ਲੇਖ : ਜੀਵਨ ਵਿੱਚ ਅਖ਼ਬਾਰ ਦਾ ਮਹੱਤਵ


ਵਿਦਿਆ ਦੇ ਪਸਾਰ ਨੇ ਮਨੁੱਖ ਨੂੰ ਚੇਤਨ ਬਣਾ ਦਿੱਤਾ ਹੈ ਅਤੇ ਉਸ ਅੰਦਰ ਅੱਗੇ ਵੱਧਣ ਦੀ ਲਾਲਸਾ ਵੀ ਪੈਦਾ ਕਰ ਦਿੱਤੀ ਹੈ। ਅਖ਼ਬਾਰ ਜਾਣਕਾਰੀ/ਸੂਚਨਾ ਦਾ ਭੰਡਾਰ ਹੈ। ਇਹ ਸਾਨੂੰ ਦੇਸ਼-ਵਿਦੇਸ਼ ਦੀ ਸਮਾਜਿਕ, ਆਰਥਿਕ, ਰਾਜਨੀਤਕ, ਸਭਿਆਚਾਰਕ, ਵਿਦਿਅਕ ਤੇ ਸਾਹਿਤਕ ਹਾਲਤ ਦਾ ਵੇਰਵਾ ਦਿੰਦੀ ਹੈ। ਵਿਦਵਾਨਾਂ ਦੇ ਭਾਸ਼ਣਾਂ ਦੁਆਰਾ ਸਾਨੂੰ ਕਈ ਤਰ੍ਹਾਂ ਦੀ ਜਾਣਕਾਰੀ ਮਿਲਦੀ ਹੈ। ਵਿਗਿਆਨੀਆਂ ਵੱਲੋਂ ਕਿਹੜੇ-ਕਿਹੜੇ ਖੇਤਰਾਂ ਵਿੱਚ ਖੋਜਾਂ ਕੀਤੀਆਂ ਜਾ ਰਹੀਆਂ ਹਨ, ਇਸ ਦਾ ਪਤਾ ਸਾਨੂੰ ਅਖ਼ਬਾਰ ਤੋਂ ਲੱਗਦਾ ਹੈ। ਇਸ ਤਰ੍ਹਾਂ ਅਖ਼ਬਾਰ ਮਨੁੱਖ ਦੇ ਗਿਆਨ ਹਾਸਲ ਕਰਨ ਦੀ ਭੁੱਖ ਨੂੰ ਮਿਟਾਉਣ ਅਤੇ ਸੰਸਾਰ ਨਾਲ ਉਸ ਨੂੰ ਜੋੜੀ ਰੱਖਣ ਵਿੱਚ ਮਦਦ ਕਰਦੀ ਹੈ।

ਅਖਬਾਰ ਸਾਡੇ ਜੀਵਨ ਦੀ ਖੁਰਾਕ ਬਣ ਚੁੱਕੀ ਹੈ। ਕਈ ਲੋਕਾਂ ਨੂੰ ਸਵੇਰੇ ਉੱਠਦਿਆਂ ਅਗਰ ਅਖ਼ਬਾਰ ਨਾ ਮਿਲੇ ਤਾਂ ਉਹ ਪਰੇਸ਼ਾਨ ਹੋ ਜਾਂਦੇ ਹਨ।

ਹਰ ਵਰਗ ਦੇ ਪਾਠਕ ਨੂੰ ਉਸ ਦੀ ਰੁੱਚੀ ਅਨੁਸਾਰ ਅਖ਼ਬਾਰ ਵਿੱਚੋਂ ਸੂਚਨਾ ਮਿਲ ਜਾਂਦੀ ਹੈ। ਖੇਡ ਪ੍ਰੇਮੀਆਂ ਨੂੰ ਖੇਡਾਂ ਬਾਰੇ, ਮਨੋਰੰਜਨ ਦੇ ਸ਼ੌਕੀਨ ਵਾਲਿਆਂ ਲਈ ਫ਼ਿਲਮਾਂ, ਟੀ.ਵੀ. ਦੇ ਸੀਰੀਅਲ, ਕਾਰਟੂਨ ਆਦਿ ਬਾਰੇ ਪਤਾ ਚਲ ਜਾਦਾਂ ਹੈ।ਸਾਹਿਤ ਦੇ ਪਾਠਕਾਂ ਨੂੰ ਸਾਹਿਤਕਾਰਾਂ ਦੀਆਂ ਰਚਨਾਵਾਂ ਅਖ਼ਬਾਰ ਵਿੱਚੋਂ ਪੜ੍ਹਨ ਨੂੰ ਮਿਲ ਜਾਂਦੀਆਂ ਹਨ। ਭਾਵ ਹਰ ਖੇਤਰ ਬਾਰੇ ਪਤਾ ਅਖ਼ਬਾਰ ਤੋਂ ਚਲ ਜਾਦਾਂ ਹੈ। ਵੱਡੀਆਂ ਤੇ ਛੋਟੀਆਂ ਸੰਸਥਾਵਾਂ ਨੌਕਰੀ ਲਈ ਇਸ਼ਤਿਹਾਰ ਅਤੇ ਫਾਰਮ ਅਖ਼ਬਾਰ ਵਿੱਚ ਹੀ ਛਪਵਾਉਂਦੇ ਹਨ। ਲੜਕੇ ਜਾਂ ਲੜਕੀ ਲਈ ਯੋਗ ਵਰ ਦੀ ਜ਼ਰੂਰਤ ਇਸ ਵਿੱਚ ਛਪੇ ਇਸ਼ਤਿਹਾਰਾਂ ਤੋਂ ਪੂਰੀ ਕੀਤੀ ਜਾ ਸਕਦੀ ਹੈ।

ਅਖ਼ਬਾਰ ਸਮਾਜ ਸੁਧਾਰਕ ਦਾ ਵੀ ਕੰਮ ਕਰਦੀ ਹੈ । ਅਖ਼ਬਾਰ ਵਿੱਚ ਲੋਕ-ਰਾਇ ਨੂੰ ਵੀ ਛਾਪਿਆ ਜਾਂਦਾ ਹੈ। ਇਸ ਤਰ੍ਹਾਂ ਇੱਕ ਸਾਂਝਾ ਪਲੇਟਫ਼ਾਰਮ ਤਿਆਰ ਹੋ ਜਾਂਦਾ ਹੈ, ਜਿੱਥੇ ਸਾਰੇ ਮਿਲ ਕੇ ਕਿਸੇ ਸਮਾਜਿਕ ਬੁਰਾਈ ਖ਼ਿਲਾਫ਼ ਆਵਾਜ਼ ਉਠਾਉਂਦੇ ਹਨ। ਅਖ਼ਬਾਰ ਜਨਤਾ ਅਤੇ ਸਰਕਾਰ ਵਿਚਕਾਰ ਇੱਕ ਪੁੱਲ ਵੀ ਹੈ। ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਵੀ ਅਖ਼ਬਾਰ ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇਨ੍ਹਾਂ ਕੰਮਾਂ ਬਾਰੇ ਲੋਕਾਂ ਦਾ ਕੀ ਕਹਿਣਾ ਹੈ, ਇਸ ਦਾ ਪ੍ਰਗਟਾਵਾ ਵੀ ਅਖ਼ਬਾਰ ਹੀ ਕਰਦੀ ਹੈ।

ਅਖ਼ਬਾਰ ਵਿੱਚ ਕਿਸੇ ਵਸਤੂ ਦੇ ਪ੍ਰਾਪੇਗੰਡੇ ਲਈ ਛਪਦੇ ਇਸ਼ਤਿਹਾਰ ਸਾਨੂੰ ਬਾਜ਼ਾਰ ਵਿੱਚ ਆ ਰਹੀਆਂ ਨਵੀਆਂ ਚੀਜ਼ਾਂ ਦੀ ਜਾਣਕਾਰੀ ਦਿੰਦੇ ਹਨ। ਕੁਝ ਅਖ਼ਬਾਰਾਂ ਦੇ ਮਾਲਕ ਵੱਡੇ-ਵੱਡੇ ਸਰਮਾਏਦਾਰ ਹੁੰਦੇ ਹਨ ਜੋ ਲੋਕ ਹਿੱਤਾਂ ਦੇ ਖ਼ਿਲਾਫ਼ ਪ੍ਰਚਾਰ ਕਰਦੇ ਹਨ। ਉਨ੍ਹਾਂ ਦਾ ਉਦੇਸ਼ ਸਿਰਫ਼ ਪੈਸਾ ਕਮਾਉਣਾ ਹੁੰਦਾ ਹੈ। ਇਸ ਤੋਂ ਇਲਾਵਾ ਸਿਆਸੀ ਪਾਰਟੀ ਦੀ ਮਲਕੀਅਤ ਵਾਲੀਆਂ ਅਖ਼ਬਾਰਾਂ ਲੋਕਾਂ ਨੂੰ ਗੁੰਮਰਾਹ ਕਰ ਕੇ ਭੰਬਲਭੂਸੇ ਵਿੱਚ ਪਾ ਦਿੰਦੀਆਂ ਹਨ।

ਅਖ਼ਬਾਰ ਪੜ੍ਹਨਾ ਗ਼ਲਤ ਨਹੀਂ ਹੈ, ਪਰ ਅਖ਼ਬਾਰ ਦੀ ਦੁਰਵਰਤੋਂ ਅਤੇ ਉਸ ਦੇ ਪਿੱਛੇ ਲੱਗ ਕੇ ਤੁਰਨ ਵਿੱਚ ਨੁਕਸਾਨ ਜ਼ਰੂਰ ਹੈ। ਚੰਗੀ ਅਤੇ ਨਿਰਪੱਖ ਅਖ਼ਬਾਰ ਪੜ੍ਹਨਾ ਹੀ ਲਾਹੇਵੰਦ ਹੈ।