ਮੁਗ਼ਲਾਂ ਨਾਲ ਲੜਾਈਆਂ
ਪ੍ਰਸ਼ਨ. ਗੁਰੂ ਹਰਿਗੋਬਿੰਦ ਜੀ ਦੀਆਂ ਮੁਗਲਾਂ ਨਾਲ ਹੋਈਆਂ ਲੜਾਈਆਂ ਦਾ ਵਰਣਨ ਕਰੋ ਅਤੇ ਉਨ੍ਹਾਂ ਦੀ ਇਤਿਹਾਸਕ ਮਹੱਤਤਾ ਵੀ ਦੱਸੋ।
ਉੱਤਰ : ਗੁਰੂ ਹਰਿਗੋਬਿੰਦ ਜੀ ਦੀਆਂ ਮੁਗ਼ਲਾਂ (ਸ਼ਾਹਜਹਾਂ ਦੇ ਸਮੇਂ) ਨਾਲ 1634-35 ਈ. ਵਿੱਚ ਚਾਰ ਲੜਾਈਆਂ ਹੋਈਆਂ।
ਪਹਿਲੀ ਲੜਾਈ 1634 ਈ. ਵਿੱਚ ਅੰਮ੍ਰਿਤਸਰ ਵਿਖੇ ਹੋਈ। ਇੱਕ ਸ਼ਾਹੀ ਬਾਜ਼ ਇਸ ਲੜਾਈ ਦਾ ਤੱਤਕਾਲੀ ਕਾਰਨ ਸਿੱਧ ਹੋਇਆ। ਇਸ ਬਾਜ਼ ਨੂੰ ਸਿੱਖਾਂ ਨੇ ਫੜ ਲਿਆ ਅਤੇ ਉਨ੍ਹਾਂ ਨੇ ਮੁਗ਼ਲਾਂ ਨੂੰ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸ਼ਾਹਜਹਾਂ ਨੇ ਮੁਖਲਿਸ ਖ਼ਾਂ ਅਧੀਨ ਇੱਕ ਵਿਸ਼ਾਲ ਸੈਨਾ ਸਿੱਖਾਂ ਨੂੰ ਸਬਕ ਸਿਖਾਉਣ ਲਈ ਅੰਮ੍ਰਿਤਸਰ ਭੇਜੀ। ਇਸ ਲੜਾਈ ਵਿੱਚ ਸਿੱਖ ਬਹੁਤ ਬਹਾਦਰੀ ਨਾਲ ਲੜੇ ਅਤੇ ਅੰਤ ਜੇਤੂ ਰਹੇ।
ਦੂਜੀ ਲੜਾਈ 1634 ਈ. ਵਿੱਚ ਲਹਿਰਾ ਵਿਖੇ ਹੋਈ। ਇਸ ਲੜਾਈ ਦਾ ਕਾਰਨ ਦੋ ਘੋੜੇ ਬਣੇ ਜਿਨ੍ਹਾਂ ਦੇ ਨਾਂ ਦਿਲਬਾਗ ਅਤੇ ਗੁਲਬਾਗ ਸਨ। ਇਸ ਲੜਾਈ ਵਿੱਚ ਮੁਗ਼ਲਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ।
1635 ਈ. ਵਿੱਚ ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲਾਂ ਵਿਚਾਲੇ ਤੀਸਰੀ ਲੜਾਈ ਹੋਈ। ਇਸ ਲੜਾਈ ਵਿੱਚ ਗੁਰੂ ਸਾਹਿਬ ਦੇ ਦੋ ਪੁੱਤਰਾਂ ਗੁਰਦਿੱਤਾ ਜੀ ਅਤੇ ਤੇਗ਼ ਬਹਾਦਰ ਜੀ ਨੇ ਬਹਾਦਰੀ ਦੇ ਜੌਹਰ ਵਿਖਾਏ।
ਇਸੇ ਹੀ ਵਰ੍ਹੇ ਫਗਵਾੜਾ ਵਿਖੇ ਮੁਗ਼ਲਾਂ ਅਤੇ ਹਰਿਗੋਬਿੰਦ ਸਾਹਿਬ ਜੀ ਵਿਚਾਲੇ ਆਖਰੀ ਲੜਾਈ ਹੋਈ। ਇਨ੍ਹਾਂ ਲੜਾਈਆਂ ਵਿੱਚ ਸਿੱਖ ਆਪਣੇ ਸੀਮਿਤ ਸਾਧਨਾਂ ਦੇ ਬਾਵਜੂਦ ਜੇਤੂ ਰਹੇ। ਇਸ ਕਾਰਨ ਉਨ੍ਹਾਂ ਦੀ ਪ੍ਰਸਿੱਧੀ ਬਹੁਤ ਵੱਧ ਗਈ। ਸਿੱਟੇ ਵਜੋਂ ਵੱਡੀ ਗਿਣਤੀ ਵਿੱਚ ਲੋਕ ਸਿੱਖ ਧਰਮ ਵਿੱਚ ਸ਼ਾਮਲ ਹੋਣੇ ਸ਼ੁਰੂ ਹੋ ਗਏ।