CBSEEducationPunjabi Viakaran/ Punjabi Grammarਲੇਖ ਰਚਨਾ (Lekh Rachna Punjabi)

ਲੇਖ : ਪੰਜਾਬੀ ਕਵਿਤਾ ਉੱਤੇ ਇੱਕ ਝਾਤ


ਪੰਜਾਬੀ ਕਵਿਤਾ ਉੱਤੇ ਇੱਕ ਝਾਤ


ਪੰਜਾਬੀ ਕਵਿਤਾ – ਮੁਢਲੀ ਜਾਣ-ਪਛਾਣ : ਪੰਜਾਬੀ ਕਵਿਤਾ ਦਾ ਇਤਿਹਾਸ ਪੰਜਾਬੀ ਭਾਸ਼ਾ ਜਿੰਨਾ ਪੁਰਾਣਾ ਹੈ। ਆਰੰਭਿਕ ਦੌਰ ਤੋਂ ਲੈ ਕੇ ਹੁਣ ਤਕ ਪੰਜਾਬੀ ਕਾਵਿ ਨੇ ਅਨੇਕ ਮੰਜ਼ਲਾਂ ਤੈਅ ਕੀਤੀਆਂ ਹਨ ਤੇ ਇਸ ਦੇ ਭੰਡਾਰ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ। ਸ਼ੇਖ਼ ਫ਼ਰੀਦ (1173–1266 ਈ:) ਨੂੰ ਪੰਜਾਬੀ ਕਾਵਿ ਦਾ ਪਹਿਲਾ ਪ੍ਰਮਾਣਿਕ ਕਵੀ ਮੰਨਿਆ ਜਾਂਦਾ ਹੈ। ਉੱਤਰੀ ਭਾਰਤ ਦੀਆਂ ਹੋਰ ਬੋਲੀਆਂ ਵਾਂਗ ਪੰਜਾਬੀ ਕਵਿਤਾ (ਲਿਖਤੀ ਕਵਿਤਾ) ਦਾ ਮੁੱਢ ਵੀ ਨਾਥਾਂ-ਜੋਗੀਆਂ ਦੀ ਕਵਿਤਾ ਦੁਆਰਾ ਬੱਝਿਆ, ਪਰੰਤੂ ਉਨ੍ਹਾਂ ਦੀ ਰਚਨਾ ਨਿਰੋਲ ਪੰਜਾਬੀ ਰੰਗਣ ਵਾਲੀ ਨਹੀਂ। ਸ਼ੇਖ਼ ਫ਼ਰੀਦ ਦੇ ਕਾਵਿ-ਕੌਸ਼ਲ ਨੂੰ ਧਿਆਨ ਵਿੱਚ ਰੱਖਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਸ਼ੇਖ਼ ਹੁਰਾਂ ਤੋਂ ਪਹਿਲਾਂ ਢੇਰ ਸਾਰੀ ਰਚਨਾ ਜ਼ਰੂਰ ਹੋਈ ਹੋਵੇਗੀ ਜਿਹੜੀ ਕਿ ਅਲੱਭ ਹੈ।

ਪੰਜਾਬੀ ਕਾਵਿ-ਧਾਰਾਵਾਂ : ਸਮੁੱਚੀ ਪੰਜਾਬੀ ਕਵਿਤਾ ‘ਤੇ ਝਾਤ ਮਾਰਿਆਂ ਪੰਜ ਪ੍ਰਮੁੱਖ ਧਾਰਾਵਾਂ ਦਾ ਪਤਾ ਲੱਗਦਾ ਹੈ। ਇਹ ਧਾਰਾਵਾਂ ਪੰਜਾਬੀ ਕਾਵਿ ਦੀ ਵਿਆਪਕਤਾ ਤੇ ਅਨੇਕਤਾ ਦਾ ਪ੍ਰਮਾਣ ਹਨ। ਇਨ੍ਹਾਂ ਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ :

(ੳ) ਗੁਰਮਤਿ ਕਾਵਿ-ਧਾਰਾ : ਸ਼ੇਖ਼ ਫ਼ਰੀਦ ਤੋਂ ਲੈ ਕੇ ਗੁਰੂ ਨਾਨਕ ਦੇਵ ਜੀ (1469-1539 ਈ:) ਦੇ ਸਮੇਂ ਤਕ ਲਿਖਿਆ ਗਿਆ ਢੇਰ ਸਾਰਾ ਕਾਵਿ-ਸਾਹਿਤ ਦੁਰਲੱਭ ਹੈ। ਵਾਸਤਵ ਵਿੱਚ ਇਸ ਵੇਲੇ ਦੀ ਰਚੀ ਹੋਈ ਪੰਜਾਬੀ ਕਵਿਤਾ ਨਾਲ ਵੀ ਉਹੀ ਹਾਲ ਹੋਇਆ ਜਾਪਦਾ ਹੈ ਜੋ ਫ਼ਰੀਦ ਜੀ ਤੋਂ ਪਹਿਲਾਂ ਦੀ ਕਵਿਤਾ ਨਾਲ ਹੋਇਆ।

ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਪੰਜਾਬੀ ਕਾਵਿ-ਸਾਹਿਤ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰਦਾ ਹੈ, ਕਵਿਤਾ ਵਿੱਚ ਨਿਖਾਰ ਆਉਂਦਾ ਹੈ ਅਤੇ ਇੱਕ ਸੁਨਹਿਰੀ ਕਾਲ ਦਾ ਅਰੰਭ ਹੁੰਦਾ ਹੈ। ਗੁਰੂ ਜੀ ਦੀ ਵਿਚਾਰਧਾਰਾ ਨੂੰ ਬਾਕੀ ਸਿੱਖ ਗੁਰੂਆਂ ਨੇ ਅਪਣਾਇਆ। ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਹਿਲੇ ਚਾਰ ਗੁਰੂ ਸਾਹਿਬਾਂ ਦੀ ਬਾਣੀ ਤੋਂ ਛੁੱਟ, ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ ਤੇ ਗੁਰੂ ਘਰ ਦੇ ਹੋਰ ਪ੍ਰੇਮੀਆਂ ਦੀ ਬਾਣੀ ਨੂੰ ‘ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਸੁਰੱਖਿਅਤ ਕਰ ਕੇ ਭਾਰਤੀ ਸਾਹਿਤ ਉੱਤੇ ਇੱਕ ਮਹਾਨ ਪਰਉਪਕਾਰ ਕੀਤਾ। 1430 ਪੰਨਿਆਂ ਵਾਲੇ ਇਸ ਵੱਡ-ਆਕਾਰ ਦੇ ਗ੍ਰੰਥ ਦੀ ਸਾਰੀ ਬਾਣੀ ਇੱਕ ਵਿਚਾਰਧਾਰਾ ਦੀ ਧਾਰਨੀ ਹੈ ਅਤੇ ਇਸ ਨੂੰ ਗੁਰਬਾਣੀ ਜਾਂ ਗੁਰਮਤਿ-ਕਾਵਿ ਕਿਹਾ ਜਾਂਦਾ ਹੈ।

ਗੁਰਮਤਿ-ਕਾਵਿ ਅਧਿਆਤਮਵਾਦੀ ਕਵਿਤਾ ਹੈ। ਇਹ ਕਵਿਤਾ ਆਤਮਾ ਤੇ ਪਰਮਾਤਮਾ ਦੇ ਸੰਬੰਧਾਂ ਦੇ ਭੇਦ ਖੋਲ੍ਹਦੀ ਹੈ ਅਤੇ ਆਤਮਾ ਨੂੰ ਪਰਮਾਤਮਾ-ਪ੍ਰਾਪਤੀ ਦਾ ਰਾਹ ਦੱਸਦੀ ਹੈ। ਇੱਥੋਂ ਪਤਾ ਲੱਗਦਾ ਹੈ ਕਿ ਪਰਮਾਤਮਾ ਇੱਕ ਹੈ ਜੋ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਇਸ ਨੂੰ ਚਲਾਉਣ ਵਾਲਾ ਅਤੇ ਘਟ ਘਟ ਵਿੱਚ ਵਸਣ ਵਾਲਾ ਹੈ। ‘ਉਸ’ ਨੂੰ ਜੰਗਲਾਂ ਜਾਂ ਪਹਾੜਾਂ ਵਿੱਚ ਜਾ ਕੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਸਗੋਂ ਦਸਾਂ ਨਹੁੰਆਂ ਦੀ ਕਿਰਤ ਕਰ ਕੇ, ਵੰਡ ਛਕ ਕੇ ਅਤੇ ਗ੍ਰਹਿਸਤ ਵਿੱਚ ਸਵੱਛ ਅਤੇ ਨਿਮਰਤਾ-ਭਰਿਆ ਜੀਵਨ ਬਤੀਤ ਕਰ ਕੇ ਲੱਭਿਆ ਜਾ ਸਕਦਾ ਹੈ। ਇਸ ਲਈ ਪਰਮਾਤਮਾ ਨੂੰ ਮਨੁੱਖ ਦੇ ਅੰਦਰੋਂ ਖੋਜਣ ਲਈ ਪ੍ਰੇਰਿਆ ਗਿਆ ਹੈ। ਭਗਤੀ ਮਾਰਗ ਉੱਤੇ ਗੁਰਮਤਿ-ਕਾਵਿ ਵਿੱਚ ਵੀ ਬਹੁਤ ਜ਼ੋਰ ਦਿੱਤਾ ਗਿਆ ਹੈ। ਗੁਰਮਤਿ-ਕਾਵਿ ਦੇ ਇਨ੍ਹਾਂ ਮੁੱਖ ਸਿਧਾਂਤਾਂ ਨੂੰ ਹੀ ਬਾਕੀ ਗੁਰੂ ਸਾਹਿਬਾਂ ਨੇ ਪ੍ਰਗਟਾਇਆ ਹੈ।

ਅਧਿਆਤਮਵਾਦੀ ਵਿਚਾਰਾਂ ਦੇ ਨਾਲ ਗੁਰਮਤਿ-ਕਾਵਿ ਵਿੱਚ ਸਮਕਾਲੀ ਸਮਾਜਕ ਤੇ ਰਾਜਨੀਤਕ ਸਥਿਤੀ ਦਾ ਚਿੱਤਰ ਵੀ ਮਿਲਦਾ ਹੈ। ਇਸ ਸਬੰਧ ਵਿੱਚ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਬਾਬਰਵਾਣੀ ਦੇ ਸ਼ਬਦ ਵਰਣਨ-ਯੋਗ ਹਨ ਜਿਨ੍ਹਾਂ ਵਿੱਚ ਬਾਬਰ ਦੇ ਹਮਲੇ ਸਮੇਂ ਜਨਤਾ ਉੱਤੇ ਹੋਏ ਅੱਤਿਆਚਾਰਾਂ ਦੀ ਮੂੰਹ-ਬੋਲਦੀ ਤਸਵੀਰ ਖਿੱਚੀ ਗਈ ਹੈ। ਸਦਾਚਾਰਕ ਗੁਣ ਗ੍ਰਹਿਣ ਕਰਨ ਦੀ ਪ੍ਰੇਰਨਾ ਵੀ ਗੁਰਮਤਿ-ਕਾਵਿ ਤੋਂ ਮਿਲਦੀ ਹੈ।

ਗੁਰਮਤਿ-ਕਾਵਿ ਵਿੱਚ ਸਾਨੂੰ ‘ਪੱਟੀ’, ‘ਬਾਰਾਂ ਮਾਂਹ’, ‘ਵਾਰਾਂ’, ‘ਸਤਵਾਰੇ’, ‘ਸਲੋਕ’, ‘ਘੋੜੀਆਂ’, ‘ਅਲਾਹੁਣੀਆਂ’ ਅਤੇ ‘ਪਦ’ ਆਦਿ ਕਾਵਿ-ਕਲਾ ਦੇ ਭਿੰਨ ਭਿੰਨ ਲੋਕ-ਰੂਪ ਮਿਲਦੇ ਹਨ। ਇਹ ਸਾਰੀ ਦੀ ਸਾਰੀ ਕਵਿਤਾ ਨਾ ਕੇਵਲ ਰਾਗਾਂ ਉੱਤੇ ਅਧਾਰਤ ਹੈ, ਸਗੋਂ ਉਸ ਸਮੇਂ ਦੀ ਆਮ ਬੋਲ-ਚਾਲ ਦੀ ਬੋਲੀ ਦੇ ਅਤਿ ਨੇੜੇ ਦੀ ਭਾਸ਼ਾ ਵਿੱਚ ਹੈ, ਭਾਵੇਂ ਇਸ ਵਿੱਚ ਸਾਧ ਭਾਸ਼ਾ ਤੇ ਸੰਸਕ੍ਰਿਤ ਦੀ ਸ਼ਬਦਾਵਲੀ ਵੀ ਚੋਖੀ ਮਿਲਦੀ ਹੈ। ਗੁਰਮਤਿ-ਕਾਵਿ-ਧਾਰਾ ਦੀ ਕਵਿਤਾ ਨੂੰ ਪੰਜਾਬੀ ਕਵਿਤਾ ਦਾ ਸੁਨਹਿਰੀ ਯੁੱਗ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਸ ਵਿੱਚ ਹਰ ਪੱਖੋਂ ਪੰਜਾਬੀ ਕਵਿਤਾ ਉੱਨਤੀ ਦੀਆਂ ਸਿਖਰਾਂ ਨੂੰ ਛੋਂਹਦੀ ਹੋਈ ਪ੍ਰਤੱਖ ਦਿੱਸਦੀ ਹੈ।

(ਅ) ਸੂਫ਼ੀ ਕਾਵਿ-ਧਾਰਾ : ਪੰਜਾਬੀ ਕਵਿਤਾ ਵਿੱਚ ਗੁਰਮਤਿ-ਕਾਵਿ ਧਾਰਾ ਦੇ ਨਾਲ-ਨਾਲ ਸੂਫ਼ੀ ਕਾਵਿ- ਧਾਰਾ ਵੀ ਚਲਦੀ ਹੈ। ਸੂਫ਼ੀ ਕਾਵਿ-ਧਾਰਾ ਸ਼ੇਖ਼ ਫ਼ਰੀਦ ਨਾਲ ਅਰੰਭ ਹੁੰਦੀ ਹੈ ਅਤੇ ਸ਼ਾਹ ਹੁਸੈਨ, ਸੁਲਤਾਨ ਬਾਹੂ, ਸ਼ਾਹ ਸ਼ਰਫ਼, ਬੁੱਲ੍ਹੇ ਸ਼ਾਹ ਅਤੇ ਅਲੀ ਹੈਦਰ ਇਸ ਦੇ ਪ੍ਰਮੁੱਖ ਕਵੀ ਹਨ।

ਸੂਫ਼ੀਆਂ ਦੀ ਵਿਚਾਰਧਾਰਾ ਦਾ ਮੂਲ ਇਸਲਾਮ ਧਰਮ ਹੀ ਹੈ, ਪਰ ਆਪਣੇ ਅਲਬੇਲੇ ਤੇ ਖੁੱਲ੍ਹੇ ਸੁਭਾਅ ਕਾਰਣ ਇਨ੍ਹਾਂ ਨੇ ਇਸਲਾਮ ਧਰਮ ਦੇ ਕਈ ਨਿਯਮਾਂ ਵੱਲੋਂ ਮੂੰਹ ਮੋੜ ਲਿਆ। ਵਾਸਤਵ ਵਿੱਚ ਸੂਫ਼ੀ ਇਸਲਾਮ ਦੇ ਪ੍ਰਚਾਰ ਲਈ ਅੱਡ-ਅੱਡ ਥਾਵਾਂ ‘ਤੇ ਜਾ ਟਿਕੇ ਅਤੇ ਉਨ੍ਹਾਂ ਉੱਥੋਂ ਦੀ ਲੋਕ-ਬੋਲੀ ਵਿੱਚ ਆਪਣੇ ਵਿਚਾਰ ਦਿੱਤੇ। ਪੰਜਾਬ ਵਿੱਚ ਵਸੇ ਸੂਫ਼ੀਆਂ ਨੇ ਪੰਜਾਬੀ ਨੂੰ ਅਪਣਾਇਆ। ਇਸਲਾਮੀ ਧਰਮ ਨਾਲ ਸੰਬੰਧਿਤ ਹੋਣ ਕਰਕੇ ਇਨ੍ਹਾਂ ਦੀ ਬੋਲੀ ਵਿਚ ਅਰਬੀ-ਫ਼ਾਰਸੀ ਦੇ ਸ਼ਬਦਾਂ ਦੀ ਭਰਮਾਰ ਹੈ। ਰੂਪਕ ਪੱਖ ਤੋਂ ਸੂਫ਼ੀ ਕਵਿਤਾ ਵਿੱਚ ਬਹੁਤੀ ਭਿੰਨਤਾ ਨਹੀਂ ਹੈ। ਆਮ ਕਵੀਆਂ ਨੇ ‘ਕਾਫ਼ੀ’ ਰੂਪ ਨੂੰ ਅਪਣਾਇਆ ਹੈ।

ਗੁਰੂ-ਕਵੀਆਂ ਵਾਂਗ ਸੂਫ਼ੀ ਕਵੀ ਵੀ ਅਧਿਆਤਮਵਾਦੀ ਹਨ। ਇਹ ਵੀ ਪ੍ਰਾਣੀ ਨੂੰ ਰੱਬ-ਪ੍ਰਾਪਤੀ ਦਾ ਮਾਰਗ ਦੱਸਦੇ ਹਨ ਅਤੇ ਇਸ ਪ੍ਰਾਪਤੀ ਲਈ ਪ੍ਰੇਮ-ਮਾਰਗ ਨੂੰ ਸਹੀ ਮਾਰਗ ਆਖਦੇ ਹਨ—’ਇਸ਼ਕ ਦੀ ਨਵੀਓਂ ਨਵੀਂ ਬਹਾਰ’ ਅਤੇ ‘ਪ੍ਰੇਮ-ਚੇਤਨਾ’ ਨੂੰ ਆਪਣੇ ਕਾਵਿ ਵਿੱਚ ਥਾਂ-ਥਾਂ ਦਰਸਾਉਂਦੇ ਹਨ। ਜਿਥੇ ਗੁਰੂ-ਕਵੀ ਵੇਦਿਕ ਵਿਚਾਰਧਾਰਾ ਅਨੁਸਾਰ ਆਤਮਾ ਅਤੇ ਪਰਮਾਤਮਾ ਦੇ ਸੰਬੰਧ ਨੂੰ ਪਤਨੀ ਅਤੇ ਪਤੀ ਦੇ ਸੰਬੰਧ ਦੇ ਰੂਪ ਵਿੱਚ ਬਿਆਨ ਕਰਦੇ ਹਨ—ਆਤਮਾ ਰੂਪੀ ਪਤਨੀ ਪਰਮਾਤਮਾ ਰੂਪੀ ਪਤੀ ਲਈ ਸਭ ਕਸ਼ਟ ਸਹਾਰਦੀ ਹੈ ਅਤੇ ਉਸ ਦੀ ਰਜ਼ਾ ਤੋਂ ਬਾਹਰ ਨਹੀਂ ਜਾਂਦੀ, ਉੱਥੇ ਅਲਬੇਲੇ ਸੂਫ਼ੀ ਕਵੀ ਆਮ ਕਰਕੇ ਆਤਮਾ ਅਤੇ ਪਰਮਾਤਮਾ ਨੂੰ ਆਸ਼ਕ ਤੇ ਮਾਸ਼ੂਕ ਦੇ ਰੂਪ ਵਿੱਚ ਪੇਸ਼ ਕਰਦੇ ਹਨ। ਗੁਰਮਤਿ-ਕਾਵਿ-ਧਾਰਾ ਦੇ ਉਲਟ ਸੂਫ਼ੀ ਕਵਿਤਾ ਵਿੱਚ ਆਤਮਾ ਪਰਮਾਤਮਾ ਨੂੰ ਤਾਹਨੇ-ਮਿਹਣੇ ਵੀ ਮਾਰਦੀ ਹੈ। ਇੱਥੇ ਦੁਨਿਆਵੀ ਪ੍ਰੀਤ ਨੂੰ ਸਾਧਨ ਮੰਨ ਕੇ ਰੱਬੀ ਪ੍ਰੀਤ ‘ਤੇ ਜ਼ੋਰ ਦਿੱਤਾ ਗਿਆ ਹੈ।

(ੲ) ਕਿੱਸਾ ਕਾਵਿ-ਧਾਰਾ : ਪੰਜਾਬੀ ਕਵਿਤਾ ਦੀ ਤੀਜੀ ਧਾਰਾ ਕਿੱਸਾ ਕਾਵਿ-ਧਾਰਾ ਹੈ, ਜਿਹੜੀ ਉਪਰੋਕਤ ਦੋਹਾਂ ਧਾਰਾਵਾਂ ਦੇ ਸਮਰੂਪ ਚਲਦੀ ਆਈ ਹੈ। ਇਸ ਕਾਵਿ-ਧਾਰਾ ਦਾ ਮੋਢੀ ਦਮੋਦਰ ਹੈ ਜਿਸ ਨੇ ਸਭ ਤੋਂ ਪਹਿਲਾਂ ਹੀਰ-ਰਾਂਝੇ ਦੀ ਪ੍ਰੀਤ-ਕਹਾਣੀ ਨੂੰ ਕਿੱਸੇ ਦੇ ਰੂਪ ਵਿੱਚ ਲਿਖਿਆ। ਉਸ ਤੋਂ ਪਿੱਛੋਂ ਪੀਲੂ, ਹਾਫ਼ਜ਼ ਬਰਖ਼ੁਰਦਾਰ, ਮੁਕਬਲ, ਵਾਰਿਸ ਸ਼ਾਹ, ਹਾਸ਼ਮ, ਕਾਦਰ ਯਾਰ, ਫ਼ਜ਼ਲ ਸ਼ਾਹ, ਅਹਿਮਦਯਾਰ ਅਤੇ ਭਗਵਾਨ ਸਿੰਘ ਆਦਿ ਪ੍ਰਸਿੱਧ ਪੰਜਾਬੀ ਕਿੱਸਾ-ਕਵੀ ਹੋਏ ਹਨ।

ਕਿੱਸਾ-ਕਾਵਿ ਦਾ ਮੁੱਖ ਵਿਸ਼ਾ ਵੀ ਪ੍ਰੀਤ ਹੀ ਹੈ, ਪਰ ਇਹ ਰੱਬੀ ਪ੍ਰੇਮ ਤੋਂ ਬਦਲ ਕੇ ਸੰਸਾਰੀ ਪ੍ਰੀਤ ਦਾ ਰੂਪ ਧਾਰਨ ਕਰ ਲੈਂਦੀ ਹੈ। ਕਿੱਸਾਕਾਰਾਂ ਨੇ ਆਪਣੇ ਕਿੱਸਿਆਂ ਵਿੱਚ ਹੀਰ-ਰਾਂਝਾ, ਸੱਸੀ-ਪੁੰਨੂੰ, ਸੋਹਣੀ-ਮਹੀਂਵਾਲ, ਲੈਲਾ-ਮਜਨੂੰ, ਮਿਰਜ਼ਾ-ਸਾਹਿਬਾਂ ਤੇ ਯੂਸਫ਼-ਜ਼ੁਲੈਖਾਂ ਆਦਿ ਦੀਆਂ ਪ੍ਰੀਤ-ਕਹਾਣੀਆਂ ਨੂੰ ਕਵਿਤਾ ਵਿੱਚ ਲਿਖਿਆ ਹੈ। ਇਨ੍ਹਾਂ ਨੇ ਆਮ ਕਰ ਕੇ ਇਨ੍ਹਾਂ ਕਹਾਣੀਆਂ ਦਾ ਵਰਣਨ ਲੋਕਾਂ ਨੂੰ ਕਾਵਿ-ਰਸ ਦੇਣ ਲਈ ਕੀਤਾ ਹੈ। ਪਰ ਕਈ ਕਵੀ ਕਿੱਸਿਆਂ ਵਿੱਚ ਬਿਆਨ ਕੀਤੇ ਸੰਸਾਰੀ ਪ੍ਰੀਤ (ਇਸ਼ਕ-ਮਜਾਜ਼ੀ) ਨੂੰ ਮਾੜਾ ਨਹੀਂ ਸਮਝਦੇ, ਸਗੋਂ ਰੱਬੀ ਪ੍ਰੇਮ (ਇਸ਼ਕ-ਹਕੀਕੀ) ਦਾ ਪਹਿਲਾ ਪੜਾਅ ਮੰਨਦੇ ਹਨ। ਕੁਝ ਕਿੱਸਿਆਂ ਵਿੱਚ ਇਤਿਹਾਸਕ ਵਿਸ਼ੇ ਲਏ ਗਏ ਹਨ ਅਤੇ ਪਿਛਲੇਰੇ ਕਿੱਸਾ-ਕਾਵਿ ਵਿੱਚ ਸੰਸਾਰ ਦੀ ਨਾ ਨਾਮਤਾ ਵਰਗੇ ਵਿਸ਼ੇ ਵੀ ਮਿਲਦੇ ਹਨ।

ਸੂਫ਼ੀ ਕਵੀਆਂ ਵਾਂਗ ਕਿੱਸਾਕਾਰਾਂ ਦੀ ਬੋਲੀ ਵੀ ਅਰਬੀ-ਫ਼ਾਰਸੀ ਦੀ ਸ਼ਬਦਾਵਲੀ ਨਾਲ ਲੱਦੀ ਪਈ ਹੈ। ਕਾਰਣ ਇਹ ਹੈ ਕਿ ਕਿੱਸਾਕਾਰ ਵੀ ਵਧੇਰੇ ਕਰ ਕੇ ਮੁਸਲਮਾਨ ਹੋਏ ਹਨ। ਕਿੱਸਿਆਂ ਵਿੱਚ ਅਲੰਕਾਰਾਂ ਤੇ ਬਿੰਬਾਂ ਦੀ ਬਹੁਲਤਾ ਹੈ, ਪਰ ਇਨ੍ਹਾਂ ਵਿੱਚ ਕੋਈ ਵਿਸ਼ੇਸ਼ ਭਿੰਨਤਾ ਨਹੀਂ। ਛੰਦਾਂ ਵਿੱਚੋਂ ਕੇਵਲ ਬੈਂਤ ਤੇ ਦਵੱਈਆ ਹੀ ਵਰਤੇ ਗਏ ਹਨ। ਬੈਂਤ ਦਾ ਰੂਪ ਸਭ ਤੋਂ ਵੱਧ ਵਰਤਿਆ ਗਿਆ ਮਿਲਦਾ ਹੈ।

(ਸ) ਬੀਰ-ਰਸੀ ਕਾਵਿ-ਧਾਰਾ : ਬੀਰ-ਰਸੀ ਕਾਵਿ-ਧਾਰਾ ਦਾ ਆਰੰਭ ਸਹੀ ਸ਼ਬਦਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ (1666-1708 ਈ:) ਦੀ ਰਚਨਾ ‘ਚੰਡੀ ਦੀ ਵਾਰ’ ਨਾਲ ਹੋਇਆ ਮੰਨਣਾ ਪਵੇਗਾ। ਨਾਦਰ ਸ਼ਾਹ ਦੀ ਵਾਰ (ਨਜਾਬਤ), ਹਕੀਕਤ ਰਾਏ ਦੀ ਵਾਰ (ਅਗਰਾ) ਅਤੇ ਅੰਗਰੇਜ਼ਾਂ ਤੇ ਸਿੱਖਾਂ ਦੀ ਲੜਾਈ (ਸ਼ਾਹ ਮੁਹੰਮਦ) ਚੰਡੀ ਦੀ ਵਾਰ ਪਿੱਛੋਂ ਦੀਆਂ ਮਹੱਤਵਪੂਰਨ ਬੀਰ-ਰਸੀ ਰਚਨਾਵਾਂ ਹਨ।

ਬੀਰ-ਰਸੀ ਕਵੀ ਆਪਣੀਆਂ ਰਚਨਾਵਾਂ ਵਿੱਚ ਕਿਸੇ ਮਹਾਨ ਵਿਅਕਤੀ ਦੀ ਸ਼ਕਤੀ ਤੇ ਸੂਰਬੀਰਤਾ ਦਾ ਸਿਫ਼ਤਾਂ-ਭਰਿਆ ਵਰਣਨ ਕਰਦੇ ਹਨ। ਆਮ ਕਰ ਕੇ ਬੀਰ-ਰਸੀ ਕਵਿਤਾ ਦਾ ਮੰਤਵ ਲੋਕਾਂ ਵਿੱਚ ਬੀਰ-ਰਸ ਪੈਦਾ ਕਰਨਾ ਹੁੰਦਾ ਹੈ ਤਾਂ ਜੋ ਉਹ ਇਸ ਰਚਨਾ ਨੂੰ ਪੜ੍ਹ ਕੇ ਦੇਸ਼ ਦੀ ਖ਼ਾਤਰ ਮਰ-ਮਿਟਣ ਲਈ ਤਿਆਰ ਹੋ ਸਕਣ।

(ਹ) ਆਧੁਨਿਕ ਕਾਵਿ-ਧਾਰਾ : ਭਾਈ ਵੀਰ ਸਿੰਘ (1872–1980 ਈ:) ਦੀ ਕਵਿਤਾ ਨਾਲ ਪੰਜਾਬੀ ਕਵਿਤਾ ਵਿੱਚ ਇੱਕ ਨਵੀਂ ਧਾਰਾ ਚਾਲੂ ਹੁੰਦੀ ਹੈ ਜਿਸ ਨੂੰ ਆਧੁਨਿਕ ਕਾਵਿ-ਧਾਰਾ ਕਿਹਾ ਜਾ ਸਕਦਾ ਹੈ। ਇਹ ਧਾਰਾ ਪੱਛਮੀ ਸਾਹਿਤ ਦੇ ਪ੍ਰਭਾਵ ਨਾਲ ਆਈ। ਇਸ ਵਿੱਚ ਪੰਜਾਬੀ ਕਵਿਤਾ ਸੀਮਤ ਵਿਸ਼ੇ-ਖੇਤਰ ਵਿੱਚੋਂ ਨਿਕਲ ਕੇ ਖੁੱਲ੍ਹੀਆਂ ਉਡਾਰੀਆਂ ਮਾਰਨ ਲੱਗ ਪਈ। ਕੇਵਲ ਰੱਬੀ ਜਾਂ ਦੁਨਿਆਵੀ ਪਿਆਰ ਦੀ ਥਾਂ ਸਮਾਜਕ, ਭਾਈਚਾਰਕ, ਸਦਾਚਾਰਕ, ਦੇਸ਼-ਪਿਆਰ ਤੇ ਕੁਦਰਤ-ਪਿਆਰ ਆਦਿ ਵਿਸ਼ਿਆਂ ਨੂੰ ਪ੍ਰਗਟਾਉਣ ਲੱਗ ਪਈ। ਕਲਾ ਦੇ ਪੱਖ ਤੋਂ ਹੁਣ ਨਿੱਤ ਨਵੇਂ ਪ੍ਰਯੋਗ ਹੋ ਰਹੇ ਹਨ। ਹੁਣ ਕਵਿਤਾ ਧਰਮਾਤਮਾਵਾਂ ਤੇ ਰਾਜਿਆਂ-ਮਹਾਰਾਜਿਆਂ ਦਿਆਂ ਹੱਥਾਂ ਵਿੱਚੋਂ ਨਿਕਲ ਕੇ ਆਮ ਜਨਤਾ ਦੀ ਚੀਜ਼ ਬਣਦੀ ਜਾ ਰਹੀ ਹੈ। ਭਾਈ ਵੀਰ ਸਿੰਘ ਤੋਂ ਛੁੱਟ ਪ੍ਰੋ: ਪੂਰਨ ਸਿੰਘ, ਲਾਲਾ ਧਨੀ ਰਾਮ ਚਾਤ੍ਰਿਕ, ਸ: ਅਵਤਾਰ ਸਿੰਘ ਆਜ਼ਾਦ, ਪ੍ਰੋ: ਮੋਹਣ ਸਿੰਘ, ਅੰਮ੍ਰਿਤਾ ਪ੍ਰੀਤਮ, ਪ੍ਰੀਤਮ ਸਿੰਘ ਸਫ਼ੀਰ, ਬਾਵਾ ਬਲਵੰਤ ਤੇ ਸ਼ਿਵ ਕੁਮਾਰ ਬਟਾਲਵੀ ਆਦਿ ਸਿਰ-ਕੱਢ ਕਵੀ ਹਨ। ਇਨ੍ਹਾਂ ਦੇ ਨਾਲ ਅਣਗਿਣਤ ਹੋਰ ਕਵੀ ਵੀ ਪੰਜਾਬੀ ਕਵਿਤਾ ਦੀ ਸੇਵਾ ਕਰ ਰਹੇ ਹਨ ਅਤੇ ਇਸ ਨੂੰ ਉੱਨਤੀ ਦੀਆਂ ਸਿਖਰਾਂ ਵੱਲ ਲਿਜਾ ਰਹੇ ਹਨ। ਆਧੁਨਿਕ ਕਵਿਤਾ ਵਿੱਚ ਰੂਮਾਂ ਵਾਦ, ਪ੍ਰਗਤੀਵਾਦ, ਪ੍ਰਯੋਗਵਾਦ ਤੇ ਜੁਝਾਰੂ ਕਾਵਿ ਆਦਿ ਕਈ ਲਹਿਰਾਂ ਪ੍ਰਗਟ ਹੋਈਆਂ ਹਨ।

ਆਧੁਨਿਕ ਪੰਜਾਬੀ ਕਾਵਿ ਦੀ ਗੱਲ ਅਧੂਰੀ ਰਹਿ ਜਾਵੇਗੀ, ਜੇਕਰ ਪੰਜਾਬੀ ਗ਼ਜ਼ਲ ਲਹਿਰ ਦਾ ਜ਼ਿਕਰ ਨਾ ਕੀਤਾ ਜਾਏ। ਇਸ ਵਿੱਚ ਸ਼ੱਕ ਨਹੀਂ ਕਿ ਪੰਜਾਬੀ ਗ਼ਜ਼ਲ ਦੇ ਟਾਵੇਂ-ਟਾਵੇਂ ਨਮੂਨੇ ਕਿੱਸਾਕਾਰ-ਕਵੀਆਂ ਦੀਆਂ ਰਚਨਾਵਾਂ ਵਿੱਚੋਂ ਮਿਲ ਜਾਂਦੇ ਹਨ, ਪਰ ਦੇਸ਼ ਦੀ ਅਜ਼ਾਦੀ ਤੋਂ ਪਿੱਛੋਂ ਸ਼ਾਇਦ ਹੀ ਕੋਈ ਅਜਿਹਾ ਕਵੀ ਹੋਵੇਗਾ, ਜਿਸ ਨੇ ਇਸ ਕਾਵਿ ਰੂਪ ਉੱਤੇ ਕਲਮ ਨਾ ਅਜ਼ਮਾਈ ਹੋਵੇ। ਪੰਜਾਬੀ ਗ਼ਜ਼ਲ ਵਿੱਚ ਜਿਥੇ ਪਰੰਪਰਾਗਤ ਢੰਗ ਦੀਆਂ ਗ਼ਜ਼ਲਾਂ ਮਿਲਦੀਆਂ ਹਨ ਉੱਥੇ ਨਵੇਂ ਕਵੀਆਂ ਨੇ ਗ਼ਜ਼ਲ ਦੇ ਮਾਧਿਅਮ ਰਾਹੀਂ ਪ੍ਰਗਤੀਵਾਦੀ ਵਿਚਾਰ ਵੀ ਪ੍ਰਗਟ ਕੀਤੇ ਹਨ ਅਤੇ ਕਈ ਗ਼ਜ਼ਲਾਂ ਪ੍ਰਯੋਗਵਾਦੀ ਸੁਰ ਵਾਲੀਆਂ ਹਨ। ਪ੍ਰੋ: ਮੋਹਨ ਸਿੰਘ, ਦੀਪਕ ਜੈਤੋਈ, ਤਖ਼ਤ ਸਿੰਘ, ਡਾ. ਸਾਧੂ ਸਿੰਘ ਹਮਦਰਦ, ਡਾ. ਦੀਵਾਨ ਸਿੰਘ, ਸੁਰਜੀਤ ਰਾਮਪੁਰੀ, ਜਗਤਾਰ, ਰਣਧੀਰ ਸਿੰਘ ਚੰਦ, ਕੰਵਰ ਚੌਹਾਨ, ਠਾਕਰ ਭਾਰਤੀ, ਅਜਾਇਬ ਚਿੱਤਰਕਾਰ, ਕੁਲਵੰਤ ਨੀਲੋ, ਗੁਰਦੇਵ ਨਿਰਧਨ ਤੇ ਹੋਰ ਅਣਗਿਣਤ ਕਵੀਆਂ ਨੇ ਗ਼ਜ਼ਲਾਂ ਰਚੀਆਂ ਹਨ। ਅਜੋਕੀ ਪੰਜਾਬੀ ਗ਼ਜ਼ਲ ਨੇ ਅਰਬੀ-ਫ਼ਾਰਸੀ ਗ਼ਜ਼ਲਾਂ ਦੀਆਂ ਬਹੁਤ ਸਾਰੀਆਂ ਬੰਦਸ਼ਾਂ ਨੂੰ ਤੋੜ ਕੇ ਆਪਣੇ ਨਵੇਕਲੇ ਰਾਹ ਬਣਾਏ ਹਨ ਅਤੇ ਇਸ ਦੇ ਵਿਸ਼ੇ-ਵਸਤੂ
ਦਾ ਘੇਰਾ ਵੀ ਬਹੁਤ ਮੋਕਲਾ ਕੀਤਾ ਹੈ। ਫਿਰ ਵੀ ਗ਼ਜ਼ਲ ਦਾ ਆਪਣਾ ਰੂਪ-ਵਿਧਾਨ ਤੇ ਨਿਯਮਾਵਲੀ ਹੈ ਅਤੇ ਚੰਗੀ ਗ਼ਜ਼ਲ ਕਹਿਣ ਲਈ ਕਾਫ਼ੀ ਸਾਧਨਾਂ ਦੀ ਲੋੜ ਹੈ।

ਪੰਜਾਬੀ ਕਾਵਿ ਦਾ ਨਿਰੰਤਰ ਸਫ਼ਰ ਜਾਰੀ ਹੈ ਤੇ ਇਸ ਵਿੱਚ ਅਣਗਿਣਤ ਸੰਭਾਵਨਾਵਾਂ ਮੌਜੂਦ ਹਨ। ਨਿਰਸੰਦੇਹ ਇਹ ਸੰਸਾਰ ਦੀ ਚੰਗੀ ਕਵਿਤਾ ਦੇ ਨਕਸ਼ੇ-ਕਦਮਾਂ ‘ਤੇ ਚੱਲ ਰਹੀ ਹੈ।