BloggingMother's dayਲੇਖ ਰਚਨਾ (Lekh Rachna Punjabi)

ਲੇਖ : ਮੈਂ ਤੇ ਮੇਰੀ ਮਾਂ


ਮਾਂ – ਮਾਂ ਇਹ ਸ਼ਬਦ ਕਿੰਨਾ ਮਿੱਠਾ ਹੈ। ਜਦੋਂ ਬੱਚਾ ਜਨਮ
ਲੈਂਦਾ ਹੈ ਉਸ ਤੋਂ ਕੁਝ ਸਮਾਂ ਬਾਅਦ ਮਾਂ ਸ਼ਬਦ ਹੀ ਬੋਲਦਾ ਹੈ। ਉਸ ਵੇਲੇ ਮਾਂ ਨੂੰ ਇੰਝ ਲਗਦਾ ਹੈ ਜਿਵੇਂ ਸਾਰੀ ਦੁਨੀਆਂ ਦਾ ਖਜ਼ਾਨਾ ਉਸਨੂੰ ਮਿਲ ਗਿਆ ਹੋਵੇ।ਉਹ ਜ਼ਮੀਨ ਤੋਂ ਉੱਠ ਕੇ ਅਸਮਾਨ ਵਿੱਚ ਜਾਣ ਦੀਆਂ ਉਡਾਰੀਆਂ ਮਾਰਦੀ ਹੈ। ਬੱਚੇ ਨੂੰ ਮਾਂ ਨਾਲ ਇੰਨਾਂ ਪਿਆਰ ਹੋ ਜਾਂਦਾ ਹੈ, ਉਹ ਕਹਿੰਦਾ ਹੈ ਕਿ ਮੈਂ ਤੇ ਮੇਰੀ ਮਾਂ ਹੀ ਹੋਣੀ ਚਾਹੀਦੀ ਹੈ। ਹੋਰ ਕੋਈ ਵੀ ਮੇਰੇ ਅਤੇ ਮੇਰੀ ਮਾਂ ਵਿੱਚ ਆਉਣ ਦੀ ਕੋਸ਼ਸ਼ ਨਾ ਕਰੇ। ਮੈਂ ਹਰ ਵੇਲੇ ਉਸਦੇ ਅੰਗ-ਸੰਗ ਹੀ ਰਹਿਣਾ ਚਾਹੁੰਦਾ ਹਾਂ, ਇਹ ਹੈ ਮੈਂ ਤੇ ਮੇਰੀ ਮਾਂ ਦਾ ਪਿਆਰ।

ਮੇਰੀ ਮਾਂ ਮਮਤਾ ਦੀ ਮੂਰਤ ਹੈ। ਆਪ ਗਿੱਲੇ ਵਿੱਚ ਰਹਿ ਕੇ ਮੈਨੂੰ ਸਾਫ਼ ਅਤੇ ਸੁੱਕੇ ਵਿੱਚ ਰੱਖ ਕੇ ਵੱਡਾ ਕਰਦੀ ਹੈ। ਮੈਨੂੰ ਬਚਪਨ ਤੋਂ ਲੈ ਕੇ ਵੱਡਿਆਂ ਹੋਣ ਤੱਕ ਸੰਭਾਲ-ਸੰਭਾਲ ਕੇ ਰੱਖਦੀ ਹੈ। ਮੈਂ ਤੇ ਮੇਰੀ ਮਾਂ ਅਸੀਂ ਦੋਵੇਂ ਇੱਕ ਦੂਜੇ ਦੇ ਪੂਰਕ ਹਾਂ। ਮੈਂ ਉਹਦੇ ਬਿਨ੍ਹਾਂ ਨਹੀਂ ਰਹਿ ਸਕਦਾ। ਉਹ ਮੇਰੇ ਬਿਨ੍ਹਾਂ ਨਹੀਂ ਰਹਿ ਸਕਦੀ। ਅਸੀਂ ਇੱਕ ਦੂਜੇ ਦੇ ਸਾਹ ਨਾਲ ਸਾਹ ਲਾ ਕੇ ਜੀਉਂਦੇ ਹਾਂ। ਉਸ ਦਾ ਦਿਲ ਮੋਮ ਵਰਗਾ ਹੈ। ਆਪ ਦੁੱਖ ਸਹਿ ਕੇ ਬੱਚਿਆਂ ਨੂੰ ਮਮਤਾ ਦੀ ਛਾਂ ਦਿੰਦੀ ਹੈ।

ਧੰਨ ਹੈ ਉਹ ਮਾਂ ਜੋ ਸਾਰੇ ਦੇ ਸਾਰੇ ਦੁੱਖ ਆਪਣੇ ਉੱਪਰ ਲੈ ਲੈਂਦੀ ਹੈ। ਮੈਨੂੰ ਇੰਝ ਜਾਪਦਾ ਹੈ ਕਿ ਮੈਂ ਤੇ ਮੇਰੀ ਮਾਂ ਹੀ ਸਭ ਕੁਝ ਹਾਂ। ਦੁਨੀਆਂ ਦੀ ਕੋਈ ਤਾਕਤ ਸਾਨੂੰ ਅਲੱਗ ਨਹੀਂ ਕਰ ਸਕਦੀ। ਜਿਹੜੇ ਆਪਣੀ ਮਾਂ ਦਾ ਸਤਿਕਾਰ ਨਹੀਂ ਕਰਦੇ ਉਹਨਾਂ ਦੀ ਜ਼ਿੰਦਗੀ ਵਿਅਰਥ ਹੈ। ਉਹ ਸਮਾਜ ਵਿੱਚ ਰਹਿ ਕੇ ਅੱਗੇ ਨਹੀਂ ਵੱਧ ਸਕਦੇ। ਮਾਂ ਹੀ ਮੈਨੂੰ ਅੱਗੇ ਵਧਣ ਲਈ ਪ੍ਰੇਰਨਾ ਦਿੰਦੀ ਹੈ। ਮਾਂ ਦਾ ਦਰਦ ਕੋਈ ਨਹੀਂ ਜਾਣਦਾ। ਸਾਨੂੰ ਕਦੇ ਵੀ ਮਾਂ ਦੀਆਂ ਕੁਰਬਾਨੀਆਂ ਨੂੰ ਭੁੱਲਣਾ ਨਹੀਂ ਚਾਹੀਦਾ। ਮੈਂ ਤੇ ਮੇਰੀ ਮਾਂ ਅਸੀਂ ਇੱਕ ਦੂਜੇ ਦੀ ਪਰਛਾਈ ਹਾਂ। ਜੇ ਇਹ ਨਾ ਹੁੰਦੀ ਤਾਂ ਮੈਂ ਇਸ ਦੁਨੀਆਂ ਵਿੱਚ ਪੈਰ ਪਸਾਰ ਕੇ ਨਾ ਰਹਿੰਦਾ।

ਮੈਂ ਤੇ ਮੇਰੀ ਮਾਂ ਅਸੀਂ ਇੱਕ ਦੂਜੇ ਦੀ ਸਾਂਝ ਹਾਂ। ਕਦੇ ਵੀ ਕਿਸੇ ਦੀ ਮਾਂ ਨਾ ਵਿਛੜੇ। ਮਾਂ ਸਵਰਗ ਤੋਂ ਵੀ ਵੱਧ ਕੇ ਹੈ। ਮਾਂ-ਮਾਂ ਹੀ ਹੈ। ਅਸੀਂ ਦੋਵੇਂ ਇੱਕ ਦੂਜੇ ਲਈ ਬਣੇ ਹਾਂ।