੇ ਪਾਇਆ ਹੈ, ਜੋ ਸਾਰੀ ਉਮਰ ਪੁਰਸ਼ ਨੂੰ ਉਸ ਦੇ ਗਲਤ ਕੰਮਾਂ ਦੀ ਸਜ਼ਾ ਦਿੰਦੀ ਰਹੀ ਹੈ। ਪਰ ਇਹ ਰੰਗ ਸਮੁੱਚੀ ਜੀਵਨ ਦੀ ਫੁਲਕਾਰੀ ‘ਤੇ ਕਦੇ-ਕਦੇ ਟਿਮਕਣ ਵਾਲੇ ਤਾਰਿਆਂ ਦੀ ਤਰ੍ਹਾਂ ਹਨ।

ਇਨ੍ਹਾਂ ਕੁਝ ਰੰਗਾਂ ਤੋਂ ਬਿਨਾਂ ਬਾਕੀ ਸਾਰਾ ਕੁਝ ਉਸ ਨੂੰ ਬੇਰੰਗਾ ਹੀ ਭਾਸਦਾ ਹੈ ਤੇ ਕਈ ਵਾਰੀ ਜੀਵਨ ਰੂਪੀ ਫੁਲਕਾਰੀ ਉਸ ਨੂੰ ਧੁਆਂਖੀ ਜਿਹੀ ਲੱਗਦੀ ਹੈ, ਜਦੋਂ ਉਹ ਵੇਖਦੀ ਹੈ ਕਿ ਇਸ ਉਤੇ ਦਾਜ ਦੀ ਬਲੀ ਚੜ੍ਹ ਜਾਣ ਵਾਲੀਆਂ ਕੁੜੀਆਂ ਦੇ ਹਉਕਿਆਂ ਅਤੇ ਅਥਰੂਆਂ ਦੇ ਕਾਲੇ ਦਾਗ ਹਨ, ਫਿਰ ਤਾਂ ਇਹ ਜੀਵਨ ਰੂਪੀ ਫੁਲਕਾਰੀ ਉਸ ਨੂੰ ਸਿਰੋਂ ਲਾਹੁਣ ਲਈ ਮਨ ਕਰਦਾ ਹੈ। ਉਸ ਨੂੰ ਇਹ ਫੁਲਕਾਰੀ ਉਸ ਸਮੇਂ ਭਾਰੀ-ਭਾਰੀ ਵੀ ਲੱਗਦੀ ਹੈ, ਜਦੋਂ ਉਸ ਦਾ ਬਾਬੁਲ ਉਸ ਲਈ ਵਰ ਦੀ ਚੋਣ ਕਰਦਾ ਹੈ, ਉਸ ਦਾ ਵਿਆਹ ਰਚਾਉਂਦਾ ਹੈ ਤੇ ਉਸ ਦੇ ਦਾਜ ਦੀ ਵਸਤਾਂ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਨੂੰ ਲਗਾ ਕੇ ਇਕੱਠੀਆਂ ਕਰਦਾ ਹੈ। ਜਦੋਂ ਕਹਾਰ ਉਸ ਦੀ ਸੋਹਣੀ ਸਜੀ ਹੋਈ ਡੋਲੀ ਨੂੰ ਉਸ ਦੇ ਮਾਪਿਆਂ ਦੇ ਘਰੋਂ ਚੁੱਕਦੇ ਹਨ, ਤਾਂ ਘਰ ਦੀਆਂ ਕੰਧਾਂ ਵੀ ਹਿਲਦੀਆਂ ਹਨ ਤੇ ਉਹ ਤਰਲੇ ਕਰਦੀ ਹੈ ਕਿ ਇਕ ਰਾਤ ਹੋਰ ਉਹ ਬਾਬਲ ਦੇ ਵਿਹੜੇ ਦੀ ਰੋਣਕ ਨੂੰ ਮਾਣ ਲਵੇ। ਇਸ ਸਮੇਂ ਇਕ ਮੁਟਿਆਰ ਨੂੰ ਜੀਵਨ ਰੂਪੀ ਫੁਲਕਾਰੀ ਨੂੰ ਸਿਰ ‘ ਤੇ ਸਾਂਭਣਾ ਮੁਸ਼ਕਿਲ ਲੱਗਦਾ ਹੈ। ਜਦੋਂ ਵਹੁਟੀ ਬਣੀ ਹੋਈ ਉਸ ਦੇ ਪਤੀ ਦੇ ਦਵਾਰ ਪਹੁੰਚਦੀ ਹੈ ਤਾਂ ਸੱਸ ਜੋ ਮਾਂ ਦਾ ਦੂਸਰਾ ਰੂਪ ਹੈ, ਪਹਿਲਾਂ ਤਾਂ ਪੁੱਤ ਦੇ ਮੋਹ ਵਿਚ ਭਿੱਜੀ ਉਸ ਉੱਤੇ ਪਾਣੀ ਵਾਰ-ਵਾਰ ਪੀਂਦੀ ਹੈ ਤੇ ਫਿਰ ਬਾਅਦ ਵਿਚ ਉਹ ਹੀ ਮਾਂ ਕਾਨੂੰਨ ਦੀ ਮਾਂ ਬਣ ਕੇ ਆਪਣੇ ਗਿਣ-ਗਿਣ ਕੇ ਬਦਲੇ ਲੈਂਦੀ ਹੈ। ਅਜਿਹੇ ਸਮੇਂ ਵਿਚ ਜੀਵਨ ਰੂਪੀ ਫੁਲਕਾਰੀ ਦੀਆਂ ਤੰਦਾਂ ਉਸ ਨੂੰ ਮਜਬੂਤ ਹੱਥਾਂ ਨਾਲ ਪਕੜਨੀਆਂ ਪੈਂਦੀਆਂ ਹਨ। ਫਿਰ ਉਹ ਮਾਂ ਬਣਦੀ ਹੈ, ਜ਼ਫਰ ਜਾਲ ਕੇ ਧੀਆਂ ਪੁੱਤਾ ਨੂੰ ਪਾਲਦੀ ਹੈ ਤੇ ਫਿਰ ਇਕ ਦਿਨ ਅਜਿਹਾ ਆਉਂਦਾ ਹੈ ਜਦੋਂ ਉਹ ਆਪਣੀ ਸੰਤਾਨ ਲਈ ਬੋਹੜ ਦੀ ਛਾਂ ਦੀ ਤਰ੍ਹਾਂ ਬਣ ਜਾਂਦੀ ਹੈ।

ਸਾਰੀ ਜ਼ਿੰਦਗੀ ਇਸਤਰੀ ਆਪਣੀ ਜ਼ਿੰਦਗੀ ਦੀ ਫੁਲਕਾਰੀ ਨੂੰ ਸਾਵਧਾਨੀ ਨਾਲ ਸਿਰ ਤੇ ਅਡੋਲ ਟਿਕਾਈ ਰਖਦੀ ਹੈ, ਇਸ ਦੀ ਕਢਾਈ ਦਾ ਸਮਾਂ ਹੀ ਉਸ ਨੂੰ ਕਦੋਂ ਮਿਲਦਾ ਹੈ, ਉਸ ਨੂੰ ਇਵੇਂ ਜਾਪਦਾ ਹੈ ਜਦੋਂ ਇਹ ਕਢਾਈ ਉਹ ਕੱਢਦੀ ਹੈ, ਉਸ ਉੱਤੇ ਬ੍ਰਿਹਾਂ ਦੀਆਂ ਤੰਦਾਂ ਹੀ ਪਾਉਂਦੀ ਹੈ, ਗਿਲੇ-ਸ਼ਿਕਵਿਆਂ ਦੀ ਵੇਲ ਬੂਟੀਆਂ ਹੀ ਕੱਢਦੀ ਹੈ, ਬੇਰੰਗ ਦੁਨੀਆਂ ਵਿਚ ਵਿਚਰਦੀ ਹੋਈ ਉਹ ਇਨ੍ਹਾਂ ਵਿਚ ਰੰਗ ਭਰਨ ਤੋਂ ਵੀ ਅਸਮਰੱਥ ਰਹਿੰਦੀ ਹੈ, ਉਸ ਦੀ ਲਾਲਸਾ ਤਾਂ ਸੋਹਣੀ ਸੁੰਦਰ ਕਢਾਈ ਵਾਲੀ ਫੁਲਕਾਰੀ ਲੈਣ ਦੀ ਹੁੰਦੀ ਹੈ, ਜਿਹੜੀ ਉਸ ਨੂੰ ਜੀਵਨ ਵਿਚ ਨਹੀਂ ਮਿਲਦੀ। ਆਪ ਕੀਤੀ ਕਢਾਈ ਤਾਂ ਕਦੇ ਸੁਣਨ ਵਿਚ ਹੀ ਨਹੀਂ ਆਉਂਦੀ। ਇਸ ਤਰ੍ਹਾਂ ਫੁਲਕਾਰੀ ਨਾਲ ਜਿੱਥੇ ਸੰਕੇਤਕ, ਭਾਵਾਤਮਕ, ਅਰਥ ਜੁੜੇ ਹੋਏ ਹਨ, ਉਥੇ ਇਹ ਸਾਡੇ ਸਭਿਆਚਾਰ ਵਿਚ ਇਕ ਅਹਿਮ ਪੁਸ਼ਾਕ ਵਜੋਂ ਵੀ ਉੱਚਾ ਦਰਜਾ ਰੱਖਦੀ ਹੈ। ਆਪਣੀ ਕਿਸੇ ਖਾਸ ਮਹਿਬੂਬ ਨੂੰ ਜਦੋਂ ਕੋਈ ਖਾਸ ਭੇਟ ਦੇਣਾ ਚਾਹੁੰਦਾ ਹੈ ਤਾਂ ਉਹ ਫੁਲਕਾਰੀ ਹੀ ਹੋ ਸਕਦੀ ਹੈ। ਇਸਤਰੀ ਵਰਗ ਵਿੱਚ ਇਸਦੀ ਖਾਸ ਮਾਨਤਾ ਹੈ ਪਰ ਕਈ ਵਿਸ਼ੇਸ਼ ਸਮਾਗਮਾਂ ਦੇ ਮੌਕੇ ਤੇ ਹੀ।