ਲੇਖ : ਪੰਜਾਬ ਦੇ ਲੋਕ ਗੀਤ
“ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ, ਕੋਈ ਕਰਦੀਆਂ ਗੱਲੋੜੀਆਂ।
ਕਣਕਾਂ ਲੰਮੀਆਂ, ਧੀਆਂ ਕਿਉਂ ਜੰਮੀਆਂ ਨੀ ਮਾਏ…………।”
ਜਾਣ-ਪਛਾਣ : ਪੰਜਾਬ ਲੋਕ-ਗੀਤਾਂ ਦੀ ਧਰਤੀ ਹੈ; ਇਥੋਂ ਦਾ ਹਰ ਇੱਕ ਵਾਸੀ ਗੀਤਾਂ ਵਿੱਚ ਜਨਮ ਲੈਂਦਾ ਹੈ; ਗੀਤਾਂ ਵਿੱਚ ਬਚਪਨ ਗੁਜ਼ਾਰਦਾ, ਗੀਤਾਂ ਵਿੱਚ ਪਲ ਕੇ ਜਵਾਨ ਹੁੰਦਾ; ਗੀਤਾਂ ਵਿੱਚ ਵਿਆਹਿਆ ਜਾਂਦਾ, ਗੀਤਾਂ ਵਿੱਚ ਹੀ ਜੀਵਨ ਗੁਜ਼ਾਰ ਕੇ, ਗੀਤਾਂ ਵਿੱਚ ਹੀ ਮਰ ਜਾਂਦਾ ਹੈ। ਇੰਝ ਲੋਕ-ਗੀਤਾਂ ਦਾ ਸਬੰਧ ਪੰਜਾਬ ਦੇ ਪੂਰੇ ਸਭਿਆਚਾਰਕ ਜੀਵਨ ਨਾਲ ਹੈ। ਲੋਕ ਗੀਤ ਤਾਂ ਕਿਸੇ ਦੇਸ਼ ਦੇ ਸਭਿਆਚਾਰ ਦਾ ਸ਼ੀਸ਼ਾ ਹੁੰਦੇ ਹਨ।
ਲੋਕ-ਗੀਤਾਂ ਦਾ ਜਨਮ : ਲੋਕ ਗੀਤਾਂ ਦੀ ਰਚਨਾ ਕੋਈ ਵਿਸ਼ੇਸ਼ ਕਵੀ ਜਾਂ ਕੋਈ ਵਿਸ਼ੇਸ਼ ਕਲਾਕਾਰ ਨਹੀਂ ਕਰਦਾ ਸਗੋਂ ਇਹ ਤਾਂ ਲੋਕ ਦਿਲਾਂ ਵਿੱਚੋਂ ਆਪ-ਮੁਹਾਰੇ ਫੁੱਟਦੇ ਹਨ। “ਲੋਕ ਗੀਤ ਮਨੁੱਖੀ ਮਨ ਵਿੱਚ ਪੈਦਾ ਹੋਣ ਵਾਲੀਆਂ ਸਧਰਾਂ, ਰੀਝਾਂ, ਚੌਕਿਆਂ ਤੇ ਚਾਵਾਂ ਦਾ ਕਾਵਿ-ਮਈ ਪ੍ਰਗਟਾਵਾ ਹੁੰਦਾ ਹੈ।” ਇਹ ਖ਼ੁਸ਼ੀ ਜਾਂ ਗ਼ਮੀ ਦੀ ਅਤਿ ਅਵਸਥਾ ਸਮੇਂ ਮਨ ਵਿੱਚੋਂ ਆਪ – ਮੁਹਾਰੇ ਵਹਿ ਤੁਰਦੇ ਹਨ। ਸਧਾਰਨ ਲੋਕਾਂ ਦੇ ਦਿਲੀ ਭਾਵ ਲੋਕ ਗੀਤਾਂ ਦੇ ਰੂਪ ਬਣ ਕੇ ਆਪ ਮੁਹਾਰੇ ਹੀ ਮਨ ਵਿੱਚੋਂ ਵਹਿ ਤੁਰਦੇ ਹਨ। ਇਹ ਉਨ੍ਹਾਂ ਲੋਕ ਹਿਰਦਿਆਂ ਦੀ ਘਾੜਤ ਹੁੰਦੇ ਹਨ ਜਿਹੜੇ ਭਾਵਾਂ ਦੇ ਵੇਗ ਵਿੱਚ ਵਹਿੰਦੇ ਆਪਣੇ ਆਪ ਹੀ ਗਾਉਣ ਲੱਗ ਪੈਂਦੇ ਹਨ। ਉਨ੍ਹਾਂ ਵਿੱਚ ਕੁਦਰਤੀ ਲੈਅ ਹੁੰਦੀ ਹੈ, ਸੁਰ ਤਾਲ ਹੁੰਦੀ ਹੈ ਕਿਉਂ ਜੋ ਉਨ੍ਹਾਂ ਅੰਦਰ ਮਨੁੱਖੀ ਆਤਮਾ ਬੋਲ ਰਹੀ ਹੁੰਦੀ ਹੈ। ਇਸ ਲਈ ਲੋਕ ਗੀਤ ਨੇਮ-ਬੱਧ ਤੇ ਬਣਾ ਸਵਾਰ ਕੇ ਲਿਖੀ ਗਈ ਕਵਿਤਾ ਨਾਲੋਂ ਵਧੇਰੇ ਦਿਲ-ਟੁੰਬਵੇਂ ਹੁੰਦੇ ਹਨ। ਇਨ੍ਹਾਂ ‘ਤੇ ਕਿਸੇ ਰਚਨਹਾਰੇ ਦਾ ਨਾਂ ਵੀ ਨਹੀਂ ਹੁੰਦਾ। ਇਹ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰੀ ਆਉਂਦੇ ਹਨ।
ਲੋਕ-ਗੀਤਾਂ ਦੇ ਰੂਪ : ਲੋਕ ਗੀਤਾਂ ਦੇ ਕਈ ਰੂਪ ਹਨ; ਜਿਨ੍ਹਾਂ ਦਾ ਸਬੰਧ ਵੱਖ-ਵੱਖ ਖ਼ੁਸ਼ੀ, ਗ਼ਮੀ ਦੇ ਮੌਕਿਆਂ, ਖੇਡਾਂ ਤੇ ਰੀਤਾਂ-ਰਸਮਾਂ ਨਾਲ ਹੁੰਦਾ ਹੈ। ਲੋਕ-ਗੀਤਾਂ ਦੇ ਚੋਣਵੇਂ ਰੂਪ ਘੋੜੀਆਂ, ਸੁਹਾਗ, ਟੱਪੇ, ਸਿੱਠਣੀਆਂ, ਮਾਹੀਆ, ਬਾਰਾਮਾਂਹ, ਗਿੱਧਾ, ਬੋਲੀਆਂ, ਅਲਾਹੁਣੀਆਂ, ਵੈਣ, ਕੀਰਨੇ, ਥਾਲ ਆਦਿ ਹਨ।
ਜਨਮ ਸਮੇਂ ਦੇ ਗੀਤ : ਪੰਜਾਬ ਵਿੱਚ ਗੀਤ ਬੱਚੇ ਦੇ ਜਨਮ ਨਾਲ ਹੀ ਸ਼ੁਰੂ ਹੋ ਜਾਂਦੇ ਹਨ। ਪੁੱਤਰ ਦੇ ਜਨਮ ਦੀ ਖ਼ੁਸ਼ੀ ਵਧੇਰੇ ਤੌਰ ‘ਤੇ ਪ੍ਰਗਟ ਕੀਤੀ ਜਾਂਦੀ ਹੈ।
ਹਰਿਆ ਨੀ ਮਾਏ, ਹਰਿਆ ਨੀ ਭੈਣੇਂ, ਹਰਿਆ ਤੇ ਭਾਗੀ ਭਰਿਆ ਨੀਂ
ਜਿਤੁ ਦਿਹਾੜੇ ਮੇਰਾ ਹਰਿਔੜਾ ਜੰਮਿਆ, ਸੋਈ ਦਿਹਾੜਾ ਭਾਗੀਂ ਭਰਿਆ ਨੀਂ।
ਮੇਰੇ ਬਾਪ ਨੂੰ ਦਿਓ ਵਧਾਈਆਂ, ਨੀ ਵੀਰ ਘਰ ਪੁੱਤ ਜੰਮਿਆ……..…
ਬਚਪਨ ਦੇ ਗੀਤ : ਬੱਚਾ ਜਦੋਂ ਗੋਦੀ ਵਿੱਚ ਖੇਡਦਾ ਹੈ ਤਾਂ ਉਸ ਦੀ ਮਾਂ, ਦਾਦੀ, ਭੂਆ, ਭੈਣਾਂ ਆਦਿ ਉਸ ਨੂੰ ਲੋਰੀਆਂ ਦਿੰਦੀਆਂ ਨਹੀਂ ਥੱਕਦੀਆਂ
ਅੱਲੜ ਬੱਲੜ ਬਾਵੇ ਦਾ
ਬਾਵਾ ਕਣਕ ਲਿਆਵੇਗਾ
ਬਾਵੀ ਬੈਠੀ ਛਟੇਗੀ
ਛੁੱਟ ਭੜੋਲੇ ਪਾਵੇਗੀ
ਬਾਵੀ ਮੱਨ ਪਕਾਵੇਗੀ
ਬਾਵਾ ਬੈਠਾ ਖਾਵੇਗਾ।
ਜਦੋਂ ਕੁੜੀਆਂ ਕੁਝ ਵੱਡੀਆਂ ਹੋ ਜਾਂਦੀਆਂ ਹਨ ਤਾਂ ਆਪਣੀਆਂ ਸਹੇਲੀਆਂ ਨਾਲ ਕਿੱਕਲੀ ਪਾਉਂਦੀਆਂ ਹਨ ਤੇ ਗਾਉਂਦੀਆਂ ਹਨ :
ਕਿੱਕਲੀ ਕਲੀਰ ਦੀ
ਪੱਗ ਮੇਰੇ ਵੀਰ ਦੀ
ਦੁਪੱਟਾ ਮੇਰੇ ਭਾਈ ਦਾ
ਫਿੱਟੇ ਮੂੰਹ ਜਵਾਈ ਦਾ
ਜਵਾਨੀ ਸਮੇਂ ਦੇ ਗੀਤ : ਜਵਾਨੀ ਸਮੇਂ ਟੱਪੇ, ਮਾਹੀਏ ਤੇ ਹੋਰ ਗੀਤ ਮਿਲਦੇ ਹਨ, ਜਿਨ੍ਹਾਂ ਵਿੱਚੋਂ ਦੋ ਜਵਾਨਾਂ ਦੀਆਂ ਧੜਕਣਾਂ ਧੜਕਦੀਆਂ ਹਨ; ਜਿਵੇਂ :
(ੳ) ਦੋ ਪੱਤਰ ਅਨਾਰਾਂ ਦੇ
ਸਾਡੀ ਗਲੀ ਲੰਘ ਮਾਹੀਆ ਦੁੱਖ ਟੁੱਟਣ ਬਿਮਾਰਾਂ ਦੇ
(ਅ) ਪਾਣੀ ਛੰਨੇ ਵਿਚੋਂ ਕਾਂ ਪੀਤਾ
ਤੇਰੇ ਵਿਚੋਂ ਰੱਬ ਦਿੱਸਿਆ ਤੈਨੂੰ ਸਜਦਾ ਮੈਂ ਤਾਂ ਕੀਤਾ
(ੲ) ਤੇਰੇ ਲੌਂਗ ਦਾ ਪਿਆ ਲਿਸ਼ਕਾਰਾ
ਹਾਲੀਆਂ ਨੇ ਹਲ ਡੱਕ ਲਏ
(ਸ) ਘੁੰਢ ਕੱਢ ਲੈ ਪੱਤਣ ਤੇ ਖੜੀਏ,
ਪਾਣੀਆਂ ਨੂੰ ਅੱਗ ਲੱਗ ਜੂ
ਵਿਆਹ ਸਮੇਂ ਗੀਤ : ਵਿਆਹ ਇੱਕ ਇਹੋ ਜਿਹਾ ਖ਼ੁਸ਼ੀ ਦਾ ਮੌਕਾ ਹੁੰਦਾ ਹੈ ਜਿੱਥੇ ਲੋਕ-ਗੀਤ ਦੇ ਅਨੇਕਾਂ ਹੀ ਰੂਪ ਸਾਹਮਣੇ ਆਉਂਦੇ ਹਨ। ਕੁੜੀ ਦੇ ਵਿਆਹ ‘ਤੇ ਸੁਹਾਗ ਗਾਏ ਜਾਂਦੇ ਹਨ ਤੇ ਮੁੰਡੇ ਦੇ ਵਿਆਹ ‘ਤੇ ਘੋੜੀਆਂ। ਇਸ ਤੋਂ ਇਲਾਵਾ ਸਿੱਠਣੀਆਂ ਆਦਿ ਵੀ ਗਾਈਆਂ / ਦਿੱਤੀਆਂ / ਜਾਂਦੀਆਂ ਹਨ।
ਘੋੜੀਆਂ : ਮੁੰਡੇ ਦੇ ਵਿਆਹ ‘ਤੇ ਭੈਣਾਂ ਦੇ ਹੋਰ ਔਰਤਾਂ ਵਲੋਂ ਅਨੇਕਾਂ ਹੀ ਘੋੜੀਆਂ ਗਾਈਆਂ ਜਾਂਦੀਆਂ ਹਨ, ਜਿਸ ਵਿੱਚ ਪੁੱਤ/ਭਰਾ ਦੀ ਤਾਰੀਫ਼, ਬਾਬਲ ਦੀ ਤਾਰੀਫ਼ ਕੀਤੀ ਜਾਂਦੀ ਹੈ; ਜਿਵੇਂ
(ੳ) ਘੋੜੀ ਤੇਰੀ ਵੇ ਮੱਲਾ ਸੋਹਣੀ, ਸੋਹਣੀ ਵੇ, ਸੋਂਹਦੀ ਕਾਠੀਆਂ ਦੇ ਨਾਲ
ਕਾਠੀਆਂ ਡੇਢ ਤੇ ਹਜ਼ਾਰ, ਮੈਂ ਬਲਿਹਾਰੀ, ਵੇ ਮਾਂ ਦਿਆ ਸੂਰਜਾ,
ਸੂਰਜਾ ਵੇ ਪੁੱਤ ਸ਼ਾਹਾਂ ਦੇ ਘਰ ਢੁੱਕਣਾ ………
(ਅ) “ਨਿੱਕੀ-ਨਿੱਕੀ ਬੂੰਦੀ ਨਿੱਕਿਆ ਮੀਂਹ ਵੇ ਵਰ੍ਹੇ
ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ
ਦੰਮਾਂ ਦੀ ਬੋਰੀ ਤੇਰਾ ਬਾਪ ਫੜੇ
ਭਾਈਆਂ ਦੀ ਜੋੜੀ ਤੇਰੇ ਨਾਲ ਖੜ੍ਹੇ ………।”
ਸੁਹਾਗ : ਕੁੜੀਆਂ ਦੇ ਵਿਆਹ ‘ਤੇ ਸੁਹਾਗ ਗਾਏ ਜਾਂਦੇ ਹਨ। ਇਨ੍ਹਾਂ ਵਿੱਚ ਕੁੜੀ ਦੇ ਪੇਕੇ ਘਰ ਹੰਢਾਏ ਪਲਾਂ ਨੂੰ ਬੜੇ ਹੀ ਦਰਦ ਭਰੀ ਅਵਾਜ਼ ਤੇ ਸ਼ਬਦਾਂ ਰਾਹੀਂ ਬਿਆਨ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਵਿੱਚ ਮਾਪਿਆਂ ਦੀ ਵਡਿਆਈ, ਭੈਣਾਂ-ਭਰਾਵਾਂ ਦੀ ਸਾਂਝ, ਮਾਵਾਂ ਧੀਆਂ ਬਾਬਲ ਦੇ ਵਿਛੋੜੇ ਦਾ ਕਰੁਣਾਮਈ ਪ੍ਰਗਟਾਵਾ ਹੁੰਦਾ ਹੈ; ਜਿਵੇਂ :
(ੳ) ਮੇਰੇ ਜਿਗਰ ਦਿਆ ਤਰਖ਼ਾਣਾਂ, ਗਿੱਲੀ ਲੱਕੜੀ ਦਾ ਚਰਖਾ ਬਣਾਉਣਾ
ਏਸ ਚਰਖ਼ੇ ਨੂੰ ਖ਼ੂਬ ਸਜਾਇਓ, ਏਹਦੀ ਮੇਖਾਂ ਨਾਲ ਜੜਤ ਜੜਾਇਓ
ਨੀ ਸਹੇਲੀਓ ਮੈਂ ਤੁਰ ਚੱਲੀ, ਤੁਰ ਚੱਲੀ, ਮੇਰੀ ਅੰਮੜੀ ਤਾਂ ਰਹਿ ਗਈ ਆ ਕੱਲੀ
ਕੱਤ ਪੂਣੀਆਂ ਹੋਰ ਮੁਕਾਇਓ, ਰੋਂਦੀ ਅੰਮੜੀ ਨੂੰ ਚੁੱਪ ਕਰਾਇਓ
ਮੇਰੇ ਬਾਬਲ ਨੂੰ ਆ ਸਮਝਾਉਣਾ, ਧੀਆਂ ਤੋਰ ਕੇ ਪੁੰਨ ਕਮਾਉਣਾ……….
(ਅ) ਅੱਜ ਦੀ ਦਿਹਾੜੀ ਰੱਖ, ਡੋਲੀ ਨੀ ਮਾਂ, ਰਹਾਂ ਬਾਪ ਦੀ ਬਣ ਕੇ ਗੋਲੀ ਨੀ ਮਾਂ ਲੋਈ……….
ਬਾਬਲ ਤੇਰੇ ਮਹਿਲਾਂ ਵਿਚੋਂ ਤੇਰੀ ਲਾਡੋ ਪਰਦੇਸਣ ਹੋਈ…..
ਸਿੱਠਣੀਆਂ : ਇਹ ਹਾਸੇ ਮਜ਼ਾਕ ਦਾ ਰੂਪ ਹੁੰਦਾ ਹੈ; ਜਿਵੇਂ :
(ੳ) “ਸਾਡੇ ਤਾਂ ਵਿਹੜੇ ਮੁੱਢ ਮਕੱਈ ਦਾ,
ਦਾਣੇ ਤਾਂ ਮੰਗਦਾ ਉਧਲ ਗਈ ਦਾ
ਭੱਠੀ ਤਪਾਉਣੀ ਪਈ,
ਨਿਲੱਜਿਓ ਲੱਜ ਤੁਹਾਨੂੰ ਨਹੀਂ।”
(ਅ) ਸਾਡੇ ਤਾਂ ਵਿਹੜੇ ਤਾਣਾ ਤਣੀਂਦਾ,
ਮੁੰਡੇ ਦਾ ਪਿਉਂ ਤਾਂ ਕਾਣਾ ਸੁਣੀਂਦਾ
ਐਨਕ ਲਾਉਣੀ ਪਈ।
ਮਰਨ ਸਮੇਂ ਦੇ ਗੀਤ : ਮੌਤ ਵੇਲੇ ਅਲਾਹੁਣੀਆਂ, ਵੈਣ, ਕੀਰਨੇ ਪਾਏ ਜਾਂਦੇ ਹਨ।
ਰਿਸ਼ਤਿਆਂ ਸਬੰਧੀ ਗੀਤ : ਇਹਨਾਂ ਵਿੱਚ ਭੈਣ-ਭਰਾ, ਦਿਓਰ-ਭਰਜਾਈ ਦੇ ਸਭ ਤੋਂ ਵੱਧ ਗੀਤ ਮਿਲਦੇ ਹਨ। ਨੂੰਹ ਸੱਸ ਦੇ ਰਿਸ਼ਤੇ ਸਬੰਧੀ ਕਿਉਂਕਿ ਨੂੰਹ-ਸੱਸ ਦਾ ਰਿਸ਼ਤਾ, ਨੋਕ-ਝੋਕ ਵਾਲਾ ਹੁੰਦਾ ਹੈ। ਸੱਸ ਲੜਾਕੀ ਕਰਕੇ ਜਾਣੀ ਜਾਂਦੀ ਹੈ, ਨੂੰਹ ਘਰ ਦੇ ਤੌਰ-ਤਰੀਕਿਆਂ ਤੋਂ ਅਣਜਾਣ ਹੁੰਦੀ ਹੈ। ਉਹ ਸੱਸ ਦੀ ਜ਼ਰਾ ਕੁ ਝਿੜਕ ਨੂੰ ਵੀ ਨਹੀਂ ਸਹਿ ਸਕਦੀ :
(ੳ) ਮਾਪਿਆਂ ਨੇ ਰੱਖੀ ਲਾਡਲੀ, ਅੱਗੋਂ ਸੱਸ ਬਘਿਆੜੀ ਟੱਕਰੀ।
(ਅ) ਵਿਹੜੇ ਵਿਚ ਬਹਿ ਜਾ ਵੀਰਨਾ, ਤੈਨੂੰ ਸੱਸ ਚੰਦਰੀ ਦੇ ਰੁਦਨ ਸੁਣਾਵਾਂ।
(ੲ) ਨੀ ਸੱਸੇ ਤੇਰੀ ਮਹਿੰ ਮਰਜੇ, ਮੇਰੇ ਵੀਰ ਨੂੰ ਸੁੱਕੀ ਖੰਡ ਪਾਈ।
(ਸ) ਮਾਵਾਂ ਲਾਡ ਲਡਾ ਧੀਆਂ ਨੂੰ ਵਿਗਾੜਨ ਨੀ
(ਹ) ਸੱਸਾਂ ਦੇ ਦੇ ਮੱਤਾਂ ਉਮਰ ਸੰਵਾਰਨ ਨੀ।
(ਕ) ਮੇਰਾ ਦਿਓਰ ਬੜਾ ਟੁੱਟ ਪੈਣਾ, ਹੱਸਦੀ ਦੇ ਦੰਦ ਗਿਣਦਾ।
(ਖ) ਛੜੇ ਜੇਠ ਨੂੰ ਲੱਸੀ ਨੂੰ ਨਹੀਂ ਦੇਣੀ, ਦਿਓਰ ਭਾਵੇਂ ਮੱਝ ਚੁੰਘ ਜਾਏ।
ਇਤਿਹਾਸ ਨਾਲ ਸਬੰਧਤ ਗੀਤ : ਲੋਕ-ਗੀਤਾਂ ਤੋਂ ਸਾਨੂੰ ਪੰਜਾਬ ਦੇ ਇਤਿਹਾਸ ਨਾਲ ਸਬੰਧਤ ਘਟਨਾਵਾਂ ਦਾ ਜ਼ਿਕਰ ਵੀ ਮਿਲਦਾ ਹੈ। ਹੇਠਲੇ ਬੋਲਾਂ ਤੋਂ ਅਹਿਮਦ ਸ਼ਾਹ ਅਬਦਾਲੀ ਦੀ ਲੁੱਟ-ਖਸੁੱਟ ਬਾਰੇ ਪਤਾ ਚਲਦਾ ਹੈ :
ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ।
ਮੁਗ਼ਲ ਰਾਜ ਮਗਰੋਂ ਅੰਗਰੇਜ਼ੀ ਰਾਜ ਆ ਗਿਆ। ਫਿਰ ਗਾਂਧੀ ਦੀ ਸ਼ਾਂਤੀ ਲਹਿਰ ਚੱਲੀ, ਜਿਸ ਦਾ ਵਰਣਨ ਲੋਕ ਗੀਤਾਂ ਵਿੱਚ ਇੰਜ ਮਿਲਦਾ ਹੈ :
(ੳ) ਦੇਹ ਚਰਖੇ ਨੂੰ ਗੇੜਾ, ਲੋੜ ਨਹੀਂ ਤੋਪਾਂ ਦੀ।
(ਅ) ਤੇਰੇ ਬੰਬਾਂ ਨੂੰ ਚੱਲਣ ਨਹੀਂ ਦੇਣਾ, ਗਾਂਧੀ ਦੇ ਚਰਖੇ ਨੇ।
(ੲ) ਭਗਤ ਸਿੰਘ ਦੀ ਫਾਂਸੀ ਬਾਰੇ :
(ਸ) ਤੇਰਾ ਰਾਜ ਨਾ ਫਰੰਗੀਆ ਰਹਿਣਾ, ਭਗਤ ਸਿੰਘ ਕੋਹ ਸੁੱਟਿਆ।
ਲਹਿਰਾਂ ਦਾ ਪ੍ਰਭਾਵ :
(ੳ) ਆਰੀਆਂ ਨੇ ਅੱਤ ਚੁੱਕ ਲਈ, ਸਾਰੇ ਪਿੰਡ ਦੇ ਸਰਾਧ ਬੰਦ ਕੀਤੇ।
ਸਾਰੰਸ਼ : ਸਮੁੱਚੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਲੋਕ-ਗੀਤ ਪੰਜਾਬੀ ਸਾਹਿਤ ਦਾ ਅਮੀਰ ਵਿਰਸਾ ਹਨ। ਇਹ ਪੰਜਾਬੀ ਜੀਵਨ ਦੀ ਮੂੰਹ ਬੋਲਦੀ ਤਸਵੀਰ ਹਨ। ਲੋਕ-ਗੀਤਾਂ ਦੀ ਉਮਰ ਬਹੁਤ ਲੰਮੀ ਹੁੰਦੀ ਹੈ। ਰੂਸੀ ਲੇਖਕ ਰਸੂਲ ਹਮਜ਼ਾਤੋਵ ਦਾ ਕਹਿਣਾ ਹੈ ਕਿ ਜੇ ਕਿਸੇ ਨੂੰ ਅਸੀਸ ਦੇਣੀ ਹੋਵੇ ਤਾਂ ਕਿਹਾ ਜਾਂਦਾ ਹੈ:
“ਜਾਹ ਸੱਜਣਾ ਵੇ ! ਤੇਰੀ ਉਮਰ ਕਿਸੇ ਲੋਕ-ਗੀਤ ਜਿੰਨੀ ਲੰਮੀ ਹੋਵੇ।” ਸਮੁੱਚੇ ਪੰਜਾਬੀਆਂ ਨੂੰ ਇੰਨ੍ਹਾਂ ਲੋਕ-ਗੀਤਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ।