ਲੇਖ ਰਚਨਾ : ਅਖ਼ਬਾਰਾਂ ਦੇ ਲਾਭ-ਹਾਨੀਆਂ
ਅਖ਼ਬਾਰਾਂ ਦੇ ਲਾਭ-ਹਾਨੀਆਂ
ਜਾਣ-ਪਛਾਣ : ਅਖ਼ਬਾਰਾਂ ਸਾਡੇ ਰੋਜ਼ਾਨਾ ਦੇ ਜੀਵਨ ਦਾ ਇੱਕ ਮਹੱਤਵਪੂਰਨ ਅੰਗ ਹਨ। ਸਵੇਰੇ ਉੱਠਦਿਆਂ ਤਾਜ਼ੀਆਂ ਤੇ ਮਨੋਰੰਜਕ ਖ਼ਬਰਾਂ ਨਾਲ ਭਰੀ ਅਖ਼ਬਾਰ ਜਦੋਂ ਘਰ ਆ ਜਾਂਦੀ ਹੈ ਤਾਂ ਲੋਕ ਸਭ ਕੁਝ ਭੁੱਲ ਕੇ ਇਸ ਨੂੰ ਫੜ ਲੈਂਦੇ ਹਨ। ਜਦੋਂ ਤੱਕ ਉਹ ਮੋਟੀਆਂ-ਮੋਟੀਆਂ ਖ਼ਬਰਾਂ ਪੜ੍ਹ ਨਹੀਂ ਲੈਂਦੇ, ਇਸ ਨੂੰ ਨਹੀਂ ਛੱਡਦੇ।
ਅਖ਼ਬਾਰਾਂ ਦੀਆਂ ਕਿਸਮਾਂ : ਅਖ਼ਬਾਰਾਂ ਕਈ ਕਿਸਮਾਂ ਦੀਆਂ ਹੁੰਦੀਆਂ ਹਨ; ਜਿਵੇਂ–ਰੋਜ਼ਾਨਾ ਅਖ਼ਬਾਰ, ਸਪਤਾਹਕ ਅਖ਼ਬਾਰ, ਪੰਦਰਾ ਰੋਜ਼ਾ ਅਖ਼ਬਾਰ, ਮਾਸਕ ਅਖ਼ਬਾਰ, ਤ੍ਰੈਮਾਸਕ ਅਖ਼ਬਾਰ ਆਦਿ। ਇਨ੍ਹਾਂ ਵਿੱਚੋਂ ਰੋਜ਼ਾਨਾ ਅਖ਼ਬਾਰਾਂ ਬਹੁਤ ਹਰਮਨ ਪਿਆਰੀਆਂ ਤੇ ਖੂਬ ਪੜ੍ਹੀਆਂ ਜਾਂਦੀਆਂ ਹਨ।
ਅਖਬਾਰਾਂ ਦੇ ਲਾਭ –
ਤਾਜ਼ੀਆਂ ਖ਼ਬਰਾਂ ਦਾ ਮਿਲਣਾ : ਅਖ਼ਬਾਰਾਂ ਰਾਹੀਂ ਸਾਨੂੰ ਤਾਜ਼ੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ। ਅਸੀਂ ਘਰ ਬੈਠੇ ਹੀ ਦੇਸ਼-ਵਿਦੇਸ਼ ਵਿੱਚ ਕੀ ਵਾਪਰਿਆ ਜਾਣ ਲੈਂਦੇ ਹਾਂ।
ਆਮ ਜਾਣਕਾਰੀ ਦਾ ਸਾਧਨ : ਅਖ਼ਬਾਰਾਂ ਤੋਂ ਵਿਦਿਆਰਥੀ, ਕਿਸਾਨ, ਕਾਰਖ਼ਾਨੇਦਾਰ, ਸਿਆਸੀ ਲੋਕ ਪੂਰਾ ਲਾਭ ਉਠਾਉਂਦੇ ਹਨ। ਇਹ ਸਾਡੇ ਗਿਆਨ-ਭੰਡਾਰ ਵਿੱਚ ਵਾਧਾ ਕਰਦੀਆਂ ਹਨ ਤੇ ਸਾਨੂੰ ਜਾਗਰੂਕ ਰੱਖਦੀਆਂ ਹਨ।
ਨੌਜਵਾਨਾਂ ਲਈ ਲਾਭਦਾਇਕ : ਅਖ਼ਬਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਬਹੁਤ ਲਾਭ ਪਹੁੰਚਾਉਂਦੀਆਂ ਹਨ। ਇਨ੍ਹਾਂ ਰਾਹੀਂ ਉਨ੍ਹਾਂ ਨੂੰ ਜਾਣਕਾਰੀ ਮਿਲ ਜਾਂਦੀ ਹੈ ਕਿ ਕਿਸ ਅਦਾਰੇ ਵਿੱਚ ਕਿਹੜੀ ਸੀਟ ਖਾਲੀ ਪਈ ਹੈ। ਅਖ਼ਬਾਰਾਂ ਰਾਹੀਂ ਮੁੰਡੇ-ਕੁੜੀਆਂ ਲਈ ਯੋਗ ਵਰ ਵੀ ਲੱਭੇ ਜਾਂਦੇ ਹਨ।
ਵਪਾਰਕ ਲਾਭ : ਅਖ਼ਬਾਰਾਂ ਰਾਹੀਂ ਵਪਾਰੀ ਲੋਕ ਆਪਣੀਆਂ ਚੀਜ਼ਾਂ ਦੀ ਮਸ਼ਹੂਰੀ ਕਰਦੇ ਹਨ। ਇਸ ਨਾਲ ਉਨ੍ਹਾਂ ਦੀਆਂ ਚੀਜ਼ਾਂ ਦੀ ਮੰਗ ਬਜ਼ਾਰ ਵਿੱਚ ਵੱਧਦੀ ਹੈ। ਇਸ ਤਰ੍ਹਾਂ ਉਹ ਅਖ਼ਬਾਰਾਂ ਤੋਂ ਖੂਬ ਲਾਭ ਲੈਂਦੇ ਹਨ। ਇਨ੍ਹਾਂ ਰਾਹੀਂ ਮੁਕਾਬਲੇ ਦੀਆਂ ਪਰੀਖਿਆਵਾਂ ਬਾਰੇ ਵੀ ਪਤਾ ਲੱਗਦਾ ਹੈ।
ਰਾਜਨੀਤਕ ਆਗੂਆਂ ਦੇ ਵਿਚਾਰ : ਅਖ਼ਬਾਰਾਂ ਰਾਹੀਂ ਸਾਨੂੰ ਨੇਤਾਵਾਂ ਦੇ ਵਿਚਾਰਾਂ ਦਾ ਪਤਾ ਲੱਗਦਾ ਹੈ। ਉਨ੍ਹਾਂ ਦੇ ਵਿਚਾਰ ਪੜ੍ਹ ਕੇ ਅਸੀਂ ਇਹ ਫ਼ੈਸਲਾ ਕਰਨ ਦੇ ਕਾਬਲ ਹੋ ਜਾਂਦੇ ਹਾਂ ਕਿ ਕਿਹੜੀ ਪਾਰਟੀ ਦਾ ਨੇਤਾ ਦੇਸ਼ ਲਈ ਲਾਭਦਾਇਕ ਸਿੱਧ ਹੋ ਸਕਦਾ ਹੈ।
ਰੱਦੀ ਵੇਚਣਾ : ਅਖ਼ਬਾਰ ਮਨੋਰੰਜਨ ਅਤੇ ਗਿਆਨ ਪ੍ਰਾਪਤੀ ਦਾ ਇੱਕ ਬਹੁਤ ਹੀ ਸਸਤਾ ਸਾਧਨ ਹੈ। ਇਸ ਤੇ ਖ਼ਰਚ ਕੀਤੇ ਪੈਸੇ ਬੇਕਾਰ ਨਹੀਂ ਜਾਂਦੇ। ਇਸ ‘ਤੇ ਖ਼ਰਚੇ ਪੈਸਿਆਂ ਦਾ ਲਗਪਗ ਦਸਵਾਂ ਹਿੱਸਾ ਰੱਦੀ ਵੇਚ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ।
ਅਖਬਾਰਾਂ ਦੀਆਂ ਹਾਨੀਆਂ –
ਭੜਕਾਊ ਵਿਚਾਰ : ਅਖ਼ਬਾਰਾਂ ਦੇ ਸੰਪਾਦਕ ਆਪਣੇ ਨਿੱਜੀ ਲਾਭ ਲਈ ਖ਼ਬਰਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਹਨ। ਅਖ਼ਬਾਰਾਂ ਦਾ ਗ਼ਲਤ ਪ੍ਰਾਪੇਗੰਡਾ ਕਈ ਵਾਰ ਵੱਡੀਆਂ ਸਮੱਸਿਆਵਾਂ ਨੂੰ ਜਨਮ ਦੇ ਦਿੰਦਾ ਹੈ।
ਅਸ਼ਲੀਲ ਚਿੱਤਰ ਤੇ ਕਹਾਣੀਆਂ : ਕਈ ਅਖ਼ਬਾਰਾਂ ਦੇ ਸੰਪਾਦਕ ਆਪਣੇ ਨਿੱਜੀ ਲਾਭ ਦੀ ਖ਼ਾਤਰ ਨੌਜਵਾਨਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਅਸ਼ਲੀਲ ਕਿਸਮ ਦੇ ਚਿੱਤਰ ਅਤੇ ਕਹਾਣੀਆਂ ਛਾਪਦੇ ਹਨ। ਇਸਦਾ ਨੌਜਵਾਨ ਪੀੜ੍ਹੀ ’ਤੇ ਬਹੁਤ ਮਾੜਾ ਅਸਰ ਪੈਂਦਾ ਹੈ।
ਅਖ਼ਬਾਰਾਂ ਤੋਂ ਲਾਭ ਉਠਾਓ : ਹਰ ਇੱਕ ਚੀਜ਼ ਦੇ ਲਾਭ ਵੀ ਹੁੰਦੇ ਹਨ ਤੇ ਨੁਕਸਾਨ ਵੀ। ਸਾਨੂੰ ਨੁਕਸਾਨ ਵੱਲ ਨਾ ਜਾਂਦੇ ਹੋਏ ਅਖ਼ਬਾਰਾਂ ਦਾ ਲਾਭ ਉਠਾਉਣਾ ਚਾਹੀਦਾ ਹੈ। ਅਖ਼ਬਾਰਾਂ ਦੇ ਸੰਪਾਦਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਤਲਬ ਲਈ ਇਹੋ ਜਿਹੇ ਕੰਮ ਨਾ ਕਰਨ ਜੋ ਦੇਸ਼, ਸਮਾਜ ਅਤੇ ਲੋਕਾਂ ਲਈ ਨੁਕਸਾਨਦਾਇਕ ਸਿੱਧ ਹੋਣ।
ਸਾਰ ਅੰਸ਼ : ਅਖ਼ਬਾਰਾਂ ਸਾਡੇ ਜੀਵਨ ਦਾ ਅਹਿਮ ਹਿੱਸਾ ਹਨ, ਪਰ ਅਖ਼ਬਾਰਾਂ ਦੇ ਸੰਪਾਦਕਾਂ ਨੂੰ ਇਸ ਪ੍ਤੀ ਸੁਚੇਤ ਹੋਣ ਦੀ ਲੋੜ ਹੈ। ਉਹ ਸੱਚੀਆਂ ਖ਼ਬਰਾਂ ਹੀ ਛਾਪਣ ਅਤੇ ਝੂਠ ਨੂੰ ਸਹਾਰਾ ਨਾ ਦੇਣ। ਫਿਰਕਾਪ੍ਰਸਤੀ ਫੈਲਾਉਣ ਵਾਲੀਆਂ ਖ਼ਬਰਾਂ ਨਾ ਦਿੱਤੀਆਂ ਜਾਣ। ਅਖ਼ਬਾਰਾਂ ਸਮੁੱਚੀ ਲੋਕ ਭਲਾਈ ਲਈ ਹੀ ਛਪਣੀਆਂ ਚਾਹੀਦੀਆਂ ਹਨ।