ਕੰਪਿਊਟਰ ਅੱਜ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਾ ਹੈ। ਇਸ ਨੇ ਮਨੁੱਖ ਦੇ ਜੀਵਨ ਦੀਆਂ ਕਈ ਮੁਸ਼ਕਲਾਂ ਨੂੰ ਅਸਾਨ ਕਰ ਦਿੱਤਾ ਹੈ। ਵਿਗਿਆਨ ਦੀ ਇਸ ਖੋਜ ਨੇ ਮਨੁੱਖੀ ਜੀਵਨ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਇਸ ਲਈ ਅੱਜ ਦੇ ਜੁੱਗ ਨੂੰ ਕੰਪਿਊਟਰ ਜੁਗ ਕਹਿ ਲਿਆ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗੀ। ਜੋ ਕੰਮ ਸੌ ਮਨੁੱਖ ਕਈ ਦਿਨਾਂ ਵਿੱਚ ਕਰ ਸਕਦੇ ਹਨ, ਉਸ ਕੰਮ ਨੂੰ ਕੰਪਿਊਟਰ ਕੁਝ ਮਿੰਟਾਂ ਵਿੱਚ ਕਰ ਸਕਦਾ ਹੈ।
ਪਹਿਲਾਂ-ਪਹਿਲਾਂ ਕੰਪਿਊਟਰ ਦੀ ਵਰਤੋਂ ਸਿਰਫ਼ ਹਿਸਾਬ-ਕਿਤਾਬ ਦੇ ਕੁਝ ਕੰਮਾਂ ਲਈ ਹੀ ਕੀਤੀ ਜਾਂਦੀ ਸੀ, ਪਰ ਹੁਣ ਸੰਚਾਰ, ਮਨੋਰੰਜਨ ਕਰਨਾ, ਸਮਾਨ ਵੇਚਣਾ ਤੇ ਖਰੀਦਣਾ, ਟੀ.ਵੀ. ਦੇ ਪ੍ਰੋਗਰਾਮ ਵੇਖਣੇ, ਖਬਰਾਂ ਸੁਣਨੀਆਂ, ਰੇਲਵੇ ਰਾਖਵਾਂਕਰਨ, ਛਪਾਈ ਦਾ ਕੰਮ, ਜਨਮ ਪੱਤਰੀ ਬਣਾਉਣਾ, ਅਪਰਾਧ ਅਤੇ ਅਪਰਾਧੀਆਂ ਦਾ ਪਤਾ ਲਗਾਉਣਾ, ਬ੍ਰਹਿਮੰਡ ਦੀ ਖੋਜ ਦਾ ਕੰਮ ਆਦਿ ਭਾਵ ਜੀਵਨ ਦੇ ਹਰ ਖੇਤਰ ਵਿੱਚ ਕੰਪਿਊਟਰ ਦੀ ਵਰਤੋਂ ਹੋ ਰਹੀ ਹੈ।
ਅਸਲ ਵਿੱਚ ਕੰਪਿਊਟਰ ਦੇ ਸਾਰੇ ਮੁੱਖ ਕੰਮ ਇੰਟਰਨੈਟ ਰਾਹੀਂ ਹੀ ਸੰਭਵ ਹਨ। ਇੰਟਰਨੈਟ ਦੁਨੀਆ ਭਰ ਦੇ ਕੰਪਿਊਟਰਾਂ ਦਾ ਇੱਕ ਵਿਸ਼ਾਲ ਜਾਲ ਹੈ, ਜਿਸ ਰਾਹੀਂ ਅਸੀਂ ਆਪਸ ਵਿੱਚ ਸੂਚਨਾਵਾਂ ਦਾ ਲੈਣ-ਦੇਣ ਕਰ ਸਕਦੇ ਹਾਂ। ਇਹ ਇੰਟਰਨੈਟ ਹੀ ਹੈ ਜੋ ਸਾਨੂੰ ਬੇਮਿਸਾਲ ਸਹੂਲਤਾਂ ਦਿੰਦਾ ਹੈ । ਸਕੂਲ, ਕਾਲਜ, ਤਕਨੀਕੀ ਸੰਸਥਾਨਾਂ ਜਾਂ ਯੂਨੀਵਰਸਿਟੀ ਵਿੱਚ ਦਾਖ਼ਲੇ ਸੰਬੰਧੀ ਜ਼ਰੂਰੀ ਸੂਚਨਾਵਾਂ ਵੀ ਇਸ ਤੋਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਪੜ੍ਹਾਈ ਕਰਨ ਵਿੱਚ ਮਦਦ ਮਿਲਦੀ ਹੈ ਅਤੇ ਇੰਟਰਨੈਟ ਦੀ ਵਰਤੋਂ ਕਰ ਕੇ ਅਸੀਂ ਆਨ-ਲਾਈਨ ਪਰੀਖਿਆ ਵੀ ਦੇ ਸਕਦੇ ਹਾਂ।
ਅੱਜ ਇੰਟਰਨੈਟ ਸਾਡੀਆਂ ਜ਼ਰੂਰਤਾਂ ਨਾਲ ਇਸ ਤਰ੍ਹਾਂ ਜੁੜ ਗਿਆ ਹੈ ਕਿ ਦੁਨੀਆ ਦੇ ਕਿਸੇ ਕੋਨੇ ਵਿੱਚ ਬੈਠ ਕੇ ਅਸੀਂ ਦੁਨੀਆ ਭਰ ਦੀ ਕੋਈ ਜਾਣਕਾਰੀ ਵੀ ਹਾਸਲ ਕਰ ਸਕਦੇ ਹਾਂ। ਦੇਸ਼-ਵਿਦੇਸ਼ ਦੀਆਂ ਖ਼ਬਰਾਂ, ਵੱਖ-ਵੱਖ ਵਿਸ਼ਿਆਂ, ਸਿੱਖਿਆ, ਖੇਡਾਂ, ਸਿਹਤ, ਖੋਜਾਂ, ਭਾਸ਼ਾਵਾਂ, ਸਾਹਿਤ ਅਤੇ ਗਿਆਨ-ਵਿਗਿਆਨ ਦੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਹੁਣ ਤਾਂ ਇੰਟਰਨੈਟ ਅਤੇ ਸਵੈ-ਚਾਲਤ ਮਸ਼ੀਨਾਂ ਰਾਹੀਂ ਨਿਪੁੰਨ ਡਾਕਟਰ ਹਜ਼ਾਰਾਂ ਕਿਲੋਮੀਟਰ ਦੀ ਦੂਰੀ ‘ਤੇ ਬੈਠ ਕੇ ਮਰੀਜ਼ ਦਾ ਅਪਰੇਸ਼ਨ ਕਰ ਸਕਦੇ ਹਨ। ਹਜ਼ਾਰਾਂ ਮੀਲ ਦੂਰ ਬੈਠੇ ਆਪਣੇ ਰਿਸ਼ਤੇਦਾਰਾਂ ਨਾਲ ਕੈਮਰੇ ਦੁਆਰਾ ਇਕ-ਦੂਜੇ ਨੂੰ ਵੇਖਦੇ ਹੋਏ ਆਪਸ ਵਿੱਚ ਗੱਲ-ਬਾਤ ਕਰਨੀ ਆਮ ਹੋ ਗਿਆ ਹੈ।
ਬੈਂਕਾਂ ਨਾਲ ਲੈਣ-ਦੇਣ, ਬਿੱਲਾਂ ਦੀ ਅਦਾਇਗੀ, ਰੇਲਵੇ ਜਾਂ ਹਵਾਈ ਜਹਾਜ਼ ਦੀਆਂ ਸੀਟਾਂ ਦਾ ਰਾਖਵਾਂਕਰਨ ਕਰਵਾਉਣਾ, ਵੱਖ-ਵੱਖ ਯੂਨੀਵਰਸਿਟੀਆਂ ਦੇ ਪਾਠਕ੍ਰਮ, ਨਿਯਮ ਅਤੇ ਨਤੀਜੇ ਇੰਟਰਨੈਟ ਰਾਹੀਂ ਵੇਖੇ ਜਾ ਸਕਦੇ ਹਨ।
ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਕੰਪਿਊਟਰਾਂ ਦਾ ਇਹ ਵਿਸ਼ਾਲ ਇੰਟਰਨੈਟ ਦੁਨੀਆ ਦੇ ਬਹੁਤ ਸਾਰੇ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਦਾ ਹੈ। ਪਰ, ਕਈ ਲੋਕ ਇਸ ਦੀ ਗਲਤ ਵਰਤੋਂ ਕਰਨ ਲੱਗ ਪਏ ਹਨ। ਕਈ ਕੰਪਿਊਟਰ ਮਾਹਿਰ ਇੰਟਰਨੈਟ ‘ਤੇ ਗੁੰਮਰਾਹ ਕਰਨ ਵਾਲੀਆਂ ਗਲਤ ਸਾਈਡ ਖੋਲ੍ਹ ਰਹੇ ਹਨ, ਉਨ੍ਹਾਂ ਦੇ ਸੰਦੇਸ਼ ਬੱਚਿਆਂ ਤੇ ਨੌਜਵਾਨਾਂ ਨੂੰ ਗ਼ਲਤ ਰਾਹ ਪਾ ਰਹੇ ਹਨ, ਜਿਨ੍ਹਾਂ ਰਾਹੀਂ ਇਨ੍ਹਾਂ ਦੇ ਜੀਵਨ ਬਰਬਾਦ ਹੋ ਸਕਦੇ ਹਨ।
ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਕੰਪਿਊਟਰ ਸਾਡੇ ਜੀਵਨ ਦੇ ਹਰ ਖੇਤਰ ਵਿੱਚ ਦਾਖਲ ਹੋ ਚੁੱਕਾ ਹੈ। ਜ਼ਰੂਰਤ ਹੈ, ਇਸ ਦੀ ਸਹੀ ਵਰਤੋਂ ਦੀ।