ਲੇਖ : ਨਰਿੰਦਰ ਮੋਦੀ ਜੀ
ਭਾਰਤ ਦੇ ਪ੍ਰਧਾਨਮੰਤਰੀ : ਨਰਿੰਦਰ ਮੋਦੀ ਜੀ
ਜਾਣ-ਪਛਾਣ : ਸ੍ਰੀ ਨਰਿੰਦਰ ਮੋਦੀ ਜੀ ਭਾਰਤ ਦੇ 15ਵੇਂ ਪ੍ਰਧਾਨ ਮੰਤਰੀ ਹਨ। ਉਨ੍ਹਾਂ ਦਾ ਪੂਰਾ ਨਾਂ ਨਰੇਂਦਰ ਦਮੋਦਰ ਦਾਸ ਮੋਦੀ ਹੈ।
ਜਨਮ ਤੇ ਮਾਤਾ-ਪਿਤਾ : ਉਨ੍ਹਾਂ ਦਾ ਜਨਮ 17 ਸਤੰਬਰ, 1950 ਈ. ਨੂੰ ਪਿੰਡ ਵਡਨਗਰ, ਜ਼ਿਲ੍ਹਾ ਮਹਿਸਾਨਾ, ਗੁਜਰਾਤ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਦਮੋਦਰ ਦਾਸ ਮੂਲ ਚੰਦ ਤੇ ਮਾਤਾ ਦਾ ਨਾਂ ਹੀਰਾ ਬੇਗਮ ਹੈ। ਉਨ੍ਹਾਂ ਦੇ ਤਿੰਨ ਭਰਾ ਹਨ—ਸੋਮਾ ਮੋਦੀ, ਪ੍ਰਮੋਦ ਮੋਦੀ ਤੇ ਪੰਕਜ ਮੋਦੀ।
ਵਿੱਦਿਆ : ਉਨ੍ਹਾਂ ਦੀ ਸਕੂਲੀ ਵਿੱਦਿਆ ਵਡਨਗਰ ਵਿੱਚ ਹੀ ਹੋਈ। 1978 ਵਿੱਚ ਉਨ੍ਹਾਂ ਰਾਜਨੀਤੀ ਸ਼ਾਸਤਰ ਵਿੱਚ ਗ੍ਰੈਜੂਏਸ਼ਨ ਕੀਤੀ ਤੇ 1983 ਈ. ‘ਚ ਗੁਜਰਾਤ ਯੂਨੀਵਰਸਿਟੀ ਤੋਂ ਰਾਜਨੀਤੀ ਵਿਗਿਆਨ ਵਿੱਚ ਹੀ ਮਾਸਟਰ ਡਿਗਰੀ ਪ੍ਰਾਪਤ ਕੀਤੀ। ਵਡਨਗਰ ਦੇ ਇੱਕ ਸਕੂਲ ਮਾਸਟਰ ਅਨੁਸਾਰ ਮੋਦੀ ਇੱਕ ਔਸਤ ਦਰਜੇ ਦੇ ਵਿਦਿਆਰਥੀ ਸਨ ਪਰ ਵਾਦ-ਵਿਵਾਦ, ਨਾਟਕ ਪ੍ਰਤੀਯੋਗਤਾਵਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਂਦੇ ਸਨ ਤੇ ਰਾਜਨੀਤੀ ਵਿੱਚ ਵੀ ਰੁਚੀ ਰੱਖਣ ਵਾਲੇ ਸਨ।
ਜੁਝਾਰੂ ਇਨਸਾਨ : ਬਚਪਨ ਤੋਂ ਹੀ ਉਨ੍ਹਾਂ ਨੂੰ ਕਈ ਮੁਸ਼ਕਲਾਂ ਤੇ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਪਰ ਇਰਾਦੇ ਦੀ ਦ੍ਰਿੜ੍ਹਤਾ ਤੇ ਸਾਹਸ ਦੀ ਤਾਕਤ ਨੇ ਚੁਣੌਤੀਆਂ ਨੂੰ ਵੀ ਅਵਸਰਾਂ ਵਿੱਚ ਬਦਲ ਦਿੱਤਾ। ਉਨ੍ਹਾਂ ਦੇ ਪਿਤਾ ਜੀ ਰੇਲਵੇ ਸਟੇਸ਼ਨ ‘ਤੇ ਚਾਹ ਵੇਚਦੇ ਸਨ। ਆਪ ਨੇ ਵੀ ਨਿਰਸੰਕੋਚ ਹੋ ਕੇ ਆਪਣੇ ਪਿਤਾ ਨਾਲ ਇਸ ਕੰਮ ਵਿੱਚ ਹੱਥ ਵਟਾਇਆ ਤੇ ਨਾਲ ਹੀ ਸਟੇਸ਼ਨ ‘ਤੇ ਆਉਣ-ਜਾਣ ਵਾਲੇ ਫ਼ੌਜੀਆਂ ਦੀ ਸੇਵਾ ਵਿੱਚ ਜੁਟ ਗਏ। ਜੀਵਨ ਦੇ ਸੰਗਰਾਮ ਵਿੱਚ ਉਹ ਅਕਸਰ ਇੱਕ ਜੁਝਾਰੂ ਵਾਂਗ ਨਿੱਤਰਦੇ ਰਹੇ। ਉਹ ਹਮੇਸ਼ਾ ਅਗਾਂਹਵਧੂ ਸੋਚ ਵਾਲੇ ਰਹੇ ਹਨ। 1961 ਈ. ਵਿੱਚ ਉਨ੍ਹਾਂ ਨੇ ਗੁਜਰਾਤ ਦੇ ਭੁਚਾਲ ਪੀੜਤਾਂ ਦੀ ਬਹੁਤ ਮਦਦ ਕੀਤੀ।
ਆਰ.ਐਸ.ਐਸ. ਦੇ ਮੈਂਬਰ ਵਜੋਂ : ਅਜੇ ਉਹ ਛੋਟੀ ਉਮਰ ਦੇ ਹੀ ਸਨ ਜਦੋਂ ਉਨ੍ਹਾਂ ਆਰ.ਐਸ.ਐਸ. ਨਾਲ ਕੰਮ ਕਰਨ ਦੀ ਸ਼ੁਰੂਆਤ ਕਰ ਦਿੱਤੀ ਕਿਉਂਕਿ ਉਨ੍ਹਾਂ ਦਾ ਮੁੱਖ ਉਦੇਸ਼ ਵੀ ਇਹੋ ਸੀ—ਭਾਰਤ ਦਾ ਸਮਾਜਕ ਤੇ ਆਰਥਕ ਵਿਕਾਸ। ਆਰ.ਐਸ.ਐਸ. ਵਿੱਚ ਕੰਮ ਕਰਦਿਆਂ ਉਨ੍ਹਾਂ ਨੇ ਕਈ ਮਹੱਤਵਪੂਰਨ ਅਹੁਦਿਆਂ ‘ਤੇ ਜ਼ਿੰਮੇਵਾਰੀ ਨਿਭਾਈ; ਜਿਵੇਂ 1974 ਵਿੱਚ ਨਵ-ਨਿਰਵਾਣ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਅਤੇ ਐਮਰਜੈਂਸੀ ਸਮੇਂ ਉਹ ਅੰਡਰ-ਗਰਾਊਂਡ ਹੋ ਕੇ ਉਸ ਸਮੇਂ ਦੀ ਕੇਂਦਰ ਸਰਕਾਰ ਦੇ ਫਾਸ਼ੀਵਾਦੀ ਤਰੀਕਿਆਂ ਵਿਰੁੱਧ ਡਟ ਕੇ ਟਾਕਰਾ ਕਰਦੇ ਰਹੇ। ਇਨ੍ਹਾਂ ਯਤਨਾਂ ਨਾਲ ਉਨ੍ਹਾਂ ਲੋਕ ਰਾਜ ਦੀ ਆਤਮਾ ਨੂੰ ਜਗਾਈ ਰੱਖਿਆ।
ਬੀ.ਜੇ.ਪੀ. ਵਿੱਚ ਸ਼ਮੂਲੀਅਤ : 1987 ਵਿੱਚ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਇੱਕ ਸਾਲ ਵਿੱਚ ਹੀ ਆਪਣੀ ਕਾਬਲੀਅਤ ਸਦਕਾ ਉਹ ਗੁਜਰਾਤ ਦੇ ਇੱਕ ਯੂਨਿਟ ਦੇ ਸਕੱਤਰ ਬਣ ਗਏ। ਉਨ੍ਹਾਂ ਦੇ ਵਿਸ਼ੇਸ਼ ਯਤਨਾਂ ਸਦਕਾ ਹੀ ਪਾਰਟੀ ਨੇ ਚੰਗੀ ਪਛਾਣ ਬਣਾ ਲਈ ਸੀ। 1988 ਤੇ 1995 ਵਿੱਚ ਉਨ੍ਹਾਂ ਨੂੰ ਇੱਕ ਮਾਸਟਰ ਜੁਗਤੀ ਵਿਅਕਤੀ ਵਜੋਂ ਜਾਣਿਆਂ ਜਾਣ ਲੱਗ ਪਿਆ।
ਗੁਜਰਾਤ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਗਈ। ਇਸ ਸਮੇਂ ਉਨ੍ਹਾਂ ਨੂੰ ਦੋ ਕੰਮ ਸੌਂਪੇ ਗਏ। ਇੱਕ ਤਾਂ ਸੋਮਨਾਥ ਤੋਂ ਅਯੁੱਧਿਆ ਤੱਕ ਅਡਵਾਨੀ ਜੀ ਦੀ ਰੱਥ ਯਾਤਰਾ ਤੇ ਦੂਜਾ ਕੰਨਿਆ ਕੁਮਾਰੀ ਤੋਂ ਉੱਤਰ ਵਿੱਚ ਕਸ਼ਮੀਰ ਤੱਕ ਦੀ ਯਾਤਰਾ। ਇਹ ਕੰਮ ਉਨ੍ਹਾਂ ਪੂਰੀ ਤਨਦੇਹੀ ਨਾਲ ਨਿਭਾਏ। ਇਸ ਲਈ 1980 ਵਿੱਚ ਨਵੀਂ ਦਿੱਲੀ ਵਿੱਚ ਬੀ.ਜੇ.ਪੀ. ਦੀ ਜਿੱਤ ਲਈ ਮੋਦੀ ਜੀ ਦਾ ਵਿਸ਼ੇਸ਼ ਯੋਗਦਾਨ ਸਮਝਿਆ ਜਾਣ ਲੱਗਾ।
1980 ਵਿੱਚ ਉਨ੍ਹਾਂ ਨੂੰ ਪਾਰਟੀ ਦਾ ਰਾਜਸੀ ਸਕੱਤਰ ਨਿਯੁਕਤ ਕੀਤਾ ਗਿਆ ਤੇ ਕੁਝ ਮਹੱਤਵਪੂਰਨ ਰਾਜਾਂ ਦਾ ਚਾਰਜ ਦਿੱਤਾ ਗਿਆ। ਛੋਟੀ ਉਮਰ ਦੇ ਨੇਤਾ ਲਈ ਇਹ ਇੱਕ ਦੁਰਲੱਭ ਪ੍ਰਾਪਤੀ ਸੀ।
ਗੁਜਰਾਤ ਦੇ ਮੁੱਖ ਮੰਤਰੀ ਵਜੋਂ : ਦੇਸ਼ ਦੇ ਵਿਕਾਸ ਲਈ ਯਤਨਸ਼ੀਲ ਰਹਿਣ ਵਾਲੇ ਮਿਹਨਤੀ ਮੋਦੀ ਜੀ ਨੂੰ ਗੁਜਰਾਤ ਵਾਸੀਆਂ ਨੇ 2001 ਤੋਂ 2014 ਈ. ਤੱਕ ਲਗਾਤਾਰ ਚਾਰ ਵਾਰ ਮੁੱਖ ਮੰਤਰੀ ਵਜੋਂ ਸਨਮਾਨ ਦਿੱਤਾ। ਉਨ੍ਹਾਂ 4000 ਦਿਨ ਪੂਰੇ ਕਰਕੇ ਇੱਕ ਰਿਕਾਰਡ ਆਪਣੇ ਨਾਂ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਈ ਸ਼ਲਾਘਾਯੋਗ ਕਾਰਜ ਕੀਤੇ। 2001 ਵਿੱਚ ਗੁਜਰਾਤ ਦੀ ਅਰਥ-ਵਿਵਸਥਾ ਭੁਚਾਲ ਕਾਰਨ ਤਹਿਸ-ਨਹਿਸ ਹੋ ਚੁੱਕੀ ਸੀ। ਪੀੜਤਾਂ ਦਾ ਪੁਨਰ ਵਸੇਬਾ ਕਰਨਾ ਇੱਕ ਚੁਣੌਤੀ ਸੀ, ਜਿਸ ਨੂੰ ਮੋਦੀ ਜੀ ਨੇ ਨਿਭਾਇਆ। ਇਸ ਤੋਂ ਇਲਾਵਾ ਵਿੱਦਿਆ, ਖੇਤੀ, ਸਿਹਤ ਤੇ ਕਈ ਹੋਰ ਖੇਤਰਾਂ ਵਿੱਚ ਇਨਕਲਾਬੀ ਤਰੱਕੀ ਕੀਤੀ। ਨਰਮਦਾ ਡੈਮ ਦਾ ਸੁਧਾਰ ਕੀਤਾ, ਸਾਇਲ ਹੈਲਥ ਕਾਰਡ, ਰੋਮਿੰਗ ਰਾਸ਼ਨ ਕਾਰਡ, ਸਕੂਲ ਕਾਰਡ ਆਦਿ ਬਣਵਾਏ ਤੇ ਬੇਟੀ ਬਚਾਓ ਵਰਗੀਆਂ ਕਈ ਪਹਿਲਕਦਮੀਆਂ ਕੀਤੀਆਂ।
ਪ੍ਰਧਾਨ ਮੰਤਰੀ ਵਜੋਂ : 27 ਮਈ, 2014 ਨੂੰ ਭਾਰੀ ਬਹੁਮਤ ਹਾਸਲ ਕਰਕੇ ਮੋਦੀ ਜੀ ਭਾਰਤ ਦੇਸ਼ ਦੇ 15ਵੇਂ ਪ੍ਰਧਾਨ ਮੰਤਰੀ ਬਣ ਗਏ। ਗੁਜਰਾਤ ਦਾ ‘ਵਿਕਾਸ ਪੁਰਸ਼’ ਪੂਰੇ ਦੇਸ਼ ਨੂੰ ਖੁਸ਼ਹਾਲ, ਵਿਕਸਤ ਤੇ ਨਵੀਨ ਸੰਭਾਵਨਾਵਾਂ ਵਾਲਾ ਬਣਾਉਣ ਲਈ ਤਤਪਰ ਹੋ ਗਿਆ। ਭਾਰਤ ਬਾਰੇ ਉਨ੍ਹਾਂ ਦੀ ਕਲਪਨਾ ਹੈ ਕਿ ਇੱਕ ਐਸਾ ਰਾਸ਼ਟਰ ਜਿੱਥੇ ਸਚਾਈ ਤੇ ਅਹਿੰਸਾ ਦਾ ਬੋਲਬਾਲਾ ਹੋਵੇ, ਜਿੱਥੇ ਸੋਚਾਂ ਤੇ ਵਿਚਾਰਾਂ ਦਾ ਖੁਲ੍ਹਾ ਲੈਣ- ਦੇਣ ਹੋਵੇ ਤੇ ਸਾਰੇ ਧਰਮ ਬਰਾਬਰ ਹੋਣ, ਇਹੋ ਜਿਹਾ ਮੇਰਾ ਦੇਸ਼ ਹੋਵੇ। ਉਨ੍ਹਾਂ ਨੇ ਪੰਜ T ਨੁਕਾਤੀ ਪ੍ਰੋਗਰਾਮ ਉਲੀਕੇ; ਜਿਵੇਂ—ਟੇਲੈਂਟ, ਟ੍ਰੈਡੀਸ਼ਨ, ਟੂਰਿਜ਼ਮ, ਟ੍ਰੇਡ ਤੇ ਟੈਕਨਾਲੋਜੀ। ਇਸ ਅਧਾਰ ‘ਤੇ ਉਨ੍ਹਾਂ ਨੇ ਵਿਸ਼ਵੀ ਤੌਰ ‘ਤੇ ਮਾਨਤਾ ਪ੍ਰਾਪਤ ਤੇ ਸਨਮਾਨਤ ਬ੍ਰਾਂਡਡ ਇੰਡੀਆ ਦੀ ਰਚਨਾ ਕਰਨ ਦਾ ਸੁਫ਼ਨਾ ਵੇਖਿਆ।
ਯੋਜਨਾਵਾਂ : ਉਨ੍ਹਾਂ ‘ਮੇਕ ਇਨ ਇੰਡੀਆ’ ਦਾ ਨਾਅਰਾ ਦਿੱਤਾ। 15 ਅਗਸਤ, 2015 ਈ. ਨੂੰ ਉਨ੍ਹਾਂ ਛੋਟੇ ਕਿਰਤੀਆਂ, ਵਪਾਰੀਆਂ ਆਦਿ ਲਈ ‘ਸਟਾਰਟ ਅੱਪ ਇੰਡੀਆ’ ਯੋਜਨਾ ਉਲੀਕੀ। 2 ਅਕਤੂਬਰ, 2015 ਈ. ਨੂੰ ਉਨ੍ਹਾਂ ਨੇ ਸਵੱਛ ਭਾਰਤ ਬਣਾਉਣ ਲਈ ਸਫ਼ਾਈ ਅਭਿਆਨ ਪ੍ਰੋਗਰਾਮ ਅਰੰਭਿਆ। ਜਨਤਾ ਨੂੰ ਸਿਹਤਮੰਦ ਬਣਾਉਣ ਲਈ ਯੋਗਾ ਦਿਵਸ ਅਰੰਭ ਕੀਤਾ। ਦੇਸ਼ ਦੀ ਆਮ ਜਨਤਾ ਨਾਲ ਰਾਬਤਾ ਕਾਇਮ ਰੱਖਣ ਲਈ ਉਨ੍ਹਾਂ ‘ਮਨ ਕੀ ਬਾਤ’ ਜੋ ਰੇਡੀਓ ਤੋਂ ਪ੍ਰਸਾਰਤ ਹੁੰਦੀ ਹੈ, ਤਰੀਕਾ ਅਪਣਾਇਆ। ਜਨ-ਧਨ ਯੋਜਨਾ ਤੇ ਕਈ ਹੋਰ ਅਜਿਹੀਆਂ ਯੋਜਨਾਵਾਂ ਉਲੀਕੀਆਂ, ਜਿਨ੍ਹਾਂ ਨਾਲ ਗ਼ਰੀਬਾਂ ਦਾ ਜੀਵਨ ਪੱਧਰ ਸੁਖਾਲਾ ਬਣ ਸਕੇ।
ਨੋਟਬੰਦੀ : 8 ਨਵੰਬਰ 2016 ਈ. ਨੂੰ ਕਾਲੇ ਧਨ ਤੇ ਭ੍ਰਿਸ਼ਟਾਚਾਰ ਨਾਲ ਨਜਿੱਠਣ ਦੇ ਮਕਸਦ ਵਜੋਂ ਅਚਾਨਕ 500 ਤੇ 1000 ਰੁਪਏ ਦੇ ਨੋਟ ਬੰਦ ਕਰਕੇ ਨੋਟਬੰਦੀ ਦਾ ਐਲਾਨ ਕਰ ਦਿੱਤਾ। ਇਹ ਫ਼ੈਸਲਾ ਬੇਸ਼ੱਕ ਸ਼ਲਾਘਾਯੋਗ ਸੀ ਪਰ ਅਨੇਕਾਂ ਊਣਤਾਈਆਂ ਨਾਲ ਭਰਿਆ ਹੋਇਆ ਸੀ, ਜਿਸ ਕਾਰਨ ਆਮ ਜਨਤਾ ਨੂੰ ਪ੍ਰੇਸ਼ਾਨੀਆਂ ਤੇ ਮੁਸ਼ਕਲਾਂ ਨਾਲ ਜੂਝਣਾ ਪਿਆ ਤੇ ਉਸ ਸਮੇਂ ਸਮੁੱਚਾ ਜੀਵਨ ਹੀ ਲੀਹੋਂ ਲੱਥ ਗਿਆ ਜਾਪਦਾ ਸੀ। ਬੁਰੇ ਦਿਨਾਂ ਤੋਂ ਬਾਅਦ ਅੱਛੇ ਦਿਨਾਂ ਦੇ ਸੁਪਨੇ ਲਏ ਗਏ ਹਨ।
ਕੋਰੋਨਾ ਮੈਨੇਜਮੈਂਟ : ਮਾਰਚ 2020 ਵਿੱਚ ਚੀਨ ਤੋਂ ਆਏ ਵਾਇਰਸ ਦਾ ਮੁਕਾਬਲਾ ਕਰਨ ਲਈ ਮੋਦੀ ਜੀ ਨੇ ਕਈ ਕੜੇ ਅਤੇ ਅਸਰਦਾਰ ਫ਼ੈਸਲੇ ਲਏ। ਭਾਰਤ ਵਰਗੇ ਵਿਸ਼ਾਲ ਦੇਸ਼ ਵਿੱਚ ਵੈਕਸੀਨ ਲਗਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰਨਾ ਕੋਈ ਸੌਖਾ ਕੰਮ ਨਹੀਂ ਹੈ, ਜਿਸ ਨੂੰ ਮੋਦੀ ਜੀ ਨੇ ਕਰਕੇ ਵਿਖਾਇਆ ਹੈ। ਉਨ੍ਹਾਂ ਗਰੀਬਾਂ ਨੂੰ ਘਰ ਬੈਠੇ ਰਾਸ਼ਨ ਵੰਡਿਆ।
ਬੇਸ਼ੱਕ ਮੋਦੀ ਜੀ ਵਿਕਾਸ ਪੁਰਸ਼ ਵਜੋਂ ਜਾਣੇ ਜਾਂਦੇ ਸੁਫ਼ਨੇਸਾਜ਼ ਨੇਤਾ ਹਨ ਤੇ ਸੁਪਨਿਆਂ ਨੂੰ ਹਕੀਕਤਾਂ ਵਿੱਚ ਬਦਲਣ ਲਈ ਯਤਨਸ਼ੀਲ ਵੀ ਹਨ ਪਰ ਹਰ ਕੋਈ ਚਾਹੁੰਦਾ ਹੈ ਕਿ ਉਨ੍ਹਾਂ ਵੱਲੋਂ ਲਏ ਗਏ ਫ਼ੈਸਲੇ ਅਤੇ ਯੋਜਨਾਵਾਂ ਜਨਤਾ ਲਈ ਵੱਧ ਤੋਂ ਵੱਧ ਕਲਿਆਣਕਾਰੀ ਹੋਣ। ਆਸ ਕਰਦੇ ਹਾਂ ਕਿ ਉਹ ਭਵਿੱਖ ਵਿੱਚ ਵੀ ਜਨਤਾ ਦੀਆਂ ਉਮੀਦਾਂ ‘ਤੇ ਖ਼ਰੇ ਉੱਤਰਨਗੇ।