ਲੇਖ : ਜੀਵਨ ਤੇ ਖੇਡਾਂ
ਜੀਵਨ ਤੇ ਖੇਡਾਂ ਦਾ ਆਪਸੀ ਸੰਬੰਧ ਅਤੁੱਟ ਅਤੇ ਅਨਿੱਖੜਵਾਂ ਹੈ। ਖੇਡਾਂ ਨਾਲ ਮਾਨਸਿਕ ਤੇ ਸਰੀਰਕ ਸੰਤੁਲਨ ਕਾਇਮ ਰੱਖਿਆ ਜਾ ਸਕਦਾ ਹੈ।
ਵਿਦਿਆ ਦਾ ਮੁੱਖ ਉਦੇਸ਼ ਵੀ ਮਨੁੱਖੀ ਜੀਵਨ ਦਾ ਸਰਬਪੱਖੀ ਵਿਕਾਸ ਕਰਨਾ ਹੈ। ਇਹੋ ਹੀ ਕਾਰਨ ਹੈ ਕਿ ਸਕੂਲਾਂ ਤੇ ਕਾਲਜਾਂ ਵਿੱਚ ਵਿਦਿਆ ਦੇ ਨਾਲ-ਨਾਲ ਖੇਡਾਂ ਉੱਤੇ ਜ਼ੋਰ ਦਿੱਤਾ ਜਾਂਦਾ ਹੈ । ਹੁਣ ਤਾਂ ਸਕੂਲੀ ਪੜ੍ਹਾਈ ਅਰੰਭ ਕਰਨ ਤੋਂ ਪਹਿਲਾਂ ਛੋਟੇ ਬੱਚਿਆਂ ਲਈ ਖੇਡ ਸਕੂਲ (Play School) ਖੁੱਲ੍ਹ ਚੁੱਕੇ ਹਨ। ਇਨ੍ਹਾਂ ਸਕੂਲਾਂ ਵਿੱਚ ਢਾਈ ਸਾਲ ਤੋਂ ਲੈ ਕੇ ਚਾਰ ਸਾਲ ਤੱਕ ਦੇ ਬੱਚਿਆਂ ਨੂੰ ਖੇਡਾਂ ਰਾਹੀਂ ਜੀਵਨ ਦੀਆਂ ਨਿੱਕੀਆਂ-ਨਿੱਕੀਆਂ ਗੋਲਾਂ ਸਿਖਾਈਆਂ ਜਾਂਦੀਆਂ ਹਨ। ਬੱਚੇ ਇਸ ਤੋਂ ਬੇਖ਼ਬਰ ਖੇਡਾਂ ਦੇ ਨਾਲ-ਨਾਲ ਇਹ ਗੱਲਾਂ ਵੀ ਸਿਖ ਰਹੇ ਹੁੰਦੇ ਹਨ। ਸਕੂਲਾਂ ਵਿੱਚ ਵੀ ਬੱਚਿਆਂ ਦੇ ਖੇਡਣ ਲਈ ਇੱਕ ਨਿਸ਼ਚਿਤ ਪੀਰੀਅਡ ਹੁੰਦਾ ਹੈ। ਇਸ ਪਿੱਛੇ ਧਾਰਨਾ ਇਹੋ ਹੀ ਹੈ ਕਿ ਬੱਚਿਆਂ ਦੇ ਸਰੀਰ ਨੂੰ ਅਰੋਗ ਤੇ ਤਾਕਤਵਰ ਬਣਾਇਆ ਜਾ ਸਕੇ।
ਇਕ ਸਮਾਂ ਸੀ ਜਦੋਂ ਖੇਡਾਂ ਸਿਰਫ਼ ਸਾਡੇ ਮਨ-ਪ੍ਰਚਾਵੇ ਦਾ ਸਾਧਨ ਸਨ। ਉਸ ਸਮੇਂ ਪੜ੍ਹਾਈ ਵੱਲ ਵਧੇਰੇ ਧਿਆਨ ਨਹੀਂ ਦਿੱਤਾ ਜਾਂਦਾ ਸੀ। ਬੱਚਿਆਂ ਦੀ ਵੀ ਪੜ੍ਹਾਈ ਨਾਲੋਂ ਖੇਡਾਂ ਵਿੱਚ ਰੁਚੀ ਵਧੇਰੇ ਹੁੰਦੀ ਸੀ।
ਖੇਡਾਂ ਸਰੀਰਕ ਪੱਖੋਂ ਅਰੋਗ ਬਣਾਉਣ ਦੇ ਨਾਲ-ਨਾਲ ਮਨੁੱਖ ਦੇ ਚੰਗੇ ਆਚਰਨ ਵਿੱਚ ਵੀ ਸਹਾਇਕ ਹੁੰਦੀਆਂ ਹਨ।
ਸਮੂਹਿਕ ਤੌਰ ‘ਤੇ ਖੇਡਣ ਨਾਲ ਸਾਡੇ ਅੰਦਰ ਵਫ਼ਾਦਾਰੀ, ਦੇਸ਼ ਪਿਆਰ, ਦੁੱਖ ਅਤੇ ਮੁਸੀਬਤਾਂ ਨੂੰ ਖਿੜੇ ਮੱਥੇ ਸਹਾਰਨ ਦੀ ਤਾਕਤ ਅਤੇ ਉਤਸ਼ਾਹ, ਸੰਤੋਖ ਆਦਿ ਜਿਹੇ ਆਚਰਨ ਗੁਣ ਵੀ ਪੈਦਾ ਹੁੰਦੇ ਹਨ। ਬੱਚੇ ਸਦਭਾਵਨਾ ਅਤੇ ਹਮਦਰਦੀ ਭਰਿਆ। ਵਰਤਾਓ ਕਰਨ ਦੀ ਜਾਚ ਸਿਖਦੇ ਹਨ। ਅਨੁਸ਼ਾਸਨ ਦੀ ਭਾਵਨਾ ਵੀ ਖੇਡਾਂ ਦੁਆਰਾ ਹੀ ਪ੍ਰਾਪਤ ਹੁੰਦੀ ਹੈ। ਨਿਯਮ ਵਿੱਚ ਰਹਿਣਾ, ਹਾਰ-ਜਿੱਤ ਨੂੰ ਖੁਸ਼ੀ-ਖੁਸ਼ੀ ਮੰਨ ਲੈਣਾ, ਅਨੁਸ਼ਾਸਨ ਵਿੱਚ ਰਹਿ ਕੇ ਹੀ ਸਿੱਖਿਆ ਜਾ ਸਕਦਾ ਹੈ। ਸਹਿਣਸ਼ੀਲਤਾ ਦਾ ਗੁਣ ਮਨੁੱਖ ਨੂੰ ਆਸ਼ਾਵਾਦੀ ਬਣਾਉਂਦਾ ਹੈ। ਖੇਡਾਂ ਰਾਹੀਂ ਸਦਾਚਾਰਕ ਗੁਣ ਵੀ ਪੈਦਾ ਹੁੰਦੇ ਹਨ। ਖੇਡਦੇ ਸਮੇਂ ਹਰ ਕੌਮ ਜਾਤੀ ਤੋਂ ਧਰਮ ਦੇ ਬੱਚਿਆਂ ਨਾਲ ਆਪਸੀ ਪਿਆਰ, ਹਮਦਰਦੀ ਤੇ ਮਿਲਵਰਤਨ ਮਨੁੱਖ ਅੰਦਰੋਂ ਊਚ-ਨੀਚ ਦੀ ਭਾਵਨਾ ਨੂੰ ਖ਼ਤਮ ਕਰ ਦਿੰਦੀ ਹੈ।ਉਸ ਸਮੇਂ ਕੋਈ ਵੀ ਹਿੰਦੂ, ਸਿੱਖ, ਮੁਸਲਮਾਨ, ਈਸਾਈ ਨਹੀਂ ਹੁੰਦਾ। ਸਾਰੇ ਖਿਡਾਰੀ ਹੁੰਦੇ ਹਨ। ਇਹੋ ਧਾਰਨਾ ਕੌਮੀ ਏ ਕਤਾ ਦਾ ਅਧਾਰ ਬਣਦੀ ਹੈ। ਖੇਡਾਂ ਮਨੁੱਖ ਨੂੰ ਆਪਣੇ ਦੇਸ਼ ਦਾ ਇੱਕ ਚੰਗਾ ਤੇ ਈਮਾਨਦਾਰ ਨਾਗਰਿਕ ਵੀ ਬਣਾਉਂਦੀਆਂ ਹਨ।
ਖੇਡਾਂ ਦੀ ਸਾਡੇ ਜੀਵਨ ਵਿੱਚ ਖ਼ਾਸ ਮਹੱਤਤਾ ਹੈ ਜਿਸ ਨੂੰ ਅਣਗੌਲਿਆ ਨਹੀਂ ਜਾ ਸਕਦਾ। ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ ਉੱਤੇ ਖੇਡਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਦੇਸ਼ ਦਾ ਬਹੁਤਾ ਧਨ ਖੇਡ-ਵਿਭਾਗ ਉੱਤੇ ਖ਼ਰਚ ਕੀਤਾ ਜਾ ਰਿਹਾ ਹੈ। ਸਕੂਲਾਂ ਅਤੇ ਕਾਲਜਾਂ ਵਿੱਚ ਖਿਡਾਰੀਆਂ ਨੂੰ ਖ਼ਾਸ ਰੁੱਤਬਾ ਹਾਸਲ ਹੈ। ਖਿਡਾਰੀਆਂ ਨੂੰ ਸਕੂਲਾਂ ਕਾਲਜਾਂ ਦੇ ਦਾਖਲਿਆਂ ਵਿੱਚ ਖ਼ਾਸ ਦਰਜਾ ਦਿੱਤਾ ਗਿਆ ਹੈ।