Akhaan / Idioms (ਅਖਾਣ)CBSEEducationਮੁਹਾਵਰੇ (Idioms)

ਮੁਹਾਵਰੇ ਦਾ ਮਹੱਤਵ


ਮੁਹਾਵਰੇ (Idioms)


ਮੁਹਾਵਰਾ ਕੁਝ ਅਜਿਹ ਸ਼ਬਦਾਂ ਦਾ ਸਮੂਹ ਹੁੰਦਾ ਹੈ ਜਿਸ ਦੇ ਵਿਆਕਰਨਕ ਅਰਥ ਹੋਰ ਹੁੰਦੇ ਹਨ ਅਤੇ ਉਸ ਤੋਂ ਸੰਚਾਰਿਤ ਭਾਵ ਪ੍ਰਾਪਤ ਹੋ ਰਹੇ ਅਰਥ ਹੋਰ ਹੁੰਦੇ ਹਨ; ਜਿਵੇਂ ‘ਸਿਰ ਸੁਆਹ ਪਾਉਣੀ’ ਮੁਹਾਵਰੇ ਦਾ ਸ਼ਾਬਦਿਕ ਅਰਥ ਹੈ ਕਿ ਕਿਸੇ ਵਿਅਕਤੀ ਦੇ ਸਿਰ ਵਿੱਚ ਸੁਆਹ ਪਾ ਦੇਣੀ, ਪਰ ਇਸ ਮੁਹਾਵਰੇ ਤੋਂ ਪ੍ਰਾਪਤ ਹੋਣ ਵਾਲਾ ਅਰਥ ‘ਬਦਨਾਮੀ ਕਰਨੀਂ’ ਹੁੰਦਾ ਹੈ। ਇਸ ਤਰ੍ਹਾਂ ਮੁਹਾਵਰੇ ਤੋਂ ਸਧਾਰਨ ਅਰਥਾਂ ਦੀ ਥਾਂ ਵਿਸ਼ੇਸ਼ ਪ੍ਰਕਾਰ ਦੇ ਅਰਥ ਪ੍ਰਾਪਤ ਹੁੰਦੇ ਹਨ। ਮੁਹਾਵਰੇ ਭਾਸ਼ਾ ਦੇ ਗਹਿਣੇ ਹੁੰਦੇ ਹਨ, ਇਹਨਾਂ ਦੀ ਵਰਤੋਂ ਨਾਲ ਭਾਸ਼ਾ ਸੰਖੇਪਤਾ ਭਰਪੂਰ, ਰੌਚਿਕ ਤੇ ਪ੍ਰਭਾਵਸ਼ਾਲੀ ਬਣਦੀ ਹੈ।

ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤਣ ਸਮੇਂ ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਜਾਂਦਾ ਹੈ ਕਿ ਮੁਹਾਵਰੇ ਨੂੰ ਉਸ ਦੇ ਪ੍ਰਾਪਤ ਰੂਪ ‘ਚ ਹੀ ਵਰਤਿਆ ਜਾਂਦਾ ਹੈ; ਜਿਵੇਂ – ਅਸੀਂ ‘ਕੁੱਤੇ ਦੀ ਮੌਤ ਮਰਨਾ’ ਮੁਹਾਵਰੇ ਨੂੰ ‘ਬਾਂਦਰ ਦੀ ਮੌਤ ਮਰਨਾ’ ਵਜੋਂ ਨਹੀਂ ਵਰਤ ਸਕਦੇ। ਇਸੇ ਤਰ੍ਹਾਂ ਮੁਹਾਵਰੇ ਦੀ ਵਾਕ ‘ਚ ਵਰਤੋਂ ਸਮੇਂ ਇਸ ਦੀ ਕਿਰਿਆ ਦੇ ਲਿੰਗ, ਵਚਨ, ਪੁਰਖ ਜਾਂ ਕਾਲ ਵਿੱਚ ਤਬਦੀਲੀ ਕਰ ਲਈ ਜਾਂਦੀ ਹੈ; ਜਿਵੇਂ ‘ਤੀਰ ਹੋ ਜਾਣਾ’ ਮੁਹਾਵਰੇ ਨੂੰ ਇੰਜ ਵੀ ਵਾਕ ‘ਚ ਵਰਤਿਆ ਜਾ ਸਕਦਾ ਹੈ, ਠਾਣੇਦਾਰ ਨੂੰ ਵੇਖਦਿਆਂ ਹੀ ‘ਚੋਰ ਤੀਰ ਹੋ ਗਏ’ ਸਨ।