CBSEEducationKavita/ਕਵਿਤਾ/ कविताNCERT class 10thPunjab School Education Board(PSEB)

ਮਿਠ ਬੋਲੜਾ ਜੀ……….ਅੰਮ੍ਰਿਤ ਸਜਣੁ ਮੇਰਾ॥


ਮਿਠ ਬੋਲੜਾ ਜੀ ਹਰਿ ਸਜਣੁ : ਸ੍ਰੀ ਗੁਰੂ ਅਰਜਨ ਦੇਵ ਜੀ


ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-

ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥

ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥

ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥

ਪਤਿਤ ਪਾਵਨੁ ਹਰਿ ਬਿਰਦੁ ਸਦਾਏ ਇਕੁ ਤਿਲੁ ਨਹੀਂ ਭੰਨੈ ਘਾਲੇ ॥

ਘਟ ਘਟ ਵਾਸੀ ਸਰਬ ਨਿਵਾਸੀ ਨੇਰੈ ਹੀ ਤੇ ਨੇਰਾ ॥

ਨਾਨਕ ਦਾਸ ਸਦਾ ਸਰਣਾਗਤਿ ਹਰਿ ਅੰਮ੍ਰਿਤ ਸਜਣੁ ਮੇਰਾ॥

ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ‘ਮਿਠ ਬੋਲੜਾ ਜੀ ਹਰਿ ਸਜਣੁ’ ਵਿੱਚੋਂ ਲਿਆ ਗਿਆ ਹੈ। ਇਸ ਬਾਣੀ ਵਿੱਚ ਗੁਰੂ ਜੀ ਨੇ ਮਾਲਕ-ਪ੍ਰਭੂ ਦੇ ਗੁਣਾਂ ਦੀ ਮਹਿਮਾ ਗਾਈ ਹੈ।

ਵਿਆਖਿਆ : ਗੁਰੂ ਅਰਜਨ ਦੇਵ ਜੀ ਫ਼ਰਮਾਉਂਦੇ ਹਨ, ਹੇ ਭਾਈ! ਮੇਰਾ ਮਾਲਕ-ਪ੍ਰਭੂ ਮਿੱਠੇ ਬੋਲ ਬੋਲਣ ਵਾਲਾ ਪਿਆਰਾ ਮਿੱਤਰ ਹੈ। ਮੈਂ ਚੇਤੇ ਕਰ-ਕਰ ਕੇ ਥੱਕ ਗਈ ਹਾਂ ਕਿ ਉਸ ਦਾ ਕਦੇ ਕੌੜਾ ਬੋਲਿਆ ਯਾਦ ਆ ਜਾਵੇ, ਪਰ ਉਹ ਕਦੇ ਵੀ ਕੌੜਾ ਬੋਲ ਨਹੀਂ ਬੋਲਦਾ। ਹੇ ਭਾਈ ! ਉਹ ਸਾਰੇ ਗੁਣਾਂ ਨਾਲ ਭਰਪੂਰ ਪਰਮਾਤਮਾ ਕੌੜਾ ਬੋਲ ਬੋਲਣਾ ਜਾਣਦਾ ਹੀ ਨਹੀਂ ਕਿਉਂਕਿ ਉਹ ਸਾਡਾ ਕੋਈ ਵੀ ਔਗੁਣ ਚੇਤੇ ਨਹੀਂ ਰੱਖਦਾ। ਉਹ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਇਹ ਉਸ ਦਾ ਮੁੱਢ-ਕਦੀਮਾਂ ਦਾ ਸੁਭਾ ਦੱਸਿਆ ਜਾਂਦਾ ਹੈ ਅਤੇ ਉਹ ਕਿਸੇ ਦੀ ਕੀਤੀ ਘਾਲ-ਕਮਾਈ ਨੂੰ ਵਿਅਰਥ ਨਹੀਂ ਜਾਣ ਦਿੰਦਾ। ਹੇ ਭਾਈ ! ਮੇਰਾ ਸੱਜਣ- ਪ੍ਰਭੂ ਹਰ ਇਕ ਸਰੀਰ ਵਿੱਚ ਵਸਦਾ ਹੈ। ਉਹ ਸਾਰੇ ਜੀਵਾਂ ਵਿੱਚ ਵਸਦਾ ਹੈ ਅਤੇ ਹਰ ਇਕ ਜੀਵ ਦੇ ਬਹੁਤ ਹੀ ਨੇੜੇ ਵਸਦਾ ਹੈ। ਦਾਸ ਸਦਾ ਉਸ ਦੀ ਸ਼ਰਨ ਪਿਆ ਰਹਿੰਦਾ ਹੈ ਕਿਉਂਕਿ ਸੱਜਣ-ਪ੍ਰਭੂ ਮੈਨੂੰ ਆਤਮਿਕ ਜੀਵਨ ਦੇਣ ਵਾਲਾ ਹੈ।