ਲੇਖ : ਮਦਰ ਟੈਰੇਸਾ
ਮਦਰ ਟੈਰੇਸਾ
ਅਨਿਕ ਭਾਂਤਿ ਕਰਿ ਸੇਵਾ ਕਰੀਐ ॥
ਜੀਉ ਪ੍ਰਾਨ ਧਨੁ ਆਗੈ ਧਰੀਐ ॥
ਜਾਣ-ਪਛਾਣ : ਸੰਸਾਰ ਵਿੱਚ ਸਭ ਤੋਂ ਵੱਡਾ ਧਰਮ ਮੰਨਿਆ ਹੈ-ਮਨੁੱਖਤਾ ਨਾਲ ਪ੍ਰੇਮ ਨੂੰ। ਮਾਨਵਤਾ ਨਾਲ ਪ੍ਰੇਮ ਕਿਸੇ ਵੀ ਧਰਮ, ਜਾਤੀ, ਕੌਮ ਅਤੇ ਦੇਸ਼ ਨਾਲੋਂ ਉੱਚਾ ਅਤੇ ਸੁੱਚਾ ਹੁੰਦਾ ਹੈ। ਪ੍ਰੇਮ, ਪ੍ਰਭੂ ਦੀ ਪ੍ਰਾਪਤੀ ਦਾ ਪਹਿਲਾ ਮਾਰਗ ਵੀ ਹੈ। ਜਿਨ ਪ੍ਰੇਮ ਕੀਓ ਤਿਨੁ ਹੀ ਪ੍ਰਭ ਪਾਇਓ’ ਦੇ ਅਨੁਸਾਰ ਇਸ ਧਰਤੀ ‘ਤੇ ਅਨੇਕਾਂ ਹੀ ਅਜਿਹੀਆਂ ਹਸਤੀਆਂ ਨੇ ਜਨਮ ਲਿਆ, ਜਿਨ੍ਹਾਂ ਨੇ ਪਰਉਪਕਾਰ ਨੂੰ ਹੀ ਆਪਣੀ ਜ਼ਿੰਦਗੀ ਦਾ ਮੁੱਖ ਮਕਸਦ ਮੰਨਿਆ। ਜਿਹੜੀਆਂ ਹਸਤੀਆਂ ਨੇ ਆਪਣਾ ਪੂਰਾ ਜੀਵਨ ਲੋੜਵੰਦਾਂ ਦੀ ਮਦਦ ਲਈ ਅਰਪਿਤ ਕਰ ਦਿੱਤਾ। ਉਨ੍ਹਾਂ ਵਿੱਚੋਂ ਇੱਕ ਸੀ ਮਦਰ ਟੈਰੇਸਾ। ਆਪ ਨੇ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਿੱਚ ਜਾ ਕੇ ਮਾਨਵਤਾ ਦੀ ਸੇਵਾ ਕੀਤੀ। ਅਨਾਥ, ਅਪਾਹਜ ਤੇ ਬੇਸਹਾਰਿਆਂ ਲਈ ਮਦਰ ਹਾਊਸ ਬਣਾਏ, ਉਨ੍ਹਾਂ ਦੇ ਆਸਰੇ ਬਣੇ, ਉਨ੍ਹਾਂ ਦੀ ਜ਼ਿੰਦਗੀ ਨੂੰ ਸਿੱਧੇ ਰਾਹੇ ਪਾਇਆ। ਗਰੀਬਾਂ, ਅਨਾਥਾਂ ਦੇ ਸਿਰ ‘ਤੇ ਆਪਣੀ ਕਿਰਪਾ ਦਾ ਹੱਥ ਰੱਖ ਕੇ ਉਨ੍ਹਾਂ ਦੀ ‘ਮਾਂ’ ਬਣੇ।
ਜਨਮ ਅਤੇ ਬਚਪਨ : ਮਦਰ ਟੈਰੇਸਾ ਦਾ ਜਨਮ 27 ਅਗਸਤ, 1910 ਈਸਵੀ ਨੂੰ ਯੂਗੋਸਲਾਵੀਆ ਵਿਖੇ ਹੋਇਆ। ਆਪ ਦੇ ਮਾਤਾ-ਪਿਤਾ ‘ਅਲਬਾਨੀਅਮ’ ਜਾਤੀ ਨਾਲ ਸੰਬੰਧ ਰੱਖਦੇ ਸਨ। ਬਚਪਨ ਤੋਂ ਹੀ ਆਪ ਦਾ ਮਨ ਧਾਰਮਕ ਕੰਮਾਂ ਪ੍ਰਤੀ ਰੁਚਿਤ ਸੀ। ਉਹ ਹਮੇਸ਼ਾ ਗਰੀਬਾਂ ਦੀ ਮਦਦ ਕਰਨ ਲਈ ਚਿੰਤਾਤੁਰ ਰਹਿੰਦੇ ਸਨ। ਆਪ ਅਜੇ ਬਾਰ੍ਹਾਂ ਕੁ ਵਰ੍ਹਿਆਂ ਦੇ ਹੀ ਸਨ, ਜਦੋਂ ਆਪ ਨੂੰ ਇਸਾਈ ਮਿਸ਼ਨ ਦੀਆਂ ਸੇਵਾਵਾਂ ਬਾਰੇ ਜਾਣਕਾਰੀ ਮਿਲੀ। ਉਸ ਸਮੇਂ ਹੀ ਆਪ ਨੇ ਆਪਣੇ ਮਨ ਵਿੱਚ ਦ੍ਰਿੜ੍ਹ ਇਰਾਦਾ ਧਾਰਨ ਕਰ ਲਿਆ ਸੀ ਕਿ ਵੱਡੇ ਹੋ ਕੇ ਆਪਣਾ ਸਾਰਾ ਜੀਵਨ ਦੀਨ-ਦੁਖੀਆਂ ਦੀ ਮਦਦ ਅਤੇ ਉਨ੍ਹਾਂ ਦੀ ਸੇਵਾ ਵਿੱਚ ਬਿਤਾ ਦੇਵੇਗੀ।
ਭਾਰਤ ਆਉਣ ਦੀ ਰੀਝ : ਬੰਗਾਲ ਦੇ ਮਿਸ਼ਨਰੀਆਂ ਦੁਆਰਾ ਲਿਖੀਆਂ ਕਿਤਾਬਾਂ ਪੜ੍ਹ ਕੇ ਆਪ ਦੇ ਮਨ ਵਿੱਚ ਭਾਰਤ ਆਉਣ ਦੀ ਰੀਝ ਪੈਦਾ ਹੋਈ। ਉਹ 6 ਜਨਵਰੀ 1929 ਈ: ਨੂੰ ਕਲਕੱਤਾ ਪਹੁੰਚ ਗਈ। ਕਲਕੱਤਾ ਪੁੱਜਣ ‘ਤੇ ਆਪ ਨੇ ਸੇਂਟ ਮੇਰੀ ਹਾਈ ਸਕੂਲ ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਉਹ ਇਸੇ ਸਕੂਲ ਦੀ ਮੁਖੀ ਵੀ ਬਣੀ। ਪਰ ਭਾਰਤ ਆਉਣ ਦਾ ਆਪ ਦਾ ਉਦੇਸ਼ ਮਾਨਵਤਾ ਦੀ ਸੇਵਾ ਕਰਨਾ ਸੀ ਜੋ ਸਕੂਲ ਦੀ ਚਾਰਦੀਵਾਰੀ ਵਿੱਚ ਰਹਿ ਕੇ ਅਧੂਰਾ ਜਿਹਾ ਜਾਪਦਾ ਸੀ। ਇਸ ਲਈ ਉਸ ਨੇ ਇਸ ਸੇਵਾ ਲਈ ਕੁਝ ਹੋਰ ਸੋਚਣਾ ਸ਼ੁਰੂ ਕਰ ਦਿੱਤਾ।
ਦਾਰਜੀਲਿੰਗ ਜਾਣਾ : 10 ਸਤੰਬਰ 1946 ਈਸਵੀ ਨੂੰ ਜਦੋਂ ਉਹ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਦਾਰਜੀਲਿੰਗ ਜਾ ਰਹੀ ਸੀ ਤਾਂ ਉਦੋਂ ਹੀ ਉਸ ਨੇ ਗਰੀਬਾਂ ਦੀ ਸੇਵਾ ਕਰਨ ਦਾ ਮਨ ਬਣਾ ਲਿਆ। ਇਸ ਸੇਵਾ ਭਾਵਨਾ ਦੀ ਅੰਤਰ-ਆਤਮਾ ਨੂੰ ਮਦਰ ਟੈਰੇਸਾ ਯਸੂ ਮਸੀਹ ਦੀ ਪ੍ਰੇਰਨਾ ਸਮਝਦੀ ਸੀ। ਉਹ ਜਦ ਤਕ ਜੀਵਤ ਰਹੀ 10 ਸਤੰਬਰ ਦੇ ਦਿਨ ਨੂੰ ਪ੍ਰੇਰਨਾ ਦਿਵਸ ਦੇ ਰੂਪ ਵਿੱਚ ਮਨਾਉਂਦੀ ਰਹੀ।
ਆਸ਼ਰਮ ਖੋਲ੍ਹਣੇ : 1947 ਈ: ਵਿੱਚ ਉਸ ਨੇ ਕਲਕੱਤਾ ਵਿਖੇ ਝੁੱਗੀ-ਝੌਂਪੜੀ ਵਾਲਿਆਂ ਦੀ ਬਸਤੀ ਵਿੱਚ ਆਪਣਾ ਪਹਿਲਾ ਸਕੂਲ ਖੋਲ੍ਹਿਆ। ਇਸ ਤੋਂ ਇਲਾਵਾ ਸਰੀਰਕ ਅਤੇ ਮਾਨਸਕ ਰੋਗੀਆਂ ਲਈ ਕਲਕੱਤੇ ਵਿਖੇ ਹੀ ‘ਨਿਰਮਲ ਹਿਰਦਾ ਹੋਮ’ ਵੀ ਸਥਾਪਤ ਕੀਤਾ। ਇੱਥੇ ਹੀ ‘ਮਿਸ਼ਨਰੀ ਆਫ ਚੈਰਿਟੀ’ ਦਾ ਮੁੱਖ ਦਫਤਰ ਹੈ, ਜੋ ਚੌਵੀ ਘੰਟੇ ਗਰੀਬਾਂ, ਅਨਾਥਾਂ ਤੇ ਬੇਸਹਾਰਿਆਂ ਦੀ ਮਦਦ ਲਈ ਖੁੱਲ੍ਹਾ ਰਹਿੰਦਾ ਹੈ। ਇਸ ਤੋਂ ਇਲਾਵਾ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ‘ਮਿਸ਼ਨਰੀ ਆਫ ਚੈਰਿਟੀ’ ਦੀਆਂ ਕਈ ਸ਼ਾਖਾਵਾਂ ਹਨ। ਭਾਰਤ ਵਿੱਚ ਮਿਸ਼ਨਰੀ ਹਸਪਤਾਲ, ਅਨਾਥ ਬੱਚਿਆਂ ਤੇ ਬਜ਼ੁਰਗਾਂ ਦੀ ਦੇਖ ਭਾਲ ਲਈ ਕਈ ਕੇਂਦਰ ਸਥਾਪਤ ਕੀਤੇ ਗਏ ਹਨ। ਇਸ ਸਾਰੀ ਵਿਆਪਕ ਸੇਵਾ ਯੋਜਨਾ ਪਿੱਛੇ ਮਦਰ ਟੈਰੇਸਾ ਦੀ ਮਹਾਨ ਸ਼ਖ਼ਸੀਅਤ ਹੀ ਰਿਣੀ ਹੈ।
ਪੁਰਸਕਾਰ : ਮਾਨਵਤਾ ਪ੍ਰਤੀ ਸੱਚੀ ਹਮਦਰਦੀ ਤੇ ਅਸਲ ਵਿੱਚ ਉਨ੍ਹਾਂ ਦੀਆਂ ਸੇਵਾਵਾਂ ਪ੍ਰਤੀ ਟੈਰੇਸਾ ਨੂੰ ਕਈ ਪੁਰਸਕਾਰ ਵੀ ਪ੍ਰਾਪਤ ਹੋਏ। 1962 ਈ: ਵਿੱਚ ਭਾਰਤ ਸਰਕਾਰ ਨੇ ‘ਪਦਮਸ੍ਰੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ। 1964 ਈ: ਵਿੱਚ ਪੋਪ ਪਾਲ ਨੇ ਭਾਰਤ ਯਾਤਰਾ ਦੌਰਾਨ ਆਪਣੀ ਕਾਰ ਮਦਰ ਟੈਰੇਸਾ ਨੂੰ ਭੇਟ ਕੀਤੀ। ਬਾਅਦ ਵਿੱਚ ਇਸ ਕਾਰ ਦੀ ਨਿਲਾਮੀ ਤੋਂ ਪ੍ਰਾਪਤ ਹੋਈ ਰਾਸ਼ੀ ਨਾਲ ਮਦਰ ਟੈਰੇਸਾ ਨੇ ਕੋਹੜਿਆਂ ਦੀ ਬਸਤੀ ਬਣਾਈ। 19 ਦਸੰਬਰ 1979 ਈ: ਵਿੱਚ ਆਪ ਨੂੰ ਵਿਸ਼ਵ ਦਾ ਸਰਬੋਤਮ ਪੁਰਸਕਾਰ ‘ਨੋਬਲ ਪੁਰਸਕਾਰ’ ਮਿਲਿਆ। ਇਸ ਤੋਂ ਇਲਾਵਾ ਵਿਸ਼ਵ ਦੀਆਂ ਕਈ ਯੂਨੀਵਰਸਿਟੀਆਂ ਨੇ ਮਦਰ ਟੈਰੇਸਾ ਨੂੰ ਡਾਕਟਰੇਟ ਦੀ ਉਪਾਧੀ ਦੇ ਕੇ ਸਨਮਾਨਿਤ ਕੀਤਾ। ਪੁਰਸਕਾਰਾਂ ਦੀ ਰਾਸ਼ੀ ਨਾਲ ਉਨ੍ਹਾਂ ਨੇ ਅਨਾਥ ਆਸ਼ਰਮਾਂ ਦੀ ਉਸਾਰੀ ਕੀਤੀ।
ਦੇਹਾਂਤ : 5 ਸਤੰਬਰ 1997 ਈ: ਨੂੰ ਦਿਲ ਦੀ ਧੜਕਣ ਬੰਦ ਹੋਣ ਕਾਰਨ ਮਦਰ ਟਰੇਸਾ ਦਾ ਦੇਹਾਂਤ ਹੋ ਗਿਆ। ਆਪ ਭਾਵੇਂ ਕਿਸੇ ਸਰਕਾਰੀ ਪਦਵੀ ‘ਤੇ ਨਹੀਂ ਸੀ ਪਰ ਫਿਰ ਵੀ ਪਰੇ ਸਰਕਾਰੀ ਸਨਮਾਨਾਂ ਨਾਲ ਆਪ ਦਾ ਅੰਤਿਮ ਸਸਕਾਰ ਕੀਤਾ ਗਿਆ। ਇਸ ਅੰਤਿਮ ਸਸਕਾਰ ਵਿੱਚ ਭਾਰਤ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਤੋਂ ਇਲਾਵਾ ਵਿਸ਼ਵ ਦੀਆਂ ਕਈ ਉੱਚੀਆਂ ਹਸਤੀਆਂ ਸ਼ਾਮਲ ਸਨ। 13 ਸਤੰਬਰ 1997 ਈ: ਮਦਰ ਟੈਰੇਸਾ ਦੀ ਦੇਹ ਨੂੰ ਨੀਲੇ ਬਾਰਡਰ ਵਾਲੀ ਸਫੇਦ ਸਾੜ੍ਹੀ ਪਾ ਕੇ ਮਦਰ ਹਾਊਸ ਵਿੱਚ ਦਫਨਾਇਆ ਗਿਆ। ਮੌਤ ਉਪਰੰਤ ਉਨ੍ਹਾਂ ਨੂੰ ਸੰਤਣੀ (ਸੇਂਟ) ਦੀ ਉਪਾਧੀ ਦਿੱਤੀ ਗਈ।