ਮਿਲਵਰਤਨ ਜਾਂ ਸਹਿਯੋਗ – ਪੈਰਾ ਰਚਨਾ

ਮਨੁੱਖ ਇਕ ਸਮਾਜਿਕ ਜੀਵ ਹੈ ਅਤੇ ਮਨੁੱਖੀ ਸਮਾਜ ਵਿਚ ਮਿਲਵਰਤਨ ਦੀ ਭਾਰੀ ਮਹਾਨਤਾ ਹੈ। ਅਸਲ ਵਿਚ ਸਮਾਜ ਦੀ ਹੋਂਦ ਹੀ ਮਨੁੱਖ ਦੇ ਆਪਣੇ ਮਿਲਵਰਤਨ ਤੋਂ ਉਪਜੀ ਹੈ। ਸਾਨੂੰ ਆਪਣੇ ਪਰਿਵਾਰ, ਸਕੇ – ਸੰਬੰਧੀਆਂ ਤੇ ਸਹਿਯੋਗੀਆਂ ਨਾਲ ਮਿਲਵਰਤਨ ਦੀ ਥਾਂ – ਥਾਂ ਤੇ ਜ਼ਰੂਰਤ ਪੈਂਦੀ ਹੈ। ਇਕ – ਦੂਸਰੇ ਦੀ ਮਿਲਵਰਤਨ ਤੋਂ ਬਿਨਾਂ ਸਾਡੀ ਯੋਗਤਾ ਤੇ ਸਮਰੱਥਾ ਨਕਾਰੀ ਹੋ ਕੇ ਰਹਿ ਜਾਂਦੀ ਹੈ। ਜੇਕਰ ਅਸੀਂ ਆਪਣੇ ਆਲੇ – ਦੁਆਲੇ ਵਸਦੇ ਲੋਕਾਂ ਨਾਲ ਮਿਲਵਰਤਨ ਨਾ ਦੇਈਏ ਜਾਂ ਉਹ ਸਾਡੇ ਨਾਲ ਮਿਲਵਰਤਨ ਨਾ ਕਰਨ ਤਾਂ ਸਾਡਾ ਜੀਉਣਾ ਦੁੱਭਰ ਹੋ ਜਾਵੇ। ਅਸੀਂ ਦੂਸਰੇ ਲੋਕਾਂ ਨੂੰ ਮਿਲਵਰਤਨ ਦੇ ਕੇ ਤੇ ਉਨ੍ਹਾਂ ਦਾ ਮਿਲਵਰਤਨ ਲੈ ਕੇ ਹੀ ਆਪਣੇ ਜੀਵਨ ਦੀ ਗੱਡੀ ਚਲਾ ਸਕਦੇ ਹਾਂ। ਜੇਕਰ ਅਸੀਂ ਕਿਸੇ ਦੇ ਕੰਮ ਵਿਚ ਰੁਕਾਵਟ ਪਾਈਏ ਜਾਂ ਆਪਣੀ ਮਨ – ਮਰਜ਼ੀ ਹੀ ਕਰੀਏ ਤਾਂ ਅਸੀਂ ਨਾ ਕੇਵਲ ਦੂਜਿਆਂ ਲਈ, ਸਗੋਂ ਆਪਣੇ ਲਈ ਵੀ ਮੁਸੀਬਤਾਂ ਖੜ੍ਹੀਆਂ ਕਰਦੇ ਹਾਂ ਅਤੇ ਔਂਕੜਾਂ ਤੇ ਮੁਸੀਬਤਾਂ ਦਾ ਵਧੇਰੇ ਸਫ਼ਲਤਾ ਨਾਲ ਟਾਕਰਾ ਕਰ ਸਕਦੇ ਹਾਂ। ਇਸੇ ਪ੍ਰਕਾਰ ਗੁਆਂਢੀਆਂ, ਸਹਿਪਾਠੀਆਂ ਤੇ ਸਹਿਯੋਗੀਆਂ ਨਾਲ ਮਿਲਵਰਤਨ ਕਰ ਕੇ ਅਸੀਂ ਦੂਜਿਆਂ ਦੇ ਜੀਵਨ ਵਿਚ ਵੀ ਸਰਲਤਾ ਪੈਦਾ ਕਰ ਸਕਦੇ ਹਾਂ ਤੇ ਆਪਣੇ ਆਪ ਵਿਚ ਵੀ। ਮਿਲ ਕੇ ਕੀਤੇ ਕੰਮ ਇਕ ਤਾਂ ਛੇਤੀ ਮੁੱਕਦੇ ਹਨ ,ਦੂਸਰੇ ਉਨ੍ਹਾਂ ਉੱਪਰ ਸ਼ਕਤੀ ਘੱਟ ਲਗਦੀ ਹੈ, ਤੀਸਰੇ ਮਨ ਵਿਚ ਆਸ਼ਾਵਾਦ ਤੇ ਪ੍ਰਸੰਨਤਾ ਪੈਦਾ ਹੁੰਦੀ ਹੈ। ਇਸ ਕਰਕੇ ਸਾਨੂੰ ਸਧਾਰਨ ਜਾਂ ਔਖੇ ਕੰਮਾਂ ਵਿਚ ਇਕ – ਦੂਜੇ ਨੂੰ ਵੱਧ ਤੋਂ ਵੱਧ ਮਿਲਵਰਤਨ ਦੇਣੀ ਚਾਹੀਦੀ ਹੈ।