ਰਾਮਦਾਸਪੁਰਾ ਦਾ ਮਹੱਤਵ
ਪ੍ਰਸ਼ਨ. ਰਾਮਦਾਸਪੁਰਾ ਦੀ ਸਥਾਪਨਾ ਦਾ ਸਿੱਖ ਇਤਿਹਾਸ ਵਿੱਚ ਕੀ ਮਹੱਤਵ ਹੈ?
ਉੱਤਰ : ਗੁਰੂ ਰਾਮਦਾਸ ਜੀ ਦੀ ਸਿੱਖ ਪੰਥ ਨੂੰ ਸਭ ਤੋਂ ਮਹੱਤਵਪੂਰਨ ਦੇਣ ਰਾਮਦਾਸਪੁਰਾ ਜਾਂ ਅੰਮ੍ਰਿਤਸਰ ਦੀ ਸਥਾਪਨਾ ਕਰਨਾ ਸੀ। ਗੁਰਗੱਦੀ ਪ੍ਰਾਪਤ ਕਰਨ ਤੋਂ ਬਾਅਦ ਗੁਰੂ ਸਾਹਿਬ ਆਪ ਇੱਥੇ ਆ ਗਏ ਸਨ। ਉਨ੍ਹਾਂ ਨੇ 1577 ਈ. ਵਿੱਚ ਰਾਮਦਾਸਪੁਰਾ ਦੀ ਸਥਾਪਨਾ ਕੀਤੀ। ਇਸ ਸ਼ਹਿਰ ਨੂੰ ਆਬਾਦ ਕਰਨ ਲਈ ਗੁਰੂ ਸਾਹਿਬ ਨੇ ਵੱਖ-ਵੱਖ ਧੰਦਿਆਂ ਨਾਲ ਸੰਬੰਧਿਤ 52 ਵਪਾਰੀਆਂ ਨੂੰ ਵਸਾਇਆ। ਇਨ੍ਹਾਂ ਵਪਾਰੀਆਂ ਨੇ ਜਿਹੜਾ ਬਾਜ਼ਾਰ ਵਸਾਇਆ ਉਹ ‘ਗੁਰੂ ਕਾ ਬਾਜ਼ਾਰ’ ਨਾਂ ਦੇ ਨਾਲ ਪ੍ਰਸਿੱਧ ਹੋਇਆ। ਛੇਤੀ ਹੀ ਇਹ ਇੱਕ ਪ੍ਰਸਿੱਧ ਵਪਾਰਿਕ ਕੇਂਦਰ ਬਣ ਗਿਆ।
ਗੁਰੂ ਸਾਹਿਬ ਨੇ ਰਾਮਦਾਸਪੁਰਾ ਵਿਖੇ ਦੋ ਸਰੋਵਰਾਂ ਅੰਮ੍ਰਿਤਸਰ ਅਤੇ ਸੰਤੋਖਸਰ ਦੀ ਖੁਦਵਾਈ ਦਾ ਵਿਚਾਰ ਬਣਾਇਆ।
ਪਹਿਲਾਂ ਅੰਮ੍ਰਿਤ ਸਰੋਵਰ ਦੀ ਖੁਦਵਾਈ ਦਾ ਕੰਮ ਆਰੰਭਿਆ ਗਿਆ। ਬਾਅਦ ਵਿੱਚ ਅੰਮ੍ਰਿਤ ਸਰੋਵਰ ਦੇ ਨਾਂ ‘ਤੇ ਹੀ ਰਾਮਦਾਸਪੁਰਾ ਦਾ ਨਾਂ ਅੰਮ੍ਰਿਤਸਰ ਪੈ ਗਿਆ।
ਅੰਮ੍ਰਿਤਸਰ ਦੀ ਸਥਾਪਨਾ ਸਿੱਖ ਪੰਥ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦੀ ਹੈ। ਇਸ ਨਾਲ ਸਿੱਖਾਂ ਨੂੰ ਇੱਕ ਵੱਖਰਾ ਤੀਰਥ ਸਥਾਨ ਮਿਲ ਗਿਆ ਜਿਹੜਾ ਛੇਤੀ ਹੀ ਉਨ੍ਹਾਂ ਦਾ ਸਭ ਤੋਂ ਪ੍ਰਸਿੱਧ ਧਰਮ ਪ੍ਰਚਾਰ ਕੇਂਦਰ ਬਣ ਗਿਆ। ਇਸ ਥਾਂ ਨੂੰ ਸਿੱਖਾਂ ਦਾ ਮੱਕਾ ਕਿਹਾ ਜਾਣ ਲੱਗਾ। ਇਸ ਤੋਂ ਇਲਾਵਾ ਇਹ ਸਿੱਖਾਂ ਦੀ ਏਕਤਾ ਅਤੇ ਸੁਤੰਤਰਤਾ ਦਾ ਵੀ ਪ੍ਰਤੀਕ ਬਣ ਗਿਆ।