ਲੇਖ : ਪੰਜਾਬੀ ਦੇ ਲੋਕ ਗੀਤ


ਪੰਜਾਬੀ ਦੇ ਲੋਕ-ਗੀਤ


“ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ, ਕੋਈ ਕਰਦੀਆਂ ਗੱਲੋੜੀਆਂ।

ਕਣਕਾਂ ਲੰਮੀਆਂ, ਧੀਆਂ ਕਿਉਂ ਜੰਮੀਆਂ ਨੀ ਮਾਏ…..।”

ਜਾਣ-ਪਛਾਣ : ਪੰਜਾਬ ਲੋਕ-ਗੀਤਾਂ ਦੀ ਧਰਤੀ ਹੈ; ਇਥੋਂ ਦਾ ਹਰ ਇਕ ਵਾਸੀ ਗੀਤਾਂ ਵਿਚ ਜਨਮ ਲੈਂਦਾ ਹੈ; ਗੀਤਾਂ ਵਿਚ ਬਚਪਨ ਗੁਜ਼ਾਰਦਾ, ਗੀਤਾਂ ਵਿਚ ਪਲ ਕੇ ਜਵਾਨ ਹੁੰਦਾ; ਗੀਤਾਂ ਵਿਚ ਵਿਆਹਿਆ ਜਾਂਦਾ, ਗੀਤਾਂ ਵਿਚ ਹੀ ਜੀਵਨ ਗੁਜ਼ਾਰ ਕੇ, ਗੀਤਾਂ ਵਿਚ ਹੀ ਮਰ ਜਾਂਦਾ ਹੈ। ਇੰਝ ਲੋਕ-ਗੀਤਾਂ ਦਾ ਸੰਬੰਧ ਪੰਜਾਬ ਦੇ ਪੂਰੇ ਸਭਿਆਚਾਰਕ ਜੀਵਨ ਨਾਲ ਹੈ। ਲੋਕ ਗੀਤ ਤਾਂ ਕਿਸੇ ਦੇਸ਼ ਦੇ ਸਭਿਆਚਾਰ ਦਾ ਸ਼ੀਸ਼ਾ ਹੁੰਦੇ ਹਨ।

ਲੋਕ-ਗੀਤਾਂ ਦਾ ਜਨਮ : ਲੋਕ ਗੀਤਾਂ ਦੀ ਰਚਨਾ ਕੋਈ ਵਿਸ਼ੇਸ਼ ਕਵੀ ਜਾਂ ਕੋਈ ਵਿਸ਼ੇਸ਼ ਕਲਾਕਾਰ ਨਹੀਂ ਕਰਦਾ ਸਗੋਂ ਇਹ ਤਾਂ ਲੋਕ ਦਿਲਾਂ ਵਿਚੋਂ ਆਪ-ਮੁਹਾਰੇ ਫੁੱਟਦੇ ਹਨ। “ਲੋਕ ਗੀਤ ਮਨੁੱਖੀ ਮਨ ਵਿਚ ਪੈਦਾ ਹੋਣ ਵਾਲੀਆਂ ਸੱਧਰਾਂ, ਰੀਝਾਂ, ਹੋਕਿਆਂ ਤੇ ਚਾਵਾਂ ਦਾ ਕਾਵਿ-ਮਈ ਪ੍ਰਗਟਾਵਾ ਹੁੰਦਾ ਹੈ।” ਇਹ ਖ਼ੁਸ਼ੀ ਜਾਂ ਗ਼ਮੀ ਦੀ ਅਤਿ ਅਵਸਥਾ ਸਮੇਂ ਮਨ ਵਿਚੋਂ ਆਪ-ਮੁਹਾਰੇ ਵਹਿ ਤੁਰਦੇ ਹਨ। ਸਧਾਰਨ ਲੋਕਾਂ ਦੇ ਦਿਲੀ ਭਾਵ ਲੋਕ ਗੀਤਾਂ ਦੇ ਰੂਪ ਬਣ ਕੇ ਆਪ ਮੁਹਾਰੇ ਹੀ ਮਨ ਵਿਚੋਂ ਵਹਿ ਤੁਰਦੇ ਹਨ। ਇਹ ਉਨ੍ਹਾਂ ਲੋਕ ਹਿਰਦਿਆਂ ਦੀ ਘਾੜਤ ਹੁੰਦੇ ਹਨ ਜਿਹੜੇ ਭਾਵਾਂ ਦੇ ਵੇਗ ਵਿਚ ਰਹਿੰਦੇ ਆਪਣੇ ਆਪ ਹੀ ਗਾਉਣ ਲੱਗ ਪੈਂਦੇ ਹਨ।ਉਨ੍ਹਾਂ ਵਿਚ ਕੁਦਰਤੀ ਲੈਅ ਹੁੰਦੀ ਹੈ, ਸੁਰ ਤਾਲ ਹੁੰਦੀ ਹੈ ਕਿਉਂ ਜੋ ਉਨ੍ਹਾਂ ਅੰਦਰ ਮਨੁੱਖੀ ਆਤਮਾ ਖੇਲ ਰਹੀ ਹੁੰਦੀ ਹੈ। ਇਸ ਲਈ ਲੋਕ ਗੀਤ ਨੇਮ-ਬੱਧ ਤੇ ਬਣਾ ਸਵਾਰ ਕੇ ਲਿਖੀ ਗਈ ਕਵਿਤਾ ਨਾਲੋਂ ਵਧੇਰੇ ਦਿਲ-ਟੁੰਬਵੇਂ ਹੁੰਦੇ ਹਨ। ਇਨ੍ਹਾਂ ‘ਤੇ ਕਿਸੇ ਰਚਨਹਾਰੇ ਦਾ ਨਾਂ ਵੀ ਨਹੀਂ ਹੁੰਦਾ। ਇਹ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰੀ ਆਉਂਦੇ ਹਨ।

ਲੋਕ-ਗੀਤਾਂ ਦੇ ਰੂਪ : ਲੋਕ ਗੀਤਾਂ ਦੇ ਕਈ ਰੂਪ ਹਨ; ਜਿਨ੍ਹਾਂ ਦਾ ਸੰਬੰਧ ਵੱਖ-ਵੱਖ ਖ਼ੁਸ਼ੀ, ਗ਼ਮੀ ਦੇ ਮੌਕਿਆਂ, ਖੇਡਾਂ ਤੇ ਰੀਤਾਂ-ਰਸਮਾਂ ਨਾਲ ਹੁੰਦਾ ਹੈ। ਲੋਕ-ਗੀਤਾਂ ਦੇ ਚੋਣਵੇਂ ਰੂਪ ਇਹ ਹਨ, ਘੋੜੀਆਂ, ਸੁਹਾਗ, ਟੱਪੇ, ਸਿੱਠਣੀਆਂ, ਮਾਹੀਆ, ਬਾਰਾਮਾਂਹ, ਗਿੱਧਾ, ਬੋਲੀਆਂ, ਅਲਾਹੁਣੀਆਂ, ਵੈਣ, ਕੀਰਨੇ, ਥਾਲ ਆਦਿ।

ਜਨਮ ਸਮੇਂ ਦੇ ਗੀਤ : ਪੰਜਾਬ ਵਿਚ ਗੀਤ ਬੱਚੇ ਦੇ ਜਨਮ ਨਾਲ ਹੀ ਸ਼ੁਰੂ ਹੋ ਜਾਂਦੇ ਹਨ। ਪੁੱਤਰ ਦੇ ਜਨਮ ਦੀ ਖ਼ੁਸ਼ੀ ਵਧੇਰੇ ਤੌਰ ‘ਤੇ ਪ੍ਰਗਟ ਕੀਤੀ ਜਾਂਦੀ ਹੈ।

ਹਰਿਆ ਨੀ ਮਾਏ, ਹਰਿਆ ਨੀ ਭੈਣੇਂ,

ਹਰਿਆ ਤੇ ਭਾਗੀ ਭਰਿਆ ਨੀਂ

ਜਿਤੁ ਦਿਹਾੜੇ ਮੇਰਾ ਹਰਿਔੜਾ ਜੰਮਿਆ,

ਸੋਈ ਦਿਹਾੜਾ ਭਾਗੀਂ ਭਰਿਆ ਨੀਂ।

ਮੇਰੇ ਬਾਪ ਨੂੰ ਦਿਓ ਵਧਾਈਆਂ,

ਨੀ ਵੀਰ ਘਰ ਪੁੱਤ ਜੰਮਿਆ ………।।

ਬਚਪਨ ਦੇ ਗੀਤ : ਬੱਚਾ ਜਦੋਂ ਗੋਦੀ ਵਿਚ ਖੇਡਦਾ ਹੈ ਤਾਂ ਉਸ ਦੀ ਮਾਂ, ਦਾਦੀ, ਭੂਆ, ਭੈਣਾਂ ਆਦਿ ਉਸ ਨੂੰ ਲੋਰੀਆਂ ਦਿੰਦੀਆਂ ਨਹੀਂ ਥੱਕਦੀਆਂ;

ਅੱਲੜ ਬੱਲੜ ਬਾਵੇ ਦਾ

ਬਾਵਾ ਕਣਕ ਲਿਆਵੇਗਾ

ਬਾਵੀ ਬੈਠੀ ਛਟੇਗੀ

ਛੱਟ ਭੜੋਲੇ ਪਾਵੇਗੀ

ਬਾਵੀ ਮੱਨ ਪਕਾਵੇਗੀ

ਬਾਵਾ ਬੈਠਾ ਖਾਵੇਗਾ।

ਜਦੋਂ ਕੁੜੀਆਂ ਕੁਝ ਵੱਡੀਆਂ ਹੋ ਜਾਂਦੀਆਂ ਹਨ ਤਾਂ ਆਪਣੀਆਂ ਸਹੇਲੀਆਂ ਨਾਲ ਕਿੱਕਲੀ ਪਾਉਂਦੀਆਂ ਹਨ ਤੇ ਗਾਉਂਦੀਆਂ ਹਨ :

ਕਿੱਕਲੀ ਕਲੀਰ ਦੀ

ਪੱਗ ਮੇਰੇ ਵੀਰ ਦੀ

ਦੁਪੱਟਾ ਮੇਰੇ ਭਾਈ ਦਾ

ਫਿੱਟੇ ਮੂੰਹ ਜਵਾਈ ਦਾ

ਜਵਾਨੀ ਸਮੇਂ ਦੇ ਗੀਤ : ਜਵਾਨੀ ਸਮੇਂ ਟੱਪੇ, ਮਾਹੀਏ ਤੇ ਹੋਰ ਗੀਤ ਮਿਲਦੇ ਹਨ, ਜਿਨ੍ਹਾਂ ਵਿਚੋਂ ਦੋ ਜਵਾਨਾ ਦੀਆਂ ਧੜਕਣਾਂ ਧੜਕਦੀਆਂ ਹਨ; ਜਿਵੇਂ :

ਦੋ ਪੱਤਰ ਅਨਾਰਾਂ ਦੇ

ਸਾਡੀ ਗਲੀ ਲੰਘ ਮਾਹੀਆ

ਦੁੱਖ ਟੁੱਟਣ ਬਿਮਾਰਾਂ ਦੇ

ਪਾਣੀ ਛੰਨੇ ਵਿਚੋਂ ਕਾਂ ਪੀਤਾ

ਤੇਰੇ ਵਿਚੋਂ ਰੱਬ ਦਿੱਸਿਆ

ਤੈਨੂੰ ਸਜਦਾ ਮੈਂ ਤਾਂ ਕੀਤਾ

ਤੇਰੇ ਲੌਂਗ ਦਾ ਪਿਆ ਲਿਸ਼ਕਾਰਾ

ਹਾਲੀਆਂ ਨੇ ਹਲ ਡੱਕ ਲਏ।

ਵਿਆਹ ਸਮੇਂ ਗੀਤ : ਵਿਆਹ ਇਕ ਇਹੋ ਜਿਹਾ ਖ਼ੁਸ਼ੀ ਦਾ ਮੌਕਾ ਹੁੰਦਾ ਹੈ ਜਿੱਥੇ ਲੋਕ-ਗੀਤ ਦੇ ਅਨੇਕਾਂ ਹੀ ਰੂਪ ਸਾਹਮਣੇ ਆਉਂਦੇ ਹਨ। ਕੁੜੀ ਦੇ ਵਿਆਹ ‘ਤੇ ਸੁਹਾਗ ਗਾਏ ਜਾਂਦੇ ਹਨ ਤੇ ਮੁੰਡੇ ਦੇ ਵਿਆਹ ਤੇ ਘੋੜੀਆਂ। ਇਸ ਤੋਂ ਇਲਾਵਾ ਸਿੱਠਣੀਆਂ ਆਦਿ ਵੀ ਗਾਈਆਂ/ਦਿੱਤੀਆਂ ਜਾਂਦੀਆਂ ਹਨ।

ਘੋੜੀਆਂ : ਮੁੰਡੇ ਦੇ ਵਿਆਹ ‘ਤੇ ਭੈਣਾਂ ਦੇ ਹੋਰ ਔਰਤਾਂ ਵਲੋਂ ਅਨੇਕਾਂ ਹੀ ਘੋੜੀਆਂ ਗਾਈਆਂ ਜਾਂਦੀਆਂ ਹਨ, ਜਿਸ ਵਿਚ ਪੁੱਤ/ਭਰਾ ਦੀ ਤਾਰੀਫ਼, ਬਾਬਲ ਦੀ ਤਾਰੀਫ਼ ਕੀਤੀ ਜਾਂਦੀ ਹੈ; ਜਿਵੇਂ :

“ਘੋੜੀ ਤੇਰੀ ਵੇ ਮੱਲਾ ਸੋਹਣੀ, ਸੋਹਣੀ ਵੇ,

ਸੋਂਹਦੀ ਕਾਠੀਆਂ ਦੇ ਨਾਲ,

ਕਾਠੀਆਂ ਡੇਢ ਤੇ ਹਜ਼ਾਰ,

ਮੈਂ ਬਲਿਹਾਰੀ, ਵੇ ਮਾਂ ਦਿਆ ਸੂਰਜਾ,

ਸੂਰਜਾ ਵੇ ਪੁੱਤ ਸ਼ਾਹਾਂ ਦੇ ਘਰ ਢੁੱਕਣਾ…….”

“ਨਿੱਕੀ-ਨਿੱਕੀ ਬੂੰਦੀ ਨਿੱਕਿਆ ਮੀਂਹ ਵੇ ਵਰ੍ਹੇ

ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ

ਦੰਮਾਂ ਦੀ ਬੋਰੀ ਤੇਰਾ ਬਾਪ ਫੜੇ

ਭਾਈਆਂ ਦੀ ਜੋੜੀ ਤੇਰੇ ਨਾਲ ਖੜੇ ………”

ਸੁਹਾਗ : ਕੁੜੀਆਂ ਦੇ ਵਿਆਹ ‘ਤੇ ਸੁਹਾਗ ਗਾਏ ਜਾਂਦੇ ਹਨ। ਇਨ੍ਹਾਂ ਵਿਚ ਕੁੜੀ ਦੇ ਪੇਕੇ ਘਰ ਹੰਢਾਏ ਪਲਾਂ ਨੂੰ ਬੜੇ ਹੀ ਦਰਦ ਭਰੀ ਅਵਾਜ਼ ਤੇ ਸ਼ਬਦਾਂ ਰਾਹੀਂ ਬਿਆਨ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਵਿਚ ਮਾਪਿਆਂ ਦੀ ਵਡਿਆਈ, ਭੈਣਾਂ-ਭਰਾਵਾਂ ਦੀ ਸਾਂਝ, ਮਾਵਾਂ ਧੀਆਂ ਬਾਬਲ ਦੇ ਵਿਛੋੜੇ ਦਾ ਕਰੁਣਾਮਈ ਪ੍ਰਗਟਾਵਾ ਹੁੰਦਾ ਹੈ; ਜਿਵੇਂ :

ਮੇਰੇ ਜਿਗਰ ਦਿਆਂ ਤਰਖਾਣਾਂ,

ਗਿੱਲੀ ਲੱਕੜੀ ਦਾ ਚਰਖਾ ਬਣਾਉਣਾ

ਏਸ ਚਰਖੇ ਨੂੰ ਖ਼ੂਬ ਸਜਾਇਓ,

ਏਹਦੀ ਮੇਖਾਂ ਨਾਲ ਜੜ੍ਹਤ ਜੜਾਇਓ

ਨੀ ਸਹੇਲੀਓ ਮੈਂ ਤੁਰ ਚੱਲੀ, ਤੁਰ ਚੱਲੀ,

ਮੇਰੀ ਅੰਮੜੀ ਤਾਂ ਰਹਿ ਗਈ ਆ ਕੱਲੀ

ਕੱਤ ਪੂਣੀਆਂ ਹੋਰ ਮੁਕਾਇਓ,

ਰੋਂਦੀ ਅੰਮੜੀ ਨੂੰ ਚੁੱਪ ਕਰਾਇਓ

ਮੇਰੇ ਬਾਬਲ ਨੂੰ ਆ ਸਮਝਾਉਣਾ,

ਧੀਆਂ ਤੋਰ ਕੇ ਪੁੰਨ ਕਮਾਉਣਾ …….

********

ਅੱਜ ਦੀ ਦਿਹਾੜੀ ਰੱਖ, ਡੋਲੀ ਨੀ ਮਾਂ,

ਰਹਾਂ ਬਾਪ ਦੀ ਬਣ ਕੇ ਗੋਲੀ ਨੀ ਮਾਂ

ਲੋਈ…..

ਬਾਬਲ ਤੇਰੇ ਮਹਿਲਾਂ ਵਿਚੋਂ ਤੇਰੀ ਲਾਡੋ ਪਰਦੇਸਣ ਹੋਈ…..

ਸਿੱਠਣੀਆਂ : ਇਹ ਹਾਸੇ ਮਜ਼ਾਕ ਦਾ ਰੂਪ ਹੁੰਦਾ ਹੈ; ਜਿਵੇਂ

“ਸਾਡੇ ਤਾਂ ਵਿਹੜੇ ਮੁੱਢ ਮਕੱਈ ਦਾ,

ਦਾਣੇ ਤਾਂ ਮੰਗਦਾ ਉਧਲ ਗਈ ਦਾ

ਭੱਠੀ ਤਪਾਉਣੀ ਪਈ,

ਨਿਲੱਜਿਓ ਲੱਜ ਤੁਹਾਨੂੰ ਨਹੀਂ।”

“ਹੁਣ ਗੈਸ ਬੁਝਾ ਦਿਓ ਜੀ, ਸਾਡਾ ਕੁੜਮ ਬੈਟਰੀ ਵਰਗਾ”

ਮਰਨ ਸਮੇਂ ਦੇ ਗੀਤ : ਮੌਤ ਵੇਲੇ ਅਲਾਹੁਣੀਆਂ, ਵੈਣ, ਕੀਰਨੇ ਪਾਏ ਜਾਂਦੇ ਹਨ।

ਰਿਸ਼ਤਿਆਂ ਸੰਬੰਧੀ ਗੀਤ : ਇਹਨਾਂ ਵਿਚ ਭੈਣ-ਭਰਾ, ਦਿਓਰ-ਭਰਜਾਈ ਦੇ ਸਭ ਤੋਂ ਵੱਧ ਗੀਤ ਮਿਲਦੇ ਹਨ। ਨੂੰਹ ਸੱਸ ਦੇ ਰਿਸ਼ਤੇ ਸੰਬੰਧੀ ਕਿਉਂਕਿ ਨੂੰਹ-ਸੱਸ ਦਾ ਰਿਸ਼ਤਾ, ਨੋਕ-ਝੋਕ ਵਾਲਾ ਹੁੰਦਾ ਹੈ। ਸੱਸ ਲੜਾਕੀ ਕਰਕੇ ਜਾਣੀ ਜਾਂਦੀ ਹੈ, ਨੂੰਹ ਘਰ ਦੇ ਤੌਰ-ਤਰੀਕਿਆਂ ਤੋਂ ਅਣਜਾਣ ਹੁੰਦੀ ਹੈ। ਉਹ ਸੱਸ ਦੀ ਜ਼ਰਾ ਕੁ ਝਿੜਕ ਨੂੰ ਵੀ ਨਹੀਂ ਸਹਿ ਸਕਦੀ :

ਮਾਪਿਆਂ ਨੇ ਰੱਖੀ ਲਾਡਲੀ,

ਅੱਗੋਂ ਸੱਸ ਬਘਿਆੜੀ ਟੱਕਰੀ।

ਪਰ ਅਸਲ ਵਿੱਚ ਇੰਝ ਨਹੀਂ ਹੁੰਦਾ।

ਮਾਵਾਂ ਲਾਡ ਲਡਾ ਧੀਆਂ ਨੂੰ ਵਿਗਾੜਨ ਨੀ

ਸੱਸਾਂ ਦੇ ਦੇ ਮੱਤਾਂ ਉਮਰ ਸੰਵਾਰਨ ਨੀ।

ਮੇਰਾ ਦਿਓਰ ਬੜਾ ਟੁੱਟ ਪੈਣਾ,

ਹੱਸਦੀ ਦੇ ਦੰਦ ਗਿਣਦਾ।

ਛੜੇ ਜੇਠ ਨੂੰ ਲੱਸੀ ਨਹੀਂ ਦੇਣੀ,

ਦਿਓਰ ਭਾਵੇਂ ਮੱਝ ਚੁੰਘ ਜਾਏ।

ਵਿਹੜੇ ਵਿਚ ਬਹਿ ਜਾ ਵੀਰਨਾ,

ਤੈਨੂੰ ਸੱਸ ਚੰਦਰੀ ਦੇ ਰੁਦਨ ਸੁਣਾਵਾਂ।

ਨੀਂ ਸੱਸੇ ਤੇਰੀ ਮਹਿੰ ਮਰਜੇ,

ਮੇਰੇ ਵੀਰ ਨੂੰ ਸੁੱਕੀ ਖੰਡ ਪਾਈ।

ਇਤਿਹਾਸ ਨਾਲ ਸੰਬੰਧਤ ਗੀਤ : ਲੋਕ-ਗੀਤਾਂ ਤੋਂ ਸਾਨੂੰ ਪੰਜਾਬ ਦੇ ਇਤਿਹਾਸ ਨਾਲ ਸੰਬੰਧਤ ਘਟਨਾਵਾਂ ਦਾ ਜ਼ਿਕਰ ਵੀ ਮਿਲਦਾ ਹੈ। ਅਹਿਮਦ ਸ਼ਾਹ ਅਬਦਾਲੀ ਦੀ ਲੁੱਟ ਖਸੁੱਟ ਬਾਰੇ ਪਤਾ ਚਲਦਾ ਹੈ।

ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ।

ਮੁਗ਼ਲ ਰਾਜ ਮਗਰੋਂ ਅੰਗਰੇਜ਼ੀ ਰਾਜ ਆ ਗਿਆ। ਫਿਰ ਗਾਂਧੀ ਦੀ ਸ਼ਾਂਤੀ ਲਹਿਰ ਚੱਲੀ, ਜਿਸਦਾ ਵਰਨਣ ਲੋਕ ਗੀਤਾਂ ਵਿਚ ਇੰਝ ਮਿਲਦਾ ਹੈ :

ਦੇਹ ਚਰਖੇ ਨੂੰ ਗੜਾ,

ਲੋੜ ਨਹੀਂ ਤੋਪਾਂ ਦੀ।

ਤੇਰੇ ਬੰਬਾਂ ਨੂੰ ਚੱਲਣ ਨਹੀਂ ਦੇਣਾ,

ਗਾਂਧੀ ਦੇ ਚਰਖੇ ਨੇ।

ਭਗਤ ਸਿੰਘ ਦੀ ਫਾਂਸੀ ਬਾਰੇ :

ਤੇਰਾ ਰਾਜ ਨਾ ਫਰੰਗੀਆ ਰਹਿਣਾ, ਭਗਤ ਸਿੰਘ ਕੋਹ ਸੁੱਟਿਆ।

ਲਹਿਰਾਂ ਦਾ ਪ੍ਰਭਾਵ : ਆਰੀਆਂ ਨੇ ਅੱਤ ਚੁੱਕ ਲਈ, ਸਾਰੇ ਪਿੰਡ ਦੇ ਸਰਾਧ ਬੰਦ ਕੀਤੇ।

ਸਮੁੱਚੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਗੀਤਾਂ ਦੀ ਕੋਈ ਥਾਂ ਨਹੀਂ ਕਿਉਂ ਪੰਜਾਬੀ ਜੀਵਨ ਗੀਤਾਂ ਦਾ ਭਰਿਆ ਹੋਇਆ ਪਿਟਾਰਾ ਹੈ। ਪੰਜਾਬੀ ਲੋਕ ਗੀਤ ਪੰਜਾਬੀ ਸਾਹਿਤ ਦਾ ਅਮੀਰ ਵਿਰਸਾ ਹਨ। ਇਹ ਪੰਜਾਬੀ ਜੀਵਨ ਦੀ ਮੂੰਹ ਬੋਲਦੀ ਤਸਵੀਰ ਹਨ। ਇਨ੍ਹਾਂ ਦੀ ਉਮਰ ਬਹੁਤ ਲੰਮੀ ਹੁੰਦੀ ਹੈ। ਰਸੂਲ ਹਮਜ਼ਾਤੋਵ ਦਾ ਕਹਿਣ ਹੈ ਕਿ ਜੇ ਕਿਸੇ ਨੂੰ ਅਸੀਸ ਦੇਣੀ ਹੋਵੇ ਤਾਂ ਕਿਹਾ ਜਾਂਦਾ ਹੈ :

“ਜਾਹ ਸੱਜਣਾ ਵੇ! ਤੇਰੀ ਉਮਰ ਕਿਸੇ ਲੋਕ ਗੀਤ ਜਿੰਨੀ ਲੰਮੀ ਹੋਵੇ।”