ਲਾਮ ਲਈ ਅਵਾਜ਼……….ਰੱਬ ਮਿਲਾਇਆ ਹੈਂ।
ਕਿੱਸਾ ਪੂਰਨ ਭਗਤ : ਕਾਦਰਯਾਰ
ਕਾਵਿ ਟੁਕੜੀ : ਮਾਂ ਪੁੱਤਰ ਦਾ ਮੇਲ
ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-
ਲਾਮ ਲਈ ਅਵਾਜ਼ ਪਛਾਣ ਮਾਤਾ, ਸੱਚ ਆਖ ਬੇਟਾ ਕਿੱਥੋਂ ਆਇਆ ਹੈਂ।
ਕਿਹੜਾ ਮੁਲਖ਼ ਤੇਰਾ ਕੈਂਧਾ ਪੁੱਤਰ ਹੈਂ ਤੂੰ, ਕਿਹੜੀ ਮਾਇ ਕਰਮਾਂ ਵਾਲੀ ਜਾਇਆ ਹੈਂ ।
ਅੱਖੀਂ ਦਿਸੇ ਤਾਂ ਸੁਰਤੋਂ ਲਭ ਲਵਾਂ, ਬੋਲੀ ਵਲੋਂ ਤਾਂ ਪੁੱਤਰ ਪਰਤਾਇਆ ਹੈਂ।
ਕਾਦਰਯਾਰ ਆਖੇ ਦੱਸ ਭੇਤ ਮੈਨੂੰ, ਜਾਂ ਮੈਂ ਭੁੱਲੀ ਜਾਂ ਰੱਬ ਮਿਲਾਇਆ ਹੈਂ।
ਪ੍ਰਸੰਗ : ਇਹ ਕਾਵਿ-ਟੋਟਾ ਕਾਦਰਯਾਰ ਦੇ ਕਿੱਸੇ ‘ਪੂਰਨ ਭਗਤ’ ਵਿੱਚੋਂ ਲਿਆ ਗਿਆ ਹੈ ਅਤੇ ਇਹ ‘ਸਾਹਿਤ- ਮਾਲਾ’ ਪੁਸਤਕ ਵਿੱਚ ‘ਮਾਂ ਪੁੱਤਰ ਦਾ ਮੇਲ’ ਸਿਰਲੇਖ ਹੇਠ ਦਰਜ ਹੈ। ਇਸ ਕਿੱਸੇ ਵਿੱਚ ਕਵੀ ਨੇ ਪੂਰਨ ਭਗਤ ਦੀ ਜੀਵਨ-ਕਥਾ ਬਿਆਨ ਕੀਤਾ ਹੈ। ਇਸ ਕਾਵਿ-ਟੋਟੇ ਵਿੱਚ ਕਵੀ ਨੇ ਸਿਆਲਕੋਟ ਵਿਖੇ ਆਪਣੇ ਬਾਗ਼ ਵਿੱਚ ਆਏ ਪੂਰਨ ਭਗਤ ਨਾਲ ਉਸ ਦੀ ਮਾਤਾ ਰਾਣੀ ਇੱਛਰਾਂ ਦੇ ਮਿਲਾਪ ਦੀ ਝਾਕੀ ਪੇਸ਼ ਕੀਤੀ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਦੱਸਦਾ ਹੈ ਕਿ ਕਿਸ ਤਰ੍ਹਾਂ ਮਾਤਾ ਇੱਛਰਾਂ ਨੇ ਪੂਰਨ ਭਗਤ ਨੂੰ ਉਸ ਦੀ ਅਵਾਜ਼ ਸੁਣ ਕੇ ਪਛਾਣ ਲਿਆ ਕਿ ਇਹ ਉਸ ਦਾ ਹੀ ਪੁੱਤਰ ਹੈ।
ਵਿਆਖਿਆ : ਕਾਦਰਯਾਰ ਲਿਖਦਾ ਹੈ ਕਿ ਜਦੋਂ ਪੂਰਨ ਭਗਤ ਨੇ ਦਿਲਾਸਾ ਦੇਣ ਵਾਲੀਆਂ ਗੱਲਾਂ ਕੀਤੀਆਂ, ਤਾਂ ਮਾਤਾ ਨੇ ਉਸ ਦੀ ਅਵਾਜ਼ ਨੂੰ ਪਛਾਣ ਲਿਆ। ਉਸ ਨੇ ਉਸ ਨੂੰ ਪੁੱਛਿਆ ਕਿ ਸੁੱਖ ਨਾਲ ਉਹ ਕਿੱਥੋਂ ਆਇਆ ਹੈ? ਉਸ ਦਾ ਦੇਸ਼ ਕਿਹੜਾ ਹੈ ਤੇ ਕਿਹੜੀ ਕਰਮਾਂ ਵਾਲੀ ਮਾਂ ਨੇ ਉਸ ਨੂੰ ਜਨਮ ਦਿੱਤਾ ਹੈ? ਜੇਕਰ ਉਸ ਨੂੰ ਅੱਖਾਂ ਤੋਂ ਦਿਸਦਾ ਹੁੰਦਾ, ਤਾਂ ਉਹ ਉਸ ਦੀ ਸੂਰਤ ਦੇਖ ਕੇ ਪਛਾਣ ਲੈਂਦੀ, ਪਰ ਉਸ ਦੀ ਬੋਲੀ ਸੁਣ ਕੇ ਉਸ ਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਹੈ, ਜਿਵੇਂ ਉਹ ਉਸ ਦਾ ਪੁੱਤਰ ਹੋਵੇ। ਮਾਤਾ ਨੇ ਪੂਰਨ ਨੂੰ ਕਿਹਾ ਕਿ ਉਹ ਉਸ ਨੂੰ ਭੇਤ ਦੀ ਗੱਲ ਦੱਸੇ ਕਿ ਕੀ ਉਸ ਨੇ ਉਸ ਨੂੰ ਪਛਾਣਨ ਵਿੱਚ ਗ਼ਲਤੀ ਖਾਧੀ ਹੈ ਜਾਂ ਰੱਬ ਨੇ ਉਸ ਨੂੰ ਉਸ ਦੇ ਪੁੱਤਰ ਨਾਲ ਹੀ ਮਿਲਾ ਦਿੱਤਾ ਹੈ।