CBSEEducationਲੇਖ ਰਚਨਾ (Lekh Rachna Punjabi)

ਲੇਖ : ਭਾਈ ਵੀਰ ਸਿੰਘ


ਭਾਈ ਵੀਰ ਸਿੰਘ (5 ਦਸੰਬਰ 1872-10 ਜੂਨ 1957)


ਪੰਜਾਬੀ ਸਾਹਿਤ ਵਿਚ ਆਧੁਨਿਕ ਸਮੇਂ ਨੂੰ ਭਾਈ ਵੀਰ ਸਿੰਘ ਦੇ ਯੁੱਗ ਨਾਲ ਯਾਦ ਕੀਤਾ ਜਾਂਦਾ ਹੈ। ਸਾਹਿਤ ਦੇ ਸਾਰੇ ਰੂਪਾਂ ਵਿੱਚ ਭਾਈ ਸਾਹਿਬ ਨੇ ਰਚਨਾ ਲਿਖੀ ਹੈ ਤੇ ਇਨ੍ਹਾਂ ਰੂਪਾਂ ਨੂੰ ਆਧੁਨਿਕ ਬਣਾਉਣ ਵਿੱਚ ਆਪਣਾ ਪੂਰਾ ਯੋਗਦਾਨ ਦਿੱਤਾ ਹੈ। ਭਾਈ ਸਾਹਿਬ ਤੋਂ ਪਹਿਲਾਂ ਜੋ ਪੰਜਾਬੀ ਸਾਹਿਤ ਰਚਿਆ ਜਾ ਰਿਹਾ ਸੀ, ਉਸ ਵਿੱਚ ਪੁਰਾਤਨਤਾ ਦਾ ਅੰਸ਼ ਬਹੁਤ ਸੀ। ਵੀਰ ਸਿੰਘ ਦੇ ਆਉਣ ਨਾਲ ਪੰਜਾਬੀ ਦਾ ਆਧੁਨਿਕ ਸਮਾਂ ਆਰੰਭ ਹੁੰਦਾ ਹੈ। ਵੀਰ ਸਿੰਘ ਨੂੰ ਕਈ ਉਪਨਾਮਾਂ ਨਾਲ ਜਾਣਿਆ ਜਾਂਦਾ ਹੈ, ਕਈ ਉਨ੍ਹਾਂ ਨੂੰ ਪੰਜਾਬ ਦਾ ਛੇਵਾਂ ਦਰਿਆ ਕਹਿੰਦੇ ਹਨ, ਕਈ ਗੁਰਬਾਣੀ ਦਾ ਪ੍ਰਭਾਵ ਬਹੁਤ ਹੋਣ ਕਰਕੇ ਗੁਰਮਤ ਅਚਾਰੀਆ ਦੀ ਪਦਵੀ ਦੇਂਦੇ ਹਨ, ਕਈ ਪੰਜਾਬ ਦਾ ਟੈਗੋਰ ਕਹਿੰਦੇ ਹਨ। ਆਧੁਨਿਕ ਸਮੇਂ ਦੇ ਹੋਣ ਦੇ ਬਾਵਜੂਦ ਵੀਰ ਸਿੰਘ ਨੂੰ ਰਹੱਸਵਾਦੀ ਤੇ ਅਧਿਆਤਮਵਾਦੀ ਕਵੀ ਦੇ ਤੌਰ ਤੇ ਵੀ ਯਾਦ ਕੀਤਾ ਜਾਂਦਾ ਹੈ। ਵੀਰ ਸਿੰਘ ਦਾ ਨਾ ਕੇਵਲ ਸਾਹਿਤ ਦੇ ਸਾਰੇ ਰੂਪਾਂ ਤੇ ਪ੍ਰਭਾਵ ਦੇਖਿਆ ਜਾਂਦਾ ਹੈ, ਸਗੋਂ ਕਈ ਲੇਖਕ ਨਿੱਜੀ ਤੌਰ ਤੇ ਵੀਰ ਸਿੰਘ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ, ਉਨ੍ਹਾਂ ਵਿੱਚੋਂ ਪ੍ਰੋ. ਪੂਰਨ ਸਿੰਘ ਦਾ ਨਾਂ ਵਿਸ਼ੇਸ਼ ਤੌਰ ਤੇ ਲਿਆ ਜਾਂਦਾ ਹੈ, ਜਿਨ੍ਹਾਂ ਨੇ ਸਿੱਖ ਮਿਸ਼ਨਰੀ ਕਾਨਫਰੰਸ ਦੇ ਸਮੇਂ ਉਨ੍ਹਾਂ ਨਾਲ ਭੇਟ ਕੀਤੀ ਤੇ ਸਿੱਖੀ ਵਿੱਚ ਮੁੜ ਪ੍ਰਵੇਸ਼ ਕੀਤਾ ਤੇ ਮਹਾਨ ਸਾਹਿਤ ਦੀ ਸਿਰਜਣਾ ਕੀਤੀ।

ਆਪ ਜੀ ਨੂੰ ਕੁਦਰਤ ਦੇ ਕਵੀ ਦੇ ਤੌਰ ਤੇ ਵੀ ਵਿਸ਼ੇਸ਼ ਤੌਰ ਤੇ ਪੁਕਾਰਿਆ ਜਾਂਦਾ ਹੈ। ਇਸ ਕਰਕੇ ਕੁਝ ਲੋਕ ਉਨ੍ਹਾਂ ਨੂੰ ਪੰਜਾਬੀ ਦਾ ਵਰਡਜ਼ਵਰਥ ਵੀ ਕਹਿੰਦੇ ਹਨ। ਵੀਰ ਸਿੰਘ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਸੀ, ਉਨ੍ਹਾਂ ਦੇ ਪ੍ਰਵੇਸ਼ ਨਾਲ ਪੰਜਾਬੀ ਕਵਿਤਾ ਆਪਣਾ ਪੁਰਾਣਾ ਚੋਲਾ ਉਤਾਰ ਕੇ ਨਵੀਨ ਪੁਸ਼ਾਕ ਪਹਿਨਦੀ ਹੈ। ਉਨ੍ਹਾਂ ਦੀ ਸਖਸੀਅਤ ਵਿੱਚ ਨਿਰਮਤਾ ਤੇ ਇੱਕਲਤਾ ਦਾ ਖਾਸ ਗੁਣ ਸੀ ਤੇ ਉਹ ਸਦਾ ਛੁਪੇ ਰਹਿਣ ਦੀ ਚਾਹ ਪਾਲਦੇ ਰਹਿੰਦੇ ਸਨ। ਜਿਸ ਬਾਰੇ ਉਹ ਲਿਖਦੇ ਹਨ :

“ਮੇਰੀ ਛਿੱਪੇ ਰਹਿਣ ਦੀ ਚਾਹ ਤੇ ਛਿੱਪ ਤੁਰ ਜਾਣ ਦੀ,

ਇਹ ਪੂਰੀ ਹੁੰਦੀ ਨਾ ਮੈਂ ਤਰਲੇ ਲੈ ਰਿਹਾ।”

ਸਿੱਖ ਭਾਈਚਾਰੇ ਵਿੱਚ ਉਨ੍ਹਾਂ ਦਾ ਨਾਂ ਆਕਾਸ਼ ਵਿੱਚ ਧਰੂ ਤਾਰੇ ਦੀ ਤਰ੍ਹਾਂ ਚਮਕਦਾ ਹੈ। ਉਹ ਸਿੱਖ ਇਤਿਹਾਸ, ਗੁਰਬਾਣੀ ਦੇ ਵਿਸ਼ੇਸ਼ ਵਿਦਵਤਾ ਵਾਲੇ ਵਿਦਵਾਨ ਸੀ।  ਜਿਹੜਾ ਉਨ੍ਹਾਂ ਦੇ ਕਲਗੀਧਰ ਚਮਤਕਾਰ ਤੇ ਗੁਰੂ ਨਾਨਕ ਚਮਤਕਾਰ, ਅਸ਼ਟ ਚਮਤਕਾਰਾਂ ਵਿੱਚ ਸਹਿਜੇ ਹੀ ਅੰਦਾਜ਼ਾ ਹੋ ਜਾਂਦਾ ਹੈ। ਆਪ ਨੇ ਕਵਿਤਾ, ਨਾਟਕ, ਨਾਵਲ, ਵਾਰਤਕ, ਜੀਵਨੀ ਆਦਿ ਵਿੱਚ ਸਭ ਅੰਗਾਂ ਤੇ ਮਹਾਨ ਸਾਹਿਤ ਰਚਿਆ ਹੈ, ਆਪਜੀ ਦੀਆਂ ਕਿਰਤਾਂ ਨੂੰ ਪੜ੍ਹ ਕੇ ਸਾਰੀ ਸਿੱਖ ਬਹਾਦਰੀ ਤੇ ਪੰਜਾਬ ਦੇ ਲੋਕ ਸਿੱਖੀ ਸਭਿਆਚਾਰ ਨੂੰ ਖਾਸ ਤੌਰ ਤੇ ਪਿਆਰ ਕਰਦੇ ਹਨ। ਆਪ ਜੀ ਦਾ ਜਨਮ 5 ਦਸੰਬਰ 1872 ਨੂੰ ਹੋਇਆ। ਆਪਦਾ ਖਾਨਦਾਨ ਕੌੜਾ ਮੱਲ ਨਾਲ ਜਾ ਰਲਦਾ ਹੈ, ਜਿਸਨੂੰ ਸਿੱਖ ਸੰਗਤ ਦੀਵਾਨ ਮਿੱਠਾ ਮਲ ਦੇ ਨਾਂ ਨਾਲ ਜਾਣਦੀ ਹੈ। ਕੌੜਾ ਮੱਲ ਮੁਗਲਾਂ ਦੇ ਸਮੇਂ ਪੰਜਾਬ ਦਾ ਗਵਰਨਰ ਸੀ ਤੇ ਉਸਨੇ ਸਿੱਖਾਂ ਨਾਲ ਮਿਲਵਰਤਣ ਕਰਦੇ ਹੋਏ ਲੜਾਈ ਵਿੱਚ ਸ਼ਹੀਦੀ ਪਾਈ ਸੀ। ਆਪਦੇ ਪਿਤਾ ਡਾ. ਚਰਨ ਸਿੰਘ ਇੱਕ ਉੱਚ ਕੋਟੀ ਦੇ ਸਾਹਿਤਕਾਰ ਸਨ ਜੋ ਵਿਸ਼ੇਸ਼ ਤੌਰ ਤੇ ਬ੍ਰਿਜ ਭਾਸ਼ਾ, ਸੰਸਕ੍ਰਿਤ, ਅੰਗਰੇਜ਼ੀ ਅਤੇ ਪੰਜਾਬੀ ਦੇ ਵਿਦਵਾਨ ਸੀ। ਭਾਈ ਵੀਰ ਸਿੰਘ ਨੂੰ ਸਾਹਿਤ ਦੀ ਗੁੜ੍ਹਤੀ ਘਰ ਵਿੱਚੋਂ ਹੀ ਪ੍ਰਾਪਤ ਹੋਈ। ਵੀਰ ਸਿੰਘ ਦਾ ਬਚਪਨ ਆਪਣੇ ਨਾਨਾ ਗਿਆਨੀ ਹਜ਼ਾਰਾ ਸਿੰਘ ਕੋਲ ਬੀਤਿਆ ਜੋ ਉੱਚ ਕੋਟੀ ਦੇ ਵਿਦਵਾਨ ਸਨ। ਵੀਰ ਸਿੰਘ ਇੱਕ ਪ੍ਰਤਿਭਾਸ਼ਾਲੀ ਵਿਅਕਤੀ ਸਨ। ਆਪ ਨੇ ਸਕੂਲੀ ਵਿਦਿਆ ਦਸਵੀਂ ਤੱਕ ਕਰਕੇ ਤੇ ਸਾਰੇ ਜ਼ਿਲ੍ਹੇ ਵਿੱਚ ਅਵਲ ਰਹਿ ਕੇ ਪ੍ਰਾਪਤ ਕੀਤੀ ਤੇ ਘਰ ਵਿੱਚ ਹੀ ਬਾਕੀ ਦੀ ਵਿਦਿਆ ਪ੍ਰਾਪਤ ਕੀਤੀ। ਬੋਰਡ ਵਲੋਂ ਆਪ ਜੀ ਨੂੰ ਸੋਨੇ ਦਾ ਮੈਡਲ ਦਿੱਤਾ ਗਿਆ। ਸੰਸਕ੍ਰਿਤ, ਫਾਰਸੀ ਦੀ ਵਿਦਿਆ ਆਪ ਨੇ ਘਰ ਵਿੱਚ ਹੀ ਪ੍ਰਾਪਤ ਕੀਤੀ ਤੇ ਬਾਕੀ ਦੁਨੀਆ ਦੇ ਚਿੰਤਕਾਂ, ਵਿਗਿਆਨੀਆਂ ਦੀਆਂ ਪੁਸਤਕਾਂ ਨੂੰ ਪੜ੍ਹਿਆ ਤੇ ਘੋਖਿਆ ਤੇ ਉਨ੍ਹਾਂ ਨੂੰ ਆਪਣੀਆਂ ਰਚਨਾਵਾਂ ਵਿੱਚ ਪੂਰੀ ਤਰ੍ਹਾਂ ਮੁਲਾਂਕਣ ਕਰਕੇ ਆਪਣੇ ਭਾਵਾਂ ਨੂੰ ਬਲਵਾਨ ਬਣਾਉਣ ਲਈ ਵਰਤਿਆ। ਗੁਰੂ ਨਾਨਕ ਚਮਤਕਾਰ ਵਿੱਚ ਸੰਸਾਰ ਪ੍ਰਸਿੱਧ ਚਿੰਤਕ, ਡਾਰਵਿਨ, ਰਸੱਲ, ਰਸਕਿਨ, ਆਦਿ ਸਭ ਦੇ ਵਿਚਾਰ ਪ੍ਰਾਪਤ ਹੁੰਦੇ ਹਨ। ਇਹ ਹੀ ਕਾਰਨ ਹੈ ਕਿ ਉਨ੍ਹਾਂ ਦੀਆਂ ਕਈ ਕਵਿਤਾਵਾਂ ਵਿੱਚ ਬੌਧਿਕਤਾ ਵੀ ਮਿਲਦੀ ਹੈ ਜਿਵੇਂ

“ਸਾਬਣ ਲਾ ਲਾ ਧੋਤਾ ਕੋਲਾ

ਦੁੱਧ ਦਹੀਂ ਵਿੱਚ ਪਾਇਆ

ਖੁੰਭ ਚਾੜ੍ਹ ਰੰਗਣ ਵੀ ਧਰਿਆ

ਰੰਗ ਨਾ ਓਸ ਵਟਾਇਆ

ਵਿਛੜ ਕੇ ਕਾਲਖ ਸੀ ਆਈ

ਬਿਨ ਮਿਲਿਆਂ ਨਹੀਂ ਲਹਿੰਦੀ

ਅੰਗ ਅੰਗ ਦੇ ਲਾ ਕੇ ਵੇਖੋ

ਚੜ੍ਹਦਾ ਰੂਪ ਸਵਾਇਆ।”

ਸਿੰਘ ਸਭਾ ਲਹਿਰ ਦੇ ਆਪ ਹਾਣੀ ਸਨ, ਉਸ ਦੀਆਂ ਮਰਿਯਾਦਾਵਾਂ ਤੇ ਸਿਧਾਂਤਾਂ ਨੂੰ ਫੈਲਾਉਣ ਲਈ ਆਪਣੇ ਖਾਲਸਾ ਟ੍ਰੈਕਟ ਸੋਸਾਇਟੀ ਦੀ ਨੀਂਹ ਰੱਖੀ ਤੇ ਖਾਲਸਾ ਸਮਾਚਾਰ ਨੂੰ ਜਨਮ ਦਿੱਤਾ। ਉਨ੍ਹਾਂ ਦੀਆਂ ਪ੍ਰਸਿੱਧ ਲੰਮੇਰੀਆ ਕਵਿਤਾਵਾਂ ਹਨ : ਨਰਗਸ ਜੀਵਨ ਕੀ ਹੈ, ਬੁਲਬੁਲ ਤੇ ਰਾਹੀ ਅਟਕ, ਕੁਤਬ ਦੀ ਲਾਠ ਆਦਿ।

ਆਪ ਦੀਆਂ ਪ੍ਰਸਿੱਧ ਰਚਨਾਵਾਂ ਵਿੱਚੋਂ, ਕਵਿਤਾਵਾਂ ਵਿੱਚੋਂ ਰਾਣਾ ਸੂਰਤ ਸਿੰਘ ਲਹਿਰਾਂ ਦੇ ਹਾਰ, ਲਹਿਰ ਹੁਲਾਰੇ, ਕੰਬਦੀ ਕਲਾਈ, ਬਿਜਲੀਆਂ ਦੇ ਹਾਰ, ਮਟਕ ਹੁਲਾਰੇ, ਪ੍ਰੀਤ ਵੀਣਾ ਆਦਿ ਪ੍ਰਸਿੱਧ ਹਨ। ਮਟਕ ਹੁਲ੍ਹਾਰੇ ਦੀਆਂ ਸਾਰੀਆਂ ਕਵਿਤਾਵਾਂ ਕਸ਼ਮੀਰ ਦੀ ਸੁੰਦਰਤਾ ਨਾਲ ਸੰਬੰਧਿਤ ਹਨ। ਇੱਛਾਬਲ ਚਸ਼ਮੇ ਦੇ ਆਖ਼ਰ ਵਿੱਚ ਉਹ ਲਿਖਦੇ ਹਨ :

“ਸੀਨੇ ਖਿੱਚ ਜਿਨ੍ਹਾਂ ਨੇ ਖਾਧੀ,

ਉਹ ਕਰ ਆਰਾਮ ਨਹੀਂ ਬਹਿੰਦੇ,

ਨਿਹੁੰ ਵਾਲੇ ਨੈਣਾਂ ਦੀ ਨੀਂਦਰ,

ਉਹ ਦਿਨੇ ਰਾਤ ਪਏ ਵਹਿੰਦੇ,

ਹੈ ਇਕੋ ਲੱਗਨ ਲੱਗੀ ਹੈ ਜਾਂਦੀ,

ਹੈ ਟੋਰ ਅਨੰਤ ਉਨ੍ਹਾਂ ਦੀ,

ਵਸਲੋਂ ਉਰ੍ਹੇ ਮੁਕਾਮ ਨਾ ਕੋਈ,

ਸੋ ਚਾਲ ਪਏ ਨਿੱਤ ਰਹਿੰਦੇ।”

ਆਪ ਦੇ ਨਾਵਲਾਂ ਵਿੱਚੋਂ ਸੁੰਦਰੀ ਨਾਵਲ ਵਿਸ਼ੇਸ਼ ਤੌਰ ਤੇ ਸਿੱਖ ਸੰਗਤਾਂ ਨੇ ਪੜ੍ਹਿਆ ਹੈ ਤੇ ਪੰਜਾਬੀ ਵਿੱਚ ਸਭ ਤੋਂ ਵੱਧ ਵਿਕਣ ਵਾਲਾ ਤੇ ਛੱਪਣ ਵਾਲਾ ਨਾਵਲ ਹੈ। ਬਿਜੈ ਸਿੰਘ, ਸਤਵੰਤ ਕੌਰ, ਬਾਬਾ ਨੌਧ ਸਿੰਘ ਆਪ ਦੇ ਹੋਰ ਨਾਵਲ ਹਨ। ਮੇਰੇ ਸਾਈਆਂ ਜੀਉ ਤੇ ਪਹਿਲਾ ਸਾਹਿਤ ਅਕਾਦਮੀ ਇਨਾਮ ਆਪ ਨੂੰ ਪ੍ਰਾਪਤ ਹੋਇਆ। ਭਾਰਤ ਸਰਕਾਰ ਨੇ ਆਪਨੂੰ ਪਦਮਭੂਸ਼ਨ ਦੀ ਪਦਵੀ ਦਿੱਤੀ। ਪੰਜਾਬ ਯੂਨੀਵਰਸਿਟੀ ਨੇ ਡਾਕਟਰ ਦੀ ਡਿਗਰੀ ਉਨ੍ਹਾਂ ਨੂੰ ਨਿਵਾਸ ਥਾਂ ਤੇ ਜਾ ਕੇ ਦਿੱਤੀ।

10 ਜੂਨ 1957 ਨੂੰ 84 ਸਾਲ ਦੀ ਉਮਰ ਵਿੱਚ ਇਹ ਜੋਤ ਪਰਮਾਤਮਾ ਦੀ ਜੋਤ ਨਾਲ ਸਮਾ ਗਈ।