CBSEEducationPunjabi Viakaran/ Punjabi Grammarਲੇਖ ਰਚਨਾ (Lekh Rachna Punjabi)

ਲੇਖ : ਪੰਜਾਬੀ ਨਾਵਲ ਦਾ ਸਰਵੇਖਣ


ਪੰਜਾਬੀ ਨਾਵਲ ਦਾ ਸਰਵੇਖਣ


ਨਾਵਲ ਦਾ ਜਨਮ : ਹਰ ਯੁੱਗ ਦੀਆਂ ਬਦਲਦੀਆਂ ਪ੍ਰਵਿਰਤੀਆਂ ਅਨੁਸਾਰ ਸਾਹਿਤਕ ਖੇਤਰ ਵਿੱਚ ਨਵੇਂ ਰੂਪ ਜਨਮ ਲੈਂਦੇ ਹਨ। ਯੂਰਪ ਵਿੱਚ ਜਾਗੀਰਦਾਰੀ ਪ੍ਰਬੰਧ ਦੇ ਖ਼ਾਤਮੇ ਮਗਰੋਂ ਸਨਅਤੀ ਇਨਕਲਾਬ ਕਾਰਣ ਪੂੰਜੀ-ਵਾਦੀ ਸਮਾਜ ਨੇ ਸਤਾਰਵੀਂ ਸਦੀ ਵਿੱਚ ਨਾਵਲ ਨੂੰ ਜਨਮ ਦਿੱਤਾ। ਭਾਰਤ ਵਿੱਚ ਅੰਗਰੇਜ਼ਾਂ ਨੇ ਪਹਿਲਾਂ ਬੰਗਾਲ ਵਿੱਚ ਆਪਣੇ ਪੈਰ ਜਮਾਏ ਅਤੇ ਬਾਅਦ ਵਿੱਚ ਪੰਜਾਬ ਨੂੰ ਆਪਣੇ ਅਧੀਨ ਕੀਤਾ। ਇਸ ਅਨੁਸਾਰ ਨਾਵਲ ਦਾ ਜਨਮ ਬੰਗਾਲ ਵਿੱਚ, ਪੰਜਾਬ ਨਾਲੋਂ ਪਹਿਲਾਂ ਹੋਇਆ ਅਤੇ ਬੰਗਾਲੀ ਨਾਵਲਾਂ ਦੇ ਪ੍ਰਭਾਵ ਨਾਲ ਪੰਜਾਬੀ ਸਾਹਿਤਕਾਰਾਂ ਦੀ ਰੁਚੀ ਨਾਵਲ-ਰਚਨਾ ਵੱਲ ਵਧੀ। ਪੱਛਮੀ ਸਾਹਿਤ ਦੇ ਗਿਆਨ ਅਤੇ ਛਾਪੇਖ਼ਾਨੇ ਦੀ ਕਾਢ ਨੇ ਨਾਵਲ ਦੇ ਵਿਕਾਸ ਵਿੱਚ ਚੰਗੀ ਸਹਾਇਤਾ ਕੀਤੀ।

ਪੁਰਾਣੇ ਪੰਜਾਬੀ ਸਾਹਿਤ ਵਿੱਚ ਨਾਵਲੀ ਅੰਸ਼ : ਪੁਰਾਣੇ ਪੰਜਾਬੀ ਸਾਹਿਤ ਵਿੱਚ ਗਲਪੀ ਅੰਸ਼ ਸਾਖੀਆਂ, ਪਰਚੀਆਂ ਅਤੇ ਕਿੱਸਿਆ ਵਿੱਚ ਮਿਲਦਾ ਹੈ। ਸਾਖੀਆਂ ਅਤੇ ਪਰਚੀਆਂ ਵਿੱਚ ਗਲਪ ਅੰਸ਼ ਸੰਬੰਧਿਤ ‘ਵਿਅਕਤੀ ਬਾਰੇ ਜਾਣਕਾਰੀ’ ਹੇਠ ਢੱਕਿਆ ਹੁੰਦਾ ਹੈ। ਇਸ ਵਿੱਚ ਵਿਅਕਤੀ ਸਬੰਧੀ ਘਟਨਾਵਾਂ ਦਾ ਵੇਰਵਾ ਸਿੱਧ-ਪੱਧਰਾ ਤੇ ਸਾਦਾ ਜਿਹਾ ਹੁੰਦਾ ਹੈ। ਵਾਸਤਵ ਵਿੱਚ ਇਹ ਰਚਨਾਵਾਂ ਨਾ ਤਾਂ ਨਾਵਲੀ ਅਕਾਰ ਵਾਲੀਆਂ ਹਨ ਅਤੇ ਨਾ ਹੀ ਇਨ੍ਹਾਂ ਦੇ ਲਿਖਣ ਦਾ ਮਨੋਰਥ ਗਲਪੀ ਰਸ ਦੇਣਾ ਹੈ। ਇਸ ਲਈ ਇਨ੍ਹਾਂ ਵਿਚਲਾ ਗਲਪ ਅੰਸ਼ ਹੀ ਇਨ੍ਹਾਂ ਨੂੰ ਪੰਜਾਬੀ ਨਾਵਲ ਦੇ ‘ਵੱਡੇ-ਵਡੇਰੇ’ ਨਹੀਂ ਬਣਾ ਸਕਦਾ। ਹਾਂ, ਕਿੱਸਿਆਂ ਨੂੰ ਕਿਸੇ ਹੱਦ ਤਕ ਪੰਜਾਬੀ ਨਾਵਲ ਦੇ ਜਠੇਰੇ ਜ਼ਰੂਰ ਕਿਹਾ ਜਾ ਸਕਦਾ ਹੈ ਕਿਉਂਕਿ ਉਨ੍ਹਾਂ ਵਿੱਚ ਨਾਵਲ ਵਾਲੀਆਂ ਕਈ ਗੱਲਾਂ ਮਿਲਦੀਆਂ ਹਨ। ਵੱਡਾ ਅੰਤਰ ਇਹ ਹੈ ਕਿ ਜਿਥੇ ਕਿੱਸੇ ਕਵਿਤਾ ਵਿੱਚ ਹੁੰਦੇ ਹਨ, ਉੱਥੇ ਨਾਵਲ ਦਾ ਵਾਰਤਕ ਵਿੱਚ ਹੋਣਾ ਨਾਜ਼ਮੀ ਹੁੰਦਾ ਹੈ।

ਈਸਾਈ ਮਿਸ਼ਨਰੀਆਂ ਦਾ ਪ੍ਰਭਾਵ : ਅੰਗਰੇਜ਼ਾਂ ਨੇ ਪੰਜਾਬ ਵਿੱਚ ਰਾਜ ਸਥਾਪਤ ਕਰ ਕੇ ਈਸਾਈ ਧਰਮ ਦਾ ਪ੍ਰਚਾਰ ਕਰਨ ਲਈ ਕਈ ਥਾਵਾਂ ‘ਤੇ ਆਪਣੇ ਅੱਡੇ ਕਾਇਮ ਕੀਤੇ। ਈਸਾਈ ਮਿਸ਼ਨਰੀਆਂ ਨੇ ਬਾਈਬਲ ਅਤੇ ਹੋਰ ਅੰਗਰੇਜ਼ੀ ਸਾਹਿਤ ਦਾ ਪੰਜਾਬੀ ਅਨੁਵਾਦ ਲੋਕਾਂ ਵਿੱਚ ਵੰਡਿਆ ਤਾਂ ਜੋ ਲੋਕ ਈਸਾਈ ਧਰਮ ਦੀ ਸ੍ਰੇਸ਼ਟਤਾ ਤੋਂ ਪ੍ਰਭਾਵਿਤ ਹੋਣ। ਉਨ੍ਹਾਂ ਦਾ ਇਹ ਯਤਨ ਕਾਫ਼ੀ ਸਫ਼ਲ ਰਿਹਾ। ਕਈ ਪੰਜਾਬੀ ਈਸਾਈ ਬਣ ਗਏ। ਪੰਜਾਬ ਦੇ ਸਭ ਧਰਮਾਂ ਦੇ ਆਗੂਆਂ ਲਈ ਇਹ ਇੱਕ ਖ਼ਤਰੇ ਵਾਲੀ ਗੱਲ ਬਣ ਗਈ।

ਵੱਖ-ਵੱਖ ਲਹਿਰਾਂ ਦਾ ਆਰੰਭ : ਈਸਾਈ ਮਿਸ਼ਨਰੀਆਂ ਦੇ ਪ੍ਰਤੀਕਰਮ ਵਜੋਂ ਪੰਜਾਬ ਵਿੱਚ ਕਈ ਲਹਿਰਾਂ–ਸਿੰਘ ਸਭਾ ਲਹਿਰ, ਆਰੀਆ ਸਮਾਜ ਲਹਿਰ, ਬ੍ਰਹਮੋ ਸਮਾਜ ਲਹਿਰ, ਕੂਕਾ ਲਹਿਰ ਤੇ ਅਕਾਲੀ ਲਹਿਰ ਆਦਿ ਚੱਲੀਆਂ। ਇਨ੍ਹਾਂ ਲਹਿਰਾਂ ਦਾ ਮੰਤਵ ਆਪਣੇ ਧਰਮ ਦਾ ਗੌਰਵ ਦੱਸ ਕੇ ਲੋਕਾਂ ਨੂੰ ਈਸਾਈ ਹੋਣੋਂ ਰੋਕਣਾ ਸੀ। ਸਿੱਖ ਧਰਮ ਦੇ ਸੁਧਾਰ ਤੇ ਪ੍ਰਚਾਰ ਲਈ ਸਿੰਘ ਸਭਾ ਲਹਿਰ ਨੇ ਮਹੱਤਵਪੂਰਨ ਕੰਮ ਕੀਤਾ ਅਤੇ ਈਸਾਈ ਮਿਸ਼ਨਰੀਆਂ ਵਾਂਗ ਸਿੱਖ ਵਿਚਾਰਧਾਰਾ ਨੂੰ ਟਰੈਕਟਾਂ ਦੇ ਰੂਪ ਵਿੱਚ ਛਾਪ ਕੇ ਵੰਡਣਾ ਸ਼ੁਰੂ ਕੀਤਾ।

ਭਾਈ ਵੀਰ ਸਿੰਘ ਵੀ ਨਾਵਲਾਂ ‘ਚ : ਭਾਈ ਵੀਰ ਸਿੰਘ ਵੀ ਸਿੰਘ ਸਭਾ ਲਹਿਰ ਨਾਲ ਸਿੱਧੇ ਤੌਰ ‘ਤੇ ਜੁੜੇ ਹੋਏ ਸਨ। ਇਸ ਕਰਕੇ ਉਨ੍ਹਾਂ ਦੀਆਂ ਸਾਰੀਆਂ ਰਚਨਾਵਾਂ ਏਸੇ ਸਿੰਘ ਸਭਾ ਲਹਿਰ ਦੇ ਆਸ਼ਿਆਂ ਦੀ ਤਰਜਮਾਨੀ ਕਰਦੀਆਂ ਹਨ। ਇਹ ਗੱਲ ਉਨ੍ਹਾਂ ਦੇ ਨਾਵਲਾਂ ਉੱਤੇ ਵੀ ਢੁੱਕਦੀ ਹੈ। ‘ਸੁੰਦਰੀ’, ‘ਬਿਜੈ ਸਿੰਘ’, ‘ਸਤਵੰਤ ਕੌਰ’ ਅਤੇ ‘ਸੁਭਾਗ ਜੀ ਦਾ ਸੁਧਾਰ ਹੱਥੀਂ ਬਾਬਾ ਨੌਧ ਸਿੰਘ’ ਸਭ ਨਾਵਲ ਉਨ੍ਹਾਂ ਨੇ ਇਸ ਲਹਿਰ ਦੇ ਪ੍ਰਭਾਵ ਹੇਠ ਲਿਖੇ। ਇਨ੍ਹਾਂ ਨਾਵਲਾਂ ਵਿੱਚ ਸਿੱਖੀ ਆਦਰਸ਼ ਨੂੰ ਸਰਬੋਤਮ ਰੂਪ ਵਿੱਚ ਪੇਸ਼ ਕੀਤਾ ਗਿਆ। ਇਨ੍ਹਾਂ ਨਾਵਲਾਂ ਦਾ ਹਰ ਸਿੱਖ-ਪਾਤਰ ਸੱਚੇ ਅਤੇ ਸੁੱਚੇ ਆਚਰਣ ਦਾ ਮਾਲਕ ਹੈ, ਹਰ ਮੁਸਲਮਾਨ-ਪਾਤਰ ਜ਼ਾਲਮ ਤੇ ਕਠੋਰ ਹੈ ਅਤੇ ਹਰ ਹਿੰਦੂ-ਪਾਤਰ ਕਾਇਰ ਤੇ ਬੁਜ਼ਦਿਲ ਹੈ। ਭਾਈ ਵੀਰ ਸਿੰਘ ਜੀ ਨੇ ਆਪ ਲਿਖਿਆ ਹੈ, “ਮੇਰਾ ਮਨੋਰਥ (ਨਾਵਲ ਲਿਖਣ ਦਾ) ਵਿੱਦਿਆ ਦਾ ਪ੍ਰਚਾਰ ਜਾਂ ਸਾਹਿਤਕ ਪ੍ਰਗਟਾਵਾ ਕਰਨਾ ਨਹੀਂ, ਸਗੋਂ ਪਾਠਕਾਂ ਸਾਹਮਣੇ ਆਦਰਸ਼ ਰੂਪ ਵਿੱਚ ਸਿੱਖਾਂ ਦੇ ਜੀਵਨ ਤੇ ਘਟਨਾਵਾਂ ਪੇਸ਼ ਕਰਨਾ ਹੈ।” ਰੂਪਕ ਪੱਖ ਤੋਂ ਭਾਈ ਸਾਹਿਬ ਦੇ ਨਾਵਲ ‘ਸੁੰਦਰੀ’ (1898 ਈ:) ਨੂੰ ਪੰਜਾਬੀ ਦਾ ਪਹਿਲਾ ਨਾਵਲ ਮੰਨਿਆ ਜਾ ਸਕਦਾ ਹੈ। ਇਸ ਲਈ ਭਾਈ ਜੀ ਨਾ ਕੇਵਲ ਆਧੁਨਿਕ ਪੰਜਾਬੀ ਕਵਿਤਾ ਦੇ ਹੀ ਮੋਢੀ ਹਨ, ਸਗੋਂ ਨਾਵਲ ਦੇ ਵੀ।

ਹੋਰ ਧਾਰਮਿਕ ਨਾਵਲਕਾਰ : ਭਾਈ ਮੋਹਨ ਸਿੰਘ ਵੈਦ (ਕਰਤਾ ‘ਸੁਖੀ ਪਰਵਾਰ’, ‘ਇੱਕ ਸਿੱਖ ਘਰਾਣਾ, ‘ਸਰੇਸ਼ਟ ਕੁਲਾਂ ਦੀ ਚਾਲ’), ਸ. ਚਰਨ ਸਿੰਘ ਸ਼ਹੀਦ (ਕਰਤਾ ‘ਦਲੇਰ ਕੌਰ’, ‘ਦੋ ਵਹੁਟੀਆਂ’, ‘ਚੰਚਲ ਮੂਰਤੀ’ ਤੇ ‘ਰਣਜੀਤ ਕੌਰ’), ਮਾਸਟਰ ਤਾਰਾ ਸਿੰਘ ਅਤੇ ਪ੍ਰਿੰ: ਨਰਿੰਜਨ ਸਿੰਘ ਆਦਿ ਪੰਜਾਬੀ ਨਾਵਲਕਾਰ ਭਾਈ ਵੀਰ ਸਿੰਘ ਦੀਆਂ ਪਾਈਆਂ ਲੀਹਾਂ ਉੱਤੇ ਚਲਦੇ ਜਾਪਦੇ ਹਨ। ਇਨ੍ਹਾਂ ਨਾਵਲਕਾਰਾਂ ਨੂੰ ਪੰਜਾਬੀ ਨਾਵਲ ਦੇ ਪਹਿਲੇ ਪੜਾਅ ਦੇ ਨਾਵਲਕਾਰ ਕਿਹਾ ਜਾ ਸਕਦਾ ਹੈ। ਇਨ੍ਹਾਂ ਪਹਿਲੇ ਪੜਾਅ ਦੇ ਨਾਵਲਾਂ ਦਾ ਵਿਸ਼ਾ ਮੁੱਖ ਤੌਰ ‘ਤੇ ਧਰਮ-ਪ੍ਰਚਾਰ ਹੈ। ਕਲਾ ਦੇ ਪੱਖ ਤੋਂ ਇਨ੍ਹਾਂ ਵਿੱਚ ਕਈ ਊਣਤਾਆਂ ਹਨ; ਜਿਵੇਂ ਕਿ ਪਾਤਰ-ਉਸਾਰੀ ਬਣੇ- ਬਣਾਏ ਚੌਖਟੇ ਅਨੁਸਾਰ ਹੋਣੀ, ਵਾਰਤਾਲਾਪ ਪਾਤਰਾਂ ਦੀ ਥਾਂ ਲੇਖਕਾਂ ਦੀ ਸਾਹਿਤਕ ਬੋਲੀ ਵਿੱਚ ਹੋਣੀ, ਘਟਨਾਵਾਂ ਦੇ ਬਿਆਨ ਵਿੱਚ ਕਾਰਜ ਤੇ ਕਾਰਣ ਦੀ ਏਕਤਾ ਦੀ ਅਣਹੋਂਦ ਹੋਣੀ, ਘਟਨਾਵਾਂ ਦੇ ਵਰਣਨ ਵਿੱਚ ਰੁਮਾਂਟਿਕ ਅੰਸ਼ ਦੀ ਬਹੁਲਤਾ ਹੋਣੀ, ਮੌਕਾ-ਮੇਲ ਅਤੇ ਗ਼ੈਰ-ਕੁਦਰਤੀ ਘਟਨਾਵਾਂ ਦੀ ਆਮ ਵਰਤੋਂ ਹੋਣੀ ਆਦਿ। ਇੱਕ ਵਿਸ਼ੇਸ਼ ਧਰਮ ਦਾ ਪ੍ਰਚਾਰ ਕਰਨ ਲਈ ਲਿਖੇ ਗਏ ਇਹ ਨਾਵਲ ਉਸ ਸੰਪਰਦਾਇ ਦੇ ਨਾਵਲ ਬਣ ਕੇ ਰਹਿ ਗਏ। ਇਨ੍ਹਾਂ ਦੀ ਪ੍ਰੇਰਣਾ ਸਮੁੱਚੇ ਭਾਰਤ ਲਈ ਤਾਂ ਕੀ ਹੋਣੀ ਸੀ, ਸਾਰੇ ਪੰਜਾਬੀਆਂ ਲਈ ਵੀ ਨਾ ਹੋ ਸਕੀ।

ਨਾਵਲ ਦਾ ਦੂਜਾ ਪੜਾਅ : ਇਨ੍ਹਾਂ ਨਾਵਲਕਾਰਾਂ ਤੋਂ ਬਾਅਦ ਸ: ਨਾਨਕ ਸਿੰਘ ਦੁਆਰਾ ਪੰਜਾਬੀ ਨਾਵਲ ਦਾ ਦੂਜਾ ਪੜਾਅ ਸ਼ੁਰੂ ਹੁੰਦਾ ਹੈ। ਹੁਣ ਤਕ ਪੱਛਮੀ ਸਾਹਿਤ ਦੀ ਜਾਣਕਾਰੀ ਪੰਜਾਬੀ ਸਾਹਿਤ ਉੱਤੇ ਮਹੱਤਵਪੂਰਨ ਪ੍ਰਭਾਵ ਪਾ ਚੁੱਕੀ ਸੀ। ਘੱਟ ਪੜ੍ਹੇ ਹੋਣ ਕਾਰਣ ਸ: ਨਾਨਕ ਸਿੰਘ ਨੇ ਸਿੱਧੇ ਤੌਰ ‘ਤੇ ਅੰਗਰੇਜ਼ੀ ਸਾਹਿਤ ਦਾ ਅਧਿਐਨ ਨਹੀਂ ਸੀ ਕੀਤਾ। ਉਨ੍ਹਾਂ ਬੰਗਾਲੀ ਨਾਵਲ ਪੜ੍ਹੇ ਜਿਹੜੇ ਕਿ ਪੱਛਮੀ ਸਾਹਿਤ ਦੇ ਪ੍ਰਭਾਵ ਦਾ ਸਿੱਟਾ ਹਨ। ਇੰਜ ਉਹ ਅਸਿੱਧੇ ਤੌਰ ‘ਤੇ ਪੱਛਮੀ ਸਾਹਿਤ ਤੋਂ ਪ੍ਰਭਾਵਿਤ ਹੋਏ। ਉਨ੍ਹਾਂ ਦੇ ਨਾਵਲਾਂ ਨੇ ਪੰਜਾਬੀ ਨਾਵਲ ਦਾ ਮੁਹਾਂਦਰਾ ਹੀ ਬਦਲ ਦਿੱਤਾ।ਆਪਣੇ ਤੋਂ ਪਹਿਲੇ ਨਾਵਲਾਂ ਦੀਆਂ ਕਈ ਊਣਤਾਈਆਂ ਨੂੰ ਉਨ੍ਹਾਂ ਨੇ ਆਪਣੇ ਨਹੀਂ ਦਿੱਤੀ।ਉਨਾਂ ਨੇ ਆਪਣੇ ਨਾਵਲਾਂ ਦੇ ਪਾਤਰਾਂ ਅਤੇ ਕਹਾਣੀਆਂ ਨੂੰ ਇਤਿਹਾਸ ਵਿੱਚੋਂ ਲੱਭਣ ਦੀ ਥਾਂ ਸਮਾਜ ਵਿੱਚੋਂ ਲੱਭਿਆ। ਪਾਤਰਾਂ ਦੀ ਸੁਭਾਵਕ ਉਸਾਰੀ ਕਰਨ ਵਿੱਚ ਵੀ ਉਨ੍ਹਾਂ ਨੇ ਪਹਿਲ ਕੀਤੀ। ਉਨ੍ਹਾਂ ਨੇ ਨਾਵਲ ਦੀ ਕਹਾਣੀ ਨੂੰ ਬੱਝਵੇਂ ਰੂਪ ਵਿੱਚ ਅਤੇ ਰੌਚਕ ਢੰਗ ਨਾਲ ਪੇਸ਼ ਕੀਤਾ। ਉਨ੍ਹਾਂ ਨੇ ਪੰਜਾਬੀ ਨਾਵਲ ਨੂੰ ਧਰਮ ਦੀਆਂ ਵਲਗਣਾਂ ਵਿੱਚੋਂ ਕੱਢ ਕੇ ਸਮਾਜ ਦੇ ਖੁੱਲ੍ਹੇ ਘੇਰੇ ਵਿੱਚ ਪਹੁੰਚਾਇਆ। ਉਨ੍ਹਾਂ ਨੇ ਸਮਾਜਕ, ਰਾਜਨੀਤਕ ਅਤੇ ਪਿਆਰ ਸਬੰਧੀ ਕਈ ਵਿਸ਼ੇ ਛੋਹੇ, ਪਰ ਉਨ੍ਹਾਂ ਦਾ ਮੁੱਖ ਆਸ਼ਾ ਸਮਾਜ-ਸੁਧਾਰ ਹੀ ਸੀ। ਉਨ੍ਹਾਂ ਨੇ ਸਮਾਜ ਵਿੱਚ ਪ੍ਰਚੱਲਤ ਗ਼ਲਤ ਕੀਮਤਾਂ ਨੂੰ ਨੰਗਿਆਂ ਕਰ ਕੇ ਨਵੀਆਂ ਨਰੋਈਆਂ ਕੀਮਤਾਂ ਗ੍ਰਹਿਣ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਨੇ ਪੰਜਾਬੀ ਨਾਵਲ ਨੂੰ ਸਭ ਨਾਲੋਂ ਵੱਧ ਰਚਨਾਵਾਂ ਦਿੱਤੀਆਂ, ਜਿਨ੍ਹਾਂ ਦੀ ਗਿਣਤੀ ਪੰਜਾਹ ਤੋਂ ਵੀ ਵੱਧ ਹੈ। ‘ਚਿੱਟਾ ਲਹੂ’, ‘ਅੱਧ ਖਿੜਿਆ ਫੁੱਲ’, ‘ਪਿਆਰ ਦੀ ਦੁਨੀਆ’, ‘ਸੰਗਮ’, ‘ਆਦਮਖ਼ੋਰ’, ‘ਪਵਿੱਤਰ ਪਾਪੀ’, ‘ਜੀਵਨ ਸੰਗਰਾਮ’ ਅਤੇ ‘ਇੱਕ ਮਿਆਨ ਦੋ ਤਲਵਾਰਾਂ’ ਉਨ੍ਹਾਂ ਦੇ ਪ੍ਰਸਿੱਧ ਨਾਵਲਾਂ ਵਿੱਚੋਂ ਹਨ। ਸ੍ਰੀ ਈਸ਼ਵਰ ਚੰਦਰ ਨੰਦਾ ਅਤੇ ਬਲਵੰਤ ਗਾਰਗੀ ਵਰਗੇ ਨਾਵਲਕਾਰਾਂ ਨੇ ਵੀ ਉਨ੍ਹਾਂ ਵਾਂਗ ਇੱਕੜ-ਦੁੱਕੜ ਸਮਾਜ-ਸੁਧਾਰਕ ਨਾਵਲ ਲਿਖੇ।

ਤੀਜਾ ਪੜਾਅ : 1947 ਈ: ਵਿੱਚ ਮਿਲੀ ਅਜ਼ਾਦੀ ਦੇ ਪਿੱਛੋਂ ਪੰਜਾਬੀ ਨਾਵਲ ਨਿਕਾਸ ਦੇ ਪੜਾਅ ਟੱਪਦਾ ਹੋਇਆ ਅੱਗੇ ਵਧ ਰਿਹਾ ਹੈ। ਜਿਥੇ ਸ: ਨਾਨਕ ਸਿੰਘ ਨੇ ਧਰਮ ਦੀ ਥਾਂ ‘ਤੇ ਸਮਾਜ-ਸੁਧਾਰ ਨੂੰ ਆਪਣੇ ਨਾਵਲਾਂ ਦਾ ਵਿਸ਼ਾ ਬਣਾਇਆ ਸੀ, ਉੱਥੇ ਅਜ਼ਾਦੀ ਤੋਂ ਬਾਅਦ ਪੰਜਾਬੀ ਨਾਵਲ ਵੀ, ਉੱਨਤ ਭਾਸ਼ਾਵਾਂ ਦੇ ਨਾਵਲਾਂ ਵਾਂਗ, ਅਨੇਕ ਪ੍ਰਕਾਰ ਦੇ ਵਿਸ਼ਿਆਂ ਨਾਲ ਭਰਪੂਰ ਹੋ ਗਿਆ। ਪ੍ਰਿੰ: ਸੰਤ ਸਿੰਘ ਸੇਖੋਂ (ਕਰਤਾ ‘ਲਹੂ ਮਿੱਟੀ’) ਅਤੇ ਜਸਵੰਤ ਸਿੰਘ ਕੰਵਲ (ਕਰਤਾ ‘ਪਾਲੀ’, ‘ਪੂਰਨਮਾਸ਼ੀ’, ‘ਰਾਤ ਬਾਕੀ ਹੈ’, ‘ਸਿਵਲ ਲਾਈਨਜ਼’, ‘ਤਾਰੀਖ਼ ਵੇਖਦੀ ਹੈ’ ਤੇ ‘ਲਹੂ ਦੀ ਲੋਅ’ ਆਦਿ) ਨੇ ਪੰਜਾਬੀ ਨਾਵਲਾਂ ਵਿੱਚ ਪੇਂਡੂ ਜੀਵਨ, ਵਿਸ਼ੇਸ਼ ਕਰ ਕੇ, ਕਿਸਾਨੀ ਜੀਵਨ ਦੀ ਜੀਉਂਦੀ-ਜਾਗਦੀ ਤਸਵੀਰ ਖਿੱਚੀ ਅਤੇ ਨੀਵੀਂ ਸ਼੍ਰੇਣੀ ਦੀ ਦੁਖਾਂਤਕ ਕਹਾਣੀ ਨੂੰ ਬਿਆਨਿਆ ਹੈ। ਕਰਤਾਰ ਸਿੰਘ ਦੁੱਗਲ (ਕਰਤਾ ‘ਆਂਦਰਾਂ’, ‘ਨਹੁੰ ਤੇ ਮਾਸ’, ‘ਹਾਲ ਮੁਰੀਦਾਂ ਦਾ’) ਅਤੇ ਸੁਰਜੀਤ ਸਿੰਘ ਸੇਠੀ (ਕਰਤਾ ‘ਇੱਕ ਖ਼ਾਲੀ ਪਿਆਲਾ’, ‘ਜਨਤਾ ਜਾਗੀ’, ‘ਇੱਕ ਸ਼ਹਿਰ ਦੀ ਗੱਲ’ ਤੇ ‘ਰੇਤ ਦਾ ਪਹਾੜ’ ਆਦਿ) ਨੇ ਪੰਜਾਬੀ ਨਾਵਲ ਵਿੱਚ ਕਲਾ ਪੱਖ ਤੋਂ ਕਈ ਨਵੇਂ ਤਜਰਬੇ ਕੀਤੇ ਹਨ ਅਤੇ ਪੰਜਾਬੀ ਨਾਵਲ ਨੂੰ ਮਨੋਵਿਗਿਆਨਕ ਲੀਹਾਂ ਉੱਤੇ ਤੋਰਿਆ ਹੈ। ਅੰਮ੍ਰਿਤਾ ਪ੍ਰੀਤਮ (ਕਰਤਾ ‘ਪਿੰਜਰ’, ‘ਆਲ੍ਹਣਾ’, ‘ਡਾਕਟਰ ਦੇਵ’ ਤੇ ‘ਦਿੱਲੀ ਦੀਆਂ ਗਲੀਆਂ’ ਆਦਿ) ਨੇ ਪੰਜਾਬੀ ਨਾਵਲ ਵਿੱਚ ਔਰਤ ਦੀ ਅਵਾਜ਼ ਉਠਾਉਣ ਵਿੱਚ ਪਹਿਲ ਕੀਤੀ। ਲਗਭਗ ਆਪਣੇ ਸਭ ਨਾਵਲਾਂ ਵਿੱਚ ਉਸ ਨੇ ਇਸਤਰੀ ਦੇ ਹੱਕਾਂ ਦੀ ਵਕਾਲਤ ਕੀਤੀ। ਸ: ਨਰਿੰਦਰਪਾਲ ਸਿੰਘ ਅਤੇ ਸ੍ਰੀ ਹਰਨਾਮ ਦਾਸ ਸਹਿਰਾਈ ਨੇ ਇਤਿਹਾਸਕ ਨਾਵਲਾਂ ਨਾਲ ਪੰਜਾਬੀ ਨਾਵਲ ਦੀ ਸੇਵਾ ਕੀਤੀ ਹੈ।

ਆਧੁਨਿਕ ਨਾਵਲਕਾਰ : ਉਪਰੋਕਤ ਨਾਵਲਕਾਰਾਂ ਦੇ ਨਾਲ ਸੁਰਿੰਦਰ ਸਿੰਘ ਨਰੂਲਾ, ਮਹਿੰਦਰ ਸਿੰਘ ਸਰਨਾ, ਹਰੀ ਸਿੰਘ ਦਿਲਬਰ, ਪ੍ਰੋ. ਗੁਰਦਿਆਲ ਸਿੰਘ, ਸੋਹਣ ਸਿੰਘ ਸੀਤਲ, ਦੇਵਿੰਦਰ ਸਤਿਆਰਥੀ, ਪ੍ਰੋ. ਗੁਰਚਰਨ ਸਿੰਘ, ਦਲੀਪ ਕੌਰ ਟਿਵਾਣਾ, ਰਾਮ ਸਰੂਪ ਅਣਖੀ, ਨਿਰੰਜਨ ਤਸਨੀਮ, ਮਹੀਪ ਸਿੰਘ, ਸੁਖਬੀਰ, ਓਮ ਪ੍ਰਕਾਸ਼ ਗਾਸੋ ਅਤੇ ਦਰਸ਼ਨ ਧੀਰ ਦੇ ਨਾਂ ਉਲੇਖ-ਯੋਗ ਹਨ ਜਿਨ੍ਹਾਂ ਦੇ ਯਤਨਾਂ ਨਾਲ ਪੰਜਾਬੀ ਨਾਵਲ ਰੂਪਕ ਅਤੇ ਵਿਸ਼ੇ ਪੱਖੋਂ ਨਰੋਆਪਨ ਹਾਸਲ ਕਰ ਰਿਹਾ ਹੈ। ਇਨ੍ਹਾਂ ਦੇ ਨਾਲ ਹੋਰ ਵੀ ਅਨੇਕ ਨਾਵਲਕਾਰ ਆਪੋ- ਆਪਣਾ ਹਿੱਸਾ ਪਾ ਰਹੇ ਹਨ, ਪਰ ਅਜੇ ਤਕ ਪੰਜਾਬੀ ਨਾਵਲ ਉੱਨਤ ਬੋਲੀਆਂ ਤੇ ਨਾਵਲਾਂ ਦੀ ਪੱਧਰ ‘ਤੇ ਨਹੀਂ ਪੁੱਜ ਸਕਿਆ, ਭਾਵੇਂ ਪੰਜਾਬੀ ਨਾਵਲ ਨੇ ਪਿਛਲੇ ਦੋ ਦਹਾਕਿਆਂ ਵਿੱਚ ਉਤਸ਼ਾਹਜਨਕ ਪੁਲਾਂਘਾਂ ਪੁੱਟੀਆਂ ਹਨ। ਆਧੁਨਿਕ ਨਾਵਲਕਾਰਾਂ ਦਾ ਝੁਕਾਅ ਆਮ ਕਰਕੇ ਸਮਾਜਕ ਯਥਾਰਥ ਨੂੰ ਰੂਪਮਾਨ ਕਰਨ ਵੱਲ ਹੈ। ਜਿਨਸੀ ਤਣਾਉ ਦੀਆਂ ਸਮੱਸਿਆਵਾਂ ਅਤੇ ਸੰਵੇਦਨਸ਼ੀਲ ਮਨ ਉੱਤੇ ਪੈਣ ਵਾਲੇ ਪ੍ਰਭਾਵਾਂ ਦਾ ਬਹੁਤ ਚਰਚਾ ਨਹੀਂ ਕੀਤਾ ਗਿਆ। ਆਧੁਨਿਕ ਦੁਨੀਆ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਸ਼੍ਰੇਣੀ-ਸੰਘਰਸ਼ ਦੇ ਚੌਖਟੇ ਵਿੱਚ ਚਿਤਰਿਆ ਗਿਆ ਹੈ। ਵਧੇਰੇ ਨਾਵਲਕਾਰਾਂ ਦਾ ਧਿਆਨ ਦਲਿਤ ਵਰਗ ਦੀਆਂ ਆਰਥਿਕ ਤੇ ਸਮਾਜਕ ਸਮੱਸਿਆਵਾਂ ਵੱਲ ਰਿਹਾ ਹੈ ਅਤੇ ਵਿਸ਼ਾ-ਵਸਤੂ ਦੇ ਮੁਕਾਬਲੇ ਵਿੱਚ ਨਾਵਲ ਦੇ ਰੂਪ-ਵਿਧਾਨ ਨੂੰ ਮਹੱਤਵ ਨਹੀਂ ਦਿੱਤਾ ਗਿਆ, ਫਿਰ ਵੀ ਤਕਨੀਕੀ ਵਿਉਂਤਾਂ ਦੀ ਸਹਾਇਤਾ ਨਾਲ ਕਹਾਣੀ ਵਿੱਚ ਰੌਚਕਤਾ ਪੈਦਾ ਕੀਤੀ ਗਈ ਹੈ। ਸਮਾਜਕ ਯਥਾਰਥ ਦਾ ਅੰਤ ਉਜਲਾ ਚਿਤਰਿਆ ਗਿਆ ਹੈ। ਪੇਂਡੂ ਜੀਵਨ ਪੇਸ਼ ਕਰਨ ਵਾਲੇ ਨਾਵਲਕਾਰਾਂ ਨੂੰ ਇਸ ਦੇ ਰੂਪ ਵਿਧਾਨ ਪ੍ਰਤੀ ਵੀ ਸੁਚੇਤ ਹੋਣ ਦੀ ਲੋੜ ਹੈ। ਆਸ ਹੈ ਕਿ ਨਵੀਂ ਪੀੜ੍ਹੀ ਦੇ ਨਾਵਲਕਾਰ ਪੰਜਾਬੀ ਨਾਵਲ ਨੂੰ ਨਵੀਆਂ ਸਿਖਰਾਂ ਵੱਲ ਲੈ ਜਾਣਗੇ ਅਤੇ ਇਸ ਨੂੰ ਦੁਨੀਆ ਦੀਆਂ ਉੱਨਤ ਭਾਸ਼ਾਵਾਂ ਦੇ ਮੇਚੇ ਦਾ ਬਣਾਉਣਗੇ।