ਲੇਖ : ਆਦਰਸ਼ਕ ਪਤੀ


ਆਦਰਸ਼ਕ ਪਤੀ


ਵਿਆਹੁਤਾ ਜੀਵਨ ਵਿਚ ਪਤੀ-ਪਤਨੀ ਦੇ ਰਿਸ਼ਤੇ ਵਿਚ ਭਾਂਵੇਂ ਰੁਸਣਾ ਤੇ ਮੰਨਣਾ ਉਹ ਮੇਵੇ ਹਨ, ਜਿਨ੍ਹਾਂ ਦਾ ਹੋਰ ਕੋਈ ਬਦਲ ਨਹੀਂ, ਪਰ ਇਹ ਰੁਸਣਾ ਤੇ ਮੰਨਣਾ ਦੋਵੇਂ ਨਿਸ਼ਚਿਤ ਹੱਦ ਵਿਚ ਹੋਣੇ ਚਾਹੀਦੇ ਹਨ। ਜੇ ਰੁਸਣਾ ਆਪਣੀ ਸੀਮਾ ਪਾਰ ਕਰ ਜਾਵੇ ਤਾਂ ਫਿਰ ਵਿਆਹੁਤਾ ਜੀਵਨ ਵਿਚ ਤ੍ਰੇੜ ਇੰਨੀ ਡੂੰਘੀ ਹੋ ਜਾਂਦੀ ਹੈ ਕਿ ਕਦੇ ਵੀ ਰਿਸ਼ਤਾ ਸਾਬਤ (repair) ਨਹੀਂ ਹੋ ਸਕਦਾ। ਇਸਤਰੀ ਜਦੋਂ ਛੋਟੀਆਂ ਗੱਲਾਂ ‘ਤੇ ਰੁਸਦੀ ਹੈ ਤਾਂ ਇਨ੍ਹਾਂ ਨਗੂਣੀਆਂ ਗੱਲਾਂ ਤੇ ਜ਼ਰੂਰਤਾਂ ‘ਤੇ ਵੀ ਉਸ ਦੇ ਪਿਆਰ ਦੀ ਮੋਹਰ ਲੱਗੀ ਹੁੰਦੀ ਹੈ। ਉਸ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਰੁੱਸਿਆ ਕੇਵਲ ਆਪਣਿਆਂ ਨਾਲ ਹੀ ਜਾ ਸਕਦਾ ਹੈ। ਇਕ ਵਿਆਹੁਤਾ ਨਾਰ ਦੀ ਜਦੋਂ ਸ਼ਾਦੀ ਹੁੰਦੀ ਹੈ ਤਾਂ ਉਸ ਵਿਚ ਵਿਆਹੁਤਾ ਜੀਵਨ ਨੂੰ ਪੂਰੀ ਤਰ੍ਹਾਂ ਮਾਣਨ ਦੀ ਖ਼ੁਸ਼ੀ ਸਮਾਈ ਹੁੰਦਾ ਹੈ ਤੇ ਪਲ-ਪਲ ‘ਤੇ ਉਸ ਨੂੰ ਉਨ੍ਹਾਂ ਗੱਲਾਂ ਦੀ ਜ਼ਰੂਰਤ ਪੈਂਦੀ ਹੈ, ਜੋ ਉਸ ਦੇ ਸ਼ਿੰਗਾਰ ਬਾਕਸ ਵਿਚ ਨਹੀਂ ਹੁੰਦੀਆਂ। ਗਲੀ ਵਿਚ ਜੇ ਵੰਗਾਂ ਵੇਚਣ ਵਾਲਾ ਵਣਜਾਰਾ ਆਉਂਦਾ ਹੈ ਤਾਂ ਉਸ ਨੂੰ ਵੀ ਚਾਅ ਹੁੰਦਾ ਹੈ ਕਿ ਉਹ ਆਪਣੀਆਂ ਗੋਰੀਆਂ ਬਾਹਾਂ ਵੱਖੋ-ਵੱਖਰੇ ਰੰਗਾਂ ਦੀਆਂ ਵੰਗਾਂ ਨਾਲ ਸਜਾ ਲਵੇ। ਉਹ ਦੇਖਦੀ ਹੈ ਕਿ ਵੰਗਾਂ ਤਾਂ ਉਸ ਦੀ ਨਨਾਣ ਨੇ ਵੀ ਪਹਿਨ ਲਈਆਂ ਹਨ, ਪਰ ਉਹ ਆਪਣੇ ਮਾਹੀ ਤੋਂ ਬਿਨਾਂ ਕਿਸ ਕੋਲ ਆਪਣੇ ਦੁਖ ਦੀ ਗੱਲ ਕਰੇ। ਨਾ ਕੇਵਲ ਵੰਗਾਂ, ਸਗੋਂ ਉਸ ਨੂੰ ਪੈਰਾਂ ਵਿਚ ਛਮ-ਛਮ ਕਰਦੀਆਂ ਪੰਜੇਬਾਂ ਪਾਉਣ ਦੀ ਵੀ ਜ਼ਰੂਰਤ ਮਹਿਸੂਸ ਹੁੰਦੀ ਹੈ, ਨੱਕ ਵਿਚ ਲੌਂਗ ਸਜਾਉਣ ਤੋਂ ਬਿਨਾਂ ਉਸ ਨੂੰ ਆਪਣਾ ਰੂਪ ਅਧੂਰਾ ਲੱਗਦਾ ਹੈ। ਉਹ ਇਹ ਵਸਤਾਂ ਲੈਣ ਲਈ ਕਿਹਦੇ ਨਾਲ ਲੜੇ, ਨਿਰਸੰਦੇਹ ਉਹ ਆਪਣੇ ਪਤੀ ਨਾਲ ਰੁਸਦੀ ਹੈ ਤੇ ਆਪਣੀਆਂ ਮੰਗਾਂ ਮੰਨਵਾ ਕੇ ਉਸ ਦੇ ਪਿਆਰ ਵਿਚ ਅਭੇਦ ਹੋ ਜਾਂਦੀ ਹੈ।

ਜੁਆਨੀ ਦੀ ਉਮਰ ਤਾਂ ਖਾਣ-ਹੰਡਾਉਣ ਦੀ ਹੁੰਦੀ ਹੈ, ਨਿਰੀਆਂ ਪੰਜੇਬਾਂ, ਨੱਥ, ਲੌਂਗ, ਤੇ ਵੰਗਾਂ ਨਾਲ ਉਸ ਦੀ ਸੰਤੁਸ਼ਟੀ ਨਹੀਂ ਹੁੰਦੀ, ਉਸ ਦੀ ਮੰਗ ਤਾਂ ਰੋਜ਼ ਵਧਦੀ ਹੀ ਜਾਂਦੀ ਹੈ। ਜਿਹੜੇ ਵੀ ਸਭਿਆਚਾਰ ਤੇ ਆਰਥਿਕ ਵਰਗ ਸਮੇਂ ਵੀ ਨਾਲ ਉਹ ਸੰਬੰਧਤ ਹੁੰਦੀ ਹੈ, ਉਸ ਅਨੁਸਾਰ ਉਹ ਪਤੀ ਨਾਲ ਮੰਗ ਪੂਰੀ ਕਰਨ ਲਈ ਰੁੱਸਦੀ ਹੈ ਤੇ ਫਿਰ ਪਿਆਰ ਦਾ ਤੋਹਫ਼ਾ ਦੇ ਕੇ ਆਪਣੀ ਮੰਗ ਮੰਨਵਾ ਲੈਂਦੀ ਹੈ। ਪਤੀ ਵੀ ਉਸ ਦੀ ਇਸ ਨਿਗੂਣੀ ਮੰਗ ਨੂੰ ਸਮਝਦਾ ਹੁੰਦਾ ਹੈ ਤੇ ਝੱਟ ਦੇਣੀ ਇਹ ਮੰਗ ਪੂਰੀ ਕਰਦਾ ਹੈ, ਇਸ ਤਰ੍ਹਾਂ ਵਿਆਹੁਤਾ ਜੀਵਨ ਵਿਚ ਇਹ ਰੁਸਣਾ ਤੇ ਮੰਨਣਾ ਉਸ ਦੀ ਸੁਗੰਧੀ ਦੀ ਤਰ੍ਹਾਂ ਹੁੰਦਾ ਹੈ, ਜਿਸ ਨੂੰ ਉਹ ਲੋਕ ਹੀ ਮਾਣ ਸਕਦੇ ਹਨ, ਜੋ ਪਿਆਰ ਦੀ ਕਿਸੇ ਨਿਸ਼ਚਤ ਸੀਮਾ ਵਿਚ ਰਹਿਣਾ ਪ੍ਰਵਾਨ ਕਰਦੇ ਹਨ ਤੇ ਕਦੇ ਵੀ ਪਤੀ-ਪਤਨੀ ਦੇ ਨੈਤਿਕ ਪਰਸਪਰ ਪਿਆਰ ਦੀ ਲਛਮਣ ਰੇਖਾ ਨੂੰ ਪਾਰ ਕਰਦੇ ਵਿਖਾਈ ਨਹੀਂ ਦਿੰਦੇ।

ਇਹ ਸਹੀ ਹੈ ਕਿ ਸਮੇਂ ਦੇ ਲੰਘਣ ਨਾਲ ਪਤਨੀ ਦੀਆਂ ਲੋੜਾਂ ਵਿਚ ਵੀ ਵਾਧਾ ਹੁੰਦਾ ਹੈ। ਪਹਿਲਾਂ ਇਹ ਲੋੜਾਂ ਕੇਵਲ-ਆਪਣੇ ਤਕ ਸੀਮਤ ਸਨ, ਪਰ ਫਿਰ ਰੁਸਣਾ ਬੱਚਿਆਂ ਦੀਆਂ ਮੰਗਾਂ ਕਾਰਣ ਵੀ ਸ਼ੁਰੂ ਹੋ ਜਾਂਦਾ ਹੈ। ਬੱਚਾ ਪਰਿਵਾਰ ਵਿਚ ਖ਼ੁਸ਼ੀਆਂ ਲਿਆਉਂਦਾ ਹੈ, ਮਾਂ ਬੱਚੇ ਤੋਂ ਵੱਖ ਹੋ ਕੇ ਕਦੇ ਨਹੀਂ ਸੋਭਦੀ। ਉਹ ਆਪਣੇ ਪਤੀ ਪਾਸੋਂ ਇਸ ਗੱਲ ਦੀ ਪੂਰੀ ਆਸ ਰੱਖਦੀ ਹੈ ਕਿ ਉਹ ਆਪਣੀ ਸੰਤਾਨ ਨੂੰ ਪੂਰਾ ਵਕਤ ਦੇਵੇਗਾ। ਪਤਨੀ ਆਮ ਤੌਰ ‘ਤੇ ਇਸ ਗੱਲ ‘ਤੇ ਰੁਸਦੀ ਹੈ ਕਿ ਪਤੀ ਪੈਸਾ ਕਮਾਉਣ ਦੇ ਲਾਲਚ ਵਿਚ ਜਾਂ ਹੋਰ ਧੰਦਿਆਂ ਵਿਚ ਗੁਲਤਾਨ ਹੋ ਕੇ ਘਰ ਵੱਲੋਂ ਬੇਪ੍ਰਵਾਹ ਹੋ ਜਾਂਦਾ ਹੈ। ਨਾ ਕੇਵਲ ਬੱਚਿਆਂ ਲਈ ਵਕਤ, ਸਗੋਂ ਬੱਚਿਆਂ ਦੀ ਪੜ੍ਹਾਈ-ਲਿਖਾਈ ਦਾ ਪ੍ਰਬੰਧ ਕਰਨਾ, ਬੱਚਿਆਂ ਨੂੰ ਸਕੂਲ ਭੇਜਣਾ, ਉਨ੍ਹਾਂ ਦੀਆਂ ਪੁਸਤਕਾਂ, ਸਿਹਤ ਆਦਿ ਦੀ ਦੇਖਭਾਲ ਕਰਨੀ, ਪਤਨੀ ਇਹ ਸਭ ਆਪਣੇ ਪਤੀ ਤੋਂ ਮੰਗ ਕਰਦੀ ਹੈ। ਜੇ ਇਹ ਸਾਰੀਆਂ ਗੱਲਾਂ ਪ੍ਰਵਾਨ ਨਹੀਂ ਹੁੰਦੀਆਂ ਤਾਂ ਪਤਨੀ ਰੁੱਸਦੀ ਹੈ, ਦੋਹਾਂ ਵਿਚ ਵਿੱਥ ਬਣਨ ਲੱਗਦੀ ਹੈ। ਇਹ ਵਿੱਥ ਫਿਰ ਗੰਭੀਰ ਰੂਪ ਧਾਰਨ ਕਰਨ ਲੱਗ ਜਾਂਦੀ ਹੈ, ਜਦੋਂ ਇਸ ਵਿਚ ਹੋਰ ਦੂਸਰੀਆਂ ਮੰਗਾਂ ਵੀ ਸ਼ਾਮਲ ਹੋ ਜਾਂਦੀਆਂ ਹਨ। ਫਿਰ ਇਹ ਰੁਸਣਾ ਪਿਆਰ ਦੀ ਸੁਗੰਧੀ ਨਹੀਂ ਬਣਿਆ ਰਹਿ ਸਕਦਾ, ਸਗੋਂ ਰਿਸ਼ਤੇ ਵਿਚ ਖੜੋਤ ਪੈਦਾ ਹੋ ਜਾਂਦੀ ਹੈ ਤੇ ਇਕ-ਦੂਜੇ ਦੀ ਹਾਜ਼ਰੀ ਵੀ ਚੁਭਦੀ ਹੈ।

ਜਿਸ ਤਰ੍ਹਾਂ ਹਰ ਘਰ ਦੀ ਸਭਿਅਤਾ, ਸੰਸਕ੍ਰਿਤੀ ਵੱਖ ਹੁੰਦੀ ਹੈ, ਇਸ ਤਰ੍ਹਾਂ ਹਰ ਘਰ ਦੀ ਆਰਥਿਕ ਅਵਸਥਾ ਵੀ ਭਿੰਨ ਹੁੰਦੀ ਹੈ। ਅਜੋਕੇ ਯੁੱਗ ਵਿਚ ਸ਼ਹਿਰੀ ਜੀਵਨ ਵਿਚ ਇਸਤਰੀਆਂ ਪੁਰਸ਼ਾਂ ਨਾਲ ਬਰਾਬਰ ਦਾ ਕੰਮ ਕਰਦੀਆਂ ਹਨ ਤੇ ਘਰ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਦੀਆਂ ਹਨ। ਬਰਾਬਰ ਦਾ ਕੰਮ ਕਰ ਕੇ, ਫਿਰ ਘਰ ਆ ਕੇ ਵੀ ਉਹ ਘਰ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਦੀਆਂ ਹਨ, ਜਦੋਂ ਕਿ ਪਤੀ ਘਰ ਆ ਕੇ ਟੈਲੀਵਿਯਨ, ਅਖ਼ਬਾਰਾਂ ਜਾਂ ਕਿਸੇ ਹੋਰ ਕੰਮ ਵਿਚ ਆਪਣਾ ਵਕਤ ਬਿਤਾਉਂਦਾ ਹੈ। ਪਤਨੀ ਜਿਹੜੀ ਕਿ ਪੁਰਸ਼ ਨਾਲੋਂ ਸਰੀਰਕ ਤੌਰ ‘ਤੇ ਵੀ ਕਮਜ਼ੋਰ ਹੁੰਦੀ ਹੈ, ਉਸ ਦੀ ਫ਼ਰਜ਼ਾਂ ਦੀ ਪੰਡ ਹੋਰ ਵੀ ਭਾਰੀ ਹੋ ਜਾਂਦੀ ਹੈ ਤੇ ਬਹੁਤਾ ਘਰੇਲੂ ਬੋਝ ਉਹ ਸਹਾਰ ਨਹੀਂ ਸਕਦੀ। ਦੱਬੀ, ਘੁੱਟੀ ਉਹ ਕਈ ਵਾਰੀ ਪਤੀ ਨਾਲ ਨਾਰਾਜ਼ਗੀ ਜ਼ਾਹਿਰ ਕਰਦੀ ਹੈ, ਫਿਰ ਇਸ ਰੋਸੇ ਵਿਚ ਇਹ ਗੁੱਸਾ ਵੀ ਵਧ ਜਾਂਦਾ ਹੈ, ਲੜਾਈ-ਝਗੜਾ ਤੇ ਫਿਰ ਵਿੱਥ ਕਈ ਵਾਰੀ ਦੀਵਾਰ ਦਾ ਰੂਪ ਧਾਰਨ ਕਰ ਲੈਂਦੀ ਹੈ, ਜੋ ਕਦੀ ਟੁੱਟਦੀ ਨਹੀਂ। ਜੇ ਵਿਆਹੁਤਾ ਜੀਵਨ ਨੂੰ ਪਤੀ ਦੀ ਪੂਰੀ ਸਹਾਨੂੰਭੂਤੀ, ਪਿਆਰ, ਮਿਲਵਰਤਣ, ਦੋਸਤੀ ਆਦਿ ਪਤਨੀ ਨੂੰ ਮਿਲਦੀ ਰਹੇ ਤਾਂ ਉਹ ਕੱਖਾਂ ਦੀ ਕੁੱਲੀ ਵਿਚ ਵੀ ਪ੍ਰਸੰਨ ਰਹਿ ਸਕਦੀ ਹੈ, ਪਰ ਦੇਖਿਆ ਗਿਆ ਹੈ ਕਿ ਇਹ ਭਾਵਨਾਤਮਕ ਸ਼ੂਨਤਾ ਪਹਿਲਾਂ ਘਰ ਵਿਚ ਕੈਦ ਰਹਿੰਦੀ ਹੈ, ਸਰੀਰਕ ਸੰਪਰਕ ਵੀ ਮਕਾਨਕੀ ਹੋ ਨਿਬੜਦਾ ਹੈ, ਪਰ ਜੇ ਸਰੀਰਕ ਸਾਂਝ ਵੀ ਨਾ ਰੱਖੀ ਜਾਵੇ ਤਾਂ ਫਿਰ ਇਹ ਭਾਵਨਾਤਮਕ ਵਿੱਥ ਵਧਦੀ-ਵਧਦੀ ਪੱਕੀ ਕੰਧ ਵਾਂਗ ਉਸਰ ਜਾਂਦੀ ਹੈ, ਜਿਸ ਨੂੰ ਤੋੜਨਾ ਮੁਸ਼ਕਲ ਹੋ ਜਾਂਦਾ ਹੈ।

ਇਹ ਜ਼ਰੂਰੀ ਨਹੀਂ ਹੈ ਕਿ ਹਰ ਪਰਸ਼ ਘਰ ਦੀ ਚਾਰ ਦੀਵਾਰੀ ਵਿਚ ਰਹਿ ਕੇ ਪਤਨੀ ਨਾਲ ਬਰਾਬਰੀ ਦਾ ਕੰਮ
ਕਰੇ, ਸਗੋਂ ਇਸ ਦੁਨੀਆ ਵਿਚ ਤਾਂ ਹਮੇਸ਼ਾ ਪੁਰਸ਼ ਨੂੰ ਮਹੱਤਤਾ ਦਿਤੀ ਜਾਂਦੀ ਰਹੀ ਹੈ। ਅਜੇ ਵੀ ਬਹੁਤੇ ਘਰਾਂ ਵਿਚ ਆਰਥਿਕ ਤਾਕਤ ਪੁਰਸ਼ਾਂ ਦੇ ਕੋਲ ਹੈ ਤੇ ਪੈਸੇ ਨੂੰ ਮਨਮਰਜ਼ੀ ਨਾਲ ਖ਼ਰਚਦੇ ਹਨ। ਪਤਨੀ ਦੇ ਕਿਸੇ ਵਤੀਰੇ ਤੋਂ ਨਿਰਾਸ਼ ਹੋ ਕੇ ਉਹ ਗ਼ਲਤ ਰਾਹਾਂ ‘ਤੇ ਤੁਰਨ ਲੱਗਦੇ ਹਨ। ਨਸ਼ਿਆਂ ਦੇ ਆਦੀ ਹੋ ਜਾਂਦੇ ਹਨ, ਪਹਿਲਾਂ ਨਸ਼ਾ ਕੇਵਲ ਸਾਥੀ ਨੂੰ ਸਾਥ ਦੇਣ ਲਈ ਪੀਂਦੇ ਹਨ, ਫਿਰ ਇਹ ਸਾਥ ਇਕ ਲੋੜ ਬਣ ਜਾਂਦੀ ਹੈ। ਘਰ ਦਾ ਮਹਾਭਾਰਤ ਉਨ੍ਹਾਂ ਨੂੰ ਸ਼ਰਾਬ ਵਿਚੋਂ ਹੀ ਦੁਖ ਦਾ ਇਲਾਜ ਭਾਸਦਾ ਹੈ, ਨਤੀਜਾ ਇਹ ਨਿਕਲਦਾ ਹੈ ਕਿ ਪਤਨੀ ਘੜੀ-ਘੜੀ ‘ਤੇ ਪਤੀ ਨਾਲ ਰੁੱਸਦੀ ਹੈ, ਇਹ ਰੁਸਣਾ ਪਹਿਲੇ ਜੀਵਨ ਵਿਚ ਰੁਸਣ ਨਾਲੋਂ ਵੱਖਰਾ ਹੁੰਦਾ ਹੈ। ਅੱਗੇ ਰੁੱਸਿਆ ਇਸ ਲਈ ਜਾਂਦਾ ਸੀ ਕਿ ਮਨਾਉਣ ਵਾਲਾ ਪਹਿਲਾਂ ਹੀ ਮਨਾਉਣ ਲਈ ਰਜ਼ਾਮੰਦ ਰਹਿੰਦਾ ਸੀ, ਪਰ ਹੁਣ ਰੁਸਣਾ ਇਕ ਸਦੀਵੀ ਲੱਛਣ ਬਣ ਜਾਂਦਾ ਹੈ। ਪਤਨੀ ਪਤੀ ਦੇ ਰਾਹਾਂ ਵੱਲ ਦੇਖਦੀ ਹੈ, ਪਤੀ ਬਾਹਰ ਰਾਤਾਂ ਗੁਜ਼ਾਰਨੀਆਂ ਸ਼ੁਰੂ ਕਰ ਦਿੰਦਾ ਹੈ, ਘਰ ਵਿੱਚ ਸੁੱਖ ਤੇ ਸ਼ਾਂਤੀ ਉੱਡ ਜਾਂਦੀ ਹੈ। ਅਜਿਹੀ ਅਵਸਥਾ ਇਕ ਗੰਭੀਰ ਕਿਸਮ ਦੀ ਸਮਾਜਿਕ ਬੀਮਾਰੀ ਬਣ ਜਾਂਦੀ ਹੈ। ਕਈ ਵਾਰੀ ਸਮਝੌਤਾਮਈ ਸੁਰ ਅਪਣਾ ਕੇ ਤੇ ਬੱਚਿਆਂ ਦੇ ਭਵਿੱਖ ਖ਼ਾਤਰ ਪਤੀ ਨੂੰ ਗ਼ਲਤ ਰਾਹਾਂ ਤੋਂ ਵਾਪਸ ਲਿਆਂਦਾ ਜਾ ਸਕਦਾ ਹੈ, ਪਰ ਬਹੁਤੀਆਂ ਹਾਲਤਾਂ ਵਿਚ ਕੇਵਲ ਪਛਤਾਵੇ ਦੇ ਹੰਝੂ ਹੀ ਇਸਤਰੀ ਕੇਰਦੀ ਰਹਿੰਦੀ ਹੈ।

ਗੰਭੀਰ ਰੂਪ ਵਿਚ ਘੜੀ-ਘੜੀ ਰੁਸਣ ਦੇ ਹੋਰ ਵੀ ਕਈ ਕਾਰਣ ਹਨ। ਕਈ ਘਰਾਂ ਵਿਚ ਪਤੀ ਆਪਣੇ ਵਪਾਰ ਵਿਚ ਘਾਟਾ ਪੈ ਜਾਣ ਕਾਰਣ ਤੇ ਵਿਹਲੜ ਹੋਣ ਕਾਰਣ ਆਪਣੀ ਪਤਨੀ ਦੇ ਰੋਸੇ ਦਾ ਕਾਰਣ ਬਣਦਾ ਹੈ। ਸੰਸਾਰਕ ਜੀਵਨ ਵਿਚ ਪਤੀ ਪਤਨੀ ਦੀ ਬੇੜੀ ਨੂੰ ਮੰਝਧਾਰ ਵਿਚ ਜਾਣ ਤੋਂ ਬਚਾਉਣ ਲਈ ਪਤੀ ਪਤਨੀ ਦੀ ਆਪਣੀ ਹੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਆਪ ਹੀ ਅਜਿਹੇ ਹਾਲਾਤ ਸਿਰਜੇ ਹਨ, ਬਾਕੀ ਕੋਈ ਦੂਸਰੇ ਵਿਅਕਤੀ ਕੋਲ ਜਾਂ ਸਮਾਜ ਆਦਿ ਵਿਚ ਆਪਣੀ ਦਸ਼ਾ ਦਾ ਵਿਖਾਲਾ ਕਰ ਕੇ ਲੋਕਾਂ ਵਿਚ ਆਪਣੀ ਹਾਲਤ ਨੂੰ, ਨਮੋਸ਼ੀ ਤੇ ਹਾਸੋਹੀਣੀ ਹੀ ਬਣਾਇਆ ਜਾਂਦਾ ਹੈ। ਪੂਰੇ ਸੰਤੁਲਨ ਤੇ ਸਾਂਝ, ਪਿਆਰ, ਪੁਰਾਣੀਆਂ ਯਾਦਾਂ ਨੂੰ ਮਨ ਵਿਚ ਰੱਖ ਕੇ ਪਿਆਰ ਦੀ ਇਸ ਪੱਤਝੜ ਨੂੰ ਬਹਾਰ ਵਿਚ ਬਦਲਿਆ ਜਾ ਸਕਦਾ ਹੈ। ਮਨ ਵਿਚ ਇਹ ਧਾਰਨਾ ਪੱਕੀ ਹੋਣੀ ਚਾਹੀਦੀ ਹੈ ਕਿ ਘਰ ਦੇ ਵਾਤਾਵਰਣ ਵਿਚ ਪਿਆਰ, ਮੁਹੱਬਤ ਦੀ ਜੋ ਹਵਾ ਰੁਮਕਦੀ ਹੈ, ਉਸ ਨੂੰ ਕਿਸੇ ਕੀਮਤ ਵਿਚ ਬਾਜ਼ਾਰ ਵਿਚੋਂ ਨਹੀਂ ਖ਼ਰੀਦਿਆ ਜਾ ਸਕਦਾ। ਦੁਨੀਆ ਦਾ ਸਭ ਤੋਂ ਵੱਡਾ ਨਸ਼ਾ, ਪਤਨੀ ਦੀਆਂ ਪਿਆਰ ਭਰੀਆਂ ਨਜ਼ਰਾਂ ਤੇ ਬੱਚਿਆਂ ਦੀਆਂ ਗੱਲਾਂ ਵਿਚ ਹੁੰਦਾ ਹੈ। ਬਾਹਰ ਦੀ ਕਿਸੇ ਵੀ ਇਸਤਰੀ ਦੀ ਮੁਸਕਰਾਹਟ ਸਿਨੇਮਾ ਦੇ ਪਰਦੇ ‘ਤੇ ਦਿਸਣ ਵਾਲੀ ਨਾਇਕਾ ਦੀ ਬਨਾਉਟੀ ਮੁਸਕਰਾਹਟ ਹੁੰਦੀ ਹੈ, ਜੋ ਪਤਨੀ ਦੀ ਮੁਸਕਾਨ ਨਾਲ ਨਹੀਂ ਮਿਲ ਸਕਦੀ। ਮਨੋਰੰਜਨ ਦੇ ਨਾਂ ‘ਤੇ ਕਲੱਬਾਂ ਵਿਚ ਕੈਬਰੇ, ਡਿਸਕੋ ਡਾਂਸ ਤੇ ਮੁਜਰੇ, ਘਰ ਦੇ ਵਿਚ ਗਾਏ ਜਾਂਦੇ ਢੋਲਕੀ ਦੀ ਥਾਪ, ਲੋਕ ਗੀਤ ਤੇ ਗਿੱਧੇ ਨਾਲ ਮੁਕਾਬਲਾ ਨਹੀਂ ਕਰ ਸਕਦੇ। ਪਤਨੀ ਦਾ ਪਿਆਰ ਹੀ ਪੁਰਸ਼ ਲਈ ਸਵਰਗ ਦੀ ਤਰ੍ਹਾਂ ਹੈ, ਇਹ ਸਵਰਗ ਜੋ ਸੰਯੋਗਾਂ ਨੇ ਤੁਹਾਨੂੰ ਦਿੱਤਾ ਹੈ, ਤੁਹਾਡੀ ਆਪਣੀ ਤਕਦੀਰ ਹੈ, ਇਸ ਨੂੰ ਕਾਇਮ ਰੱਖਣਾ ਵਿਆਹੁਤਾ ਜੋੜੇ ਦਾ ਮੂਲ ਮਨੋਰਥ है।