ਲੇਖ-ਰਚਨਾ – ਡਾ: ਰਵਿੰਦਰ ਨਾਥ ਟੈਗੋਰ


ਮਹਾਨ ਲੇਖਕ, ਕਲਾਕਾਰ ਤੇ ਦੇਸ਼-ਭਗਤ – ਡਾ: ਰਵਿੰਦਰ ਨਾਥ ਟੈਗੋਰ ਭਾਰਤ ਦੇ ਮਹਾਨ ਲੇਖਕ, ਕਲਾਕਾਰ ਤੇ ਦੇਸ਼-ਭਗਤ ਹੋਏ ਹਨ। ਆਪ ਦੀ ਬਹੁਤੀ ਪ੍ਰਸਿੱਧੀ ਇਕ ਮਹਾਨ ਕਵੀ ਹੋਣ ਕਰਕੇ ਹੈ। ਉਂਞ ਆਪ ਨੇ ਸਾਹਿਤ ਦੇ ਹਰ ਰੂਪ ਨੂੰ ਅਪਣਾ ਕੇ ਬੜੀ ਸਫਲਤਾ ਨਾਲ ਲਿਖਿਆ। ਇਸ ਤੋਂ ਇਲਾਵਾ ਆਪ ਉੱਘੇ ਸੰਗੀਤਕਾਰ ਤੇ ਵਿਲੱਖਣ ਚਿਤਰਕਾਰ ਵੀ ਸਨ। ਭਾਰਤ ਦਾ ਰਾਸ਼ਟਰੀ ਗੀਤ ‘ਜਨ ਗਣ ਮਨ’ ਆਪ ਦੀ ਹੀ ਰਚਨਾ ਹੈ। ਆਪ ਨੂੰ ਆਪ ਦੀ ਕਾਵਿ-ਰਚਨਾ ‘ਗੀਤਾਂਜਲੀ’ ਉੱਪਰ ਨੋਬਲ ਪੁਰਸਕਾਰ ਪ੍ਰਾਪਤ ਹੋਇਆ।

ਜਨਮ ਤੇ ਬਚਪਨ – ਰਾਵਿੰਦਰ ਨਾਥ ਟੈਗੋਰ ਦਾ ਜਨਮ 7 ਮਈ, 1861 ਨੂੰ ਕਲਕੱਤਾ (ਕੋਲਕਾਤਾ) ਵਿਚ ਸ੍ਰੀ ਦੇਵਿੰਦਰ ਨਾਥ ਠਾਕੁਰ ਦੇ ਘਰ ਹੋਇਆ। ਅਮੀਰ ਪਰਿਵਾਰ ਹੋਣ ਦੇ ਨਾਲ ਆਪ ਨੂੰ ਘਰ ਵਿਚ ਹੀ ਸਾਹਿਤਕ ਤੇ ਕਲਾਮਈ ਵਾਤਾਵਰਨ ਵੀ ਪ੍ਰਾਪਤ ਹੋਇਆ। ਆਪ ਅਜ਼ਾਦ ਸੁਭਾਅ ਵਾਲੇ ਬੱਚੇ ਸਨ। ਆਪ ਖੁੱਲ੍ਹੀਆਂ ਤੇ ਕੁਦਰਤੀ ਦ੍ਰਿਸ਼ਾਂ ਵਾਲੀਆਂ ਥਾਂਵਾਂ ਨੂੰ ਬਹੁਤ ਪਸੰਦ ਕਰਦੇ ਸਨ। ਆਪ ਅੰਮ੍ਰਿਤਸਰ ਆਏ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਵਾਤਾਵਰਨ ਤੋਂ ਬਹੁਤ ਪ੍ਰਭਾਵਿਤ ਹੋਏ।

ਵਿੱਦਿਆ – ਆਪ ਨੇ ਮੁੱਢਲੀ ਵਿੱਦਿਆ ਵਧੇਰੇ ਕਰਕੇ ਘਰ ਵਿਚ ਹੀ ਅਧਿਆਪਕਾਂ ਤੋਂ ਪ੍ਰਾਪਤ ਕੀਤੀ। 17 ਸਾਲ ਦੀ ਉਮਰ ਵਿਚ ਆਪ ਉਚੇਰੀ ਵਿੱਦਿਆ ਲਈ ਇੰਗਲੈਂਡ ਚਲੇ ਗਏ। ਆਪ ਦੀ ਵਧੇਰੇ ਰੁਚੀ ਸਾਹਿਤ ਵਿਚ ਅਤੇ ਕਲਾ ਵਿਚ ਸੀ, ਜਿਸ ਕਰਕੇ ਆਪ ਨੇ ਪੜ੍ਹਾਈ ਵਿਚਾਲੇ ਹੀ ਛੱਡ ਦਿੱਤੀ।

ਸਾਹਿਤ ਰਚਨਾ – ਆਪ ਨੇ ਛੋਟੀ ਉਮਰ ਵਿਚ ਹੀ ਸਾਹਿਤ ਰਚਨਾ ਆਰੰਭ ਕਰ ਦਿੱਤੀ। ਉਨ੍ਹਾਂ ਆਪਣੀ ਰਚਨਾ ਦਾ ਮਾਧਿਅਮ ਆਪਣੀ ਮਾਂ-ਬੋਲੀ ਨੂੰ ਬਣਾਇਆ ਤੇ ਸਾਹਿਤ ਦੇ ਹੋਰ ਰੂਪ ਕਵਿਤਾ, ਨਾਵਲ, ਨਾਟਕ, ਇਕਾਂਗੀ, ਕਹਾਣੀ ਤੇ ਨਿਬੰਧ ਵਿਚ ਰਚਨਾ ਕੀਤੀ। ਆਪ ਨੂੰ ਵਧੇਰੇ ਪ੍ਰਸਿੱਧੀ ਇਕ ਕਵੀ ਦੇ ਰੂਪ ਵਿਚ ਪ੍ਰਾਪਤ ਹੋਈ। 1913 ਵਿਚ ਆਪ ਦੇ ਕਾਵਿ-ਸੰਗ੍ਰਹਿ ‘ਗੀਤਾਂਜਲੀ’ ਨੂੰ ਨੋਬਲ ਪੁਰਸਕਾਰ ਪ੍ਰਾਪਤ ਹੋਇਆ। ਆਪ ਦੇ ਗੀਤ ਬਹੁਤ ਹਰਮਨ-ਪਿਆਰੇ ਹਨ। ਆਪ ਨੇ ਬੱਚਿਆਂ ਲਈ ਵੀ ਸਾਹਿਤ ਰਚਨਾ ਦਰ ਪਾਰਟੀ ਦੀ (ਨਾਟਕ) ਆਪ ਨੇ ਬੱਚਿਆਂ ਲਈ ਵੀ ਸਾਹਿਤ ਰਚਨਾ ਕੀਤੀ। ਆਪ ਦੀ ਪ੍ਰਸਿੱਧ ਕਹਾਣੀ ‘ਕਾਬਲੀ ਵਾਲਾ’ ਉੱਤੇ ਫਿਲਮ ਵੀ ਬਣ ਚੁੱਕੀ ਹੈ। ‘ਗੋਰਾ ‘ (ਨਾਵਲ) ਤੇ ‘ਡਾਕ ਘਰ’ (ਨਾਟਕ) ਆਪ ਦੀਆਂ ਪ੍ਰਸਿੱਧ ਰਚਨਾਵਾਂ ਹਨ।

ਹੋਰਨਾਂ ਕਲਾਵਾਂ ਵਿਚ ਰੁਚੀ – ਟੈਗੋਰ ਹੋਰਨਾਂ ਕਲਾਵਾਂ ਵਿਚ ਬਹੁਤ ਹੀ ਰੁਚੀ ਲੈਂਦੇ ਸਨ। ਆਪ ਦੇ ਬਣਾਏ ਚਿਤਰ, ਚਿਤਰਕਲਾ ਵਿਚ ਵਿਸ਼ੇਸ਼ ਸਥਾਨ ਰੱਖਦੇ ਹਨ। ਸੰਗੀਤ ਦੇ ਖੇਤਰ ਵਿਚ ਆਪ ਦੀਆਂ ਬਣਾਈਆਂ ਧੁਨਾਂ ‘ਰਵੀੰਦ੍ਰ ਸੰਗੀਤ ਵਜੋਂ ਪ੍ਰਸਿੱਧ ਹਨ।

ਸਿੱਖਿਆ ਦੇ ਖੇਤਰ ਵਿਚ ਸਥਾਨ – ਰਾਵਿੰਦਰ ਨਾਥ ਟੈਗੋਰ ਦਾ ਸਿੱਖਿਆ ਦੇ ਖੇਤਰ ਵਿਚ ਵੀ ਮਹੱਤਵਪੂਰਨ ਸਥਾਨ ਹੈ। ਆਪ ਆਪਣੇ ਸਮੇਂ ਦੇ ਸਕੂਲਾਂ ਵਿਚ ਸਿੱਖਿਆ ਦੇਣ ਦੇ ਢੰਗ ਤੋਂ ਸੰਤੁਸ਼ਟ ਨਹੀਂ ਸਨ। ਆਪ ਨੇ ਆਪਣੇ ਵਿਚ ਟਿਕੇ ਹੋਏ ਸੁਪਨੇ ਨੂੰ 1901 ਵਿਚ ਸ਼ਾਂਤੀ ਨਿਕੇਤਨ ਨਾਂ ਦਾ ਸਕੂਲ ਸਥਾਪਿਤ ਕਰ ਕੇ ਪੂਰਾ ਕੀਤਾ। ਇਸ ਸਕੂਲ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਵਿਚ ਮੁਫ਼ਤ ਪੜ੍ਹਾਈ ਕਰਾਈ ਜਾਂਦੀ ਸੀ। ਪਾਠ-ਕ੍ਰਮ ਵਿਚ ਵੱਖ-ਵੱਖ ਕਲਾਵਾਂ ਨੂੰ ਵਿਸ਼ੇਸ਼ ਥਾਂ ਦਿੱਤੀ ਜਾਂਦੀ ਸੀ ਤੇ ਵਿਦਿਆਰਥੀਆਂ ਨੂੰ ਕੁਦਰਤ ਲਈ ਦੇ ਸੁਹਜ ਨਾਲ ਭਰਪੂਰ ਵਾਤਾਵਰਨ ਵਿਚ ਰੱਖਿਆ ਜਾਂਦਾ ਸੀ। ਅੱਜ-ਕਲ੍ਹ ਇੱਥੇ ਸ਼ਾਂਤੀ ਨਿਕੇਤਨ ਵਿਸ਼ਵ-ਵਿਦਿਆਲਾ ਸਥਾਪਿਤ ਹੈ।

ਮਾਂ ਬੋਲੀ ਲਈ ਪਿਆਰ – ਟੈਗੋਰ ਦੇ ਮਨ ਵਿਚ ਆਪਣੀ ਮਾਂ-ਬੋਲੀ ਲਈ ਅਥਾਹ ਪਿਆਰ ਸੀ। ਉਹ ਹੋਰਨਾਂ ਪ੍ਰਾਂਤਾਂ ਦੇ ਲੇਖਕਾਂ ਨੂੰ ਵੀ ਆਪਣੀ ਮਾਂ-ਬੋਲੀ ਵਿਚ ਲਿਖਣ ਲਈ ਪ੍ਰੇਰਦੇ ਸਨ। ਪ੍ਰਸਿੱਧ ਐਕਟਰ ਬਲਰਾਜ ਸਾਹਨੀ ਤੇ ਨਾਟਕਕਾਰ ਬਲਵੰਤ ਗਾਰਗੀ ਨੂੰ ਆਪਣੀ ਮਾਂ-ਬੋਲੀ ਵਿਚ ਲਿਖਣ ਦੀ ਪ੍ਰੇਰਨਾ ਆਪ ਪਾਸੋਂ ਹੀ ਪ੍ਰਾਪਤ ਹੋਈ। ਆਪ ਦਾ ਪੱਕਾ ਵਿਸ਼ਵਾਸ ਸੀ ਕਿ ਮਾਂ-ਬੋਲੀ ਵਿਚ ਦਿੱਤੀ ਸਿੱਖਿਆ ਹੀ ਸਭ ਤੋਂ ਵੱਧ ਪ੍ਰਭਾਵਸ਼ਾਲੀ ਹੁੰਦੀ ਹੈ।

ਦੇਸ਼-ਭਗਤੀ – ਆਪ ਨੇ ਸਰਗਰਮ ਰਾਜਨੀਤੀ ਵਿਚ ਹਿੱਸਾ ਨਹੀਂ ਲਿਆ। ਅੰਗਰੇਜ਼ ਸਰਕਾਰ ਨੇ ਆਪ ਦੀ ਮਹਾਨਤਾ ਅੱਗੇ ਸਿਰ ਝੁਕਾਉਂਦਿਆਂ ਆਪ ਨੂੰ ‘ਸਰ’ ਦਾ ਖ਼ਿਤਾਬ ਦਿੱਤਾ, ਪਰ 13 ਅਪਰੈਲ, 1919 ਨੂੰ ਜਲ੍ਹਿਆਂਵਾਲੇ ਬਾਗ਼ ਦੇ ਦੁਖਾਂਤ ਬਾਰੇ ਸੁਣ ਕੇ ਆਪ ਦੀ ਆਤਮਾ ਕੰਬ ਉੱਠੀ ਤੇ ਆਪ ਨੇ ਰੋਸ ਵਜੋਂ ‘ਸਰ’ ਦਾ ਖ਼ਿਤਾਬ ਵਾਪਸ ਕਰ ਦਿੱਤਾ। ਮਹਾਤਮਾ ਗਾਂਧੀ ਆਪ ਨੂੰ ਸਤਿਕਾਰ ਨਾਲ ‘ਗੁਰੂਦੇਵ’ ਕਹਿੰਦੇ ਸਨ।

ਦੇਹਾਂਤ – 1941 ਈ: ਵਿਚ ਇਸ ਮਹਾਨ ਬੁੱਧੀਜੀਵੀ, ਸਾਹਿਤਕਾਰ ਤੇ ਕਲਾਕਾਰ ਦਾ ਦੇਹਾਂਤ ਹੋ ਗਿਆ, ਜਿਸ ਨਾਲ ਮਾਂ-ਬੋਲੀ ਦਾ ਉਪਾਸ਼ਕ, ਮਾਨਵੀ ਕਦਰਾਂ-ਕੀਮਤਾਂ ਨੂੰ ਪਛਾਣਨ ਵਾਲਾ ਤੇ ਕੋਮਲ-ਭਾਵੀ ਮਨੁੱਖ ਸਾਡੇ ਕੋਲੋਂ ਸਦਾ ਲਈ ਵਿਛੜ ਗਿਆ।