ਲੇਖ : ਦਿਨੋ-ਦਿਨ ਵਧ ਰਹੀ ਮਹਿੰਗਾਈ
ਦਿਨੋ-ਦਿਨ ਵਧ ਰਹੀ ਮਹਿੰਗਾਈ
ਭੂਮਿਕਾ : ਵਸਤਾਂ ਦੀਆਂ ਕੀਮਤਾਂ ਵਿੱਚ ਹੱਦੋਂ ਵੱਧ ਵਾਧਾ ਹੋਈ ਜਾਣ ਨੂੰ ਮਹਿੰਗਾਈ ਕਿਹਾ ਜਾਂਦਾ ਹੈ। ਵਸਤਾਂ ਦੀਆਂ ਕੀਮਤਾਂ ਦਾ ਵਧਣਾ-ਘਟਣਾ ਉਤਪਾਦਨ, ਮੰਗ ਅਤੇ ਪੂਰਤੀ ਦੇ ਨਿਯਮ ਅਨੁਸਾਰ ਇੱਕ ਸੁਭਾਵਕ ਵਰਤਾਰਾ ਹੈ। ਇਹ ਅਰਥ ਸ਼ਾਸਤਰ ਦੇ ਨਿਯਮ ’ਤੇ ਅਧਾਰਿਤ ਹੈ। ਜੇਕਰ ਕੀਮਤਾਂ ਕਿਸੇ ਅਰਥ – ਵਿਗਿਆਨਕ ਨਿਯਮ ਅਨੁਸਾਰ ਘਟਣ-ਵਧਣ ਤਾਂ ਕੋਈ ਤਰਕ ਹੁੰਦਾ ਹੈ ਪਰ ਜੇਕਰ ਵਸਤਾਂ ਦੀਆਂ ਕੀਮਤਾਂ ਨਿਰਧਾਰਤ ਕਰਨ ਵਿੱਚ ਕੋਈ ਵੀ ਨਿਯਮ ਕੰਮ ਨਾ ਕਰੇ ਤਾਂ ਕੀਮਤਾਂ ਆਪ ਮੁਹਾਰੇ ਹੀ ਵਧਣ ਲੱਗ ਪੈਂਦੀਆਂ ਹਨ।
ਪਿਛਲੇ ਕਈ ਸਾਲਾਂ ਤੋਂ ਮਹਿੰਗਾਈ ਦੀ ਸਮੱਸਿਆ ਦੀ ਗੰਭੀਰਤਾ ਨੇ ਸੰਸਾਰ ਭਰ ਵਿੱਚ ਰਿਕਾਰਡ-ਤੋੜ ਵਾਧਾ ਕੀਤਾ ਹੈ ਜੋ ਅਜੇ ਵੀ ਨਿਰੰਤਰ ਜਾਰੀ ਹੈ। ਭਾਰਤ ਵਿੱਚ ਚੀਜ਼ਾਂ ਦੀਆਂ ਕੀਮਤਾਂ ਦੇ ਵਾਧੇ ਦੀ ਰਫ਼ਤਾਰ ਖ਼ੌਫ਼ਨਾਕ ਰੂਪ ਧਾਰਨ ਕਰ ਗਈ ਹੈ। ਇਸ ਦੇ ਬਹੁਤ ਸਾਰੇ ਇਹ ਕਾਰਨ ਹਨ :
ਵਧ ਰਹੀ ਅਬਾਦੀ : ਭਾਰਤ ਵਿੱਚ ਨਿਰੰਤਰ ਤੇ ਬੇਰੋਕ ਵਧ ਰਹੀ ਅਬਾਦੀ ਇੱਕ ਚਿੰਤਾਜਨਕ ਵਿਸ਼ਾ ਹੈ। ਇਹ ਆਪਣੇ ਨਾਲ ਹੋਰ ਵੀ ਕਈ ਮੁਸੀਬਤਾਂ ਖੜ੍ਹੀਆਂ ਕਰ ਲੈਂਦੀ ਹੈ। ਵਸਤਾਂ ਦੇ ਉਤਪਾਦਨ ਤੇ ਪੈਦਾਵਾਰ ਵਿੱਚ ਬੇਸ਼ੱਕ ਵਾਧਾ ਹੋਇਆ ਪਰੰਤੂ ਇਹ ਵਾਧਾ ਤੇਜ਼ੀ ਨਾਲ ਵਧ ਰਹੀ ਅਬਾਦੀ ਦੀ ਲੋੜ ਨਾਲੋਂ ਘੱਟ ਹੈ। ਮੰਗ ਨਾਲੋਂ ਪੂਰਤੀ ਵੱਧ ਹੈ, ਇਸ ਲਈ ਮਹਿੰਗਾਈ ਦਾ ਹੋਣਾ ਲਾਜ਼ਮੀ ਹੈ।
ਵਸਤਾਂ ਦੇ ਉਤਪਾਦਨ ਵਿੱਚ ਸਵੈ-ਨਿਰਭਰਤਾ ਦਾ ਨਾ ਹੋਣਾ : ਮਹਿੰਗਾਈ ਵੱਧ ਹੋਣ ਦਾ ਕਾਰਨ ਇਹ ਵੀ ਹੈ ਕਿ ਸਾਡਾ ਦੇਸ਼ ਵਸਤਾਂ ਦੇ ਉਤਪਾਦਨ ਵਿੱਚ ਸਵੈ-ਨਿਰਭਰ ਨਹੀਂ ਹੈ, ਜਿਸ ਕਰਕੇ ਉਸ ਨੂੰ ਮਹਿੰਗੇ ਭਾਅ ਬਾਹਰੋਂ ਚੀਜ਼ਾਂ ਮੰਗਵਾਉਣੀਆਂ ਪੈਂਦੀਆਂ ਹਨ। ਇਸ ਨਾਲ ਮਹਿੰਗਾਈ ਹੋਰ ਵਧਦੀ ਜਾਂਦੀ ਹੈ। ਜਿਸ ਨਾਲ ਦੇਸ਼ ਦੀ ਅਰਥ-ਵਿਵਸਥਾ ਹੀ ਡਾਵਾਂ-ਡੋਲ ਹੋ ਜਾਂਦੀ ਹੈ ਤੇ । ਇਸ ਨਾਲ ਕਈ ਸੰਕਟ ਪੈਦਾ ਹੋ ਜਾਂਦੇ ਹਨ। ਜਿਨ੍ਹਾਂ ਵਿੱਚ ਗ਼ਰੀਬ ਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ।
ਦੋਸ਼ਪੂਰਨ ਆਯਾਤ-ਨਿਰਯਾਤ ਨੀਤੀ : ਸਾਡੀ ਆਯਾਤ-ਨਿਰਯਾਤ (Import Export) ਨੀਤੀ—(ਭਾਵ ਕੁਝ ਵਸਤਾਂ ਬਾਹਰਲੇ ਮੁਲਕਾਂ ਨੂੰ ਭੇਜਣੀਆਂ ਤੇ ਕੁਝ ਬਾਹਰਲੇ ਮੁਲਕਾਂ ਤੋਂ ਮੰਗਵਾਉਣੀਆਂ) ਵਿੱਚ ਵੀ ਦੋਸ਼ ਹਨ। ਸਾਡਾ ਦੇਸ਼ ਵੱਧ ਪੈਸਾ ਕਮਾਉਣ ਦੇ ਲਾਲਚ ਵਿੱਚ ਆਪਣੀਆਂ ਵਸਤਾਂ ਦੂਜੇ ਮੁਲਕਾਂ ਨੂੰ ਸਪਲਾਈ ਕਰ ਦਿੰਦਾ ਹੈ ਤੇ ਸਾਡੀਆਂ ਆਪਣੀਆਂ ਲੋੜਾਂ ਅਧੂਰੀਆਂ ਰਹਿ ਜਾਂਦੀਆਂ ਹਨ। ਇਸੇ ਤਰ੍ਹਾਂ ਕਈ ਵਾਰ ਵਿਦੇਸ਼ਾਂ ਦੀਆਂ ਮਹਿੰਗੀਆਂ ਵਸਤਾਂ ਨੂੰ ਵੱਧ ਤੋਂ ਵੱਧ ਟੈਕਸ ਭਰ ਕੇ ਮੰਗਵਾਉਂਦੇ ਹਾਂ ਤਾਂ ਮਹਿੰਗਾਈ ਦਾ ਵਧਣਾ ਯਕੀਨਨ ਹੀ ਹੈ।
ਕੁਦਰਤੀ ਕਰੋਪੀਆਂ : ਕਈ ਵਾਰ ਹੜ੍ਹ, ਭੁਚਾਲ, ਸੋਕਾ ਆਦਿ ਵਰਗੀਆਂ ਕੁਦਰਤੀ ਕਰੋਪੀਆਂ ਦੀ ਮਾਰ ਵੀ ਮਹਿੰਗਾਈ ਵਧਣ ਲਈ ਜ਼ਿੰਮੇਵਾਰ ਹੁੰਦੀ ਹੈ ਕਿਉਂਕਿ ਇਸ ਨਾਲ ਵਸਤਾਂ ਦੀ ਘਾਟ ਪੈਦਾ ਹੋ ਜਾਂਦੀ ਹੈ ਅਤੇ ਦੁਕਾਨਦਾਰ ਵੱਧ ਮੁਨਾਫ਼ਾ ਕਮਾਉਣ ਲਈ ਮਾਲ ਗੁਦਾਮਾਂ ਵਿੱਚ ਜਮ੍ਹਾ ਕਰ ਲੈਂਦੇ ਹਨ ਤੇ ਫਿਰ ਮਹਿੰਗੇ ਭਾਅ ਵੇਚਦੇ ਹਨ।
ਕਾਲਾ ਧਨ ਅਤੇ ਜਮ੍ਹਾਖ਼ੋਰੀ : ਕਾਲਾ ਧਨ ਜਮ੍ਹਾ ਹੋਣਾ, ਮਾਲ ਨੂੰ ਗੁਦਾਮਾਂ ਵਿੱਚ ਓਵਰਲੋਡ ਕਰਕੇ ਰੱਖਣਾ ਤੇ ਮੁਦਰਾ ਦਾ ਫੈਲਾਅ ਮਹਿੰਗਾਈ ਲਈ ਮੁਢਲੇ ਤੌਰ ‘ਤੇ ਜ਼ਿੰਮੇਵਾਰ ਕਾਰਨ ਹਨ। ਜ਼ਖ਼ੀਰੇਬਾਜ਼ ਇਹ ਸੋਚ ਕੇ ਮਾਲ ਦਬਾ ਲੈਂਦੇ ਹਨ ਕਿ ਜਦੋਂ ਇਸ ਚੀਜ਼ ਦੀ ਚਾਰੇ ਪਾਸੇ ਕਿੱਲਤ (ਕਮੀ) ਹੋ ਜਾਵੇਗੀ ਤਾਂ ਵੱਧ ਤੋਂ ਵੱਧ ਭਾਅ ਨਾਲ ਵੇਚਿਆ ਜਾਵੇਗਾ। ਇੰਜ ਉਹ ਆਪ ਹੀ ਵਸਤਾਂ ਦੀ ਘਾਟ ਕਰਕੇ ਮਨਮਰਜ਼ੀ ਦਾ ਭਾਅ ਲਾਉਂਦੇ ਹਨ। ਇਸ ਲਈ ਮਹਿੰਗਾਈ ਵਧਦੀ ਜਾਂਦੀ ਹੈ।
ਨਿੱਜੀਕਰਨ : ਮਹਿੰਗਾਈ ਵਧਣ ਦਾ ਇੱਕ ਕਾਰਨ ਇਹ ਵੀ ਹੈ ਕਿ ਵੱਡੇ-ਵੱਡੇ ਕਾਰਖ਼ਾਨੇ ਅਤੇ ਅਦਾਰਿਆਂ ਦਾ ਨਿੱਜੀਕਰਨ ਕਰਨਾ। ਜਦੋਂ ਕਿਸੇ ਅਦਾਰੇ ਦੀ ਵਾਗਡੋਰ ਨਿੱਜੀ ਕੰਪਨੀਆਂ ਦੇ ਹੱਥ ਸੌਂਪੀ ਜਾਂਦੀ ਹੈ ਤਾਂ ਉਹ ਵਸਤਾਂ ਦਾ ਮਨਮਰਜ਼ੀ ਦਾ ਮੁੱਲ ਤੈਅ ਕਰਦੀਆਂ ਹਨ ਕਿਉਂਕਿ ਇਹਨਾਂ ‘ਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੁੰਦਾ, ਇਹਨਾਂ ਦੀ ਵੇਖਾ-ਵੇਖੀ ਬਾਕੀ ਕੰਪਨੀਆਂ ਵੀ ਆਪਣੀਆਂ ਵਸਤਾਂ ਦੇ ਮੁੱਲ ਉਨ੍ਹਾਂ ਦੇ ਬਰਾਬਰ ਲੈ ਆਉਂਦੀਆਂ ਹਨ ਤੇ ਮਹਿੰਗਾਈ ਉਛਾਲੇ ਖਾਣ ਲੱਗ ਪੈਂਦੀ ਹੈ।
ਆਰਥਕ ਅਸੰਤੁਲਨ : ਸਾਡੇ ਦੇਸ਼ ਦਾ ਆਰਥਕ ਅਸੰਤੁਲਨ ਵੀ ਮਹਿੰਗਾਈ ਵਿੱਚ ਵਾਧੇ ਦਾ ਕਾਰਨ ਹੈ। ਵਰਤਮਾਨ ਸਮੇਂ ਵਿੱਚ ਵੀ ਇਹੋ ਹੀ ਇੱਕੋ-ਇੱਕ ਪ੍ਰਮੁੱਖ ਕਾਰਨ ਹੈ ਜਿਸ ਨਾਲ ਮਹਿੰਗਾਈ ਦਿਨ ਦੁੱਗਣੀ ਤੇ ਰਾਤ ਚੌਗਣੀ ਵਧ ਰਹੀ ਹੈ। ਰਾਜਨੀਤਿਕ ਪਾਰਟੀਆਂ ਅਮੀਰ ਕਾਰਖ਼ਾਨੇਦਾਰਾਂ ਤੋਂ ਪੈਸਾ ਲੈ ਕੇ ਸੱਤਾ ਹਾਸਲ ਕਰਨ ਲਈ ਵਰਤਦੀਆਂ ਹਨ। ਫਿਰ ਇਹ ਪੈਸਾ ਵਾਪਸ ਕਰਨ ਲਈ ਟੈਕਸ ਜਾਂ ਚੀਜ਼ਾਂ ਦੇ ਭਾਅ ਵਧਾ ਕੇ ਆਮ ਜਨਤਾ ‘ਤੇ ਬੋਝ ਪਾਇਆ ਜਾਂਦਾ ਹੈ।
ਘਾਟੇ ਦਾ ਬਜਟ : ਹਰ ਸਾਲ ਸਰਕਾਰ ਘਾਟੇ ਦਾ ਬਜਟ ਪੇਸ਼ ਕਰਦੀ ਹੈ ਜਿਸ ਵਿੱਚ ਕਰਜ਼ਾ ਮੁਆਫ਼ੀ ਤੇ ਕਈ ਹੋਰ ਕਿਸਮਾਂ ਦਾ ਵਰਨਣ ਹੁੰਦਾ ਹੈ ਪਰ (ਬਜਟ ਵਿੱਚ ਲਿਖਤੀ ਤੌਰ ‘ਤੇ ਘਾਟੇ ਦਾ ਬਜਟ ਹੁੰਦਾ ਹੈ) ਉਸ ਨੂੰ ਪੂਰਾ ਕਰਨ ਲਈ ਆਮ ਜਨਤਾ ਦੇ ਮੋਢਿਆਂ ‘ਤੇ ਟੈਕਸ, ਵੈਟ, ਚੁੰਗੀ ਆਦਿ ਦਾ ਭਾਰ ਪਾਇਆ ਜਾਂਦਾ ਹੈ ਜੋ ਕੀਮਤਾਂ ਨੂੰ ਵਧਾ ਦਿੰਦੇ ਹਨ। ਨਵੇਂ ਟੈਕਸ ਲੱਗਣ ਨਾਲ ਆਵਾਜਾਈ ਦੇ ਸਾਧਨਾਂ ਦਾ ਕਿਰਾਇਆ ਵਧ ਜਾਂਦਾ ਹੈ ਜਿਸ ਨਾਲ ਸਾਰਾ ਢਾਂਚਾ ਹੀ ਪ੍ਰਭਾਵਤ ਹੋ ਜਾਂਦਾ ਹੈ। ਹਰ ਚੀਜ਼ ਵਿੱਚ ਢੋਆ-ਢੁਆਈ ਦਾ ਵੱਖਰਾ ਖ਼ਰਚਾ ਸ਼ਾਮਲ ਕੀਤਾ ਜਾਂਦਾ ਹੈ।
ਸਰਕਾਰੀ ਖ਼ਰਚਿਆਂ ਵਿੱਚ ਵਾਧਾ : ਆਮ ਵਿਅਕਤੀ ਨੂੰ ਰੋਟੀ ਮਿਲੇ ਜਾਂ ਨਾ ਮਿਲੇ ਪਰ ਸਰਕਾਰੀ ਮੰਤਰੀਆਂ ਨੇ ਦੋ ਵਕਤ ਦੀ ਰੋਟੀ ਆਲੀਸ਼ਾਨ ਹੋਟਲਾਂ ਵਿੱਚੋਂ ਹੀ ਖਾਣੀ ਹੈ। ਇਸ ਲਈ ਮਹਿੰਗਾਈ ਦਾ ਵਧਣਾ ਲਾਜ਼ਮੀ ਹੈ। ਸਰਕਾਰੀ ਖ਼ਰਚੇ ਇੰਨੇ ਜ਼ਿਆਦਾ ਵਧ ਚੁੱਕੇ ਹਨ ਕਿ ਹੈਰਾਨੀ ਦੀ ਹੱਦ ਪਾਰ ਕਰ ਗਏ ਹਨ। ਸਰਕਾਰੀ ਮੰਤਰੀਆਂ ਦੀਆਂ ਹੱਦੋਂ-ਵੱਧ ਤਨਖ਼ਾਹਾਂ ਤੇ ਹੋਰ ਸਰਕਾਰੀ ਸਹੂਲਤਾਂ; ਜਿਵੇਂ ਮਹਿੰਗੀਆਂ ਤੋਂ ਮਹਿੰਗੀਆਂ ਸਰਕਾਰੀ ਆਲੀਸ਼ਾਨ ਕੋਠੀਆਂ, ਬੰਗਲੇ, ਕਾਰਾਂ ਤੇ ਉਹਨਾਂ ਦੇ ਪਟਰੋਲ ਦਾ ਖ਼ਰਚਾ, ਡਾਕਟਰੀ ਸਹੂਲਤਾਂ ਆਦਿ ਮਸਾਂ ਪੂਰੀਆਂ ਹੁੰਦੀਆਂ ਹਨ। ਇਸ ਤੋਂ ਇਲਾਵਾ ਜੇ ਕੋਈ ਮੰਤਰੀ ਰਿਟਾਇਰ ਵੀ ਹੋ ਜਾਵੇ ਤਾਂ ਵੀ ਸਾਰੀ ਉਮਰ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਮੁਫ਼ਤ ਸਰਕਾਰੀ ਸਹੂਲਤਾਂ ਉਸੇ ਤਰ੍ਹਾਂ ਹੀ ਮਿਲਦੀਆਂ ਰਹਿੰਦੀਆਂ ਹਨ। ਜੇਕਰ ਕੋਈ ਵਿਅਕਤੀ ਭਾਵੇਂ ਇੱਕ ਵਾਰ ਵੀ ਰਾਜਨੀਤੀ ਵਿੱਚ ਪੈਰ ਰੱਖ ਲਵੇ, ਭਾਵੇਂ ਉਹ ਕੁਝ ਦਿਨ ਹੀ ਮੰਤਰੀ ਬਣੇ ਪਰ ਉਸ ਦੀ ਪੈੱਨਸ਼ਨ ਤੇ ਸਰਕਾਰੀ ਸਹੂਲਤਾਂ ਬੇਰੋਕ ਤੇਜ਼ੀ ਨਾਲ ਵਧਦੀਆਂ ਜਾਂਦੀਆਂ ਹਨ। ਪੈੱਨਸ਼ਨ ਤੇ ਸਰਕਾਰੀ ਸਹੂਲਤਾਂ ਬਰਕ ਤੇਜ਼ੀ ਨਾਲ ਵਧਦੀਆਂ ਜਾਂਦੀਆਂ ਹਨ।
ਦੇਸ਼ ਦੀ ਸੁਰੱਖਿਆ : ਇਸ ਤੋਂ ਇਲਾਵਾ ਮਹਿੰਗਾਈ ਦਾ ਸਬੰਧ ਦੇਸ਼ ਦੀ ਸੁਰੱਖਿਆ ਨਾਲ ਵੀ ਹੈ; ਜਿਵੇਂ ਗ੍ਰਹਿਯੁੱਧ ਜਾਂ ਦੂਸਰੇ 76 ਦੇਸ਼ਾਂ ਨਾਲ ਯੁੱਧ, ਅਸਫ਼ਲ ਯੋਜਨਾਵਾਂ ਆਦਿ ਮਹਿੰਗਾਈ ਦੇ ਵਾਧੇ ਲਈ ਜ਼ਿੰਮੇਵਾਰ ਹਨ।
ਮਹਿੰਗਾਈ ਦੇ ਪ੍ਰਭਾਵ : ਵਧਦੀ ਹੋਈ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਇਸ ਨਾਲ ਦੇਸ਼ ਦੇ ਆਰਥਿਕ ਨਿਵੇਸ਼ ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਆਮਦਨ ਘੱਟ ਤੇ ਖ਼ਰਚੇ ਵਧੇਰੇ ਹੋਣ ਕਰਕੇ ਬਹੁਤ ਸਾਰੀਆਂ ਸਮਾਜਕ ਬੁਰਾਈਆਂ ਹੋਂਦ ਵਿੱਚ – ਜਾਂਦੀਆਂ ਹਨ, ਜਿਵੇਂ ਭ੍ਰਿਸ਼ਟਾਚਾਰੀ, ਕਾਲਾ ਧਨ, ਚੋਰ-ਬਜ਼ਾਰੀ ਆਦਿ।
ਮਹਿੰਗਾਈ ਨੂੰ ਰੋਕਣ ਦੇ ਉਪਾਅ : ਵਧਦੀ ਅਬਾਦੀ ’ਤੇ ਰੁਕਾਵਟ ਪਾਉਣੀ ਚਾਹੀਦੀ ਹੈ। ਸਰਕਾਰ ਨੂੰ ਆਯਾਤ-ਨਿਰਯਾਤ ਵਿੱਚ ਸੁਧਾਰ ਲਿਆਉਣਾ, ਕਾਲੇ ਧਨ ਦਾ ਖ਼ਾਤਮਾ, ਮੁਦਰਾ ਦੇ ਫੈਲਾਅ ’ਤੇ ਰੋਕ, ਜਮ੍ਹਾਖ਼ੋਰਾਂ, ਚੋਰ-ਬਜ਼ਾਰੀ, ਸਮਗਲਰਾਂ, ਤਸ਼ਵਤਖ਼ੋਰਾਂ, ਜ਼ਖ਼ੀਰੇਬਾਜ਼ੀ ਨਾਲ ਸਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਬਜਟ ਵਿੱਚ ਅਜਿਹੀ ਵਿਵਸਥਾ ਕੀਤੀ ਜਾਵੇ ਕਿ ਤੱਜੀ ਕੰਪਨੀਆਂ ਆਪਣੀ ਮਨਮਰਜ਼ੀ ਅਨੁਸਾਰ ਕੀਮਤਾਂ ਨਾ ਵਧਾ ਸਕਣ। ਕੁਦਰਤੀ ਕਰੋਪੀਆਂ ਨਾਲ ਨਜਿੱਠਣ ਲਈ ਪਹਿਲਾਂ ਬੰਧ ਕੀਤੇ ਜਾਣ, ਸਰਕਾਰੀ ਖ਼ਰਚੇ ਘਟਾਏ ਜਾਣ, ਨਿਤਾਪ੍ਰਤੀ ਦੀਆਂ ਵਸਤਾਂ ਦੇ ਭਾਅ ਘੱਟ ਤੋਂ ਘੱਟ ਹੋਣ, ਜਿਹੜੇ ਸਰਕਾਰ ਵਲੋਂ ਮਿਥੇ ਜਾਣ। ਅਜਿਹੇ ਕੁਝ ਠੋਸ ਕਦਮ ਚੁੱਕ ਕੇ ਉਪਰਾਲੇ ਕੀਤੇ ਜਾਣ ਤਾਂ ਹੋ ਸਕਦਾ ਹੈ ਕਿ ਮਹਿੰਗਾਈ ‘ਤੇ ਕਾਬੂ ਪਾ ਤਿਆ ਜਾਵੇ। ਇਹਨਾਂ ਵਿੱਚ ਕੇਵਲ ਸਰਕਾਰੀ ਖ਼ਰਚੇ ਹੀ ਸੀਮਤ ਕਰ ਦਿੱਤੇ ਜਾਣ ਅਤੇ ਜਮ੍ਹਾਖ਼ੋਰਾਂ ਵਿਰੁੱਧ ਮੁਹਿੰਮ ਕੱਢੀ ਜਾਵੇ ਤਾਂ ਯਕੀਨਨ ਮਹਿੰਗਾਈ ਦਾ ਖ਼ਾਤਮਾ ਹੋ ਸਕਦਾ ਹੈ।
ਸਾਰੰਸ਼ : ਨਿਰਸੰਦੇਹ ਮਹਿੰਗਾਈ ਇੱਕ ਵਿਸ਼ਵ-ਵਿਆਪੀ ਸਮੱਸਿਆ ਹੈ ਪਰ ਸਾਡੇ ਦੇਸ਼ ਵਿੱਚ ਇਸ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਹੈ। ਹੋਰ ਤਾਂ ਹੋਰ ਸਾਡੀ ਰੋਟੀ – ਕੱਪੜੇ – ਰਿਹਾਇਸ਼ ਦੀਆਂ ਮੁੱਖ ਲੋੜਾਂ ਦੇ ਭਾਅ ਕਈ ਗੁਣਾ ਵਧ ਗਏ ਹਨ। ਹਰ ਵਿਅਕਤੀ ਦਾ ਗੁਜ਼ਾਰਾ ਕਰਨਾ ਅਸੰਭਵ ਹੋ ਗਿਆ ਹੈ। ਦੇਸ਼ ਦੀ ਆਰਥਕ ਉੱਨਤੀ ਦੇ ਨਾਲ ਮਹਿੰਗਾਈ ਦਾ ਵਧਣਾ ਲਾਜ਼ਮੀ ਹੁੰਦਾ ਹੈ ਪਰ ਸਾਡੇ ਦੇਸ਼ ਵਿੱਚ ਇਹ ਵਾਧਾ ਹੱਦਾਂ ਟੱਪ ਰਿਹਾ ਹੈ। ਅੱਜ ਹਰ ਚੀਜ਼ ਅੱਗ ਦੇ ਭਾਅ ਵਿਕ ਰਹੀ ਹੈ। ਮਹਿੰਗਾਈ ‘ਤੇ ਕਾਬੂ ਪਾ ਕੇ ਹੀ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਹੋ ਸਕਦੀ ਹੈ। ਜੇਕਰ ਸਮੱਸਿਆਵਾਂ ਹਨ ਤਾਂ ਉਹਨਾਂ ਦੇ ਹੱਲ ਵੀ ਤਾਂ ਹਨ, ਨਹੀਂ ਤਾਂ ਸਮਾਜਕ ਬੁਰਾਈਆਂ ‘ਤੇ ਰੋਕ ਲਾਉਣੀ ਅਤਿ ਮੁਸ਼ਕਲ ਹੋ ਜਾਵੇਗੀ। ਅਜਿਹੀਆਂ ਸਥਿਤੀਆਂ ਵਿੱਚ ਸਰਕਾਰ ਨੂੰ ਬਹੁਤ ਹੀ ਸਾਰਥਕ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ।