BloggingKavita/ਕਵਿਤਾ/ कविताMother's dayPoetryਲੇਖ ਰਚਨਾ (Lekh Rachna Punjabi)

ਲੇਖ : ਮਾਂ – ਜੰਨਤ ਦਾ ਪਰਛਾਵਾਂ


ਮਾਂ ਮਮਤਾ ਦੀ ਮੂਰਤ ਹੈ। ਮਾਂ ਸਾਡੇ ਵਾਸਤੇ ਰੱਬ ਦਾ ਰੂਪ ਹੈ। ਰੱਬ ਹਰ ਥਾਂ ਨਹੀਂ ਰਹਿ ਸਕਦਾ, ਇਸ ਲਈ ਉਹਨੇ ਮਾਂ ਬਣਾਈ। ਜੇਕਰ ਮਾਂ ਨਾ ਹੁੰਦੀ ਤਾਂ ਅਸੀਂ ਜਿੰਦੇ ਨਹੀਂ ਸੀ ਹੋਣਾ। ਇੱਕ ਮਾਂ ਹੀ ਹੈ ਜੋ ਸਾਨੂੰ ਪਾਲਦੀ ਹੈ, ਸਾਨੂੰ ਜਨਮ ਦਿੰਦੀ ਹੈ। ਸਾਡੀ ਜ਼ਿੰਦਗੀ ਆਪਣੀ ਮਾਂ ਤੋਂ ਹੀ ਸ਼ੁਰੂ ਹੁੰਦੀ ਹੈ ਤੇ ਮਾਂ ਤੇ ਹੀ ਖ਼ਤਮ ਹੁੰਦੀ ਹੈ। ਜਿੰਨਾਂ ਮਰਜ਼ੀ ਕੋਈ ਪਿਉ ਸਾਨੂੰ ਪਿਆਰ ਕਰੇ, ਸਾਨੂੰ ਪਾਲੇ, ਪਰ ਇੱਕ ਮਾਂ ਦੀ ਥਾਂ ਕੋਈ ਨਹੀਂ ਲੈ ਸਕਦਾ। ਇੱਕ ਮਾਂ ਜਦੋਂ ਇੱਕ ਪੁੱਤਰ ਨੂੰ ਜਨਮ ਦਿੰਦੀ ਹੈ ਤਾਂ ਬੜੀ ਖੁਸ਼ ਹੁੰਦੀ ਹੈ। ਪਰ ਜਦੋਂ ਉਹੀ ਪੁੱਤਰ ਅੱਗੇ ਜਾ ਕੇ ਕਿਸੇ ਕੁੜੀ ਲਈ ਮਾਂ ਨੂੰ ਛੱਡ ਦਿੰਦਾ ਹੈ ਤਾਂ ਵੀ ਉਹ ਮਾਂ ਕੁਝ ਨਹੀਂ ਬੋਲਦੀ। ਫਿਰ ਵੀ ਉਹ ਆਪਣੇ ਪੁੱਤਰ ਲਈ ਦੁਆਵਾਂ ਮੰਗਦੀ ਹੈ, ਉਹ ਨੂੰ ਅਸੀਸਾਂ ਦਿੰਦੀ ਹੈ। ਪੁੱਤਰ ਕਪੁੱਤਰ ਬਣ ਸਕਦੇ ਹਨ ਪਰ ਮਾਵਾਂ ਕਦੇ ਕਮਾਵਾਂ ਨਹੀਂ ਬਣਦੀਆਂ। ਇੱਕ ਬੱਚਾ ਜਦੋਂ ਵੱਡਾ ਹੋ ਜਾਂਦਾ ਹੈ ਤਾਂ ਕਹਿੰਦਾ ਹੈ ਕਿ ਉਹ ਬਾਹਰ ਜਾ ਕੇ ਉਸ ਜੰਨਤ ਦਾ ਨਜ਼ਾਰਾ ਲੈਣਾ ਚਾਹੁੰਦਾ ਹੈ। ਪਰ ਉਸ ਨੂੰ ਇਹ ਨਹੀਂ ਪਤਾ ਕਿ ਸਾਡੀ ਅਸਲੀ ਜੰਨਤ ਸਾਡੀ ਮਾਂ ਦੇ ਪੈਰਾਂ ਹੇਠ ਵੱਸਦੀ ਹੈ। ਸਾਡੀ ਜ਼ਿੰਦਗੀ ਵਿੱਚੋਂ ਕੋਈ ਵੀ ਚੀਜ਼ ਚਲੀ ਜਾਵੇ ਤਾਂ ਸਾਨੂੰ ਕੋਈ ਫ਼ਰਕ ਨਹੀਂ ਪੈਂਦਾ। ਅਸੀਂ ਕਹਿੰਦੇ ਹਾਂ ਕਿ ਨਵੀਂ ਲੈ ਆਵਾਂਗੇ। ਪਰ ਜੇ ਰੱਬ ਸਾਡੇ ਕੋਲੋਂ ਸਾਡੀ ਮਾਂ ਲੈ ਲੈਂਦਾ ਹੈ ਤਾਂ ਸਾਡੀ ਜ਼ਿੰਦਗੀ ਉੱਥੇ ਹੀ ਰੁਕ ਜਾਂਦੀ ਹੈ। ਕਿਉਂ ? ਕਿਉਂਕਿ ਅਸੀਂ ਕਦੀ ਵੀ ਆਪਣੀ ਮਾਂ ਤੋਂ ਬਿਨਾਂ ਆਪਣੀ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕਰ ਸਕਦੇ, ਤਾਂ ਹੀ ਤਾਂ ਕਹਿੰਦੇ ਹਨ :-

ਮਾਵਾਂ ਮਾਵਾਂ ਮਾਵਾਂ
ਮਾਂ ਜਨਤ ਦਾ ਪਰਛਾਵਾਂ

ਸਾਡੀ ਮਾਂ ਹੀ ਹੈ ਜੋ ਸਾਨੂੰ ਸਮਝਦੀ ਹੈ ਸਾਡੀ ਜ਼ਰੂਰਤ ਪੂਰੀ ਕਰਦੀ ਹੈ। ਸਾਰਿਆਂ ਦੀ ਜ਼ਿੰਦਗੀ ਵਿੱਚ ਮਾਂ ਦੀ ਬੜੀ ਅਹਿਮੀਅਤ ਹੁੰਦੀ ਹੈ। ਪਰ ਮੇਰੀ ਜ਼ਿੰਦਗੀ ਵਿੱਚ ਮੇਰੇ ਮਾਤਾ-ਪਿਤਾ ਦੋਨਾਂ ਦੀ ਬੜੀ ਅਹਿਮੀਅਤ ਹੈ। ਜਿੰਨੀ ਮੇਰੀ ਜ਼ਿੰਦਗੀ ਵਿੱਚ ਮਾਂ ਜ਼ਰੂਰੀ ਹੈ ਉਨਾਂ ਹੀ ਜ਼ਰੂਰੀ ਪਿਤਾ ਵੀ ਹੈ। ਜੇਕਰ ਸਾਡੀ ਜ਼ਿੰਦਗੀ ਵਿੱਚ ਪਿਤਾ ਨਾ ਹੋਵੇ ਤਾਂ ਮਾਂ ਵੀ ਨਹੀਂ ਹੋਵੇਗੀ। ਮੇਰੀ ਮਾਂ ਤਾਂ ਮੇਰੇ ਪਿਤਾ ਦੀ ਵਜ੍ਹਾ ਨਾਲ ਜ਼ਿੰਦੀ ਹੈ। ਜੇਕਰ ਮੇਰਾ ਪਿਤਾ ਨਹੀਂ ਤਾਂ ਮੇਰੀ ਮਾਂ ਵੀ ਨਹੀਂ, ਤੇ ਜੇ ਮੇਰੇ ਮਾਤਾ-ਪਿਤਾ ਨਹੀਂ ਤਾਂ ਮੈਂ ਵੀ ਨਹੀਂ। ਮੈਂ ਆਪਣੇ ਮਾਤਾ-ਪਿਤਾ ਦੋਨਾਂ ਨੂੰ ਬੜਾ ਪਿਆਰ ਕਰਦੀ ਹਾਂ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਆਪਣੇ ਮਾਤਾ-ਪਿਤਾ ਨੂੰ ਬੜਾ ਪਿਆਰ ਕਰਦੇ ਹੋਵੋਗੇ।