CBSEclass 11 PunjabiClass 12 PunjabiClass 8 Punjabi (ਪੰਜਾਬੀ)Class 9th NCERT Punjabicurrent affairsEducationNCERT class 10thPunjab School Education Board(PSEB)Punjabi Viakaran/ Punjabi Grammarਲੇਖ ਰਚਨਾ (Lekh Rachna Punjabi)

ਲੇਖ : ਭਰੂਣ-ਹੱਤਿਆ


ਧੀਆਂ ਹਰ ਇੱਕ ਦੀ ਕਿਸਮਤ ਵਿੱਚ ਕਿੱਥੇ ਹੁੰਦੀਆਂ ਨੇ।

ਜਿਹੜਾ ਘਰ ਰੱਬ ਨੂੰ ਪਿਆਰਾ ਹੋਵੇ ਉੱਥੇ ਹੁੰਦੀਆਂ ਨੇ।

ਭੂਮਿਕਾ : ਅਹਿੰਸਾ ਦੇ ਪੁਜਾਰੀ ਦੇਸ ਭਾਰਤ ਵਿੱਚ ਭਰੂਣ-ਹੱਤਿਆ ਬੇਹੱਦ ਗ਼ੈਰਮਨੁੱਖੀ ਅਤੇ ਘਿਰਨਾਯੋਗ ਕਰਮ ਹੈ। ਅਸਲ ਵਿੱਚ ਸਤੀ-ਪ੍ਰਥਾ, ਬਾਲ-ਵਿਆਹ, ਸ਼ਿਸ਼ੂ-ਹੱਤਿਆ ਅਤੇ ਭਰੂਣ-ਹੱਤਿਆ ਸਾਡੇ ਸਮਾਜ ਦੀ ਔਰਤ ਪ੍ਰਤਿ ਨੀਵੀਂ ਸੋਚ ਦਾ ਫਲ ਹੈ। ਇਹਨਾਂ ਵਿੱਚੋਂ ਸਤੀ-ਪ੍ਰਥਾ, ਬਾਲ-ਵਿਆਹ ਅਤੇ ਸ਼ਿਸ਼ੂ-ਹੱਤਿਆ ਦਾ ਕਰੜਾ ਵਿਰੋਧ ਹੋਇਆ ਅਤੇ ਇਹਨਾਂ ਨੂੰ ਖ਼ਤਮ ਕਰਨ ਦੇ ਉਪਰਾਲੇ ਵੀ ਹੋਏ। ਪਰੰਤੂ ਭਰੂਣ-ਹੱਤਿਆ ਇੱਕ ਗੰਭੀਰ ਸਮੱਸਿਆ ਵਜੋਂ ਸਾਡੇ ਸਾਮ੍ਹਣੇ ਹੈ।

ਭਰੂਣ-ਹੱਤਿਆ ਤੋਂ ਭਾਵ : ਭਰੂਣ-ਹੱਤਿਆ ਤੋਂ ਭਾਵ ਇੱਕ ਅਣਜੰਮੇ ਬੱਚੇ ਨੂੰ ਕੁੱਖ ਵਿੱਚ ਹੀ ਮਾਰ ਦੇਣਾ ਹੈ। ਮਾਂ ਦੇ ਪੇਟ ਵਿਚਲਾ ਬੱਚਾ ਜਦੋਂ ਅੱਠ ਹਫ਼ਤਿਆਂ ਦਾ ਹੁੰਦਾ ਹੈ ਤਾਂ ਉਸ ਨੂੰ ‘ਭਰੂਣ’ ਕਿਹਾ ਜਾਂਦਾ ਹੈ। ਇਸ ਅਵਸਥਾ ਵਿੱਚ ਪਹੁੰਚਦਿਆਂ ਬੱਚੇ ਦੇ ਸਾਰੇ ਅੰਗ ਆਪਣਾ ਰੂਪ ਧਾਰਨ ਕਰ ਲੈਂਦੇ ਹਨ। ਇਸ ਸਮੇਂ ਤੱਕ ਇਹ ਵੀ ਪਤਾ ਲੱਗ ਸਕਦਾ ਹੈ ਕਿ ਮਾਂ ਦੇ ਪੇਟ ਵਿੱਚ ਪਲ ਰਿਹਾ ਬੱਚਾ ਲੜਕਾ ਹੈ ਜਾਂ ਲੜਕੀ। ਵਿਗਿਆਨੀਆਂ ਨੇ ਇਸ ਸੰਬੰਧੀ ਮਸ਼ੀਨਾਂ ਵੀ ਤਿਆਰ ਕਰ ਲਈਆਂ ਹਨ ਜੋ ਨਿਰਧਾਰਿਤ ਕਰ ਦਿੰਦੀਆਂ ਹਨ ਕਿ ਭਰੂਣ ਦਾ ਲਿੰਗ ਕੀ ਹੈ। ਇਹ ਮਸ਼ੀਨਾਂ ਇਹ ਵੀ ਦੱਸਦੀਆਂ ਹਨ ਕਿ ਭਰੂਣ ਦਾ ਵਿਕਾਸ ਠੀਕ ਹੋ ਰਿਹਾ ਹੈ ਜਾਂ ਨਹੀਂ। ਮਸ਼ੀਨਾਂ ਦੀ ਕਾਢ ਤੋਂ ਪਹਿਲਾਂ ਲੜਕੀਆਂ ਨੂੰ ਜੰਮਦਿਆਂ ਮਾਰਨ ਦੀ ਪ੍ਰਥਾ ਸੀ। ਪਰ ਅੱਜ ਲੜਕੀ ਨੂੰ ਮਾਂ ਦੇ ਪੇਟ ਵਿੱਚ ਹੀ ਗਰਭਪਾਤ ਦੁਆਰਾ ਖ਼ਤਮ ਕਰ ਦਿੱਤਾ ਜਾਂਦਾ ਹੈ। ਇਸ ਨੂੰ ‘ਮਾਦਾ ਭਰੂਣ-ਹੱਤਿਆ’ ਕਿਹਾ ਜਾਂਦਾ ਹੈ।

ਮਸ਼ੀਨਾਂ ਦੀ ਦੁਰਵਰਤੋਂ : ਵਿਗਿਆਨ ਨੇ ਮਾਂ ਦੇ ਪੇਟ ਵਿਚਲੇ ਬੱਚੇ ਦੀ ਸਥਿਤੀ ਜਾਣਨ ਲਈ ਕੁਝ ਮਸ਼ੀਨਾਂ ਤਿਆਰ ਕੀਤੀਆਂ ਸਨ। ਜੇਕਰ ਭਰੂਣ ਵਿੱਚ ਕੋਈ ਖ਼ਰਾਬੀ ਹੋਵੇ ਤਾਂ ਕਈ ਵਾਰ ਮਾਂ ਦੀ ਜਾਨ ਨੂੰ ਵੀ ਖ਼ਤਰਾ ਬਣ ਜਾਂਦਾ ਸੀ। ‘ਅਲਟਰਾ ਸਾਊਂਡ ਸਕੈਨ’ 1980 ਵਿੱਚ ਭਾਰਤ ਆਈ। ਇਹ ਸਰੀਰ ਦੀਆਂ ਅੰਦਰੂਨੀ ਬਿਮਾਰੀਆਂ ਅਤੇ ਨੁਕਸਾਂ ਦਾ ਪਤਾ ਲਾਉਣ ਲਈ ਬਣਾਈ ਗਈ ਸੀ। ਇਹ ਸਹੂਲਤ ਮਨੁੱਖ ਦੇ ਕਲਿਆਣ ਲਈ ਹੋਂਦ ਵਿੱਚ ਆਈ ਸੀ। ਪਰ ਜਦੋਂ ਇਹ ਪਤਾ ਲੱਗਣ ਲੱਗ ਪਿਆ ਕਿ ਭਰੂਣ ਲੜਕੀ ਹੈ ਜਾਂ ਲੜਕਾ ਤਾਂ ਮਨੁੱਖ ਨੇ ਇਸ ਦਾ ਦੁਰਉਪਯੋਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਲੜਕੀਆਂ ਨੂੰ ਮਾਂ ਦੇ ਪੇਟ ਵਿੱਚ ਹੀ ਮਾਰਨਾ ਸ਼ੁਰੂ ਕਰ ਦਿੱਤਾ। ਖ਼ਾਸ ਕਰਕੇ ਭਾਰਤ ਵਿੱਚ ਇਹਨਾਂ ਮਸ਼ੀਨਾਂ ਦੀ ਦੁਰਵਰਤੋਂ ਬਹੁਤ ਵਧ ਗਈ ਹੈ।

ਮਰਦ ਪ੍ਰਧਾਨ ਸਮਾਜ ਦੀ ਦੇਣ : ਸਾਡਾ ਸਮਾਜ ਮਰਦ ਪ੍ਰਧਾਨ ਸਮਾਜ ਹੋਣ ਕਰਕੇ ਸਾਡੇ ਦੋਹਰੇ ਮਾਪ ਦੰਡ ਰਹੇ ਹਨ। ਕੁਝ ਲੋਕਾਂ ਦੀ ਇਹ ਮਾੜੀ ਸੋਚ ਹੈ ਕਿ ਮੁੰਡੇ ਦਾ ਜਨਮ ਖ਼ੁਸ਼ੀਆਂ ਲਿਆਉਂਦਾ ਹੈ ਅਤੇ ਕੁੜੀ ਦਾ ਜਨਮ ਉਦਾਸੀ ਲਿਆਉਂਦਾ ਹੈ। ਸਮਾਜ ਵਿੱਚ ਆਰਥਿਕ ਤਬਦੀਲੀ ਵਾਪਰਨ ਨਾਲ ਇਸਤਰੀ ਦੀ ਸਰਦਾਰੀ ਮੱਧਮ ਪੈਂਦੀ-ਪੈਂਦੀ ਉੱਕਾ ਹੀ ਖ਼ਤਮ ਹੋ ਗਈ। ਆਰਥਿਕ ਸੋਮੇ ਮਰਦਾਂ ਦੇ ਹੱਥਾਂ ਵਿੱਚ ਆ ਗਏ। ਨਤੀਜੇ ਵਜੋਂ ਸਾਡਾ ਸਮਾਜ ਮਰਦ ਪ੍ਰਧਾਨ ਸਮਾਜ ਬਣ ਗਿਆ। ਮਰਦ ਦੇ ਹੱਥਾਂ ਵਿੱਚ ਸਰਦਾਰੀ ਆਉਂਦਿਆਂ ਹੀ ਉਸ ਨੇ ਔਰਤ ਦੀ ਨਿਰਬਲਤਾ ਦਾ ਨਜਾਇਜ਼ ਲਾਭ ਉਠਾਇਆ।

ਸੰਤੁਲਨ ਵਿੱਚ ਵਿਗਾੜ : ਕੁਦਰਤ ਨੇ ਇਸ ਦੁਨੀਆ ਦਾ ਪਸਾਰਾ ਅਜਿਹਾ ਬਣਾਇਆ ਹੈ ਕਿ ਕੁਦਰਤੀ ਤੌਰ ‘ਤੇ ਹਰ ਚੀਜ਼ ਵਿੱਚ ਇੱਕ ਸੰਤੁਲਨ ਕਾਇਮ ਰੱਖਿਆ ਹੈ। ਮਾਂ ਦੇ ਪੇਟ ਵਿੱਚ ਬੱਚੇ ਦਾ ਲਿੰਗ ਵੀ ਕੁਦਰਤ ਦੇ ਨਿਯਮਾਂ ਅਨੁਸਾਰ ਨਿਰਧਾਰਿਤ ਹੁੰਦਾ ਹੈ। ਪਰ ਮਨੁੱਖ ਨੇ ਆਪਣੀ ਸੋਚ ਅਨੁਸਾਰ ਇਸ ਸੰਤੁਲਨ ਨੂੰ ਵੀ ਵਿਗਾੜਨ ਦਾ ਪੂਰਾ ਯਤਨ ਕੀਤਾ ਹੈ। ਨਤੀਜੇ ਵਜੋਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋਈਆਂ ਹਨ। ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਨਿਰੰਤਰ ਘਟ ਰਹੀ ਹੈ। ਪੰਜਾਬ ਵਿੱਚ ਇੱਕ ਹਜ਼ਾਰ ਮਰਦਾਂ ਦੇ ਮੁਕਾਬਲੇ 874 ਔਰਤਾਂ ਰਹਿ ਗਈਆਂ ਹਨ। ਕੁਝ ਰਾਜਾਂ ਦੀ ਸਥਿਤੀ ਇਸ ਤੋਂ ਵੀ ਮਾੜੀ ਹੈ। ਇਹ ਅਸੰਤੁਲਨ ਅੱਗੋਂ ਹੋਰ ਸਮੱਸਿਆਵਾਂ ਨੂੰ ਜਨਮ ਦੇ ਰਿਹਾ ਹੈ।

ਵਿਰੋਧਾਭਾਸ : ਰਿਸ਼ੀਆਂ-ਮੁਨੀਆਂ ਦੀ ਧਰਤੀ ਭਾਰਤ ਵਿੱਚ ਕਿਸੇ ਜਾਨਵਰ ਨੂੰ ਮਾਰਨਾ ਮਹਾਂ-ਪਾਪ ਸਮਝਿਆ ਜਾਂਦਾ ਹੈ । ਇੱਥੇ ਹਰ ਜੀਵ-ਆਤਮਾ ਵਿੱਚ ਪਰਮਾਤਮਾ ਦਾ ਵਾਸਾ ਮੰਨਿਆ ਜਾਂਦਾ ਹੈ। ਅਜਿਹੇ ਭਾਰਤ ਵਿੱਚ ਮਾਦਾ ਭਰੂਣ-ਹੱਤਿਆ ਵਿਰੋਧਾਭਾਸ ਹੈ, ਇਹ ਕੁਦਰਤ ਅਤੇ ਕੁਦਰਤ ਦੇ ਕਾਦਰ ਦੀ ਤੌਹੀਨ ਹੈ। ਕੀ ਕੁਦਰਤ ਸਾਨੂੰ ਮਾਫ਼ ਕਰੇਗੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਜਿਹੜੀ ਔਰਤ ਰਾਜਿਆਂ-ਮਹਾਰਾਜਿਆਂ ਨੂੰ ਜਨਮ ਦਿੰਦੀ ਹੈ, ਉਸ ਨੂੰ ਮਾੜਾ ਕਿਵੇਂ ਕਿਹਾ ਜਾ ਸਕਦਾ ਹੈ। ਉਹ ਧਰਤੀ ਜਿੱਥੇ ਔਰਤ ਦੀ ਹਾਜ਼ਰੀ ਤੋਂ ਬਿਨਾਂ ਘਰ ਅਧੂਰਾ ਸਮਝਿਆ ਜਾਂਦਾ ਸੀ, ਉਸੇ ਧਰਤੀ ‘ਤੇ ਔਰਤ ਨੂੰ ਜੰਮਣੋਂ ਪਹਿਲਾਂ ਮਾਰ ਦੇਣਾ ਵੀ ਵਿਰੋਧਾਭਾਸ ਹੈ।

ਅਜੋਕੀ ਸਥਿਤੀ : ਅੱਜ ਦੀ ਔਰਤ ਅਬਲਾ ਨਹੀਂ। ਉਹ ਮਰਦ ਨਾਲ਼ੋਂ ਕਿਸੇ ਪੱਖੋਂ ਵੀ ਘੱਟ ਨਹੀਂ। ਵਿੱਦਿਆ ਦਾ ਖੇਤਰ ਹੋਵੇ ਜਾਂ ਰਾਜਨੀਤੀ ਦਾ, ਹਰ ਪਾਸੇ ਔਰਤਾਂ ਦੀ ਧਾਕ ਹੈ। ਜੇਕਰ ਔਰਤ ਇਸੇ ਤਰ੍ਹਾਂ ਜਾਗਰੂਕ ਹੁੰਦੀ ਗਈ, ਉਸ ਨੇ ਆਪਣੀ ਹੋਂਦ ਦਾ ਇਹਸਾਸ ਕਰਵਾਇਆ ਤਾਂ ਮਾਦਾ ਭਰੂਣ-ਹੱਤਿਆ ਵਰਗੀ ਇਹ ਕੁਰੀਤੀ ਆਪਣੇ ਆਪ ਮਿਟ ਜਾਵੇਗੀ। ਪਰ ਇਸ ਦੇ ਨਾਲ-ਨਾਲ ਕੁਝ ਜ਼ਰੂਰੀ ਕਦਮ ਚੁੱਕਣੇ ਪੈਣਗੇ। ਸਭ ਤੋਂ ਵੱਡੀ ਲੋੜ ਅਨਪੜ੍ਹ ਲੋਕਾਂ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਮਾਦਾ ਭਰੂਣ-ਹੱਤਿਆ ਕਨੂੰਨੀ ਜ਼ੁਰਮ ਦੇ ਨਾਲ-ਨਾਲ ਇਨਸਾਨੀਅਤ ਪੱਖੋਂ ਵੀ ਗਿਰਿਆ ਹੋਇਆ ਕਰਮ ਹੈ। ਜੇ ਲੜਕੀਆਂ ਨਹੀਂ ਹੋਣਗੀਆਂ ਤਾਂ ਪਰਿਵਾਰ ਕਿਵੇਂ ਵਧਣਗੇ। ਇਨਸਾਨੀਅਤ ਹੀ ਡਗਮਗਾ ਜਾਵੇਗੀ।

ਭਰੂਣ-ਹੱਤਿਆ ਨੂੰ ਰੋਕਿਆ ਜਾਵੇ : ਭਰੂਣ-ਹੱਤਿਆ ਰੋਕਣ ਲਈ 1994 ਵਿੱਚ ਸਰਕਾਰ ਨੇ ਭਰੂਣ ਦੇ ਨਰ ਜਾਂ ਮਾਦਾ-ਰੂਪ ਦੀ ਜਾਣਕਾਰੀ ਦੇਣ ਵਾਲੀ ਸੂਚਨਾ-ਤਕਨਾਲੋਜੀ ‘ਤੇ ਰੋਕ ਲਾਉਣ ਲਈ ਕਨੂੰਨ ਬਣਾਇਆ। ਪਰ ਇਸ ਦੇ ਤਸੱਲੀਬਖ਼ਸ਼ ਸਿੱਟੇ ਨਹੀਂ ਨਿਕਲ ਸਕੇ। ਇਸ ਲਈ ਕੁਝ ਜ਼ਰੂਰੀ ਸੁਝਾਅ ਹਨ ; ਜਿਵੇਂ : ਸਾਡੀ ਪਰੰਪਰਾਗਤ ਸੋਚ ਨੂੰ ਬਦਲਿਆ ਜਾਵੇ ਅਤੇ ਇਹ ਦੱਸਿਆ ਜਾਵੇ ਕਿ ਮੁੰਡੇ ਅਤੇ ਕੁੜੀ ਵਿੱਚ ਕੋਈ ਅੰਤਰ ਨਹੀਂ ਹੈ। ਦੂਸਰਾ, ਗਰਭਪਾਤ ਕਰਵਾਉਣ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ । ਔਰਤ ਨੂੰ ਬਣਦਾ ਸਤਿਕਾਰ ਦਿੱਤਾ ਜਾਵੇ। ਔਰਤਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਵੇ। ਲਿੰਗ-ਨਿਰਧਾਰਨ ਟੈੱਸਟ ਕਨੂੰਨੀ ਤੌਰ ‘ਤੇ ਬੰਦ ਕੀਤੇ ਜਾਣ। ਇਸ ਸੰਬੰਧੀ ਸਖ਼ਤ ਫ਼ੈਸਲੇ ਲਏ ਜਾਣ।

ਸਾਰਾਂਸ਼ : ਸਾਨੂੰ ਆਪਣੀ ਸੋਚ ਬਦਲਨ ਦੀ ਲੋੜ ਹੈ। ਇਸ ਕੰਮ ਵਿੱਚ ਔਰਤਾਂ ਦੀ ਕਾਰਗੁਜ਼ਾਰੀ ਸਭ ਤੋਂ ਵੱਧ ਸਹਾਈ ਹੋਵੇਗੀ। ਜੇਕਰ ਔਰਤਾਂ ਜਾਗਰੂਕ ਹੋ ਜਾਣ ਤਾਂ ਭਰੂਣ ਹੱਤਿਆ ਖ਼ਤਮ ਹੋ ਜਾਵੇਗੀ।