ਲੇਖ : ਗੁਰਮੁਖੀ ਲਿਪੀ
ਗੁਰਮੁਖੀ ਲਿਪੀ
ਜਾਣ-ਪਛਾਣ : ਪੰਜਾਬ ਦੀ ਬੋਲੀ ਦਾ ਨਾਂ ‘ਪੰਜਾਬੀ’ ਹੈ ਅਤੇ ਇਸ ਬੋਲੀ ਦੀ ਲਿਪੀ ਦਾ ਨਾਂ ‘ਗੁਰਮੁਖੀ’। ਸ਼ਬਦ ‘ਗੁਰਮੁਖੀ’ ਦੇ ਅਰਥ ‘ਗੁਰੂ ਦੇ ਮੁਖੋਂ ਨਿਕਲੀ ਜਾਂ ਗੁਰਮੁਖ ਦੀ ਰਚੀ ਹੋਈ ਲਿਪੀ’ ਨੇ ਪੰਜਾਬੀ ਦੁਨੀਆ ਵਿੱਚ ਗ਼ਲਤ-ਫ਼ਹਿਮੀ ਪੈਦਾ ਕਰ ਦਿੱਤੀ ਕਿ ਇਹ ਇੱਕ ਸਿੱਖ ਲਿਪੀ ਹੈ ਤੇ ਇਸ ਨੂੰ ਗੁਰੂ ਅੰਗਦ ਦੇਵ ਜੀ ਨੇ ਬਣਾਇਆ ਹੈ। ਵਾਸਤਵ ਵਿੱਚ ਨਾ ਹੀ ਇਹ ਇੱਕ ਸਿੱਖ ਲਿਪੀ ਹੈ ਅਤੇ ਨਾ ਹੀ ਇਸ ਨੂੰ ਗੁਰੂ ਅੰਗਦ ਦੇਵ ਜੀ ਨੇ ਬਣਾਇਆ ਹੈ। ਗੁਰੂ ਸਾਹਿਬਾਂ ਨੇ ਮੁਸਲਮਾਨੀ ਰਾਜ ਸਮੇਂ, ਜਦੋਂ ਕਿ ਫ਼ਾਰਸੀ ਲਿਪੀ ਦਾ ਬੋਲ-ਬਾਲਾ ਸੀ, ਆਪਣੇ ਪਰਚਾਰ ਲਈ ਇਸ ਨੂੰ ਵਰਤ ਕੇ ਇਸ ਵਿੱਚ ਨਵੇਂ ਸਿਰਿਓਂ ਜਾਨ ਜ਼ਰੂਰ ਪਾਈ। ਇਸ ਕਰਕੇ, ਇਸ ਦਾ ਨਾਂ ‘ਗੁਰਮੁਖੀ’ ਪੈ ਗਿਆ ਅਤੇ ਇਸ ਦੇ ਅੱਖਰਾਂ ਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਆਈ—ਹਿੰਦੂ-ਸਿੱਖ–ਪਵਿੱਤਰ ਸਮਝਣ ਲੱਗ ਪਏ। ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਵਿੱਚ ਬੱਚਿਆਂ ਨੂੰ ਪੈਂਤੀ ਪੜ੍ਹਾਇਆ ਕਰਦੇ ਸਨ। ਉਨ੍ਹਾਂ ਨੇ ਤਾਂ ਇਸ ਲਿਪੀ ਨੂੰ ਅਸਾਨੀ ਨਾਲ ਸਿੱਖਣ ਲਈ ਬਾਲਬੋਧ ਬਣਾਇਆ ਨਾ ਕਿ ਇਹ ਲਿਪੀ।
ਪ੍ਰਾਚੀਨਤਾ : ਸਵਰਗਵਾਸੀ ਸ: ਜੀ. ਬੀ. ਸਿੰਘ ਆਪਣੀ ਪੁਸਤਕ ‘ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ’ ਵਿੱਚ ਦੂਜੇ-ਤੀਜੇ ਪੰਨੇ ਵਿੱਚ ਲਿਖਦੇ ਹਨ—“ਇਹ ਅੱਖਰ, ਜਿਨ੍ਹਾਂ ਨੂੰ ਅੱਜ ਕੱਲ੍ਹ ‘ਗੁਰਮੁਖੀ’ ਦਾ ਨਾਂ ਦਿੱਤਾ ਜਾਂਦਾ ਹੈ, ਅਸਲ ਵਿੱਚ ਬਹੁਤ ਪੁਰਾਣੇ ਹਨ। ਬਾਹਰਵੀਂ-ਤੇਹਰਵੀਂ ਸਦੀ ਤੋਂ ਇਹ ਮਾਲਵੇ, ਮਾਝੇ ਤੇ ਸਾਂਦਲ ਬਾਰ ਅਤੇ ਦੁਆਬਾ ਤੇ ਮੇਨ ਦੁਆਬ ਦੇ ਉੱਤਰੀ ਭਾਗ ਵਿੱਚ ਵਰਤੀਂਦੇ ਚਲੇ ਆਏ ਹਨ। ….. ਅੱਖਰਾਂ ਦੇ ਬਣਾਉਣ ਵਾਲੇ ਪੰਜਾਬ ਦੇ ਹਿੰਦੂ ਵਪਾਰੀ ਅਤੇ ਉਨ੍ਹਾਂ ਦਾ ਪੜ੍ਹਿਆ ਲਿਖਿਆ ਤਬਕਾ ਸੀ। ਇਸ ਦੇ ਨਾਂ ‘ਗੁਰਮੁਖੀ` ਤੋਂ ਛੁੱਟ ਸਿੱਖਾਂ ਨੂੰ ਇਨ੍ਹਾਂ ਅੱਖਰਾਂ ਦੇ ਜਨਮ ਨਾਲ ਕੋਈ ਵਾਸਤਾ ਨਹੀਂ। ਜਿਵੇਂ ਪੰਜਾਬੀ ਬੋਲੀ ਕੋਈ ਸਿੱਖਾਂ ਦੀ ਹੀ ਮਲਕੀਅਤ ਨਹੀਂ ਤਿਵੇਂ ‘ਗੁਰਮੁਖੀ’ ਅੱਖਰ ਵੀ ਹਿੰਦੂਆਂ ਤੇ ਸਿੱਖਾਂ ਦਾ ਸਾਂਝਾ ਵਿਰਸਾ ਹਨ ਅਤੇ ਦੋਹਾਂ ਨੂੰ ਇਨ੍ਹਾਂ ਉੱਤੇ ਇੱਕੋ ਜਿਹਾ ਮਾਣ ਹੋਣਾ ਚਾਹੀਦਾ ਹੈ। ‘ਗੁਰਮੁਖੀ’ ਦਾ ਇੱਕ ਅੱਖਰ ਵੀ—ਇੱਕ ਲਗ ਮਾਤਰ ਤਕ ਵੀ—ਸ੍ਰੀ ਗੁਰੂ ਅੰਗਦ ਦੇਵ ਜੀ ਜਾਂ ਹੋਰ ਕਿਸੇ ਇੱਕ ਦਾ ਬਣਾਇਆ ਹੋਇਆ ਨਹੀਂ ਹੈ। ਨਾ ਹੀ ਕਿਸੇ ਨੇ ਉਨ੍ਹਾਂ ਦੀ ਵਰਨਮਾਲਾ ਦੀ ਪੁਰਾਣੀ ਤਰਤੀਬ ਵਿੱਚ ਫ਼ਰਕ ਪਾਇਆ ਹੈ ਅਤੇ ਨਾ ਗਿਣਤੀ ਹੀ ਵੱਧ-ਘੱਟ ਕੀਤੀ ਹੈ।”
ਨਿਕਾਸ ਤੇ ਵਿਕਾਸ : ਪੰਜਾਬ ਦੀ ਸੱਭਿਅਤਾ ਦੇ ਵਿਕਾਸ ਵਿੱਚ ਇੱਕ ਅਜਿਹਾ ਸਮਾਂ ਆਇਆ ਜਦ ਵਧ ਰਹੇ ਗਿਆਨ ਨੂੰ ਸਾਂਭਣ ਤੇ ਦੂਜਿਆਂ ਤਕ ਪੁਚਾਉਣ ਲਈ ਲਿਪੀ ਦੀ ਲੋੜ ਮਹਿਸੂਸ ਹੋਈ। ਹੋਰ ਲਿਪੀਆਂ ਵਾਂਗ ‘ਗੁਰਮੁਖੀ’ ਵੀ ਗੰਢ-ਲਿਪੀ, ਚਿੱਤਰ-ਲਿਪੀ, ਭਾਵ ਪ੍ਰਕਾਸ਼ਨ-ਲਿਪੀ ਤੇ ਚਿੰਨ੍ਹ-ਲਿਪੀ ਦੀਆਂ ਅਵਸਥਾਵਾਂ ਵਿੱਚੋਂ ਲੰਘ ਕੇ ਸੰਪੂਰਨ ਲਿਪੀ ਦੇ ਰੂਪ ਵਿੱਚ ਪੁੱਜੀ। ਇਸ ਸਬੰਧੀ ਨਵੀਨ ਖੋਜ ਦੱਸਦੀ ਹੈ ਕਿ ਗੁਰਮੁਖੀ ਲਿਪੀ ਵੀ ਹੋਰ ਲਿਪੀਆਂ—ਦੇਵਨਾਗਰੀ, ਬੰਗਾਲੀ, ਮਰਹੱਟੀ ਤੇ ਗੁਜਰਾਤੀ ਆਦਿ-ਵਾਂਗ ਬ੍ਰਹਮੀ ਲਿਪੀ ਤੋਂ ਨਿਕਲੀ ਹੈ। ਇਹ ਬ੍ਰਹਮੀ ਲਿਪੀ ਵਿੱਚੋਂ ਨਿਕਲ ਕੇ ਕਿਵੇਂ ਵਟਦੀ-ਬਦਲਦੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਚਣ ਸਮੇਂ ਅਜੋਕੇ ਪ੍ਰਚੱਲਤ ਰੂਪ ਵਿੱਚ ਪੁੱਜੀ? ਇਸ ਬਾਰੇ ਠੋਸ ਦਲੀਲਾਂ ਖੁਣੋਂ ਇਸ ਦੇ ਵਿਕਾਸ ‘ਤੇ ਖੁੱਲ੍ਹ ਕੇ ਚਾਨਣਾ ਨਹੀਂ ਪਾਇਆ ਜਾ ਸਕਦਾ। ਹਾਂ, ਅੰਬਾਲਾ, ਕਾਂਗੜਾ, ਕਸ਼ਮੀਰ ਤੇ ਸ਼ਾਹਬਾਜ਼ ਦੀ ਗੜ੍ਹੀ (ਸਰਹੰਦ) ਤੋਂ ਮਿਲੀਆਂ ਪੁਰਾਣੀਆਂ ਲਿਖਤਾਂ ਕਿਸੇ-ਨ-ਕਿਸੇ ਲਿਪੀ ਦੀ ਹੋਂਦ ਦੀ ਗਵਾਹੀ ਜ਼ਰੂਰ ਦਿੰਦੀਆਂ ਹਨ। ਹੋ ਸਕਦਾ ਹੈ ਕਿ ਪੰਜਾਬ ਦੇ ਸਭ ਤੋਂ ਪੁਰਾਣੇ ਤੇ ਪਹਿਲੇ ਅੱਖਰ ਲੰਡੇ (ਛਾਂਗੇ ਹੋਏ—ਮਾਤਰਾ ਤੋਂ ਰਹਿਤ) ਹੋਣ ਜਿਨ੍ਹਾਂ ਵਿੱਚ ਵਪਾਰੀ ਹੁਣ ਤੀਕ ਆਪਣਾ ਹਿਸਾਬ ਲਿਖਦੇ ਹਨ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਭਾਈ ਗੁਰਦਾਸ ਜੀ ਨੇ ਇਸ ਵਿੱਚ ਕੁਝ ਕੁ ਲੋੜੀਂਦੀਆਂ ਤਬਦੀਲੀਆਂ ਕੀਤੀਆਂ। ਇਸ ਤੋਂ ਪਿੱਛੋਂ, ਜਦੋਂ ਫ਼ਾਰਸੀ ਦੇ ਪ੍ਰਭਾਵ ਨਾਲ ਪੰਜਾਬੀ ਵਿੱਚ ਪੰਜ ਨਵੀਆਂ ਅਵਾਜ਼ਾਂ ਪ੍ਰਚੱਲਤ ਹੋ ਗਈਆਂ ਤਾਂ ਵਿਦਵਾਨਾਂ ਨੇ ਅੰਗਰੇਜ਼ੀ ਰਾਜ ਦੇ ਸਮੇਂ ਪੰਜ ਅੱਖਰਾਂ ਥੱਲੇ ਬਿੰਦੀ ਲਾ ਕੇ–ਸ਼, ਖ਼, ਗ਼, ਜ਼ ਤੇ ਫ਼-ਪੰਜ ਨਵੇਂ ਅੱਖਰ ਬਣਾ ਦਿੱਤੇ। ਇਸ ਤਰ੍ਹਾਂ ਅੱਖਰਾਂ ਦੀ ਗਿਣਤੀ ਪੈਂਤੀ ਤੋਂ ਚਾਲ੍ਹੀ ਹੋ ਗਈ। ਪੰਜਾਬ ਦੀ ਵੰਡ ਤੋਂ ਬਾਅਦ ‘ਲ’ ਦੀ ਤਾਲਵੀਂ ਅਵਾਜ਼ ਲਈ ਇਸ (ਲ) ਦੇ ਥੱਲੇ ਬਿੰਦੀ (ਲ) ਲਿਖਣ ਦਾ ਰਿਵਾਜ ਪਿਆ। ਇਸ ਲਈ ਹੁਣ ਅੱਖਰਾਂ ਦੀ ਕੁੱਲ ਗਿਣਤੀ 41 ਹੋ ਗਈ ਹੈ।
ਗੁਰਮੁਖੀ ਲਿਪੀ ਦੀ ਵਿਸ਼ੇਸ਼ਤਾ : ਭਾਵੇਂ ਪੰਜਾਬੀ ਲਿਖਣ ਲਈ ਮੁਸਲਮਾਨਾਂ ਨੇ ਫ਼ਾਰਸੀ ਲਿਪੀ, ਹਿੰਦੂਆਂ ਨੇ ਦੇਵਨਾਗਰੀ ਲਿਪੀ ਤੇ ਪਾਦਰੀਆਂ ਨੇ ਰੋਮਨ ਲਿਪੀ ਵਰਤੀ ਹੈ ਪਰ ਗੁਰਮੁਖੀ ਲਿਪੀ ਸਾਰੀਆਂ ਲਿਪੀਆਂ ਨਾਲੋਂ ਵਧੇਰੇ ਵਿਗਿਆਨਕ ਤੇ ਗੁਣਦਾਇਕ ਹੈ। ਛੁੱਟ ਇਸ ਦੇ ਹੋਰ ਕੋਈ ਵੀ ਲਿਪੀ ਪੰਜਾਬੀ ਬੋਲੀ ਦੇ ਸ਼ਬਦਾਂ ਤੇ ਉਨ੍ਹਾਂ ਦੇ ਉਚਾਰਨਾਂ ਨੂੰ ਠੀਕ ਤਰ੍ਹਾਂ ਨਹੀਂ ਪ੍ਰਗਟਾ ਸਕਦੀ। ਇਸ ਵਿੱਚ ਇੱਕ ਅਵਾਜ਼ ਲਈ ਇੱਕ ਅੱਖਰ ਹੈ ਅਤੇ ਇੱਕ ਅੱਖਰ ਕੇਵਲ ਇੱਕੋ ਅਵਾਜ਼ ਨੂੰ ਦਰਸਾਉਂਦਾ ਹੈ। ਅੰਗਰੇਜ਼ੀ ਵਾਂਗ ਕਿਧਰੇ ਕੋਈ ਅੱਖਰ ਅਵਾਜ਼- ਰਹਿਤ (Silent) ਨਹੀਂ ਹੁੰਦਾ। ਇਸ ਤਰ੍ਹਾਂ ਇਸ ਵਿੱਚ ਹੁਣ ਪੰਜਾਬੀ ਦੀਆਂ ਸਾਰੀਆਂ ਅਵਾਜ਼ਾਂ, ਜਿਨ੍ਹਾਂ ਦੀ ਗਿਣਤੀ 41 ਹੈ, ਨੂੰ ਪ੍ਰਗਟਾਉਣ ਲਈ 41 ਅੱਖਰ ਮੌਜੂਦ ਹਨ। ਹਰ ਇੱਕ ਅੱਖਰ ਦੀ ਸ਼ਕਲ ਸਾਦੀ ਤੇ ਨਵੇਕਲੀ ਜਿਹੀ ਹੈ ਅਤੇ ਕਿਸੇ ਹੋਰ ਨਾਲ ਨਹੀਂ ਰਲਦੀ। ਬਹੁਤ ਸਾਰੇ ਅੱਖਰ ਕੱਦ ਵਜੋਂ ਛੁਟੇਰੇ ਤੇ ਬਿਨਾਂ ਕਲਮ ਚੁੱਕੇ ਲਿਖੇ ਜਾ ਸਕਣ ਕਾਰਣ, ਫੁਰਤੀ ਨਾਲ ਲਿਖੇ ਜਾ ਸਕਦੇ ਹਨ। ਇਨ੍ਹਾਂ ਵਿੱਚ ਲਿਖੀ ਲਿਖਤ ਨੂੰ ਪੜ੍ਹਨ ਵਿੱਚ ਕਿਸੇ ਕਿਸਮ ਦੀ ਕੋਈ ਗ਼ਲਤੀ ਨਹੀਂ ਹੋ ਸਕਦੀ। ਗੁਰਮੁਖੀ ਲਿਪੀ ਦੀ ਸਮਰੱਥਾ ਇਸ ਗੱਲੋਂ ਵੀ ਪ੍ਰਗਟ ਹੈ ਕਿ ਅਸੀਂ ਲਗਭਗ ਹਰ ਭਾਸ਼ਾ ਨੂੰ ਇਸ ਲਿਪੀ ਵਿੱਚ ਠੀਕ ਤਰ੍ਹਾਂ ਲਿਖ ਸਕਦੇ ਹਾਂ ਜਦ ਕਿ ਸੰਸਾਰ ਦੀਆਂ ਕਈ ਪ੍ਰਮੁੱਖ ਭਾਸ਼ਾਵਾਂ ਦੀਆਂ ਲਿਪੀਆਂ ਵਿੱਚ ਇਹ ਗੁਣ ਮੌਜੂਦ ਨਹੀਂ। ਮੁਕਦੀ ਗੱਲ ਇਹ ਕਿ ਪੰਜਾਬੀ ਬੋਲੀ ਨੂੰ ਸ਼ੁੱਧ ਲਿਖਣ ਲਈ ਤੇ ਠੀਕ ਪੜ੍ਹਨ ਲਈ ਇਹ ਹੀ ਇੱਕ ਸਹੀ ਤੇ ਢੁੱਕਵੀਂ ਲਿਪੀ ਹੈ। ਇਨ੍ਹਾਂ ਗੁਣਾਂ ਕਰਕੇ ਹੀ ਨਾ ਕੇਵਲ ਗੁਰੂ ਸਾਹਿਬਾਂ ਨੇ ਸਗੋਂ ਪੰਜਾਬ ਦੇ ਬਹੁਤ ਸਾਰੇ ਲਿਖਾਰੀਆਂ ਨੇ ਵੀ ਆਪਣੇ ਵਿਚਾਰਾਂ ਨੂੰ ਇਨ੍ਹਾਂ ਅੱਖਰਾਂ ਦਾ ਪਹਿਰਾਵਾ ਦਿੱਤਾ। ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਗੁਰਮੁਖੀ ਹੀ ਪੰਜਾਬੀ ਵਾਸਤੇ ਅਨੁਕੂਲ ਲਿਪੀ ਹੈ। ਪੰਜਾਬੀ ਭਾਸ਼ਾ ਦੀ ਲਿਖਤ ਲਈ ਕਿਸੇ ਹੋਰ ਲਿਪੀ ਦਾ ਸਹਾਰਾ ਲੈਣਾ ਯੋਗ ਨਹੀਂ। ਦੇਵਨਾਗਰੀ ਜਾਂ ਕੋਈ ਹੋਰ ਲਿਪੀ ਇਸ ਭਾਸ਼ਾ ਨਾਲ ਇਨਸਾਫ਼ ਨਹੀਂ ਕਰ ਸਕਦੀ।
ਨੋਟ : ਸ: ਪਿਆਰਾ ਸਿੰਘ ਪਦਮ ਅਨੁਸਾਰ ਬ੍ਰਹਮ-ਵਰਤ ਵਾਲਿਆਂ ਦੀ ਲਿਪੀ ਨੂੰ ਬ੍ਰਹਮੀ ਲਿਪੀ ਕਿਹਾ ਗਿਆ ਹੈ। ਇਹ ਖੱਬਿਓਂ ਸੱਜੇ ਲਿਖੀ ਜਾਂਦੀ ਸੀ।