CBSEClass 8 Punjabi (ਪੰਜਾਬੀ)Class 9th NCERT PunjabiEducationNCERT class 10thPunjab School Education Board(PSEB)Punjabi Viakaran/ Punjabi Grammarਲੇਖ ਰਚਨਾ (Lekh Rachna Punjabi)

ਲੇਖ : ਆਨ-ਲਾਈਨ ਖ਼ਰੀਦਾਰੀ


ਭੂਮਿਕਾ : ਅਜੋਕੇ ਸਮੇਂ ਵਿੱਚ ਆਨ-ਲਾਈਨ ਖ਼ਰੀਦਾਰੀ ਦਾ ਖੇਤਰ ਬਹੁਤ ਹੀ ਵਿਸ਼ਾਲ ਹੋ ਰਿਹਾ ਹੈ। ਇਸ ਖ਼ਰੀਦਾਰੀ ਤੋਂ ਭਾਵ ਘਰ ਬੈਠਿਆਂ ਹੀ ਇੰਟਰਨੈੱਟ ਦੀ ਸਹਾਇਤਾ ਨਾਲ ਖ਼ਰੀਦਾਰੀ ਕਰਨਾ ਹੈ। ਇਸ ਤਰ੍ਹਾਂ ਦੀ ਖ਼ਰੀਦਾਰੀ ਦੇ ਬਹੁਤ ਸਾਰੇ ਲਾਭ ਤੇ ਨੁਕਸਾਨ ਵੀ ਹਨ। ਇਸ ਲਈ ਅਜਿਹੀ ਖ਼ਰੀਦਾਰੀ ਕਰਨ ਸਮੇਂ ਕੁਝ ਖ਼ਾਸ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ।

ਆਨ-ਲਾਈਨ ਖ਼ਰੀਦਾਰੀ ਤੋਂ ਭਾਵ : ਇਸ ਖ਼ਰੀਦਾਰੀ ਦਾ ਅਰਥ ਇਹੋ ਹੈ ਕਿ ਗਾਹਕ ਆਨ-ਲਾਈਨ ਸਮਾਨ ਵੇਚਣ ਵਾਲੀਆਂ ਕੰਪਨੀਆਂ ਨਾਲ ਇੰਟਰਨੈੱਟ ਰਾਹੀਂ ਸੰਪਰਕ ਕਰ ਕੇ ਆਪਣੀ ਮਨਪਸੰਦ ਦਾ ਅਤੇ ਲੋੜੀਂਦਾ ਸਮਾਨ ਖ਼ਰੀਦ ਲੈਂਦਾ ਹੈ। ਅਜੋਕੇ ਸਮੇਂ ਵਿੱਚ ਫਲਿੱਪਕਾਰਟ, ਸਨੈਪਡੀਲ, ਮੰਤਰਾ, ਐਮਾਜ਼ੋਨ ਆਦਿ ਅਨੇਕਾਂ ਵੱਡੀਆਂ ਕੰਪਨੀਆਂ ਹਨ ਜੋ ਲਗਪਗ ਹਰ ਤਰ੍ਹਾਂ ਦਾ ਸਮਾਨ ਵੇਚਣ ਦਾ ਕੰਮ ਕਰਦੀਆਂ ਹਨ। ਗਾਹਕ ਕੰਪਨੀ ਦੀ ਸਾਈਟ ‘ਤੇ ਜਾ ਕੇ ਮਨਪਸੰਦ ਸਮਾਨ ਖ਼ਰੀਦਣ ਦਾ ਆਰਡਰ ਕਰਦਾ ਹੈ। ਇਸ ਮਗਰੋਂ ਕੰਪਨੀ ਇਹ ਸਮਾਨ ਉਸ ਦੇ ਘਰ ਪਹੁੰਚਾ ਦਿੰਦੀ ਹੈ। ਗਾਹਕ ਖ਼ਰੀਦੇ ਹੋਏ ਸਮਾਨ ਦਾ ਕਈ ਤਰ੍ਹਾਂ ਨਾਲ ਭੁਗਤਾਨ ਕਰ ਸਕਦਾ ਹੈ।

ਆਨ-ਲਾਈਨ ਖ਼ਰੀਦਾਰੀ ਦਾ ਖੇਤਰ : ਅੱਜ ਦੇ ਸਮੇਂ ਵਿੱਚ ਆਨ-ਲਾਈਨ ਖ਼ਰੀਦਾਰੀ ਦਾ ਖੇਤਰ ਬਹੁਤ ਵਿਸ਼ਾਲ ਹੋ ਚੁੱਕਾ ਹੈ। ਇਸ ਨਾਲ ਸੰਬੰਧਿਤ ਕੰਪਨੀਆਂ ਸਮਾਨ ਬਣਾਉਣ ਵਾਲ਼ੇ ਤੋਂ ਸਿੱਧਾ ਸਮਾਨ ਖ਼ਰੀਦਦੀਆਂ ਹਨ ਤੇ ਉਸ ਨੂੰ ਗਾਹਕ ਤੱਕ ਪਹੁੰਚਾ ਦੇਂਦੀਆਂ ਹਨ। ਇਸ ਨਾਲ ਬਹੁਤ ਸਾਰੇ ਵਿਚੋਲੇ ਬਾਹਰ ਹੋ ਜਾਂਦੇ ਹਨ ਜਿਸ ਕਾਰਨ ਗਾਹਕ ਨੂੰ ਸਮਾਨ ਠੀਕ ਕੀਮਤ ‘ਤੇ ਮਿਲਦਾ ਹੈ। ਇਸ ਖੇਤਰ ਨਾਲ ਸੰਬੰਧਿਤ ਕੰਪਨੀਆਂ ਛੋਟੀ ਤੋਂ ਛੋਟੀ ਵਸਤੂ ਅਤੇ ਵੱਡੀ ਤੋਂ ਵੱਡੀ ਵਸਤੂ ਵੇਚਣ ਦਾ ਕੰਮ ਕਰ ਰਹੀਆਂ ਹਨ।

ਆਨ-ਲਾਈਨ ਖ਼ਰੀਦਾਰੀ ਦੇ ਲਾਭ : ਆਨ-ਲਾਈਨ ਖ਼ਰੀਦਾਰੀ ਦੇ ਬਹੁਤ ਸਾਰੇ ਲਾਭ ਹਨ। ਇਸ ਨਾਲ ਗਾਹਕ ਲੋਂੜੀਦੀ ਵਸਤੂ ਸੰਬੰਧੀ ਵੱਖ-ਵੱਖ ਕੰਪਨੀਆਂ ਦੀਆਂ ਸਾਈਟਾਂ ਤੋਂ ਪੜਤਾਲ ਕਰਨ ਉਪਰੰਤ ਹੀ ਸਮਾਨ ਖ਼ਰੀਦਣ ਦਾ ਆਰਡਰ ਦਿੰਦਾ ਹੈ। ਕੰਪਨੀਆਂ ਮੁਕਾਬਲੇ ਦੇ ਦੌਰ ਵਿੱਚ ਵਸਤੂਆਂ ਦੀ ਘੱਟ ਤੋਂ ਘੱਟ ਕੀਮਤ ਰੱਖਦੀਆਂ ਹਨ। ਇਸ ਨਾਲ ਗਾਹਕ ਦਾ ਬਜ਼ਾਰ ਜਾਣ ਵਾਲਾ ਸਮਾਂ ਵੀ ਬਚ ਜਾਂਦਾ ਹੈ। ਇਸ ਤਰ੍ਹਾਂ ਪੈਸੇ ਅਤੇ ਸਮੇਂ ਦੀ ਬੱਚਤ ਹੁੰਦੀ ਹੈ।

ਆਨ-ਲਾਈਨ ਖ਼ਰੀਦਾਰੀ ਦੇ ਨੁਕਸਾਨ: ਆਨ-ਲਾਈਨ ਖ਼ਰੀਦਾਰੀ ਦੇ ਜਿੱਥੇ ਬਹੁਤ ਸਾਰੇ ਲਾਭ ਹਨ ਉੱਥੇ ਇਸ ਦੇ ਨੁਕਸਾਨ ਵੀ ਹਨ। ਸਭ ਤੋਂ ਪਹਿਲਾ ਨੁਕਸਾਨ ਤਾਂ ਇਹੋ ਹੈ ਕਿ ਕਈ ਵਾਰੀ ਜਿਹੜੀ ਵਸਤੂ ਦਾ ਇੰਟਰਨੈੱਟ ‘ਤੇ ਵੇਖ ਕੇ ਆਰਡਰ ਦਿੱਤਾ ਜਾਂਦਾ ਹੈ ਉਹ ਦੱਸੇ ਹੋਏ ਮਾਪ-ਦੰਡਾਂ ‘ਤੇ ਪੂਰੀ ਨਹੀਂ ਉਤਰਦੀ। ਅਜਿਹੀ ਸਥਿਤੀ ਵਿੱਚ ਗਾਹਕ ਆਨ-ਲਾਈਨ ਖ਼ਰੀਦਾਰੀ ਕਰਨ ‘ਤੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦਾ ਹੈ। ਇਸੇ ਤਰ੍ਹਾਂ ਕਈ ਵਾਰੀ ਦਿੱਤੇ ਹੋਏ ਆਰਡਰ ਦੀ ਥਾਂ ਕੋਈ ਹੋਰ ਹੀ ਸਮਾਨ ਪ੍ਰਾਪਤ ਹੁੰਦਾ ਹੈ। ਅਜਿਹੀ ਖ਼ਰੀਦਾਰੀ ਵਿੱਚ ਹੋਣ ਵਾਲੀ ਦੇਰੀ ਵੀ ਕਈ ਵਾਰੀ ਗਾਹਕ ਨੂੰ ਪਰੇਸ਼ਾਨ ਕਰਦੀ ਹੈ ਕਿਉਂਕਿ ਲੋੜ ਮਗਰੋਂ ਮਿਲਿਆ ਸਮਾਨ ਵਧੇਰੇ ਮਹੱਤਾ ਨਹੀਂ ਰੱਖਦਾ।

ਆਨ-ਲਾਈਨ ਖ਼ਰੀਦਾਰੀ ਕਰਨ ਸਮੇਂ ਧਿਆਨ ਰੱਖਣ ਯੋਗ ਗੱਲਾਂ : ਆਨ-ਲਾਈਨ ਖ਼ਰੀਦਾਰੀ ਕਰਨ ਸਮੇਂ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖ ਕੇ ਅਜਿਹੀ ਖ਼ਰੀਦਾਰੀ ਤੋਂ ਲਾਭ ਉਠਾਇਆ ਜਾ ਸਕਦਾ ਹੈ। ਇਸ ਲਈ ਖ਼ਰੀਦਾਰੀ ਕਰਨ ਸਮੇਂ ਲੋੜੀਂਦੀ ਵਸਤੂ ਦੀ ਖ਼ਰੀਦਾਰੀ ਨਾਮੀ ਕੰਪਨੀਆਂ ਤੋਂ ਹੀ ਕਰਨੀ ਚਾਹੀਦੀ ਹੈ। ਇਸੇ ਤਰ੍ਹਾਂ ਜਿਹੜੀ ਕੰਪਨੀ ਸਮਾਨ ਦੇ ਪਸੰਦ ਨਾ ਆਉਣ ‘ਤੇ ਉਸ ਦੀ ਵਾਪਸੀ ਦਾ ਵਾਇਦਾ ਕਰਦੀ ਹੈ ਉਸ ਤੋਂ ਖ਼ਰੀਦਾਰੀ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ।

ਸਾਰਾਂਸ਼ : ਆਨ-ਲਾਈਨ ਖ਼ਰੀਦਾਰੀ ਦਾ ਘੇਰਾ ਅਜੋਕੇ ਸਮੇਂ ਵਿੱਚ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਇਸ ਖੇਤਰ ਦੇ ਆਪਣੇ ਨਫ਼ੇ- ਨੁਕਸਾਨ ਹਨ। ਇਸੇ ਕਾਰਨ ਅਜਿਹੀ ਖ਼ਰੀਦਾਰੀ ਕਰਨ ਸਮੇਂ ਸੁਚੇਤ ਰਹਿਣਾ ਚਾਹੀਦਾ ਹੈ।