ਮੇਰੀ ਡਾਇਰੀ – ਪੈਰਾ ਰਚਨਾ
ਮੇਰੀ ਡਾਇਰੀ ਦੇ ਪਹਿਲੇ ਸਫ਼ੇ ਉੱਤੇ ਤਾਂ ਬੇਸ਼ਕ ਮੇਰੇ ਨਿੱਜ ਬਾਰੇ ਜ਼ਰੂਰੀ ਜਾਣਕਾਰੀ ਲਿਖੀ ਹੋਈ ਹੈ, ਜਿਵੇਂ ਮੇਰਾ ਨਾਂ, ਜਨਮ ਤਾਰੀਖ, ਉਮਰ, ਕੱਦ, ਅਹੁਦਾ, ਪਤਾ, ਟੈਲੀਫ਼ੋਨ ਨੰਬਰ, ਜੀਵਨ – ਬੀਮਾ ਪਾਲਿਸੀ ਨੰਬਰ, ਪਾਸਪੋਰਟ ਤੇ ਡਰਾਈਵਿੰਗ ਲਾਈਸੈਂਸ ਦੇ ਨੰਬਰ ਆਦਿ , ਪਰ ਅਸਲ ਵਿਚ ਇਸ ਵਿਚ ਮੇਰੇ ਹਰ ਰੋਜ਼ ਦੇ ਕੰਮਾਂ ਦਾ ਰਿਕਾਰਡ ਦਰਜ ਹੁੰਦਾ ਹੈ। ਮੈਂ ਹਰ ਰੋਜ਼ ਸਵੇਰੇ ਉੱਠ ਕੇ ਡਾਇਰੀ ਵਿੱਚੋਂ ਉਸ ਦਿਨ ਦੀ ਤਾਰੀਖ਼ ਨਾਲ ਸੰਬੰਧਿਤ ਸਫ਼ਾ ਕੱਢਦਾ ਹਾਂ ਤੇ ਉਸ ਵਿੱਚ ਉਸ ਦਿਨ ਕੀਤੇ ਜਾਣ ਵਾਲੇ ਕੰਮਾਂ ਤੇ ਪੜ੍ਹਨ ਵਾਲੀਆਂ ਪੁਸਤਕਾਂ ਦਾ ਵੇਰਵਾ ਲਿਖਦਾ ਹਾਂ ਤੇ ਨਾਲ ਹੀ ਇਨ੍ਹਾਂ ਕੰਮਾਂ ਲਈ ਦਿੱਤਾ ਜਾਣ ਵਾਲਾ ਵਕਤ ਵੀ ਲਿਖ ਲੈਂਦਾ ਹਾਂ। ਇਸ ਤਰ੍ਹਾਂ ਕਰਨ ਨਾਲ ਦਿਨ ਦੇ ਝਮੇਲਿਆਂ ਵਿਚ ਮੈਨੂੰ ਆਪਣੇ ਕੰਮ ਭੁਲਦੇ ਨਹੀਂ ਤੇ ਇਕ – ਇਕ ਕਰਕੇ ਉਹ ਲਗਪਗ ਸਾਰੇ ਮੁੱਕ ਜਾਂਦੇ ਹਨ। ਇਸ ਨਾਲ ਮੇਰੀ ਪੜ੍ਹਾਈ ਵੀ ਹੋ ਜਾਂਦੀ ਹੈ। ਦਿਨ ਵੇਲੇ ਕਈ ਵਾਰੀ ਮੈਂ ਡਾਇਰੀ ਨੂੰ ਖੋਲ੍ਹ ਕੇ ਦੇਖ ਲੈਂਦਾ ਹਾਂ ਕਿ ਅੱਗੋਂ ਕਿਹੜਾ ਕੰਮ ਕਰਨ ਵਾਲਾ ਹੈ। ਕਈ ਵਾਰੀ ਕੋਈ ਨਵਾਂ ਕੰਮ ਪੈਦਾ ਹੋਣ ਤੇ ਮੈਂ ਉਸ ਨੂੰ ਵੀ ਡਾਇਰੀ ਵਿਚ ਲਿਖ ਲੈਂਦਾ ਹਾਂ। ਰਾਤ ਨੂੰ ਸੌਣ ਤੋਂ ਪਹਿਲਾਂ ਮੈਂ ਡਾਇਰੀ ਵਿਚ ਆਪਣੇ ਕੀਤੇ ਸਾਰੇ ਕੰਮਾਂ ਦਾ ਲੇਖਾ – ਜੋਖਾ ਲਿਖ ਲੈਂਦਾ ਹਾਂ, ਜਿਸ ਵਿਚ ਆਮਦਨ ਤੇ ਖਰਚ ਦਾ ਹਿਸਾਬ ਤੇ ਅਦਾ ਕੀਤੇ ਬਿਲਾਂ ਦਾ ਨੰਬਰ ਤੇ ਮਿਤੀ ਆਦਿ ਵੀ ਸ਼ਾਮਿਲ ਹੁੰਦੀ ਹੈ। ਜਿਹੜੇ ਕੰਮ ਰਹਿ ਜਾਂਦੇ ਹਨ, ਉਨ੍ਹਾਂ ਨੂੰ ਮੈਂ ਅਗਲੇ ਦਿਨ ਦੀ ਤਾਰੀਖ਼ ਵਾਲੇ ਸਫ਼ੇ ਵਿਚ ਲਿਖ ਲੈਂਦਾ ਹਾਂ ਤੇ ਨਾਲ ਹੀ ਅਗਲੇ ਦਿਨ ਦਾ ਪ੍ਰੋਗਰਾਮ ਵੀ ਲਿਖ ਲੈਂਦਾ ਹਾਂ। ਡਾਇਰੀ ਦੇ ਅੰਤਮ ਸਫ਼ਿਆਂ ਉੱਪਰ ਕੁੱਝ ਸਫ਼ੇ ਲੱਗੇ ਹੋਏ ਹਨ, ਜਿਨ੍ਹਾਂ ਉੱਪਰ ਮੈਂ ਵਰਨਮਾਲਾ ਤਰਤੀਬ ਅਨੁਸਾਰ ਮਿੱਤਰਾਂ, ਸੰਬੰਧੀਆਂ, ਵਾਕਫ਼ਾਂ ਤੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੇ ਪਤੇ ਤੇ ਟੈਲੀਫ਼ੋਨ ਨੰਬਰ ਲਿਖਦਾ ਹਾਂ। ਡਾਇਰੀ ਦਾ ਇਹ ਹਿੱਸਾ ਵੀ ਮੇਰੇ ਬੜੇ ਕੰਮ ਆਉਂਦਾ ਹੈ। ਇਸ ਤਰ੍ਹਾਂ ਮੇਰੀ ਡਾਇਰੀ ਮੇਰੇ ਇਕ ਮਿੱਤਰ ਦਾ ਕੰਮ ਕਰਦੀ ਹੈ, ਜੋ ਹਰ ਘੜੀ ਮੈਨੂੰ ਆਪਣੀਆਂ ਜਿੰਮੇਵਾਰੀਆਂ ਤੋਂ ਸੁਚੇਤ ਰੱਖਦੀ ਹੈ ਤੇ ਜੀਵਨ ਵਿੱਚ ਮੇਰੀ ਸਫਲਤਾ ਲਈ ਮੇਰੀ ਸਹਾਇਕ ਬਣਦੀ ਹੈ।