ਰਾਸ਼ਟਰੀ ਏਕਤਾ ਜਾਂ ਕੌਮੀ ਏਕਤਾ – ਪੈਰਾ ਰਚਨਾ
ਸਾਡੇ ਦੇਸ਼ ਭਾਰਤ ਲਈ ਰਾਸ਼ਟਰੀ ਏਕਤਾ ਦੀ ਲੋੜ ਬਹੁਤ ਜ਼ਿਆਦਾ ਹੈ ਕਿਉਂਕਿ ਇੱਥੇ ਇਸ ਤੋਂ ਭਾਵ ਸਮੁੱਚੇ ਰਾਸ਼ਟਰ ਵਿਚ ਵੱਖ – ਵੱਖ ਨਸਲਾਂ, ਜਾਤਾਂ, ਧਰਮਾਂ, ਸੱਭਿਆਚਾਰਾਂ ਤੇ ਇਲਾਕਿਆਂ ਨਾਲ ਸੰਬੰਧਿਤ ਲੋਕਾਂ ਵਿਚ ਇਕਸੁਰਤਾ ਦੀ ਭਾਵਨਾ ਹੈ। ਭਾਰਤ ਵਿਚ ਅਨੇਕਾਂ ਨਸਲਾਂ ਤੇ ਜਾਤਾਂ ਦੇ ਲੋਕ ਵਸਦੇ ਹਨ। ਉਹ ਭਿੰਨ – ਭਿੰਨ ਭਾਸ਼ਾਵਾਂ ਬੋਲਦੇ, ਭਿੰਨ – ਭਿੰਨ ਸੱਭਿਆਚਾਰਾਂ ਦੇ ਮਾਲਕ ਅਤੇ ਭਿੰਨ – ਭਿੰਨ ਧਰਮਾਂ ਨੂੰ ਮੰਨਣ ਵਾਲੇ ਹਨ, ਪਰ ਇਨ੍ਹਾਂ ਕੁੱਝ ਹੁੰਦਿਆਂ ਹੋਇਆਂ ਵੀ ਭਾਰਤ ਇਕ ਰਾਸ਼ਟਰ ਹੈ। ਆਜ਼ਾਦੀ ਤੋਂ ਪਹਿਲਾਂ ਜਦੋਂ ਭਾਰਤ ਉੱਤੇ ਅੰਗਰੇਜ਼ਾਂ ਦਾ ਰਾਜ ਸੀ ਤਾਂ ਉਹ ਆਪਣੀ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਨੂੰ ਪੱਠੇ ਪਾਉਣ ਲਈ ਭਾਰਤ ਨੂੰ ਇਕ ਰਾਸ਼ਟਰ ਨਹੀਂ ਸਨ ਮੰਨਦੇ। ਬਰਤਾਨੀਆ ਦੇ ਪ੍ਰਧਾਨ ਮੰਤਰੀ ਚਰਚਲ ਨੇ ਤਾਂ ਇਕ ਵਾਰ ਕਿਹਾ ਸੀ ਕਿ ਭਾਰਤ ਦਾ ਇਕ ਕੌਮ ਹੋਣਾ ਤਾਂ ਦੂਰ ਰਿਹਾ, ਉਹ ਕੰਮ ਹੋਣ ਦੇ ਲਾਗੇ ਵੀ ਨਹੀਂ। ਉਹ ਭਾਰਤ ਨੂੰ ਭਿੰਨ – ਭਿੰਨ ਨਸਲਾਂ, ਧਰਮਾਂ, ਭਾਸ਼ਾਵਾਂ ਤੇ ਇਲਾਕਿਆਂ ਦਾ ਦੇਸ਼ ਕਰਾਰ ਦਿੰਦੇ ਸਨ। ਪਰ ਇਨ੍ਹਾਂ ਸਾਮਰਾਜੀਆਂ ਦੀਆਂ ਇਹ ਦਲੀਲਾਂ ਥੋਥੀਆਂ ਸਨ। ਨਸਲ, ਭਾਸ਼ਾ ਜਾਂ ਧਰਮ ਦੀ ਅਸਮਾਨਤਾ ਹੁੰਦੇ ਹੋਏ ਵੀ ਕੋਈ ਦੇਸ਼ ਇਕ ਕੌਮ ਹੋ ਸਕਦਾ ਹੈ। ਜੇਕਰ ਅਸੀਂ ਸੰਸਾਰ ਦੀਆਂ ਹੋਰਨਾਂ ਕੌਮਾਂ ਵਲ ਝਾਤੀ ਮਾਰੀਏ ਤਾਂ ਇਹ ਗੱਲ ਚੰਗੀ ਤਰ੍ਹਾਂ ਸਪਸ਼ੱਟ ਹੋ ਜਾਂਦੀ ਹੈ ਕਿ ਕਈ ਹੋਰਨਾਂ ਦੇਸ਼ਾਂ ਵਿਚ ਵੀ ਭਾਰਤ ਵਰਗੀ ਅਵਸਥਾ ਕਾਇਮ ਹੈ। ਨਸਲ, ਧਰਮ ਅਤੇ ਭਾਸ਼ਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਤੱਤ ਹਨ, ਜਿਨ੍ਹਾਂ ਨਾਲ ਰਾਸ਼ਟਰ ਦਾ ਨਿਰਮਾਣ ਹੁੰਦਾ ਹੈ; ਜਿਵੇਂ ਸਾਂਝਾ ਇਤਿਹਾਸ, ਸਾਂਝੇ ਵਿਚਾਰ, ਸਾਂਝਾ ਹਿੱਤ, ਸਾਂਝੀ ਸੱਭਿਅਤਾ, ਬਰਾਬਰ ਦੇ ਰਾਜਨੀਤਿਕ ਅਧਿਕਾਰ, ਇੱਛਾਵਾਂ, ਸਾਂਝੇ ਰੀਤੀ – ਰਿਵਾਜ ਤੇ ਭਾਵਨਾਵਾਂ ਆਦਿ। ਇਹ ਤੱਤ ਭਾਰਤ ਵਿਚ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤਕ ਤੇ ਅਸਾਮ ਤੋਂ ਲੈ ਕੇ ਗੁਜਰਾਤ ਤਕ ਮੌਜੂਦ ਹਨ। ਇਸ ਵਿਸ਼ਾਲ ਭਾਰਤ ਦਾ ਇਤਿਹਾਸ ਇਕ ਹੈ, ਜੋ ਭਾਰਤੀਆਂ ਨੂੰ ਸਾਂਝੇ ਦੁੱਖ – ਸੁੱਖ, ਜਿੱਤ – ਹਾਰ ਤੇ ਸਫ਼ਲਤਾ – ਅਸਫ਼ਲਤਾ ਦੀ ਯਾਦ ਦੁਆਂਉਂਦਾ ਹੈ। ਮੁੱਖ ਰੂਪ ਵਿਚ ਭਾਰਤੀਆਂ ਦਾ ਪਹਿਰਾਵਾ, ਰਹਿਣ – ਸਹਿਣ, ਵਿਚਾਰਧਾਰਾ ਤੇ ਰੀਤੀ – ਰਿਵਾਜ ਵੀ ਇਕ ਹੀ ਹਨ। ਜਦੋਂ ਭਾਰਤ ਗੁਲਾਮ ਸੀ ਤਾਂ ਸਮੁੱਚੇ ਭਾਰਤੀਆਂ ਵਿਚ ਅੰਗਰੇਜ਼ਾਂ ਨੂੰ ਬਾਹਰ ਕੱਢਣ ਦੀਆਂ ਭਾਵਨਾਵਾਂ ਕੰਮ ਕਰ ਰਹੀਆਂ ਸਨ। ਕਈ ਵਾਰੀ ਭਾਰਤ ਵਿਚ ਰਾਸ਼ਟਰੀ ਏਕਤਾ ਲਈ ਖ਼ਤਰਾ ਪੈਦਾ ਕਰਨ ਵਾਲੀਆਂ ਕਈ ਲਹਿਰਾਂ ਵੀ ਪੈਦਾ ਹੋ ਜਾਂਦੀਆਂ ਹਨ। ਅਸਲ ਵਿਚ ਇਨ੍ਹਾਂ ਦੇ ਬੀਜ ਸਾਡੇ ਵਿੱਚ ਅੰਗਰੇਜ਼ਾਂ ਦੇ ਬੀਜੇ ਸਨ। ਫਿਰ ਵੀ ਰੱਬ ਦਾ ਸ਼ੁਕਰ ਹੈ ਕਿ ਭਾਰਤੀ ਲੋਕ ਘਰ ਦੀਆਂ ਘਰ ਵਿੱਚ ਹੀ ਨਜਿੱਠ ਲੈਂਦੇ ਹਨ ਤੇ ਜਦੋਂ ਦੇਸ਼ ਉੱਪਰ ਕੋਈ ਸੰਕਟ ਆਉਂਦਾ ਤਾਂ ਉਹ ਇਕ – ਦਮ ਇਕ ਆਵਾਜ਼ ਨਾਲ ਇਕ – ਮੁੱਠ ਹੋ ਜਾਂਦੇ ਹਨ। ਇਸ ਤਰ੍ਹਾਂ ਭਾਰਤ ਵਿਚ ਰਾਸ਼ਟਰੀ ਏਕਤਾ ਦੀ ਭਾਵਨਾ ਸਥਿਰ ਅਤੇ ਮਜ਼ਬੂਤ ਰਹਿੰਦੀ ਹੈ। ਇਸ ਤੋਂ ਮਜ਼ਬੂਤ ਰਹਿਣ ਕਰਕੇ ਹੀ ਸਾਡਾ ਭਾਰਤ ਆਪਣੀ ਆਜ਼ਾਦੀ ਤੇ ਖੁਦਮੁਖਤਿਆਰੀ ਦੀ ਰੱਖਿਆ ਕਰ ਸਕਦਾ ਹੈ ਤੇ ਉਹ ਉੱਨਤੀ ਤੇ ਖੁਸ਼ਹਾਲੀ ਵਲ ਛਾਲਾਂ ਮਾਰ ਕੇ ਵਧ ਸਕਦਾ ਹੈ।