ਲੇਖ : ਬੱਚਿਆਂ ਦੇ ਮਾਂ-ਬਾਪ ਪ੍ਰਤਿ ਫ਼ਰਜ
ਭੂਮਿਕਾ : ਅਜੋਕੇ ਸਮੇਂ ਵਿੱਚ ਬਜ਼ੁਰਗ ਮਾਪਿਆਂ ਦੀ ਸਥਿਤੀ ਕੋਈ ਬਹੁਤੀ ਸੁਖਾਵੀਂ ਨਹੀਂ। ਮਾਪੇ ਆਪਣੇ ਬੱਚਿਆਂ ਦੇ ਚੰਗੇਰੇ ਭਵਿੱਖ ਲਈ ਬਹੁਤ ਮਿਹਨਤ ਕਰਦੇ ਹਨ। ਉਹ ਬੱਚਿਆਂ ਦੀਆਂ ਰੀਝਾਂ ਪੂਰੀਆਂ ਕਰਨ ਲਈ ਆਪਣੇ ਸ਼ੌਕ ਵੀ ਪੂਰੇ ਨਹੀਂ ਕਰਦੇ। ਅਜਿਹੀਆਂ ਸਥਿਤੀਆਂ ਵਿੱਚ ਵੀ ਵੇਖਿਆ ਜਾ ਸਕਦਾ ਹੈ ਕਿ ਬਜ਼ੁਰਗ ਇਹ ਸ਼ਿਕਵਾ ਕਰਦੇ ਹਨ ਕਿ ਉਹਨਾਂ ਦੇ ਬੱਚੇ ਉਹਨਾਂ ਦਾ ਪੂਰੀ ਤਰ੍ਹਾਂ ਨਾਲ ਖਿਆਲ ਰੱਖਣ ਦੀ ਥਾਂ ਇਸ ਨੂੰ ਬੇਲੋੜਾ ਤੇ ਵਾਧੂ ਦਾ ਕੰਮ ਹੀ ਸਮਝਦੇ ਹਨ। ਅਜਿਹੀ ਸਥਿਤੀ ਵਿੱਚ ਮਾਪੇ ਆਪਣਾ ਬੁਢੇਪਾ ਤਣਾਅ-ਭਰਪੂਰ ਸਥਿਤੀ ਵਿੱਚ ਗੁਜ਼ਾਰਨ ਲਈ ਮਜਬੂਰ ਹੁੰਦੇ ਹਨ। ਇਹ ਸਮੱਸਿਆ ਬਹੁਤ ਹੀ ਗੰਭੀਰ ਹੈ ਜਿਸ ਪ੍ਰਤਿ ਬਹੁਤ ਸੁਚੇਤ ਤੇ ਗੰਭੀਰ ਹੋਣ ਦੀ ਲੋੜ ਹੈ।
ਅਜੋਕੇ ਸਮੇਂ ਵਿੱਚ ਬਜ਼ੁਰਗਾਂ ਦੀ ਸਥਿਤੀ : ਅਜੋਕੀ ਤੇਜ਼ ਰਫ਼ਤਾਰ ਵਾਲੀ ਜ਼ਿੰਦਗੀ ਵਿੱਚ ਬਹੁਤੇ ਮਾਪਿਆਂ ਦੀ ਸਥਿਤੀ ਬਹੁਤ ਤਰਸਯੋਗ ਬਣੀ ਹੋਈ ਹੈ। ਬੱਚੇ ਆਪਣੇ ਕੰਮਾਂ-ਕਾਰਾਂ ਜਾਂ ਆਪਣੇ ਬੱਚਿਆਂ ਨਾਲ ਇਸ ਤਰ੍ਹਾਂ ਜੁੜ ਜਾਂਦੇ ਹਨ ਕਿ ਉਹ ਮਾਪਿਆਂ ਨੂੰ ਵਿਸਾਰ ਦਿੰਦੇ ਹਨ। ਜਿਸ ਸਮੇਂ ਬੱਚਿਆਂ ਨੇ ਬਜ਼ੁਰਗਾਂ ਦੀ ਡੰਗੋਰੀ ਬਣਨਾ ਹੁੰਦਾ ਹੈ ਉਹ ਇਸ ਲਈ ਗੰਭੀਰ ਨਹੀਂ ਹੁੰਦੇ। ਬੱਚੇ ਆਪਣੇ ਰੁਝੇਵਿਆਂ ਨੂੰ ਵਧੇਰੇ ਪਹਿਲ ਦਿੰਦੇ ਹਨ ਜਿਸ ਕਾਰਨ ਉਹ ਆਪਣੇ ਬਜ਼ੁਰਗ ਮਾਪਿਆਂ ਵੱਲ ਲੋੜੀਂਦਾ ਧਿਆਨ ਨਹੀਂ ਦਿੰਦੇ। ਬੁਢਾਪੇ ਵਿੱਚ ਮਨੁੱਖ ਦੀਆਂ ਲੋੜਾਂ ਬਦਲ ਜਾਂਦੀਆਂ ਹਨ। ਇਸ ਸਮੇਂ ਉਹਨਾਂ ਨੂੰ ਵਧੇਰੇ ਸਹਾਰੇ ਦੀ ਲੋੜ ਹੁੰਦੀ ਹੈ ਪਰ ਬੱਚਿਆਂ ਨੂੰ ਮਾਪਿਆਂ ਦੀਆਂ ਬਹੁਤੀਆਂ ਲੋੜਾਂ ਤੇ ਮਨਪਸੰਦ ਗੱਲਾਂ ਫ਼ਜ਼ੂਲ ਹੀ ਜਾਪਦੀਆਂ ਹਨ। ਅਜਿਹੀਆਂ ਸਥਿਤੀਆਂ ਵਿੱਚ ਜਦੋਂ ਬੱਚੇ ਮਾਪਿਆਂ ਦੀ ਹਰ ਤਰ੍ਹਾਂ ਨਾਲ ਕੀਤੀ ਜਾਣ ਵਾਲੀ ਸੇਵਾ-ਸੰਭਾਲ ਤੋਂ ਅਵੇਸਲੇ ਹੋ ਜਾਂਦੇ ਹਨ ਤਾਂ ਬਜ਼ੁਰਗਾਂ ਦੀ ਸਥਿਤੀ ਵਧੇਰੇ ਤਰਸਯੋਗ ਹੋ ਜਾਂਦੀ ਹੈ। ਬਿਰਧ-ਆਸ਼ਰਮਾਂ ਦੀ ਵਧ ਰਹੀ ਗਿਣਤੀ ਪ੍ਰਤਿ ਸਭ ਨੂੰ ਸੋਚਣਾ ਚਾਹੀਦਾ ਹੈ।
ਪੁਰਾਣੀ ਪੀੜ੍ਹੀ ਤੇ ਨਵੀਂ ਪੀੜ੍ਹੀ ਦੀ ਸੋਚ ਵਿੱਚ ਅੰਤਰ : ਮਨੁੱਖੀ ਸੱਭਿਅਤਾ ਦੇ ਇਤਿਹਾਸ ਬਾਰੇ ਜਾਣਿਆਂ ਸਪਸ਼ਟ ਹੋ ਜਾਂਦਾ ਹੈ ਕਿ ਪੁਰਾਣੀ ਪੀੜ੍ਹੀ ਤੇ ਨਵੀਂ ਪੀੜ੍ਹੀ ਦੇ ਵਿਚਾਰਾਂ ਵਿੱਚ ਹਮੇਸ਼ਾਂ ਵਖਰੇਵਾਂ ਰਿਹਾ ਹੈ। ਅਜਿਹਾ ਮਨੁੱਖੀ ਸੱਭਿਅਤਾ ਦੇ ਵਿਕਾਸ ਸਦਕਾ ਵੀ ਹੁੰਦਾ ਹੈ। ਪੁਰਾਣੀ ਪੀੜ੍ਹੀ ਦੀਆਂ ਜੋ ਲੋੜਾਂ ਤੇ ਸਥਿਤੀਆਂ ਸਨ ਉਹ ਨਵੀਂ ਪੀੜ੍ਹੀ ਵਾਲਿਆਂ ਲਈ ਬਦਲ ਜਾਂਦੀਆਂ ਹਨ। ਇਸ ਕਾਰਨ ਦੋਹਾਂ ਪੀੜ੍ਹੀਆਂ ਦੀ ਸੋਚ ਵਿੱਚ ਅੰਤਰ ਆ ਜਾਂਦਾ ਹੈ। ਇਸ ਨੂੰ ਪੀੜ੍ਹੀ-ਪਾੜਾ ਵੀ ਕਿਹਾ ਜਾਂਦਾ ਹੈ। ਪੁਰਾਣੀ ਪੀੜ੍ਹੀ ਦੇ ਲੋਕਾਂ ਦੀਆਂ ਆਪਣੀਆਂ ਰਸਮਾਂ, ਵਿਸ਼ਵਾਸ ਤੇ ਵਹਿਮ ਆਦਿ ਸਨ। ਅਜੋਕੀ ਵਿਗਿਆਨਿਕ ਸੋਚ ਕਾਰਨ ਇਸ ਵਿੱਚ ਤਬਦੀਲੀ ਆਈ ਹੈ। ਇਸ ਨਾਲ ਨਵੀਂ ਪੀੜ੍ਹੀ ਤੇ ਪੁਰਾਣੀ ਪੀੜ੍ਹੀ ਨੂੰ ਇਕੱਠੇ ਵਿਚਰਨ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਹਨ। ਅੱਜ ਜੋ ਮਾਪੇ ਆਖਦੇ ਹਨ ਉਹ ਬੱਚਿਆਂ ਨੂੰ ਫ਼ਜ਼ੂਲ ਜਾਪਦਾ ਹੈ। ਇਸ ‘ਤੇ ਮਾਪੇ ਜਾਂ ਪੁਰਾਣੀ ਪੀੜ੍ਹੀ ਅੰਦਰੋਂ-ਅੰਦਰੀ ਦੁਖੀ ਹੈ। ਲੋੜ ਹੈ ਕਿ ਦੋਵੇਂ ਪੀੜ੍ਹੀਆਂ ਇੱਕ ਦੂਸਰੇ ਦੀਆਂ ਸਥਿਤੀਆਂ ਨੂੰ ਸਮਝਦਿਆਂ ਘਰ ਵਿੱਚ ਸੁਖਾਵਾਂ ਮਾਹੌਲ ਬਣਾਉਣ ਦਾ ਯਤਨ ਕਰਨ।
ਬੱਚਿਆਂ ਦੇ ਫ਼ਰਜ਼ : ਮਾਪਿਆਂ ਲਈ ਬੱਚੇ ਪਰਮਾਤਮਾ ਵੱਲੋਂ ਬਖ਼ਸ਼ੀ ਵਡਮੁੱਲੀ ਸੁਗਾਤ ਹੁੰਦੇ ਹਨ। ਮਾਪੇ ਬੱਚਿਆਂ ਦੇ ਚੰਗੇਰੇ ਭਵਿੱਖ ਲਈ ਆਪਣਾ ਵਰਤਮਾਨ ਵੀ ਦਾਅ ‘ਤੇ ਲਾਉਂਦੇ ਹਨ। ਇਸ ਤਰ੍ਹਾਂ ਜਦੋਂ ਬੱਚੇ ਵੱਡੇ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਆਪਣੇ ਮਾਪਿਆਂ ਦੀ ਹਰ ਤਰ੍ਹਾਂ ਨਾਲ ਸੇਵਾ ਕਰਨਾ ਉਹਨਾਂ ਦਾ ਫ਼ਰਜ਼ ਹੈ। ਬੱਚਿਆਂ ਨੂੰ ਆਪਣੇ ਮਾਪਿਆਂ ਲਈ ਇਸ ਤਰ੍ਹਾਂ ਦਾ ਮਾਹੌਲ ਬਣਾ ਕੇ ਰੱਖਣਾ ਚਾਹੀਦਾ ਹੈ ਕਿ ਉਹਨਾਂ ਨੂੰ ਕਦੇ ਵੀ ਅਜਿਹਾ ਮਹਿਸੂਸ ਨਾ ਹੋਵੇ ਕਿ ਹੁਣ ਉਹ ਬੱਚਿਆਂ ਲਈ ਬੇਲੋੜੀ ਵਸਤੂ ਹੀ ਬਣ ਗਏ ਹਨ। ਇਸ ਤਰ੍ਹਾਂ ਬੱਚਿਆਂ ਨੂੰ ਆਪਣੇ ਮਾਪਿਆਂ ਦੀ ਪੂਰੀ ਤਰ੍ਹਾਂ ਨਾਲ ਸਾਂਭ-ਸੰਭਾਲ ਕਰਨੀ ਚਾਹੀਦੀ ਹੈ।
ਮਾਂ-ਬਾਪ ਨੂੰ ਸਮੇਂ ਅਨੁਸਾਰ ਸੋਚ ਬਦਲਨ ਦੀ ਲੋੜ : ਬੱਚਿਆਂ ਦੇ ਫ਼ਰਜ਼ਾਂ ਦੇ ਨਾਲ-ਨਾਲ ਮਾਪਿਆਂ ਨੂੰ ਵੀ ਸਮੇਂ ਤੇ ਸਥਿਤੀਆਂ ਦੇ ਬਦਲਨ ਨਾਲ ਆਪਣੀ ਸੋਚ ਬਦਲ ਲੈਣੀ ਚਾਹੀਦੀ ਹੈ। ਅਜੋਕੇ ਸਮੇਂ ਵਿੱਚ ਬੱਚਿਆਂ ਕੋਲ ਰੁਝੇਵੇਂ ਵਧ ਰਹੇ ਹਨ ਭਾਵ ਉਹਨਾਂ ਕੋਲ ਮਾਪਿਆਂ ਨਾਲ਼ ਵਧੇਰੇ ਸਮਾਂ ਬੈਠਣ ਦਾ ਸਮਾਂ ਹੀ ਨਹੀਂ ਹੁੰਦਾ। ਇਸ ਦੇ ਉਲਟ ਮਾਪੇ ਜਦੋਂ ਆਪਣੀ ਪੁਰਾਣੀ ਸੋਚ ਕਾਰਨ ਹਰ ਕੰਮ ਵਿੱਚ ਟੋਕਾ-ਟਾਕੀ ਕਰਦੇ ਹਨ ਤਾਂ ਬੱਚਿਆਂ ਨੂੰ ਅਜਿਹਾ ਵਿਹਾਰ ਬੁਰਾ ਲੱਗਦਾ ਹੈ। ਅਜਿਹੀ ਸਥਿਤੀ ਵਿੱਚ ਬੱਚੇ ਮਾਪਿਆਂ ਦੀ ਸਲਾਹ ਨੂੰ ਨਜ਼ਰ-ਅੰਦਾਜ਼ ਕਰਨ ਲੱਗਦੇ ਹਨ ਜਿਸ ਕਾਰਨ ਘਰ ਵਿੱਚ ਤਣਾਅ ਪੈਦਾ ਹੋ ਜਾਂਦਾ ਹੈ। ਇਸ ਲਈ ਲੋੜ ਹੈ ਕਿ ਮਾਂ-ਬਾਪ ਵੀ ਬੱਚਿਆਂ ਦੀ ਸੋਚ ਨਾਲ਼ ਸਹਿਮਤ ਹੋਣ ਤੇ ਉਹਨਾਂ ਦੇ ਹਰ ਕੰਮ-ਕਾਰ ਵਿੱਚ ਦਖ਼ਲ ਨਾ ਦੇਣ। ਅਜਿਹਾ ਕਰਨ ਨਾਲ ਹੀ ਘਰੇਲੂ ਮਾਹੌਲ ਸੁਖਾਵਾਂ ਰਹਿ ਸਕਦਾ ਹੈ।
ਬੱਚਿਆਂ ਨੂੰ ਵੀ ਪਦਾਰਥਕ ਦੌੜ ਦੇ ਨਾਲ-ਨਾਲ ਸੰਸਕਾਰਾਂ ਦਾ ਧਿਆਨ ਰੱਖਣ ਦੀ ਲੋੜ : ਅਜੋਕੇ ਵਿਗਿਆਨਕ ਯੁੱਗ ਵਿੱਚ ਜੀਵਨ ਦੀ ਗਤੀ ਬਹੁਤ ਤੇਜ਼ ਹੋ ਗਈ ਹੈ। ਇਸੇ ਤਰ੍ਹਾਂ ਅੱਜ ਹਰ ਮਨੁੱਖ ਬੜੀ ਛੇਤੀ ਨਾਲ ਅਮੀਰ ਹੋਣਾ ਚਾਹੁੰਦਾ ਹੈ। ਇਸ ਲਈ ਉਹ ਹਰ ਤਰ੍ਹਾਂ ਦੇ ਜਾਇਜ਼ ਜਾਂ ਨਜਾਇਜ਼ ਢੰਗ ਤਰੀਕੇ ਵਰਤਦਾ ਹੈ। ਜਿੱਥੇ ਪੁਰਾਣੀ ਪੀੜ੍ਹੀ ਦੇ ਲੋਕ ਪੈਸੇ ਨੂੰ ਹੱਥਾਂ ਦੀ ਮੈਲ ਸਮਝਦੇ ਸਨ ਉੱਥੇ ਨਵੀਂ ਪੀੜ੍ਹੀ ਦੇ ਬੱਚਿਆਂ ਲਈ ਪੈਸਾ ਹੀ ਸਭ ਕੁਝ ਹੈ। ਇਸੇ ਸੋਚ ਕਾਰਨ ਹੀ ਉਹ ਆਪਣੇ ਸੱਭਿਆਚਾਰ ਵਿਚਲੇ ਸੰਸਕਾਰਾਂ ਨੂੰ ਵੀ ਨਜ਼ਰ-ਅੰਦਾਜ਼ ਕਰਨ ਲੱਗਦੇ ਹਨ। ਬੱਚਿਆਂ ਨੂੰ ਬਹੁਤ ਸਾਰੇ ਸੰਸਕਾਰ ਵਿਅਰਥ ਜਾਪਦੇ ਹਨ। ਅਜਿਹੀ ਸਥਿਤੀ ਵਿੱਚ ਉਹ ਆਪਣਿਆਂ ਨਾਲ਼ੋਂ ਦਿਨੋ-ਦਿਨ ਦੂਰ ਹੁੰਦੇ ਜਾਂਦੇ ਹਨ। ਮਨੁੱਖ ਦੇ ਇੱਕ ਸਮਾਜਿਕ ਜੀਵ ਹੋਣ ਕਾਰਨ ਅਜਿਹੇ ਸੰਸਕਾਰਾਂ ਦਾ ਪਾਲਣ ਕਰਨਾ ਜ਼ਰੂਰੀ ਤੇ ਮਹੱਤਵਪੂਰਨ ਵੀ ਹੁੰਦਾ ਹੈ। ਅਜਿਹੇ ਸੰਸਕਾਰ ਹੀ ਪਰਿਵਾਰਾਂ ਤੇ ਸਮਾਜ ਨੂੰ ਇੱਕ ਲੜੀ ਵਿੱਚ ਪਰੋਈ ਰੱਖਦੇ ਹਨ। ਇਸ ਲਈ ਜ਼ਰੂਰੀ ਹੈ ਕਿ ਬੱਚੇ ਪਦਾਰਥਿਕ ਲੋੜਾਂ ਦੀ ਪੂਰਤੀ ਨੂੰ ਏਨੀ ਪ੍ਰਮੁੱਖਤਾ ਨਾ ਦੇਣ ਕਿ ਉਹਨਾਂ ਨੂੰ ਆਪਣੇ ਸੱਭਿਆਚਾਰ ਵਿਚਲੇ ਸੰਸਕਾਰ ਹੀ ਬੇਲੋੜੇ ਜਾਪਣ ਲੱਗ ਪੈਣ। ਇਸ ਤਰ੍ਹਾਂ ਪਦਾਰਥਿਕ ਵਸਤਾਂ ਨੂੰ ਇਕੱਠਿਆਂ ਕਰਨ ਦੇ ਨਾਲ-ਨਾਲ ਸੰਸਕਾਰਾਂ ਦੀ ਪਾਲਣਾ ਕਰ ਕੇ ਹੀ ਆਪਣੀ ਮਾਨਵਵਾਦੀ ਭੂਮਿਕਾ ਨੂੰ ਨਿਭਾਇਆ ਜਾ ਸਕਦਾ ਹੈ।
ਸਾਰਾਂਸ਼ : ਸਮੁੱਚੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਅਜੋਕੇ ਸਮੇਂ ਵਿੱਚ ਬਜ਼ੁਰਗਾਂ ਦੀ ਸਥਿਤੀ ਕਾਫ਼ੀ ਤਰਸਯੋਗ ਬਣਦੀ ਜਾ ਰਹੀ ਹੈ। ਬੱਚਿਆਂ ਨੂੰ ਇਸ ਸਮੱਸਿਆ ਪ੍ਰਤਿ ਆਪਣੇ ਫ਼ਰਜ਼ਾਂ ਤੋਂ ਅਵੇਸਲੇ ਨਹੀਂ ਹੋਣਾ ਚਾਹੀਦਾ। ਮਾਪਿਆਂ ਤੇ ਬੱਚਿਆਂ ਦੋਹਾਂ ਨੂੰ ਹੀ ਆਪੋ-ਆਪਣੀ ਸੋਚ ਬਦਲਨ ਦੀ ਲੋੜ ਹੈ। ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਪਦਾਰਥਿਕ ਲੋੜਾਂ ਨੂੰ ਏਨਾ ਵਧੇਰੇ ਮਹੱਤਵ ਨਾ ਦੇਣ ਕਿ ਉਹ ਮਾਪਿਆਂ ਤੇ ਆਪਣੇ ਸੰਸਕਾਰਾਂ ਨੂੰ ਹੀ ਭੁੱਲ ਜਾਣ। ਦੋਹਾਂ ਸਥਿਤੀਆਂ ਵਿੱਚ ਸੰਤੁਲਨ ਬਣਾਇਆਂ ਹੀ ਜੀਵਨ ਸੁਖਾਵਾਂ ਹੋ ਸਕਦਾ ਹੈ।